ਗੰਭੀਰ ਮੁੱਦੇ ਕਿਉਂ ਵਿਸਾਰ ਦਿੱਤੇ ਜਾਂਦੇ ਹਨ...?

ਜਸਪਾਲ ਸਿੰਘ ਹੇਰਾਂ

ਸਿੱਖ ਪੰਥ ਦੇ ਸਾਹਮਣੇ ਇਸ ਸਮੇਂ ਇਕ ਨਹੀਂ ਅਨੇਕਾਂ ਗੰਭੀਰ ਚੁਣੌਤੀਆਂ ਹਨ। ਜਿਹੜੀਆਂ ਸਿੱਖ ਪੰਥ ਦੇ ਭਵਿੱਖ ਅਤੇ ਹੋਂਦ ਨਾਲ ਜੁੜੀਆਂ ਹੋਈਆਂ ਹਨ। ਪ੍ਰੰਤੂ ਅਫ਼ਸੋਸ ਇਹ ਹੈ ਕਿ ਇਨਾਂ ਗੰਭੀਰ ਚੁਣੌਤੀਆਂ ਨੂੰ ਕੌਮ ਨੇ ਗੰਭੀਰਤਾ ਨਾਲ ਨਹੀਂ ਲਿਆ। ਹਰ ਕੋਈ ਆਪੋ-ਆਪਣਾ ਘੋੜਾ ਭਜਾਉਣ ’ਚ ਲੱਗਿਆ ਹੋਇਆ ਹੈ। ਪ੍ਰੰਤੂ ਕੌਮੀ ਫੈਸਲੇ ਵਾਲਾ ਮਾਹੌਲ ਬਨਾਉਣ ਵੱਲ ਤੁਰਨ ਲਈ ਕੋਈ ਵੀ ਤਿਆਰ ਨਹੀਂ ਜਾਪਦਾ। ਕੌਮ ’ਚ ਕੁਝ ਸਿਧਾਂਤਕ ਮੁੱਦਿਆਂ ’ਤੇ ਵੰਡੀ ਪੈਣ ਦਾ ਖ਼ਤਰਾ ਖੜਾ ਹੋ ਗਿਆ ਹੈ। ਇਸ ਵੰਡੀ ਨੂੰ ਰੋਕਣ ਲਈ ਕੋਈ ਗੰਭੀਰ ਵਿਖਾਈ ਦਿੰਦਾ। ਦੋਵੇਂ ਧਿਰਾਂ ਆਪੋ-ਆਪਣੀ ਜਿੱਦ ’ਤੇ ਅੜੀਆਂ ਹੋਈਆਂ ਹਨ। ਵਿਚਕਾਰਲੀ ਧਿਰ ਵਿਚਕਾਰ ਆਉਣ ਦੀ ਜੁਰੱਅਤ ਕਰਨ ਲਈ ਤਿਆਰ ਨਹੀਂ। ਮਾਮਲਾ ਸਿਧਾਂਤਕ ਵਿਚਾਰਧਾਰਾ ਦਾ ਹੈ। ਫ਼ਿਰ ਇਕੱਤਰ ਹੋ ਕੇ ਬੈਠਣ ਅਤੇ ਵਿਚਾਰ ਕੀਤੇ ਬਿਨਾਂ ਵਿਵਾਦ ਦਾ ਹੱਲ ਕਿਵੇਂ ਨਿਕਲੇਗਾ? ਗੁਰਬਾਣੀ ਜਿੱਦ ਦੀ ਥਾਂ ਦੁਬਿਧਾ ਦੂਰ ਕਰਨ ਲਈ ਮਿਲ ਬੈਠਣ ਦਾ ਸੰਦੇਸ਼ ਦਿੰਦੀ ਹੈ। ਪੰ੍ਰਤੂ ਕੋਈ ਵੀ ਗੁਰਬਾਣੀ ਦੀ ਮੰਨਣ ਲਈ ਤਿਆਰ ਨਹੀਂ। ਸ਼ਾਇਦ ਹਰ ਕਿਸੇ ਨੂੰ ਭੁਲੇਖਾ ਖੜਾ ਹੋ ਗਿਆ ਹੈ ਕਿ ਉਸ ਤੋਂ ਵੱਧ ਸਿਆਣਾ ਦੁਨੀਆਂ ’ਚ ਕੋਈ ਹੋਰ ਹੈ ਹੀ ਨਹੀਂ। ਦੂਜਾ ਮੁੱਖ ਮੁੱਦਾ ਸਿੱਖਾਂ ਦੇ ਕੌਮੀ ਘਰ ਭਾਵ ਕੌਮ ਦੀ ਅਜ਼ਾਦੀ ਦਾ ਹੈ। ਦੁਨੀਆਂ ਦੀ ‘‘ਸਿਰਦਾਰ’’ ਕੌਮ ਆਖ਼ਰ ਕਦੋਂ ਤੱਕ ਗੁਲਾਮ ਰਹੇਗੀ? ਕੌਮੀ ਘਰ ਦੀ ਪ੍ਰਾਪਤੀ ਦਾ ਰਾਹ, ਪੈਦਾ ਹੋ ਰਹੇ ਵਿਸ਼ਵ ਯੁੱਧ ਦੇ ਹਲਾਤਾਂ ਵਿਚੋਂ ਨਿਕਲ ਸਕਦਾ ਹੈ।

ਅਸੀਂ ਇਸ ਸਬੰਧੀ ਕੌਮ ਨੂੰ ਮਾਹਰ ਸਿੱਖਾਂ ਨੂੰ ਅੱਗੇ ਲਾ ਕੇ ਦਿਸ਼ਾ ਤਹਿ ਕਰਨ ਦਾ ਸੁਝਾਅ ਦਿੱਤਾ ਸੀ ਪ੍ਰੰਤੂ ਜ਼ੁਬਾਨੀ ਵਾਹ-ਵਾਹ ਤੋਂ ਇਲਾਵਾ, ਇਸ ਦਿਸ਼ਾ ਵਿਚ ਕੋਈ ਸਾਰਥਕ ਕਦਮ ਚੁੱਕਣ ਦੀ ਲੋੜ ਹੀ ਨਹੀਂ ਸਮਝੀ ਗਈ। ਦਬਾਅ ਤੇ ਸਮਝੌਤਾ ਰਾਜਨੀਤੀ ਦੇ ਵੱਡੇ ਹਥਿਆਰ ਹਨ, ਪ੍ਰੰਤੂ ਅਸੀਂ ਇਨਾਂ ਦੀ ਵਰਤੋਂ ਤੋਂ ਹਾਲੇ ਤੱਕ ਅਣਜਾਣ ਹਾਂ। ਜਿਹੜੀ ਕੌਮ ਰਾਜਨੀਤੀ ਦੇ ਦਾਅ-ਪੇਚਾਂ ਤੋਂ ਸੱਖਣੀ ਹੈ, ਉਹ ਕੌਮ ਕਦੇ ਵੀ ਅਜ਼ਾਦੀ ਪ੍ਰਾਪਤ ਨਹੀਂ ਕਰ ਸਕਦੀ। ਤੀਜਾ ਮੁੱਦਾ ਸੌਦਾ ਸਾਧ ਦੀ ਕਾਲੀ ਹਕੀਕਤ ਸਾਹਮਣੇ ਆਉਣ ਤੋਂ ਬਾਅਦ, ਉਸਨੂੰ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ, ਉਸ ਬਾਰੇ ਖੁੱਲੇ ਕਾਲੇ ਭੇਦਾਂ ਕਾਰਣ ਸੌਦਾ ਸਾਧ ਤੋਂ ਉਸਦੇ ਪ੍ਰੇਮੀ, ਜਿਨਾਂ ਵਿਚ ਸਿੱਖੀ ਸਰੂਪ ਵਾਲੇ ਵੀ ਹਨ, ਦਾ ਟੁੱਟਿਆ ਭਰੋਸਾ ਹੈ। ਸੌਦਾ ਸਾਧ ਦੇ ਕਾਲੇ ਕਾਰਨਾਮਿਆਂ ਦੇ ਜੱਗ ਜਾਹਰ ਹੋ ਜਾਣ ਤੋਂ ਬਾਅਦ ਇਹ ਪ੍ਰੇਮੀ ਆਪਣੇ-ਆਪ ਨੂੰ ਠੱਗਿਆ ਗਿਆ ਮਹਿਸੂਸ ਕਰਦੇ ਹਨ। ਕਈਆਂ ਨੂੰ ਜਾਪਦਾ ਹੈ ਕਿ ਉਨਾਂ ਨੇ ਆਪਣਾ ਜੀਵਨ ਹੀ ਬਰਬਾਦ ਕਰ ਲਿਆ। ਅਜਿਹਾ ਮੌਕਾ ਇਨਾਂ ਲੋਕਾਂ ਦੀ ਸਿੱਖੀ ਵਿਹੜੇ ਵਿਚ ਵਾਪਸੀ ਲਈ ਢੁੱਕਵਾਂ ਸੀ। ਪੰ੍ਰਤੂ ਇਸ ਗੰਭੀਰ ਮੁੱਦੇ ’ਤੇ ਵੀ ਰਾਜਨੀਤੀ ਸ਼ੁਰੂ ਹੋ ਗਈ। ਕੋਈ ਕੀ ਬਿਆਨ ਦੇ ਰਿਹਾ ਹੈ, ਕੋਈ ਕੀ ਐਲਾਨ ਕਰ ਰਿਹਾ ਹੈ, ਜਿਸ ਨਾਲ ਭੰਬਲਭੂਸਾ ਖੜਾ ਹੋ ਗਿਆ ਹੈ। ਸੌਦਾ ਸਾਧ ਦੇ ਪ੍ਰੇਮੀ ਬਣਨ ਵਾਲੇ ਸਿੱਖ ਪਹਿਲਾਂ ਹੀ ਮਾਨਸਿਕ ਬਿਮਾਰ ਹਨ। ਕੋਈ ਵੀ ਚੜਦੀ ਕਲਾ ਵਾਲਾ ਸਿੱਖ ਸਿੱਖੀ ਤੋਂ ਬੇਮੁੱਖ ਨਹੀਂ ਹੁੰਦਾ। ਉਹ ਆਪਣੇ ਗੁਰੂ ਨੂੰ ਸਮਰਪਿਤ ਹੁੰਦਾ ਹੈ ਤੇ ਗੁਰੂ ਲਈ ਜਾਨ ਤਾਂ ਵਾਰ ਸਕਦਾ ਹੈ ਪ੍ਰੰਤੂ ਬੇਦਾਵਾ ਨਹੀਂ ਦੇ ਸਕਦਾ।

ਇਸ ਲਈ ਇਨਾਂ ਬਿਮਾਰ ਮਾਨਸਿਕਤਾ ਵਾਲੇ ਸਿੱਖਾਂ ਦੀ ਘਰ ਵਾਪਸੀ ਕਰਵਾਉਣ ਲਈ ਵਿਸ਼ੇਸ਼ ਯਤਨਾਂ ਦੀ ਲੋੜ ਹੈ। ਦੂਜੇ ਉਹ ਸਿੱਖ ਜਿਹੜੇ ਇਸ ਕਾਰਣ ਸੌਦਾ ਸਾਧ ਦੇ ਚੁੰਗਲ ਵਿਚ ਜਾ ਫਸੇ ਸਨ ਕਿ ਉਨਾਂ ਨੂੰ ਸਿੱਖੀ ਵਿਹੜੇ ਵਿਚੋਂ ਵਿਤਕਰੇ ਦੇ ਧੱਕੇ ਵੱਜੇ ਸਨ। ਉਨਾਂ ਦੀ ਘਰ ਵਾਪਸੀ ਲਈ ਉਨਾਂ ਵਿਚ ਭਰੋਸਾ ਪੈਦਾ ਕਰਨਾ ਜ਼ਰੂਰੀ ਹੈ। ਸਾਨੂੰ ਇਹ ਤਾਂ ਮੰਨਣਾ ਹੀ ਪਵੇਗਾ ਕਿ ਗੁੰੰਮਰਾਹ ਹੋਏ ਭੁੱਲੜ ਸਿੱਖਾਂ ਦੀ ਗਿਣਤੀ ਘੱਟੋ-ਘੱਟ ਲੱਖਾਂ ਵਿਚ ਤਾਂ ਹੈ। ਇਸ ਲਈ ਐਨੀ ਵੱਡੀ ਗਿਣਤੀ ਦੀ ਸਿੱਖੀ ਵਿਚ ਵਾਪਸੀ ਲਈ ਕੌਮ ਨੂੰ ਸਿਰ ਜੋੜ ਕੇ ਬੈਠਣਾ ਅਤੇ ਕੋਈ ਵਿਧੀ ਵਿਧਾਨ ਤਿਆਰ ਕਰਨਾ ਚਾਹੀਦਾ ਸੀ ਤਾਂ ਕਿ ਅਜਿਹੇ ਭੁੱਲੜ ਸਿੱਖਾਂ ਦੀ ਘਰ ਵਾਪਸੀ ਕਰਵਾਈ ਜਾਂਦੀ। ਪ੍ਰੰਤੂ ਅਫ਼ਸੋਸ ਕਿ ਇਸ ਮੁੱਦੇ ਨੂੰ ਫੁੱਟਬਾਲ ਬਣਾ ਲਿਆ ਗਿਆ ਜਿਸ ਦਾ ਜਿੱਧਰ ਨੂੰ ਦਿਲ ਕਰਦਾ ਉਧਰ ਨੂੰ ਕਿੱਕ ਮਾਰੀ ਜਾਂਦਾ ਹੈ। ਅਗਲਾ ਸਭ ਤੋਂ ਅਹਿਮ ਮੁੱਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਦੀ ਹੋਈ ਨਿਰੰਤਰ ਬੇਅਦਬੀ ਦਾ ਹੈ। ਸੌਦਾ ਸਾਧ ਦੀ ਗਿ੍ਰਫ਼ਤਾਰੀ ਤੋਂ ਬਾਅਦ, ਸਿੱਖਾਂ ਨੂੰ ਮੰਗ ਕਰਨੀ ਬਣਦੀ ਸੀ ਕਿ ਇਸ ਮਾਮਲੇ ਵਿਚ ਸੌਦਾ ਸਾਧ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾਵੇ। ਪੰ੍ਰਤੂ ਹਾਲੇ ਤੱਕ ਤਾਂ ਇਹ ਮੰਗ ਕਿਸੇ ਪਾਸਿਓਂ ਨਹੀਂ ਉਠੀ। ਆਖ਼ਰ ਗੰਭੀਰ ਮੁੱਦਿਆਂ ’ਤੇ ਕੌਮ ਸੁੱਸਰੀ ਵਾਂਗੂੰ ਸੌਂ ਕਿਉਂ ਜਾਂਦੀ ਹੈ? ਇਹ ਠੀਕ ਹੈ ਕਿ ਜਦੋਂ ਤੱਕ ਕੋਈ ਕੌਮੀ ਆਗੂ ਸਾਹਮਣੇ ਨਹੀਂ ਆਉਂਦਾ ਉਦੋਂ ਤੱਕ ਕੌਮ ਅਜਿਹੇ ਗੰਭੀਰ ਮੁੱਦਿਆਂ ’ਤੇ ਕੋਈ ਫੈਸਲਾ ਲੈਣ ਦੇ ਸਮਰੱਥ ਨਹੀਂ ਹੋ ਸਕਦੀ। ਪ੍ਰੰਤੂ ਹੁਣ ਇਹ ਸਾਫ਼ ਹੈ ਕਿ ਕੌਮੀ ਆਗੂ ਕਿਸੇ ਸੰਘਰਸ਼ ਵਿਚੋਂ ਹੀ ਪੈਦਾ ਹੋਣਾ ਹੈ। ਸੰਘਰਸ਼ ਉਹੋ ਹੀ ਤੋਰਿਆ ਜਾਵੇ, ਜਿਸ ਬਾਰੇ ਕੌਮ ਸਿਰ ਜੋੜ ਕੇ ਸਾਰਾ ਕੁਝ ਵਿਚਾਰ ਕੇ ਫੈਸਲਾ ਕਰ ਲਵੇ। ਇਨਾਂ ਗੰਭੀਰ ਮੁੱਦਿਆਂ ਬਾਰੇ ਪਹਿਲਾਂ ਬਹਿਸ ਤੇ ਵਿਚਾਰ ਵਟਾਂਦਰਾ ਸ਼ੁਰੂ ਹੋਵੇ। ਫ਼ਿਰ ਸਾਂਝੇ ਸੰਘਰਸ਼ ਦਾ ਐਲਾਨ ਹੋਵੇ। ਸਾਨੂੰ ਭਰੋਸਾ ਹੈ ਕਿ ਉਸ ਸੰਘਰਸ਼ ਵਿਚੋਂ ਕੋਈ ਨਾ ਕੋਈ ਕੌਮੀ ਆਗੂ ਜ਼ਰੂਰ ਪ੍ਰਾਪਤ ਹੋਵੇਗਾ ਅਤੇ ਉਹ ਕੌਮੀ ਆਗੂ ਕੌਮ ਦੇ ਕੌਮੀ ਘਰ ਦੀ ਪ੍ਰਾਪਤੀ ਦਾ ਰਾਹ ਸਿੱਧਾ ਕਰੇਗਾ।

Editorial
Jaspal Singh Heran