ਸਿੱਖਾ! ਕੀ ਇਸਨੂੰ ਮੇਰਾ ਦੇਸ਼ ਆਖ ਸਕਦੇ.. .?

ਜਸਪਾਲ ਸਿੰਘ ਹੇਰਾਂ

ਪਿਛਲੇ 2-3 ਦਿਨਾਂ ’ਚ, 2-3 ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਭਾਵੇਂ ਕਿ ਅਜਿਹੀਆਂ ਘਟਨਾਵਾਂ ਆਏ ਦਿਨ ਵਾਪਰਦੀਆਂ ਰਹਿੰਦੀਆਂ ਹਨ, ਪੰ੍ਰਤੂ ਇਹ ਘਟਨਾਵਾਂ ਸਿੱਧੀਆਂ ਦੇਸ਼ ਦੇ ਹਾਕਮਾਂ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਇਨਾਂ ਘਟਨਾਵਾਂ ਦੀ ਚੀਸ, ਪੀੜਾ ਅਸਿਹ ਹੈ। ਇਹ ਘਟਨਾਵਾਂ ਹਰ ਜਾਗਰੂਕ ਸਿੱਖ ਨੂੰ ਮਜ਼ਬੂਰ ਕਰਦੀਆਂ ਹਨ ਕਿ ਉਹ ਆਪਣੀ ਛਾਤੀ ’ਤੇ ਹੱਥ ਰੱਖਕੇ ਆਪਣੀ ਆਤਮਾ ਨੂੰ ਪੁੱਛੇ ਕਿ ‘‘ਸਿੱਖਾਂ ! ਸੱਚ ਦੱਸ ਅਜੇ ਵੀ ਤੂੰ ਇਹ ਆਖ਼ ਸਕਦਾ ਹੈ ਕਿ ਇਹ ਦੇਸ਼ ਮੇਰਾ ਹੈ?’’ ਸ਼ਾਇਦ ਕੋਈ ਵੀ ਜਿੳੂਂਦੀ ਜਾਗਦੀ ਜ਼ਮੀਰ ਹਾਂ ’ਚ ਜਵਾਬ ਨਹੀਂ ਦੇਵੇਗੀ। ਸਗੋਂ ਸ਼ਰਮ ਨਾਲ ਸਿਰ ਝੁਕਾ ਕੇ ਦੜ ਵੱਟ ਜਾਵੇਗੀ। ਕਿਉਂਕਿ ਬੋਲਣ ਦੀ ਜਾਂ ਜਵਾਬ ਦੇਣ ਦੀ ਸਥਿਤੀ ’ਚ ਉਹ ਫਿਲਹਾਲ ਨਹੀਂ ਹੈ। ਪਹਿਲੀ ਘਟਨਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਜਿਸਨੂੰ ਭਾਸ਼ਣ ਕਲਾ ਦਾ ਜਾਦੂਗਰ ਮੰਨਿਆ ਜਾਂਦਾ ਹੈ। ਉਸੇ ਮੋਦੀ ਨੇ ਦੇਸ਼ ਦੀ ਪਾਰਲੀਮੈਂਟ ’ਚ ਦੇਸ਼ ਦੀ ਆਜ਼ਾਦੀ ਦਾ ਜਿਕਰ ਕਰਦਿਆਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਅਣਗੌਲਿਆਂ ਕਰ ਦਿੱਤਾ ਹੈ। ਸ਼ੈਤਾਨ ਤੇ ਮੱਕਾਰ ਮੋਦੀ ਤੋਂ ਇਹ ਉਮੀਦ ਤਾਂ ਨਹੀਂ ਕੀਤੀ ਜਾ ਸਕਦੀ ਕਿ ਉਹ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਿਆ ਹੋਵੇਗਾ। ਉਸ ਵੱਲੋਂ ਦੇਸ਼ ਦੀ 2 ਫੀਸਦੀ ਘੱਟ ਗਿਣਤੀ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੀਤੀਆਂ 85 ਫ਼ੀਸਦੀ ਕੁਰਬਾਨੀਆਂ ਨੂੰ ਹਜ਼ਮ ਹੀ ਨਹੀਂ ਕੀਤਾ ਗਿਆ। ਜਿਸ ਸਿੱਖ ਘੱਟ ਗਿਣਤੀ ਨੂੰ ਭਗਵਾਂ ਬਿ੍ਰਗੇਡ ਹੜੱਪਣ ਦੀ ਕੋਝੀ ਨੀਤੀ ਲੈ ਕੇ ਅੱਗੇ ਵੱਧ ਰਿਹਾ ਹੈ। ਉਸ ਘੱਟ ਗਿਣਤੀ ਨੂੰ ਮੋਦੀ ‘‘ਸਾਡੇ ਰਾਖੇ’’ ਕਿਵੇਂ ਆਖੇ? ਉਨਾਂ ਦੀ ਬਹਾਦਰੀ ਦੀ, ਕੁਰਬਾਨੀਆਂ ਦੀ ਦੇਸ਼ ਭਗਤੀ ਦੀ ਵਡਿਆਈ ਕਿਵੇਂ ਕਰੇ? ਅਜ਼ਾਦੀ ਜੰਗ ਦੇ ਇਤਿਹਾਸ ’ਚ ਸਿੱਖਾਂ ਦੇ ਯੋਗਦਾਨ ਦੀ ਕੋਈ ਚਰਚਾ ਨਹੀਂ ਕੀਤੀ। ਖੈਰ! ਸੂਰਜ ਅੱਗੇ ਚਾਦਰ ਤਾਣ ਦੇਣ ਨਾਲ ਹਨੇਰਾ ਨਹੀਂ ਪੈਦਾ, ਸੱਚ ਸਦੀਵੀਂ ਹੁੰਦਾ ਹੈ। ਝੂਠੀਆਂ ਮੱਕਾਰ ਚਾਲਾਂ ਵਕਤੀ ਹੁੰਦੀਆਂ ਹਨ।

ਦੂਜੇ ਪਾਸੇ ਜਿਸ ਸਿੱਖ ਸੈਨਾ ਨੂੰ ਕਈ ਵਰਿਆਂ ਤੋਂ 15 ਅਗਸਤ ਤੇ 26 ਜਨਵਰੀ ਦੀਆਂ ਪਰੇਡਾਂ ਤੋਂ ਦੂਰ ਕਰ ਦਿੱਤਾ ਗਿਆ ਸੀ। ਸਿੱਖ ਫੌਜੀਆਂ ਦੀ ਚੜਤ ਨੂੰ ਜਾਣ-ਬੁੱਝ ਕੇ ਦੁਨੀਆਂ ਨੂੰ ਨਹੀਂ ਵਿਖਾਇਆ ਜਾਂਦਾ ਸੀ। ਹੁਣ ਉਨਾਂ ਸਿੱਖ ਫੌਜੀਆਂ ਦੇ ਸੋਹਲੇ ਦੇਸ਼ ਦਾ ਹਿੰਦੂਤਵੀ ਮੀਡੀਆ ਵਿਸ਼ੇਸ਼ ਰੂਪ ’ਚ ਗਾਉਣ ਲੱਗਾ ਹੋਇਆ ਹੈ। ਉਨਾਂ ਨੂੰ ਵਿਸ਼ੇਸ਼ ਰੂਪ ’ਚ ਪਰੇਡਾਂ ਲਈ ਤਿਆਰ ਕੀਤਾ ਜਾ ਰਿਹਾ ਹੈ। ਸਿੱਖ ਫੌਜੀਆਂ ਨਾਲ ਇਹ ਖਾਸ ‘‘ਹੇਜ਼’’ ਭਲਾ ਕਿਉਂ ਜਾਗ ਪਿਆ? ਦੇਸ਼ ਦੀਆਂ ਸਰਹੱਦਾਂ ’ਤੇ ਤਣਾਅ ਹੈ। ਇਕ ਪਾਸੇ ਚੀਨ ਤੇ ਦੂਜੇ ਪਾਸੇ ਪਾਕਿਸਤਾਨ ਬੜਕਾਂ ਮਾਰ ਰਹੇ ਹਨ। 