ਡੇਰਾਵਾਦ ਸਿੱਖੀ ਲਈ ਚੁਣੌਤੀ ਬਣਿਆ ਰਹੇਗਾ...

ਜਸਪਾਲ ਸਿੰਘ ਹੇਰਾਂ

ਅਸੀਂ ਸੌਦਾ ਸਾਧ ਦੇ ਅੰਤ ਤੋਂ ਬਾਅਦ, ਪੰਜਾਬ ’ਚ ਡੇਰਾਵਾਦ ਦੇ ਖ਼ਾਤਮੇ ਵਿਰੁੱਧ ਲਹਿਰ ਖੜੀ ਕਰਨ ਦਾ ਹੋਕਾ ਦਿੱਤਾ ਸੀ। ਅਸੀਂ ਭਲੀ ਭਾਂਤੀ ਜਾਣਦੇ ਹਾਂ ਕਿ ਡੇਰਾਵਾਦ ਦੀ ਸਿਉਂਕ ਪੰਜਾਬ ਤੇ ਸਿੱਖੀ ਦੋਵਾਂ ਨੂੰ ਖਾਹ ਰਹੀ ਹੈ। ਇਸ ਲਈ ਜਦੋਂ ਤੱਕ ਪੰਜਾਬ ਵਿਚ ਡੇਰਾਵਾਦ ਦਾ ਮੁਕੰਮਲ ਖ਼ਾਤਮਾ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਸਿੱਖੀ ਨੂੰ ਚੁਣੌਤੀਆਂ ਮਿਲਦੀਆਂ ਰਹਿਣਗੀਆਂ। ਸਾਡੇ ਇਹ ਖ਼ਦਸ਼ੇ ਬੀਤੀ ਕੱਲ ਉਦੋਂ ਸੱਚ ਸਾਬਤ ਹੋਏ ਜਦੋਂ ਘੁਮਾਣ ਦੇ ਥਾਣੇ ਵਿਚ ਪੁਲਿਸ ਦੀ ਮੌਜੂਦਗੀ ਵਿਚ ਨੂਰਮਹਿਲੀਏ ਡੇਰੇ ਦੇ ਚੇਲਿਆਂ ਨੇ ਸਤਿਕਾਰ ਕਮੇਟੀ ਦੇ ਸਿੰਘਾਂ ’ਤੇ ਹੱਲਾ ਬੋਲ ਕੇ ਉਨਾਂ ਦੀਆਂ ਦਸਤਾਰਾਂ ਰੋਲ ਦਿੱਤੀਆਂ, ਮਾਰ ਕੁੱਟ ਕੀਤੀ ਤੇ ਗੱਡੀਆਂ ਭੰਨ ਦਿੱਤੀਆਂ। ਸਤਿਕਾਰ ਕਮੇਟੀ ਵਾਲਿਆਂ ਦਾ ਦੋਸ਼ ਇਹ ਸੀ ਕਿ ਉਨਾਂ ਨੂਰਮਹਿਲੀਏ ਦੇ ਉਨਾਂ ਚੇਲੇ ਚਾਟੜਿਆਂ ਨੂੰ ਜਿਹੜੇ ਸਿੱਖੀ ਸਰੂਪ ਵਿਚ ਡੇਰੇ ਲਈ ਉਗਰਾਹੀ ਇਕੱਠੀ ਕਰ ਰਹੇ ਸਨ ਤੇ ਇਸ ਸਬੰਧੀ ਮੁਨਾਦੀ ਵੀ ਗੁਰਦੁਆਰਾ ਸਾਹਿਬਾਨ ਤੋਂ ਕੀਤੀ ਜਾ ਰਹੀ ਸੀ। ਇਹ ਵੀ ਪਤਾ ਲੱਗਾ ਹੈ ਕਿ ਨੂਰਮਹਿਲੀਏ ਦੇ ਡੇਰੇ ਵੱਲੋਂ ਇਸ ਤਰਾਂ ਦੀ ਉਗਰਾਹੀ ਪਿੰਡ ਪੱਧਰ ’ਤੇ ਸ਼ੁਰੂ ਕੀਤੀ ਹੋਈ ਹੈ। ਇਕ ਅਯਾਸ਼ ਸਾਧ ਜਿਸ ਦੇ ਜਿਊਂਦੇ ਜੀਅ ਉਸ ’ਤੇ ਵੀ ਕਈ ਤਰਾਂ ਦੇ ਗੰਭੀਰ ਦੋਸ਼, ਉਸਦੇ ਡਰਾਈਵਰ ਪੂਰਨ ਸਿੰਘ ਨੇ ਲਾਏ ਸੀ। ਉਸ ਸਾਧ ਦੀ ਲਾਸ਼ ਦਾ ਪਾਖੰਡ ਨੂਰਮਹਿਲੀਆ ਡੇਰਾ ਅਦਾਲਤ ਦੇ ਹੁਕਮਾਂ ਦੀ ਆੜ ਵਿਚ ਕਰ ਰਿਹਾ ਹੈ।

ਇਸ ਡੇਰੇ ਵੱਲੋਂ ਸਾਧ ਦੀ ਲਾਸ਼ ’ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਕੋਈ ਵੱਡੀ ਖੇਡ ਖੇਡਣ ਲਈ ਵੀ ਲਾਸ਼ ਨੂੰ ਵਰਤਿਆ ਜਾ ਸਕਦਾ ਹੈ। ਹੁਣ ਇਸ ਡੇਰੇ ਵੱਲੋਂ ਸਿੱਖੀ ਭੇਸ ਵਾਲੇ ਆਪਣੇ ਚੇਲੇ ਚਾਟੜਿਆਂ ਰਾਹੀਂ ਪਿੰਡਾਂ ’ਚੋਂ ਉਗਰਾਹੀ ਇਕੱਠੀ ਕਰਨ ਦੇ ਨਾਲ-ਨਾਲ ਡੇਰੇ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਜਿਸ ਨੂੰ ਬਰਦਾਸ਼ਤ ਕਰਨਾ ਔਖਾ ਹੈ। ਸਤਿਕਾਰ ਕਮੇਟੀ ਵਾਲਿਆਂ ਵੱਲੋਂ ਨੂਰਮਹਿਲੀਏ ਦੇ ਚੇਲੇ ਚਾਟੜਿਆਂ ਨੂੰ ਖ਼ੁਦ ਥਾਣੇ ਫੜਾਇਆ ਗਿਆ ਤੇ ਨੂਰਮਹਿਲੀਆਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਥਾਣੇ ਵਿਚ ਹੀ ਸਿੰਘਾਂ ’ਤੇ ਹਮਲਾ ਕਰ ਦਿੱਤਾ। ਆਖ਼ਰ ਪ੍ਰਸਾਸ਼ਨ ਡੇਰਿਆਂ ਦੀ ਮਦਦ ਲਈ ਹਮੇਸ਼ਾਂ ਤੱਤਪਰ ਕਿਉਂ ਰਹਿੰਦਾ ਹੈ। ਪੁਲਿਸ ਦੀਆਂ ਅੱਖਾਂ ਸਾਹਮਣੇ ਸਿੰਘਾਂ ’ਤੇ ਹਮਲਾ ਹੋਇਆ, ਪੁਲਿਸ ਮੂਕ ਦਰਸ਼ਕ ਬਣੀ ਰਹੀ, ਉਲਟਾ ਸਿੰਘਾਂ ’ਤੇ ਹੀ ਧਾਰਾ 307 ਦਾ ਪਰਚਾ ਦਰਜ ਕਰ ਦਿੱਤਾ ਗਿਆ। ਜਿਵਂੇ-ਜਿਵੇਂ ਡੇਰੇ ਸ਼ਕਤੀਸ਼ਾਲੀ ਹੁੰਦੇ ਹਨ, ਉਹ ਸਿੱਖੀ ਨਾਲ ਸਿੱਧੇ ਟਕਰਾਅ ’ਤੇ ਆ ਜਾਂਦੇ ਹਨ। ਸਿੱਖੀ ਵਿਚ ਪਾਖੰਡਵਾਦ ਲਈ ਕੋਈ ਥਾਂ ਨਹੀਂ ਪ੍ਰੰਤੂ ਇਨਾਂ ਡੇਰਿਆਂ ਦੀ ਦੁਕਾਨਦਾਰੀ ਚੱਲਦੀ ਹੀ ਪਾਖੰਡ ਦੇ ਸਿਰ ’ਤੇ ਹੈ। ਜਦੋਂ ਸਿੱਖ ਡੇਰਿਆਂ ਦੇ ਇਸ ਪਾਖੰਡ, ਕਰਮਕਾਂਡ ਵਿਰੁੱਧ ਅਵਾਜ਼ ਬੁਲੰਦ ਕਰਦੇ ਹਨ ਤਾਂ ਇਹ ਡੇਰੇ ਸਰਕਾਰ ਦੀ ਸ਼ਹਿ ’ਤੇ ਸਿੱਖਾਂ ਨਾਲ ਸਿੱਧੇ ਟਕਰਾਅ ’ਤੇ ਉਤਰ ਆਉਂਦੇ ਹਨ।

