ਕੁਲਦੀਪ ਨਈਅਰ ਵਰਗੇ ਦੀ ਫ਼ਿਰਕੂ ਨਫ਼ਰਤ ਲੁਕੀ ਨਹੀਂ ਰਹਿੰਦੀ...

ਜਸਪਾਲ ਸਿੰਘ ਹੇਰਾਂ

ਪੰਜਾਬੀ ਹਿੰਦੂ ਦੀ ਸਿੱਖੀ ਪ੍ਰਤੀ ਨਫ਼ਰਤ ਇਨਾਂ ਦੇ ਬੁੱਧੀਜੀਵੀ ਵਰਗ ਦੀ ਕਲਮਾਂ ’ਚ ਅਕਸਰ ਅੱਗ ਉਗਲਦੀ ਹੈ। ਉੱਪਰੋਂ ਪੰਜਾਬੀ ਪ੍ਰਤੀ ਵੱਡੇ ਹਮਦਰਦ ਦਾ ਵਿਖਾਵਾ ਕਰਨਾ ਅਤੇ ਅੰਦਰੋਂ ਸਿੱਖਾਂ ਪ੍ਰਤੀ ਜ਼ਹਿਰ ਉੱਗਲਣੀ, ਇਨਾਂ ਪੰਜਾਬੀ ਹਿੰਦੂਆਂ ਦਾ ਘਿਣਾਉਣਾ ਕਿਰਦਾਰ ਹੈ। ਕੁਲਦੀਪ ਨਈਅਰ ਜਿਹੜਾ ਨਾਮੀ ਪੱਤਰਕਾਰ ਹੈ, ਉਸਦੇ ਬਨਾਉਟੀ ਪੰਜਾਬ ਪ੍ਰੇਮ ਨੇ ਉਸਨੇ ਕਈ ਪੰਜਾਬੀਆਂ ਨੂੰ ਗੁੰਮਰਾਹ ਵੀ ਕੀਤਾ ਹੋਇਆ ਹੈ। ਪ੍ਰੰਤੂ ਸਮੇਂ-ਸਮੇਂ ਇਸ ‘‘ਪੰਜਾਬੀ ਪੁੱਤਰ’’ ਦੀ ਕਲਮ ਸਿੱਖਾਂ ਪ੍ਰਤੀ ਅਤੇ ਖ਼ਾਸ ਕਰਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਪ੍ਰਤੀ ਨਫ਼ਰਤ ਪੈਦਾ ਕਰਦੀ ਰਹੀ ਹੈ ਅਤੇ ਅੱਜ ਤੱਕ ਕਰ ਰਹੀ ਹੈ। 6 ਸਤੰਬਰ ਦੇ ‘ਜੱਗ ਬਾਣੀ’ ਅਖ਼ਬਾਰ ਦੇ ਐਡੀਟੋਰੀਅਲ ਪੰਨੇ ’ਤੇ ਕੁਲਦੀਪ ਨਈਅਰ ਦਾ ਲੇਖ ‘‘ਲੋਕਾਂ ਦੀਆਂ ਵੋਟਾਂ ਨਾਲ ਚੱਲਣ ਵਾਲੀ ਵਿਵਸਥਾ ’ਚ ਬਾਬਿਆਂ ਦੀ ਕੋਈ ਜਗਾ ਨਹੀਂ’’ ਛਪਿਆ ਹੈ। ਇਸ ਲੇਖ ’ਚ ਕੁਲਦੀਪ ਨਈਅਰ ਨੇ ਬਲਾਤਕਾਰੀ ਸੌਦਾ ਸਾਧ ਦੀ ਤੁਲਨਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨਾਲ ਕਰਦਿਆਂ ਸੰਤ ਭਿੰਡਰਾਵਾਲਿਆਂ ਨੂੰ ‘‘ਭਸਮਾਸੁਰ’’ ਤੱਕ ਲਿਖ ਦਿੱਤਾ ਹੈ। ਫ਼ਿਰਕੂ ਨਫ਼ਰਤ ’ਚ ਅੰਨਾਂ ਇਹ ਵੱਡਾ ਲੇਖਕ ਸੰਤ ਭਿੰਡਰਾਵਾਲਿਆਂ ਦੀ ਤੁਲਨਾ ਸੌਦਾ ਸਾਧ ਨਾਲ ਇਹ ਆਖ਼ ਕੇ ਕਰਦਾ ਹੈ ਕਿ ਜਿਵੇਂ ਸੌਦਾ ਸਾਧ ਨੂੰ ਹਰਿਆਣੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਪੈਦਾ ਕੀਤਾ, ਉਸੇ ਤਰਾਂ ਭਿੰਡਰਾਂਵਾਲੇ ਨੂੰ ਕਾਂਗਰਸ ਨੇ ਪੈਦਾ ਕੀਤਾ।

