ਡਾਲਰਾਂ ਦੀਆਂ ਪੰਡਾਂ ਖਰਚਣ ਮਗਰੋਂ ਸਿੱਖਾਂ ਨੂੰ ਮਿਲੀ ਪਛਾਣ

ਵਾਸ਼ਿੰਗਟਨ 31 ਅਗਸਤ (ਏਜੰਸੀਆਂ) : ਸਿੱਖੀ ਤੇ ਸਿੱਖਾਂ ਬਾਰੇ ਜਾਗਰੂਕਤਾ ਮੁਹਿੰਮ ‘ਵੀ ਆਰ ਸਿੱਖਜ਼‘ ਦੇ ਹਾਂ ਪੱਖੀ ਨਤੀਜੇ ਸਾਹਮਣੇ ਆਏ ਹਨ। ਇੱਕ ਸਰਵੇਖਣ ਵਿੱਚ ਇਹ ਗੱਲ ਸਾਫ ਹੋਈ ਹੈ ਕਿ ਇੱਕ ਮਹੀਨਾ ਚੱਲੀ ਇਸ ਮੁਹਿੰਮ ਤੋਂ ਬਾਅਦ ਅਮਰੀਕਾ ਦੇ ਬਾਸ਼ਿੰਦਿਆਂ ਵਿੱਚ ਸਿੱਖਾਂ ਦੀ ਪਛਾਣ ਪਹਿਲਾਂ ਦੇ ਮੁਕਾਬਲੇ ਵਧੀ ਹੈ। ਸਿੱਖਾਂ ਵਿਰੁੱਧ ਵਧ ਰਹੇ ਨਸਲੀ ਹਮਲਿਆਂ ਹੱਲ ਲਈ ਸਿੱਖਾਂ ਨੇ ਇਸ ਸਾਲ 14 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਇਸ ਮੁਹਿੰਮ ਦਾ ਆਗ਼ਾਜ਼ ਕੀਤਾ ਸੀ। ਜ਼ਮੀਨੀ ਪੱਧਰ ‘ਤੇ ਕਰਵਾਏ ਜਾਣ ਵਾਲੇ ਸਮਾਗਮਾਂ ਤੋਂ ਇਲਾਵਾ ਟੈਲੀਵਿਜ਼ਨ, ਰਿਵਾਇਤੀ ਤੇ ਡਿਜ਼ੀਟਲ ਇਸ਼ਤਿਹਾਰ ਤੇ ਮੀਡੀਆ ਵਿੱਚ ਉਚੇਚੇ ਤੌਰ ‘ਤੇ ਸਿੱਖਾਂ ਬਾਰੇ ਖ਼ਬਰਾਂ ਇਸ ਮੁਹਿੰਮ ਦਾ ਹਿੱਸਾ ਸਨ। 3 ਤੇ ਫੌਕਸ ਨਿਊਜ਼ ਵਰਗੇ ਦੇਸ਼ ਵਿਆਪੀ ਚੈਨਲਾਂ ‘ਤੇ ਵੱਡੀ ਪੱਧਰ ‘ਤੇ ਇਹ ਵਿਖਾਇਆ ਗਿਆ ਕਿ ਸਿੱਖਾਂ ਦੇ ਬਰਾਬਰਤਾ, ਔਰਤ ਦਾ ਸਤਿਕਾਰ, ਲੰਗਰ ਤੇ ਸਭ ਧਰਮਾਂ ਲਈ ਆਦਰ ਵਰਗੇ ਮੂਲ ਸਿਧਾਂਤਾਂ ਦੇ ਨਾਲ-ਨਾਲ ਵਿਸ਼ਵ ਦੇ 5ਵੇਂ ਸਭ ਤੋਂ ਵੱਡੇ ਧਰਮ ਬਾਰੇ ਵਿਸ਼ੇਸ਼ ਪ੍ਰੋਗਰਾਮ ਵਿਖਾਏ ਗਏ।ਇਸ ਮੁਹਿੰਮ ਨੂੰ ਚਲਾਉਣ ਵਿੱਚ ਸਿੱਖਾਂ ਨੇ 1.3 ਮਿਲੀਅਨ ਡਾਲਰ ਖਰਚ ਕਰਨੇ ਪਏ।

ਇਸ ਦਾ ਨਤੀਜਾ ਇਹ ਹੋਇਆ ਕਿ 59 ਫ਼ੀਸਦੀ ਫਰੈਜ਼ਨੋ ਵਾਸੀ ਅਮਰੀਕਾ ਵਿੱਚ ਵੱਸਦੇ ਸਿੱਖਾਂ ਬਾਰੇ ਕੁਝ ਨਾ ਕੁਝ ਜਾਣਦੇ ਸਨ। 68% ਲੋਕਾਂ ਨੇ ਕਿਹਾ ਕਿ ਸਿੱਖ ਚੰਗੇ ਗੁਆਂਢੀ ਹੁੰਦੇ ਹਨ ਜਦਕਿ 64 ਫ਼ੀਸਦੀ ਲੋਕ ਸਿੱਖਾਂ ਨੂੰ ਨੇਕਦਿਲ ਮੰਨਦੇ ਹਨ। ਜੇਕਰ ਗੱਲ ‘ਵੀ ਆਰ ਸਿੱਖਜ਼‘ ਮੁਹਿੰਮ ਦੇ ਅਸਰ ਦੀ ਗੱਲ ਕਰੀਏ ਤਾਂ 57% ਲੋਕਾਂ ਨੇ ਇਹ ਦੱਸਿਆ ਕਿ ਦਾੜੀ ਵਾਲੇ ਬੰਦੇ ਜੋ ਦਸਤਾਰ ਸਜਾਉਂਦੇ ਹਨ, ਸਿੱਖ ਹਨ। ਫਰੈਜ਼ਨੋ ਦੇ 67 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਨਾਂ ਵੀਡੀਓ ਵੇਖਿਆ ਹੈ ਕਿ ਜਿਸ ਵਿੱਚ ਬਰਾਬਰਤਾ ਤੇ ਸਾਰਿਆਂ ਲਈ ਦਿਲ ‘ਚ ਥਾਂ ਰੱਖਣ ਵਾਲੇ ਵਿਅਕਤੀ ਨੂੰ ਵਿਖਾਇਆ ਗਿਆ ਹੈ ਤੇ ਉਹ ਇੱਕ ਸਿੱਖ ਸੀ। ਹਾਰਟ ਰਿਸਰਚ ਐਸੋਸੀਏਟਸ ਦੇ ਮੁਖੀ ਜਿਓਫ਼ ਗ੍ਰੇਨ ਨੇ ਦੱਸਿਆ ਕਿ ਸਮਾਜਕ ਤੇ ਸਿਆਸੀ ਵਾਤਾਵਰਨ ਪ੍ਰਤੀਕੂਲ ਨਾ ਹੋਣ ਦੇ ਬਾਵਜੂਦ ਪੱਗ ਤੇ ਲੰਮੀ ਦਾੜੀਆਂ ਤੋਂ ਪਛਾਣੇ ਜਾ ਸਕਣ ਵਾਲੇ ਅਮਰੀਕਨ ਸਿੱਖਾਂ ਨੇ ਆਪਣੀ ਮੁਹਿੰਮ ਦੇ ਉਦੇਸ਼ ਪੂਰੇ ਕਰ ਲਏ ਹਨ।

ਦੱਸਣਾ ਬਣਦਾ ਹੈ ਕਿ ਮਾਰਚ ਵਿੱਚ ਇੱਕ ਨਕਾਬਪੋਸ਼ ਨੇ ਸਿੱਖ ਨੂੰ ਉਸ ਦੇ ਘਰ ਦੇ ਬਾਹਰ ਹੀ ਆਪਣੇ ਦੇਸ਼ ਵਾਪਸ ਜਾਣ ਬਾਰੇ ਕਹਿੰਦੇ ਹੋਏ ਨੇ ਗੋਲੀ ਮਾਰ ਦਿੱਤੀ ਸੀ। ਇਸ ਤੋਂ ਬਾਅਦ ਸਿੱਖਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਰਾਹੀਂ ਉਹ ਆਪਣੇ ਬਾਰੇ ਤੇ ਧਰਮ ਬਾਰੇ ਪ੍ਰਚਾਰ ਕੀਤਾ ਸੀ। ਸਿੱਖਾਂ ਦੀ ਇਸ ਪਹਿਲ ਨੂੰ ਸੋਸ਼ਲ ਮੀਡੀਆ ‘ਤੇ ਵੀ ਚੰਗਾ ਹੁੰਗਾਰਾ ਮਿਲਿਆ ਜਿਸ ਰਾਹੀਂ ਉਹ ਆਪਣੀ ਪਛਾਣ ਪ੍ਰਤੀ ਅਮਰੀਕਾ ਦੇ ਮੂਲ ਨਿਵਾਸੀਆਂ ਨੂੰ ਜਾਗਰੂਕ ਕਰਵਾਉਣ ਵਿੱਚ ਸਫਲ ਰਹੇ।

Unusual
Sikhs
USA