ਪੰਜਾਬ ਤੋਂ ਪਾਣੀ ਖੋਹਣ ਦਾ ਮੁੱਦਾ...

ਜਸਪਾਲ ਸਿੰਘ ਹੇਰਾਂ

‘ਪਹਿਰੇਦਾਰ’ ਦਾ ਫਰਜ਼ ‘ਹੋਕਾ’ ਦੇਣਾ ਹੁੰਦਾ ਹੈ, ਸੁਚੇਤ ਹੋਣਾ ਜਾਂ ਨਾਂਹ ਹੋਣਾ ਇਹ ਘਰ ਵਾਲਿਆਂ ਦੀ ਮਰਜ਼ੀ। ‘‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮ’’ ਰਹੀਆਂ ਹਨ ਅਤੇ ਰਹਿਣਗੀਆਂ ਵੀ, ਕਿਉਂਕਿ ਪੰਜਾਬ ਤੇ ਸਿੱਖ ਦੁਸ਼ਮਣ ਤਾਕਤਾਂ ਇਨਾਂ ਦੇ ਖ਼ਾਤਮੇ ਲਈ ਸਾਜਿਸ਼ਾਂ ਗੁੰਦ ਹੀ ਨਹੀਂ ਰਹੀਆਂ ਸਗੋਂ ਉਨਾਂ ਨੂੰ ਨੇਪਰੇ ਚੜਾਉਣ ਲੱਗੀਆਂ ਹੋਈਆਂ ਹਨ। ਸਿੱਖੀ ਦੇ ਖ਼ਾਤਮੇ ਦਾ ਉਨਾਂ ਦਾ ਮਨਸੂਬਾ ਹੈ। ਸਿੱਖੀ ’ਚ ਪਾਖੰਡਵਾਦ, ਬ੍ਰਾਹਮਣਵਾਦ ਵਾੜਿਆ ਜਾ ਰਿਹਾ ਹੈ। ਸਿੱਖੀ ਸਰੂਪ ਤਾਂ ਦਿਸਣਗੇ ਪੰ੍ਰਤੂ ਸਿੱਖ ਸਿੱਧਾਂਤ ਉੱਡ-ਪੁੱਡ ਜਾਣਗੇ। ਭੇਖੀ ਸਿੱਖੀ ਕਾਹਦੀ ਸਿੱਖੀ? ਪੰਜਾਬ ਦੀ ਹੋਂਦ ਦੇ ਖ਼ਾਤਮੇ ਲਈ ਪੰਜਾਬ ਨੂੰ ਆਰਥਿਕ ਤੌਰ ’ਤੇ ਦੀਵਾਲੀਆ ਬਣਾ ਦਿੱਤਾ  ਗਿਆ ਹੈ। ਪੰਜਾਬ ਦੀ ਜੁਆਨੀ ਨੂੰ ਬੇਰੁਜ਼ਗਾਰੀ ਦੇ ਹਥਿਆਰ ਨਾਲ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਪਾਣੀ ਖੋਹ ਕੇ ਪੰਜ ਦਰਿਆਵਾਂ ਦੀ ਧਰਤੀ ਨੂੰ ਮਾਰੂਥਲ ’ਚ ਬਦਲ ਦਿੱਤਾ ਜਾਵੇਗਾ। ਫ਼ਿਰ ਕਾਹਦਾ ਪੰਜ-ਆਬ? ਇਸ ਕਾਲੇ ਹਨੇਰੇ ’ਚ ਇੱਕ ਆਸ ਦੀ ਕਿਰਨ ਵਿਖਾਈ ਦਿੱਤੀ ਹੈ। ਜੇ ਉਸ ਦਾ ਲਾਹਾ ਲਿਆ ਜਾ ਸਕੇ ਤਾਂ। ਪੰਜਾਬ ਦੇ ਪਾਣੀ ਖੋਹਣ ਲਈ ਸਤਲੁਜ-ਜਮਨਾ ਲਿੰਕ ਨਹਿਰ ਦੀ ਉਸਾਰੀ ਲਈ ਬਹਾਨਾ ਬਣਾਇਆ ਜਾਂਦਾ ਹੈ ਕਿ ਹਰਿਆਣੇ ਪਾਸ ਲੋੜ ਪੂਰੀ ਕਰਨ ਯੋਗ ਪਾਣੀ ਨਹੀਂ। ਪ੍ਰੰਤੂ ਹੁਣ ਕੇਂਦਰ ਸਰਕਾਰ ਦਾ ਉਹ ਪ੍ਰੋਜੈਕਟ ਜਿਹੜਾ ਹਰਿਆਣੇ ਨੂੰ ਪਾਣੀ ਨਾਲ ਰਜਾ ਦੇਵੇਗਾ ਸਾਹਮਣੇ ਆ ਗਿਆ ਹੈ।