1962, 65, 71 ਤੇ ਕਾਰਗਿਲ ਦੀਆਂ ਜੰਗਾਂ ਨੇ ਸਾਫ਼ ਕਰ ਦਿੱਤਾ ਹੋੋਇਆ ਹੈ ਕਿ ਦੁਸ਼ਮਣ ਅੱਗੇ ਸਿਰਫ਼ ਸਿੱਖ ਫੌਜੀ ਹੀ ਖੜ ਸਕਦੇ ਹਨ, ਲੜ ਸਕਦੇ ਹਨ, ਮਰ ਸਕਦੇ ਹਨ, ਪ੍ਰੰਤੂ ਪਿੱਛੇ ਨਹੀਂ ਹੱਟਦੇ। ਇਕ ਮੂਰਖ ਰਾਸ਼ਟਰਪਤੀ ਟਰੰਪ ਦੀ ਚੁੱਕ ’ਚ ਮੋਦੀ ਚੀਨ ਨਾਲ ਪੰਗਾ ਲੈਣ ਦੀ ਵੱਡੀ ਬੇਵਕੂਫ਼ੀ ਕਰਨ ਦਾ ਮਨ ਬਣਾ ਰਿਹਾ ਹੈ। ਭਾਵੇਂ ਅੰਦਰੋਂ-ਅੰਦਰੀ ਮੋਦੀ ਵੀ ਡਰ ਰਿਹਾ ਹੈ ਪ੍ਰੰਤੂ ਦੇਸ਼ ਦੀਆਂ ਸਰਹੱਦਾਂ ’ਤੇ ਹਾਲਤ ਤਣਾਅ ਪੂਰਨ ਹਨ। ਦੂਜਾ ਵਿਸ਼ਵ ’ਚ ਅਮਰੀਕਾ, ਉਤਰੀ ਕੋਰੀਆ, ਚੀਨ, ਰੂਸ, ਇਰਾਕ, ਤੁਰਕੀ, ਪਾਕਿਸਤਾਨ, ਭਾਰਤ ਸਮੇਤ ਕਈ ਦੇਸ਼ ਵਿਸ਼ਵ ਯੁੱਧ ਲਈ ਆਪੋ-ਆਪਣੇ ‘ਖੰਭ’ ਤੋਲ ਰਹੇ ਹਨ। ਅਜਿਹੇ ਸਮੇਂ ਜਦੋਂ ਚਾਰੇ ਪਾਸੇ ਜੰਗ ਦਾ ਮਾਹੌਲ ਹੈ। ਸਿੱਖ ਫੌਜੀਆਂ ਨੂੰ ‘‘ਬਲੀ ਦੇ ਬੱਕਰੇ’’ ਵਜੋਂ ਸ਼ੰਗਾਰਿਆ ਜਾ ਰਿਹਾ ਹੈ। ਪ੍ਰੰਤੂ ਦੇਸ਼ ਦੀ ਆਜ਼ਾਦੀ ਲਈ ਕੀਤੀ ਕੁਰਬਾਨੀ ਨੂੰ ਜਾਣ-ਬੁੱਝ ਕੇ ਲਾਂਭੇ ਕੀਤਾ ਜਾ ਰਿਹਾ ਹੈ ਤਾਂ ਕਿ ਸਿੱਖ ਸਿਰਫ਼ ਇਸ ਦੇਸ਼ ਲਈ ਜਿਹੜਾ ਉਨਾਂ ਨੂੰ ਆਪਣਾ ਹੀ ਨਹੀਂ ਮੰਨਦਾ, ਮਰਨ ਵਾਸਤੇ ਹੀ ਪੈੈਦਾ ਹੁੰਦੇ ਹਨ? ਇਸ ਹਕੀਕਤ ਨੂੰ ਮੁੜ ਦੁਹਰਾਇਆ ਜਾ ਸਕੇ। ਆਖ਼ਰ ਸਿੱਖ ਕਦੋਂ ਸੋਚਣਗੇ?

ਅਗਲੀ ਘਟਨਾ ਹੈ ਕਿ ਕਿਸੇ ਦੇਸ਼ ਵਾਸੀ ਦੀ ਸ਼ਨਾਖ਼ਤ ਲਈ ਅੰਤਰਰਾਸ਼ਟਰੀ ਸ਼ਨਾਖ਼ਤ ਵਜੋਂ ਤਿਆਰ ‘ਅਧਾਰ ਕਾਰਡ’ ਬਾਰੇ ਹੈ। ਹਰ ਸੂਬੇ ਦੇ ਵਾਸੀਆਂ ਦਾ ਸੰਵਿਧਾਨਕ ਹੱਕ ਹੈ ਕਿ ਉਨਾਂ ਦੇ ਕਾਰਡ ਤੇ ਉਨਾਂ ਦੀ ਪਹਿਚਾਣ ਅੰਗਰੇਜ਼ੀ, ਹਿੰਦੀ ਦੇ ਨਾਲ ਉਨਾਂ ਸੂਬਿਆਂ ਦੀ ਮਾਂ ਬੋਲੀ ਵਿਚ ਲਿਖੀ ਜਾਵੇ। ਪ੍ਰੰਤੂ ਸਿੱਖਾਂ ਦੀ ਮਾਂ ਬੋਲੀ ਪੰਜਾਬੀ ਹੈ, ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਹੈ (ਭਾਂਵੇ ਕਿ ਪੰਜਾਬੀ ਨੂੰ ਹਿੰਦੂ, ਹੁਣ ਆਪਣੀ ਮਾਂ ਬੋਲੀ ਮੰਨਣੋ ਹੱਟ ਗਿਆ ਹੈ) ਇਸ ਕਾਰਨ ਹਰ ਪੰਜਾਬੀ ਦੇ ਆਧਾਰ ਕਾਰਡ ਤੇ ਪੰਜਾਬੀ ਵਿਚ  ਉਸਦੀ ਪਹਿਚਾਣ ਲਿਖੀ ਜਾਂਦੀ ਰਹੀ ਹੈ। ਪ੍ਰੰਤੂ ਹੁਣ ਇਕ ਗਿਣੀ ਮਿਥੀ ਸਾਜਿਸ਼ ਅਧੀਨ ਅਚਾਨਕ ਆਧਾਰ ਕਾਰਡ ਤੋਂ ਪੰਜਾਬੀ ਗਾਇਬ ਕਰ ਦਿੱਤੀ ਹੈ। ਸਿੱਖਾਂ ਨੂੰ ਸੰਕੇਤ ਦਿੱਤਾ ਗਿਆ ਹੈ ਕਿ ਅੱਜ ਪੰਜਾਬੀ ਦੇ ਆਲੋਪ ਹੋਣ ਦੀ ਵਾਰੀ ਹੈ। ਭਲਕੇ ਤੁਹਾਡੀ ਹੈ। ਇਸ ਤਰਾਂ ਇਨਾਂ ਦੋਹਾਂ ਘਟਨਾਵਾਂ ਨੇ ਸਿੱਖਾਂ ਝੰਜੋੜਿਆ ਹੈ ਕਿ ਦੇਸ਼ ਦੇ ਹਾਕਮ ਅਤੇ ਬਹੁ ਗਿਣਤੀ ਉਨਾਂ ਬਾਰੇ ਕੀ ਫ਼ੈਸਲਾ ਕਰੀ ਬੈਠੇ ਹਨ। ਜਾਗਣਾ ਹੈ ਜਾਂ ਗਫ਼ਲਤ ਦੀ ਨੀਂਦ ਸੁੱਤੇ ਰਹਿਣਾ ਹੈ? ਇਹ ਉਸਦੀ ਮਰਜ਼ੀ ਹੈ। ਐਸੋ ਇਸ਼ਰਤ ਨੂੰ ਜੇ ਅਸੀਂ ਗੁਲਾਮੀ ਤੋਂ ਬੇਹਤਰ ਮੰਨਦੇ ਹਾਂ ਤਾਂ ਫ਼ਿਰ ਸੁੱਤੇ ਰਹੀਏ ਜੇ ਅਣਖ, ਜ਼ਮੀਰ ਅਤੇ ਆਜ਼ਾਦੀ ਦੇ ਸਾਡੇ ਲਈ ਕੋਈ ਮਾਅਨੇ ਹਨ ਤਾਂ ਫ਼ਿਰ ਜਾਗ ਜਾਈਏ। ਸਿੱਖ ਸਿਰਫ਼ ਬਲੀ ਦਾ ਬਕਰਾ ਨਹੀਂ, ਇਹ ਵੀ ਅੱਜ ਸੋਚਣ ਲਈ ਸਭ ਤੋਂ ਅਹਿਮ ਸਵਾਲ ਹੈ। ਜੇ ਵਿਸ਼ਵ ਯੁੱਧ ਛਿੜਦਾ ਹੈ ਤਾਂ ਸਿੱਖ ਕੀ ਕਰਨ? ਇਹ ਸਵਾਲ ਭਾਵੇਂ ਅਸੀਂ 17 ਅਗਸਤ ਨੂੰ ਕੌਮ ਸਾਹਮਣੇ ਰੱਖਾਂਗੇ, ਪ੍ਰੰਤੂ ਸਾਨੂੰ ਅੱਜ ਤੋਂ ਇਸ ਪਾਸੇ ਸੋਚਣਾ ਚਾਹੀਦਾ ਹੈ। 15 ਅਗਸਤ ਦੇ ਸਿੱਖਾਂ ਲਈ ਕੀ ਮਾਅਨੇ ਹਨ, ਇਹ ਤਾਂ ਮੋਦੀ ਨੇ ਹੀ ਸਾਫ਼ ਕਰ ਦਿੱਤਾ ਹੈ। ਬਾਕੀ ਸਿੱਖਾਂ ਦੀ ਮਰਜ਼ੀ, ਪ੍ਰੰਤੂ ਆਜ਼ਾਦੀ ਦੇ ਜਸ਼ਨ ਮਨਾਉਣ ਤੋਂ ਪਹਿਲਾ ਹਰ ਸਿੱਖ ਆਪਣੀ ਜ਼ਮੀਰ ਤੋਂ ਉਕਤ ਦੋ ਸਵਾਲਾਂ ਦੇ ਜਵਾਬ ਜ਼ਰੂਰ ਲੈ ਲਵੇ। ਫ਼ਿਰ ਜੀਅ ਸਦਕੇ ਜੋ ਉਸਦਾ ਮਨ ਕਰਦਾ ਹੈ ਕਰੇ। ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।

Editorial
Jaspal Singh Heran