ਯੂ ਕੇ ’ਚ ਵਰਲਡ ਸਿੱਖ ਪਾਰਲੀਮੈਂਟ ਦਾ ਗਠਨ

ਵਿਸ਼ਵ ਪੱਧਰ ਦੀ ਪਾਰਲੀਮੈਂਟ ਦੇ ਹੋਣਗੇ 300 ਮੈਂਬਰ

ਬਰਮਿੰਘਮ 13 ਅਗਸਤ (ਹਰਜਿੰਦਰ ਸਿੰਘ ਮੰਡੇਰ/ਸਰਬਜੀਤ ਸਿੰਘ ਬਨੂੜ/ਨਰਿੰਦਰਪਾਲ ਸਿੰਘ) - ਅੱਜ ਇਥੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਯੂ ਕੇ, ਯੂ ਐਸ ਏ, ਆਸਟਰੇਲੀਆ ਅਤੇ ਯੂਰਪ ਦੇ ਪੰਥਕ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ । ਸਿੱਖ ਆਗੂਆਂ ਨੇ ਪਾਰਲੀਮੈਂਟ ਦਾ ਐਲਾਨ ਕਰਦੇ ਹੋਏ ਕਿਹਾ ਜਿੱਥੇ 15 ਅਗਸਤ ਨੂੰ ਭਾਰਤੀ ਲੋਕ ਆਪਣੀ ਆਜ਼ਾਦੀ ਦੇ ਜਸ਼ਨ ਮਨਾ ਰਹੇ ਹੋਣਗੇ, ਤੇ 14 ਅਗਸਤ ਨੂੰ ਪਾਕਿਸਤਾਨ ਦੇ ਲੋਕ ਆਪਣੀ ਆਜ਼ਾਦੀ ਦਾ ਦਿਨ ਮਨਾ ਰਹੇ ਹੋਣਗੇ, ਉਸ ਤੋਂ ਵੀ ਇਕ ਦਿਨ ਪਹਿਲਾਂ 13 ਅਗਸਤ ਨੂੰ ਸਿੱਖ ਕੌਮ ਦੀ ਆਜ਼ਾਦੀ ਦੀ ਰੂਪ ਰੇਖਾ ਖਿੱਚਣ ਲਈ ਪੂਰੀ ਦੁਨੀਆ ਦੀ ਨੁਮਾਇੰਦਾ ਜਮਾਤ ਵਰਲਡ ਸਿੱਖ ਪਾਰਲੀਮੈਂਟ ਦੀ ਕੋਆਰਡੀਨੇਸ਼ਨ ਕਮੇਟੀ ਆਪਣਾ ਕੰਮ ਸ਼ੁਰੂ ਕਰ ਦੇਵੇਗੀ । ਇਸ ਸੰਸਥਾ ਵਿੱਚ ਸਿੱਖ ਕੌਮ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਉਹ ਪਰਖੇ ਹੋਏ ਆਗੂ ਅਤੇ ਵਿਦਵਾਨ ਲਏ ਜਾ ਰਹੇ ਹਨ, ਜਿਹੜੇ ਸਿੱਖ ਕੌਮ ਦਾ ਦਰਦ ਰੱਖਦੇ ਹਨ, ਤੇ ਪਿਛਲੇ 30 - 35 ਸਾਲਾਂ ਤੋਂ ਸੁਹਿਰਦਤਾ ਨਾਲ ਕੰਮ ਕਰ ਰਹੇ ਹਨ । ਉਹਨਾਂ ਦੇ ਨਾਲ ਬੀਬੀਆਂ ਅਤੇ ਨੌਜਵਾਨਾਂ ਦੀ ਵੀ ਸ਼ਮੂਲੀਅਤ ਹੋਵੇਗੀ, ਜਿਹੜੇ ਕੌਮੀ ਦਰਦ ਰੱਖਦੇ ਹੋਏ ਪੂਰੀ ਤਰਾਂ ਇਸ ਕਾਜ ਲਈ ਸਮਰਪਿਤ ਹਨ ।