ਬੀਬੀ ਉਮਾ ਭਾਰਤੀ ਨੇ ਪਰਾਲੀਮੈਂਟ ’ਚ ਇਸ ਪ੍ਰੋਜੈਕਟ ਬਾਰੇ ਵਿਸਥਾਰਿਤ ਜਾਣਕਾਰੀ ਵੀ ਦਿੱਤੀ ਹੈ ਅਤੇ ਹੋਰ ਮਾਹਿਰਾਂ ਨੇ ਵੀ ਇਸ ਪ੍ਰੋਜੈਕਟ ਬਾਰੇ ਵਿਸਥਾਰ ਨਾਲ ਲੇਖ ਲਿਖੇ ਹਨ। ਭਾਰਤ ਤੇ ਨੇਪਾਲ ਸੀਮਾ ਦੇ ਨਾਲ-ਨਾਲ ਇਕ ਸ਼ਾਰਦਾ ਨਾਮੀ ਦਰਿਆ ਵਗਦਾ ਹੈ ਉਸ ਦਰਿਆ ਨੂੰ ਜਮਨਾ ਦਰਿਆ ਨਾਲ ਜੋੜਨ ਲਈ ਉਸ ’ਚੋਂ ਇਕ ਨਹਿਰ ਕੱਢੀ ਜਾ ਰਹੀ ਹੈ। ਜਿਹੜੀ ਹਰਿਆਣੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਕਰਨਾਲ ਨੇੜੇ ਜਮਨਾ ਦਰਿਆ ’ਚ ਆ ਕੇ ਡਿੱਗਦੀ ਹੈ। ਫ਼ਿਰ ਇਥੋਂ ਗੁਜਰਾਤ ’ਚ ਵਹਿੰਦੀ ਨਦੀ ਸਾਬਰਮਤੀ ਨੂੰ ਜਮਨਾ ਨਾਲ ਜੋੜਨ ਲਈ ਇਥੋਂ ਇਕ ਨਹਿਰ ਅੱਗੇ ਰਾਜਸਥਾਨ ਤੋਂ ਹੁੰਦੀ ਹੋਈ ਗੁਜਰਾਤ ’ਚ ਜਾ ਕੇ ਸਾਬਰਮਤੀ ਨਦੀ ’ਚ ਡਿੱਗੇਗੀ। ਹਰਿਆਣੇ ਦੀ ਇਸ ਸਮੇਂ ਮੰਗ ਹੈ ਕਿ ਉਸ ਨੂੰ 1.6 ਐਮ.ਏ.ਐਫ਼. ਪਾਣੀ ਦੀ ਘਾਟ ਹੈ। ਜਿਸਨੂੰ ਸਤਲੁਜ-ਜਮਨਾ ਲਿੰਕ ਨਹਿਰ ਪੂਰਾ ਕਰੇਗੀ। ਪ੍ਰੰਤੂ ਸ਼ਾਰਦਾ ਨਹਿਰ ਵਾਲੇ ਅੰਕੜੇ ਦੱਸਦੇ ਹਨ ਕਿ ਇਸ ਨਹਿਰ ਨੇ 9.47 ਐਮ.ਏ.ਐਫ਼. ਪਾਣੀ ਲੈ ਕੇ ਹਰਿਆਣੇ ’ਚ ਵੜਣਾ ਹੈ। ਇਸ ਤਰਾਂ ਹਰਿਆਣੇ ਦੀ ਲੋੜ ਤੋਂ ਕਿਤੇ ਵੱਧ ਪਾਣੀ ਇਸ ਸ਼ਾਰਦਾ ਨਹਿਰ ਨੇ ਹਰਿਆਣੇ ਨੂੰ ਦੇਣਾ ਹੈ। ਇਸ ਦਾ ਸਾਫ਼ ਅਰਥ ਇਹ ਹੈ ਕਿ ਜਿਸ ਦਿਨ ਸ਼ਾਰਦਾ ਨਹਿਰ ਹਰਿਆਣੇ ’ਚ ਆ ਗਈ ਤਾਂ ਹਰਿਆਣੇ ਪਾਸ ਵਾਧੂ ਪਾਣੀ ਹੋ ਜਾਵੇਗਾ। ਉਸਤੋਂ ਬਾਅਦ ਉਸ ਨੂੰ ਪਾਣੀ ਦੀ ਕਿੱਲਤ ਨਹੀਂ ਰਹੇਗੀ। ਜਦੋਂ ਹਰਿਆਣੇ ਪਾਸ ਸ਼ਾਰਦਾ ਨਹਿਰ ਨੇ 9.47 ਐਮ.ਏ.ਐਫ਼. ਪਾਣੀ ਲੈ ਕੇ ਆਉਣਾ ਹੈ ਫ਼ਿਰ ਹਰਿਆਣੇ ਨੂੰ ਸਤਲੁਜ-ਜਮਨਾ ਲਿੰਕ ਨਹਿਰ ਰਾਹੀ ਆਉਣ ਵਾਲੇ ਪਾਣੀ ਦੀ ਕੋਈ ਲੋੜ ਨਹੀਂ ਰਹੇਗੀ ਅਤੇ ਹਰਿਆਣੇ ’ਚ ਪਾਣੀ ਦੀ ਕਿੱਲਤ ਹੈ, ਵਾਲਾ ਰੌਲਾ ਵੀ ਖ਼ਤਮ ਹੋ ਜਾਵੇਗਾ।

ਸਾਡਾ ਅੱਜ ਦਾ ਹੋਕਾ ਇਹ ਹੈ ਕਿ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਨੇ ਤਾਂ ਇਸ ਪ੍ਰੋਜੈਕਟ ਨੂੰ ਪੂਰੀ ਤਰਾਂ ਲੁਕਾ ਕੇ ਰੱਖਿਆ ਹੋਇਆ ਹੈ। ਕਿਉਂਕਿ ਉਹ ਪਹਿਲਾਂ ਪੰਜਾਬ ਤੋਂ ਉਸਦਾ ਪਾਣੀ ਖੋਹਣਾ ਚਾਹੰੁਦੇ ਹਨ। ਪ੍ਰੰਤੂ ਇਸ ਸ਼ਾਰਦਾ ਪ੍ਰੋਜੈਕਟ ਨੂੰ ਜਿਸਨੇ ਹਰਿਆਣੇ ਨੂੰ ਉਸਦੀ ਲੋੜ ਤੋਂ ਕਿਤੇ ਵੱਧ ਪਾਣੀ ਦੇਣਾ ਹੈ। ਉਸ ਪ੍ਰੋਜੈਕਟ ਨੂੰ ਪੰਜਾਬ ਹਿਤੈਸ਼ੀ ਧਿਰਾਂ ਤੇ ਪੰਥ ਨੂੰ ਸਮਰਪਿਤ ਸਿੱਖਾਂ ਨੂੰ ਅੱਗੇ ਆ ਕੇ ਉਭਾਰਨਾ ਚਾਹੀਦਾ ਹੈ। ਅਦਾਲਤ ’ਚ ਵੀ ਇਸ ਕੇਸ ਨੂੰ ਲੈ ਕੇ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੂੰ ਦੱਸਿਆ ਜਾਵੇ ਕਿ ਹਰਿਆਣੇ ’ਚ ਪਾਣੀ ਦੀ ਕਿੱਲਤ ਨੂੰ ਸ਼ਾਰਦਾ ਨਹਿਰ ਨੇ ਪੂਰੀ ਤਰਾਂ ਦੂਰ ਕਰ ਦੇਣਾ ਹੈ। ਜਦੋਂ ਕਿ ਪੰਜਾਬ ਨੂੰ ਪਾਣੀ ਦੀ ਭਾਰੀ ਕਿੱਲਤ ਹੈ। ਉਸ ਦੀ ਧਰਤੀ ਦੀ ਕੁੱਖ ਵੀ ਪਾਣੀ ਦੇਣ ਤੋਂ ਇਨਕਾਰੀ ਹੋ ਗਈ ਹੈ। ਝੋਨੇ ਦੀ ਪੈਦਾਵਾਰ ਦੇ ਚੱਕਰ ’ਚ ਪੰਜਾਬੀਆਂ ਨੇ ਆਪਣੇ 122 ਬਲਾਕਾਂ ਨੂੰ ‘ਡਾਰਕ ਜੋਨਾਂ’ ’ਚ ਸ਼ਾਮਲ ਕਰਵਾ ਲਿਆ ਹੈ। ਦਰਿਆਈ ਪਾਣੀ ਹੀ ਭਵਿੱਖ ’ਚ ਉਸਦੇ ਜਿੳੂਂਦੇ ਰਹਿਣ ਦਾ ਸਹਾਰਾ ਹਨ। ਇਸ ਲਈ ਸਤਲੁਤ-ਜਮਨਾ ਲਿੰਕ ਨਹਿਰ ਦਾ ਖਹਿੜਾ ਛੱਡ ਕੇ ਹਰਿਆਣੇ ਲਈ ਸ਼ਾਰਦਾ ਨਹਿਰ ਵਾਲੇ ਪ੍ਰੋਜੈਕਟ ਨੂੰ ਪੂਰਾ ਕਰਨ ਵੱਲ ਧਿਆਨ ਦਿੱਤਾ ਜਾਵੇ। ਭਾਵੇਂ ਕਿ ਅਸੀਂ ਉੱਪਰ ਲਿਖਿਆ ਹੈ ਕਿ ਸਰਕਾਰ ਤੇ ਪੰਥ ਦੁਸ਼ਮਣ ਤਾਕਤਾਂ ਦਾ ਨਿਸ਼ਾਨਾਂ ਤਾਂ ਪੰਜਾਬ ਦੀ ਤਬਾਹੀ ਹੈ। ਇਸ ਲਈ ਕਿਸੇ ਦਲੀਲ ਦਾ ਉਨਾਂ ’ਤੇ ਬਹੁਤਾ ਅਸਰ ਨਹੀਂ ਹੋਣਾ। ਪ੍ਰੰਤੂ ਸਾਨੂੰ ਸਾਡਾ ਮੁੱਦਾ ਹਰ ਪੱਧਰ ’ਤੇ ਉਭਾਰਨਾ ਚਾਹੀਦਾ ਹੈ।

ਆਖ਼ਰ ਸਰਕਾਰਾਂ ਕਿੰਨਾ ਕੁ ਨੰਗਾ-ਚਿੱਟਾ ਵਿਤਕਰਾ ਪੰਜਾਬ ਨਾਲ ਕਰੀ ਜਾਣਗੀਆਂ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਤੇ ਹਰਿਆਣਾ ’ਚ ਪਾਣੀਆਂ ਦੀ ਵੰਡ ਨੂੰ ਹੁਣ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਕੀਤਾ ਜਾਵੇ ਅਤੇ ਸ਼ਾਰਦਾ ਨਹਿਰ ਤੇ ਹਰਿਆਣੇ ਨੂੰ ਕਿੰਨਾ ਪਾਣੀ ਦੇਣਾ ਹੈ ਇਸਨੂੰ ਸਾਫ਼ ਕਰਕੇ ਹਰਿਆਣੇ ਨੂੰ ਮਿਲਣ ਵਾਲੇ ਕੁੱਲ ਪਾਣੀ ਦਾ ਅੰਕੜਾ ਦੱਸਿਆ ਜਾਵੇ। ਦੂਜੇੇ ਪਾਸੇ ਪੰਜਾਬ ਪੱਲੇ ਕਿੰਨਾ ਪਾਣੀ ਹੈ ਉਹ ਅੰਕੜਾ ਵੀ ਦਿੱਤਾ ਜਾਵੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।

Editorial
Jaspal Singh Heran