ਇਸੇ ਲਈ ਪਹਿਰੇਦਾਰ ਨੇ ਸੌਦਾ ਸਾਧ ਦੇ ਜੇਲ ਜਾਣ ਤੋਂ ਬਾਅਦ ਪੰਜਾਬ ਵਿਚ ਡੇਰਾਵਾਦ ਵਿਰੁੱਧ ਇਕ ਲਹਿਰ ਖੜੀ ਕਰਨ ਦਾ ਹੋਕਾ ਦਿੱਤਾ ਸੀ। ਪ੍ਰੰਤੂ ਅਫ਼ਸੋਸ ਹੈ ਕਿ ਕਿਸੇ ਧਾਰਮਿਕ ਆਗੂ ਨੇ ਪਹਿਰੇਦਾਰ ਦੇ ਹੋਕੇ ਨੂੰ ਹੁੰਗਾਰਾ ਨਹੀਂ ਦਿੱਤਾ। ਸੌਦਾ ਸਾਧ ਦਾ ਡੇਰਾ ਖ਼ਤਮ ਹੋਣ ਨਾਲ ਡੇਰੇਵਾਦ ਦੀ ਸਮੱਸਿਆ ਖ਼ਤਮ ਨਹੀਂ ਹੋਣ ਵਾਲੀ, ਇਕ ਡੇਰਾ ਖ਼ਤਮ ਹੋਇਆ, ਦੂਜੇ ਕਈ ਡੇਰੇ ਪੈਦਾ ਹੋ ਜਾਣਗੇ। ਕਈ ਕਮਜ਼ੋਰ ਡੇਰੇ ਸ਼ਕਤੀਸ਼ਾਲੀ ਹੋ ਜਾਣਗੇ। ਸ਼੍ਰੋਮਣੀ ਕਮੇਟੀ ਤੋਂ ਅਸੀਂ ਡੇਰਾਵਾਦ ਵਿਰੁੱਧ ਕਿਸੇ ਲਹਿਰ ਨੂੰ ਖੜੀ ਕਰਨ ਦੀ ਕੋਈ ਉਮੀਦ ਨਹੀਂ ਕਰਦੇ ਕਿਉਂਕਿ ਬਾਦਲਕਿਆਂ ਦੇ ਦਬਾਅ ਥੱਲੇ ਸ਼੍ਰੋਮਣੀ ਕਮੇੇਟੀ ਤਾਂ ਖ਼ੁਦ ਡੇਰੇਦਾਰਾਂ ਦੀ ਪਿੱਠ ’ਤੇ ਖੜੀ ਵਿਖਾਈ ਦਿੰਦੀ ਹੈ। ਪ੍ਰੰਤੂ ਪੰਥਕ ਅਖਵਾਉਂਦੀਆਂ ਧਿਰਾਂ ਨੂੰ ਤਾਂ ਡੇਰਾਵਾਦ ਵਿਰੁੱਧ ਮੈਦਾਨ ਵਿਚ ਨਿਤਰਨਾ ਚਾਹੀਦਾ ਸੀ। ਸੌਦਾ ਸਾਧ ਦੇ ਅੰਤ ਦੀ ਸਿਆਹੀ ਸੁੱਕਣ ਤੋਂ ਪਹਿਲਾਂ ਨੂਰਮਹਿਲੀਆਂ ਦਾ ਸਿੱਖਾਂ ’ਤੇ ਹਮਲਾ ਡੇਰਾਵਾਦ ਦੀ ਚੁਣੌਤੀ ਦਾ ਪ੍ਰਤੀਕ ਹੈ। ਕੌਮ ਇਸ ਨੂੰ ਗੰਭੀਰਤਾ ਨਾਲ ਲਵੇ ਜਾਂ ਨਾ ਲਵੇ? ਪ੍ਰੰਤੂ ਡੇਰਾਵਾਦ ਵਿਰੁੱਧ ਸਿੱਧੀ ਲੜਾਈ ਲੜੇ ਤੋਂ ਬਿਨਾਂ ਪੰਜਾਬ ਦੀ ਧਰਤੀ ਨੂੰ ਡੇਰਿਆਂ ਤੋਂ ਮੁਕਤ ਕਰਵਾਉਣਾ ਸੰਭਵ ਨਹੀਂ ਹੈ। ਇਸ ਹਕੀਕਤ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ।

Editorial
Jaspal Singh Heran