   ਦੁਨੀਆ ਭਰ ਦੇ ਸਿੱਖਾਂ ਨੂੰ ਲੈ ਕੇ ਬਣਾਈ ਜਾ ਰਹੀ ਇਹ ਸੰਸਥਾ ਵਿਸ਼ਵ ਭਰ ਦੇ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਵੇਗੀ ਅਤੇ ਵਿਸ਼ਵ ਪੱਧਰ ਦੀ ਇਹ ਪਹਿਲੀ ਅਜਿਹੀ ਸੰਸਥਾ ਹੋਵੇਗੀ, ਜੋ ਸਿੱਖ ਕੌਮ ਦੇ ਆਪਣੇ ਆਜ਼ਾਦ ਘਰ ਦੀ ਪ੍ਰਾਪਤੀ ਲਈ ਰਾਹ ਪੱਧਰਾ ਕਰੇਗੀ ਅਤੇ ਸਮੁੱਚੀ ਸਿੱਖ ਕੌਮ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਸਿੱਖ ਕੌਮ ਦੇ ਦਰਪੇਸ਼ ਮਸਲਿਆਂ ਪ੍ਰਤੀ ਜਿੱਥੇ ਸਮੁੱਚੀ ਕੌਮ ਨੂੰ ਜਾਗਰੂਕ ਕਰੇਗੀ ਉਥੇ ਇਹਨਾਂ ਦੇ ਹੱਲ ਵਾਸਤੇ ਵੀ ਸਰਗਰਮੀ ਨਾਲ ਭੂਮਿਕਾ ਨਿਭਾਏਗੀ ।

    ਅੱਜ ਵਰਲਡ ਸਿੱਖ ਪਾਰਲੀਮੈਂਟ ਦੇ ਗਠਨ ਸਬੰਧੀ ਐਲਾਨ ਕਰਦੇ ਹੋਏ 15 ਪੰਦਰਾਂ ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦੇ ਨਾਂ ਜਾਰੀ ਕੀਤੇ ਗਏ । ਅਤੇ ਦੱਸਿਆ ਗਿਆ ਕਿ ਸਿੱਖ ਪਾਰਲੀਮੈਂਟ ਦੇ ਕੁਲ 300 ਮੈਂਬਰ ਹੋਣਗੇ, ਜਿਹਨਾਂ ਵਿੱਚ 150 ਮੈਂਬਰ ਯੂ ਕੇ, ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ ਭਾਵ ਵਿਦੇਸ਼ ਵਿੱਚ ਜਿੱਥੇ ਜਿੱਥੇ ਵੀ ਸਿੱਖ ਵਸਦੇ ਹਨ, ਸਾਰੇ ਖਿੱਤਿਆਂ ਵਿੱਚੋਂ ਹੋਣਗੇ ਅਤੇ ਬਾਕੀ 150 ਮੈਂਬਰ ਸਿੱਖ ਕੌਮ ਦੇ ਹੋਮਲੈਂਡ ਖੇਤਰ ਵਿੱਚੋਂ ਹੋਣਗੇ । ਜਿਹੜੀ ਕੋਆਰਡੀਨੇਸ਼ਨ ਕਮੇਟੀ ਦੇ 15 ਮੈਂਬਰਾਂ ਦੇ ਨਾਂ ਜਾਰੀ ਕੀਤੇ ਗਏ ਹਨ, ਉਹ ਇਸ ਤਰਾਂ ਹਨ: ਯੂ ਕੇ ਤੋਂ ਅਮਰੀਕ ਸਿੰਘ ਗਿੱਲ, ਜੋਗਾ ਸਿੰਘ, ਦਬਿੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਯੂ ਐਸ ਏ ਤੋਂ ਡਾ: ਅਮਰਜੀਤ ਸਿੰਘ, ਹਿੰਮਤ ਸਿੰਘ ਅਤੇ ਅਮਰਦੀਪ ਸਿੰਘ, ਕੈਨੇਡਾ ਤੋਂ ਸਤਿੰਦਰਪਾਲ ਸਿੰਘ, ਭਗਤ ਸਿੰਘ ਭੰਡਾਲ, ਯੂਰਪੀਨ ਦੇਸ਼ਾਂ ਤੋਂ ਗੁਰਮੀਤ ਸਿੰਘ, ਰੇਸ਼ਮ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਆਸਟ੍ਰੇਲੀਆ ਤੋਂ ਸ਼ਾਮ ਸਿੰਘ, ਗੁਰਵਿੰਦਰ ਸਿੰਘ।

    ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਅਨੁਸਾਰ ਇਹਨਾਂ ਪੰਦਰਾਂ ਮੈਂਬਰਾਂ ਦੇ ਇਲਾਵਾ 75 ਕੁ ਨਾਂ ਹੋਰ ਆ ਚੁੱਕੇ ਹਨ । ਜਦ ਕਿ ਬਾਕੀ ਮੈਂਬਰ ਵੱਖ ਵੱਖ ਖਿੱਤਿਆਂ ਵਿੱਚੋਂ ਆਉਂਦੇ ਸਮੇਂ ਵਿੱਚ ਲਏ ਜਾਣੇ ਹਨ । ਪਾਰਲੀਮੈਂਟ ਦਾ ਆਗਾਜ਼ ਕਰਨ ਸਮੇਂ ਭਾਈ ਅਮਰੀਕ ਸਿੰਘ ਗਿੱਲ, ਭਾਈ ਜੋਗਾ ਸਿੰਘ, ਭਾਈ ਸ਼ਾਮ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਨੇ ਸੰਸਥਾ ਦੇ ਗਠਨ, ਨਿਸ਼ਾਨੇ ਅਤੇ ਕੰਮਾਂ ਬਾਰੇ ਦੱਸਿਆ । ਉਹਨਾਂ ਕਿਹਾ ਪਿੱਛੇ ਜਿਹੇ ਹੋਈ ਸਿੱਖ ਸੰਮਿਤ ਸਮੇਂ ਇਸ ਸੰਸਥਾ ਦੇ ਗਠਨ ਬਾਰੇ ਵਿਚਾਰ ਕੀਤੀ ਗਈ ਸੀ, ਜਿਸ ਨੂੰ ਹੁਣ ਅਮਲ ਵਿੱਚ ਲਿਆਂਦਾ ਗਿਆ । ਉਹਨਾਂ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਦੱਸਿਆ ਕਿ ਇਹ ਪਾਰਲੀਮੈਂਟ ਦੀ ਲੋੜ ਕਿਉਂ ਪਈ, ਇਹ ਕਿਸ ਤਰਾਂ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰੇਗੀ ਅਤੇ ਕਿਵੇਂ ਸਿੱਖ ਕੌਮ ਦੇ ਮਸਲੇ ਨਜਿੱਠਣ ਵਿੱਚ ਸਹਾਈ ਹੋਵੇਗੀ । ਸਾਰੇ ਮਸਲਿਆਂ ਦਾ ਹੱਲ ਕੌਮੀ ਆਜ਼ਾਦੀ ਵਿੱਚ ਹੀ ਹੈ । ਉਹਨਾਂ ਕਿਹਾ ਸਿੱਖਾਂ ਦੀਆਂ ਅੱਜ ਤੱਕ ਨੁਮਾਇੰਦਗੀ ਕਰਨ ਵਾਲੀਆਂ ਰਵਾਇਤੀ ਜਮਾਤਾਂ ਸਿੱਖ ਹੱਕਾਂ ਦੀ ਗੱਲ ਕਰਨ ਅਤੇ ਕੌਮ ਨੂੰ ਸੇਧ ਦੇਣ ਵਿੱਚ ਅਸਫਲ ਰਹੀਆਂ ਹਨ । ਇਸੇ ਲਈ ਹੀ ਇਸ ਦਾ ਗਠਨ ਕੀਤਾ ਗਿਆ ਹੈ । ਇਹ ਪਾਰਲੀਮੈਂਟ ਸਿੱਖ ਪੰਥ ਦੀਆਂ ਲੱਗਭੱਗ ਸਾਰੀਆਂ ਸੰਸਥਾਵਾਂ ਅਤੇ ਹਰੇਕ ਵਰਗ ਦੇ ਸਿੱਖਾਂ ਦੀ ਨੁਮਾਇੰਦਗੀ ਕਰੇਗੀ ।

   ਅੱਜ ਦੀ ਮੀਟਿੰਗ ਵਿੱਚ ਹਾਜ਼ਰ ਆਗੂਆਂ ਅਤੇ ਮੈਂਬਰਾਂ ਜੋਗਾ ਸਿੰਘ, ਅਮਰੀਕ ਸਿੰਘ ਗਿੱਲ, ਹਿੰਮਤ ਸਿੰਘ ਯੂ ਐਸ ਏ, ਬਲਬੀਰ ਸਿੰਘ, ਮਨਪ੍ਰੀਤ ਸਿੰਘ, ਬਲਬੀਰ ਸਿੰਘ ਬੈਂਸ, ਕੁਲਵੰਤ ਸਿੰਘ ਢੇਸੀ, ਸੁਖਵਿੰਦਰ ਸਿੰਘ, ਤਰਸੇਮ ਸਿੰਘ ਦਿਓਲ, ਲਵਸ਼ਿੰਦਰ ਸਿੰਘ ਡੱਲੇਵਾਲ, ਪਰਮਜੀਤ ਸਿੰਘ ਢਿੱਲੋਂ, ਹਰਦੀਸ਼ ਸਿੰਘ, ਅਮਰਜੀਤ ਸਿੰਘ ਤੇਹਿੰਗ, ਗੁਰਦੇਵ ਸਿੰਘ ਚੌਹਾਨ, ਕੁਲਦੀਪ ਸਿੰਘ, ਤਜਿੰਦਰ ਸਿੰਘ ਸਹੋਤਾ, ਰਣਜੀਤ ਸਿੰਘ, ਹਰਦਿਆਲ ਸਿੰਘ, ਅਜੀਤ ਸਿੰਘ ਅਤੇ ਸੁੱਚਾ ਸਿੰਘ ਦੇ ਨਾਂ ਵਰਣਨ ਯੋਗ ਹਨ ।

Unusual
England
Sikhs
Parliament