ਉਹ ਸੰਤ ਭਿੰਡਰਾਵਾਲਿਆਂ ਲਈ ਅੱਤਵਾਦੀ ਸ਼ਬਦ ਵੀ ਵਾਰ-ਵਾਰ ਲਿਖਦਾ ਹੈ। ਇਹ ਫ਼ਿਰਕੂ ਜਾਨੂੰਨੀ ਹਿੰਦੂਤਵੀ ਲੇਖ਼ਕ ਜਿਹੜੇ ਆਪਣੇ-ਆਪ ਨੂੰ ਦੁਨੀਆਂ ਦੇ ਸਭ ਤੋਂ ਸਿਆਣੇ ਲੇਖ਼ਕ ਸਮਝਦੇ ਹਨ, ਜੇ ਉਨਾਂ ਨੂੰ ਐਨੀ ਵੀ ਸਮਝ ਨਹੀਂ ਕਿ ਕਿਸੇ ਧਾਰਮਿਕ ਆਗੂ ਦੀ ਤੁਲਨਾ ਕਿਸੇ ਬਲਾਤਕਾਰੀ, ਕਾਤਲ ਜਾਂ ਲੁਟੇਰੇ ਨਾਲ ਨਹੀਂ ਕੀਤੀ ਜਾ ਸਕਦੀ। ਫ਼ਿਰ ਉਨਾਂ ਦੀ ਬੁੱਧੀ ’ਤੇ ਸਿਰਫ਼ ਤਰਸ ਹੀ ਕੀਤਾ ਜਾ ਸਕਦਾ ਹੈ। ਸੌਦਾ ਸਾਧ ਨੇ ਜੋ ਕੁਝ ਕੀਤਾ ਆਪਣੇ ਸੁਆਰਥ ਲਈ, ਆਪਣੇ ਸਰੀਰਕ ਸੁੱਖਾਂ ਲਈ ਅਤੇ ਆਪਣੀ ਅੰਨੀਆਂ ਹੋਈਆਂ ਵਾਸ਼ਨਾਵਾਂ ਦੀ ਪੂਰਤੀ ਲਈ ਕੀਤਾ। ਉਸਨੇ ਪਾਪ ਕੀਤਾ, ਗੁਨਾਹ ਕੀਤਾ, ਜਿਸਦੀ ਅਦਾਲਤ ਨੇ ਉਸਨੂੰ ਸਜ਼ਾ ਦੇ ਦਿੱਤੀ ਹੈ ਅਤੇ ਜਿਹੜੇ ਪਾਪਾਂ ਦੇ ਮਾਮਲੇ ਹਾਲੇ ਅਦਾਲਤਾਂ ’ਚ ਹਨ, ਉਨਾਂ ਦੀ ਸਜ਼ਾ ਵੀ ਉਸਨੂੰ ਮਿਲ ਜਾਵੇਗੀ। ਸੰਤ ਭਿੰਡਰਾਵਾਲਿਆਂ ਨੇ ਜੋ ਕੁਝ ਕੀਤਾ ਕੌਮ ਲਈ ਕੀਤਾ। ਕੌਮ ਦੇ ਗਲੋਂ ਗ਼ੁਲਾਮੀ ਦੀਆਂ ਜੰਜ਼ੀਰਾਂ ਲਾਹੁਣ ਲਈ ਕੀਤਾ। ਉਨਾਂ ਨੇ ਪਹਿਲਾਂ ਇਸ ਦੇਸ਼ ਦੀ ਸਰਕਾਰ ਨੂੰ ਉਸਦਾ ਘੱਟ ਗਿਣਤੀਆਂ ਵਿਰੋਧੀ ਦੋਹਰਾ ਚਿਹਰਾ ਉਸਨੂੰ ਨੰਗਾ ਕਰਕੇ ਵਿਖਾਇਆ। ਸਿੱਖਾਂ ਨਾਲ ਹੁੰਦੇ ਵਿਤਕਰੇ, ਬੇਇਨਸਾਫ਼ੀਆਂ, ਧੱਕੇ ਤੇ ਜ਼ੋਰ-ਜਬਰ ਦਾ ਸੱਚ ਦੁਨੀਆਂ ਸਾਹਮਣੇ ਨੰਗਾ ਕੀਤਾ। ਜਦੋਂ ਸਰਕਾਰ ਅੰਨੀ-ਬੋਲੀ ਬਣੀ ਰਹੀ ਫ਼ਿਰ ਉਨਾਂ ਦੇ ਸਮਰਥਕਾਂ ਨੇ ਇਸ ਸਰਕਾਰ ਦੇ ਬੋਲੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਲਈ ਏ.ਕੇ.47 ਦੀ ਅਵਾਜ਼ ਦੀ ਮਦਦ ਲਈ। ਇੱਕ ਪਾਸੇ ਸੌਦਾ ਸਾਧ ਜਿਹੜੇ ਭੋਲੇ-ਭਾਲੇ ਲੋਕਾਂ ਦੀ ਅੰਨੀ ਸ਼ਰਧਾ ਦਾ ਲਾਹਾ ਲੈ ਕੇ ਉਨਾਂ ਦਾ ਆਰਥਿਕ, ਸਰੀਰਕ ਤੇ ਮਾਨਸਿਕ ਸ਼ੋਸ਼ਣ ਰੱਜ ਕੇ ਕਰਦਾ ਰਿਹਾ ਤੇ ਖ਼ੁਦ ਦੁਨੀਆਂ ਦੀ ਹਰ ਐਸ਼ ਲੈਂਦਾ ਰਿਹਾ।

ਦੂਜੇ ਪਾਸੇ ਸੰਤ ਭਿੰਡਰਾਂਵਾਲੇ ਜਿਨਾਂ ਨੇ ਦੇਸ਼ ਦੀ ਸਰਕਾਰ ਨੂੰ ਵੰਗਾਰਿਆ, ਕੌਮ ਲਈ ਅਜ਼ਾਦੀ ਪ੍ਰਾਪਤੀ ਦੇ ਮਿਸ਼ਨ ਨੂੰ ਆਪਣਾ ਜੀਵਨ ਮਨੋਰਥ ਬਣਾਇਆ ਤੇ ਸ਼ਹਾਦਤ  ਦਿੱਤੀ। ਬਲਾਤਕਾਰੀ ਸਾਧ ਨੂੰ ਜਦੋਂ ਦੁਨਿਆਵੀ ਅਦਾਲਤ ਦੋਸ਼ੀ ਕਰਾਰ ਦਿੰਦੀ ਹੈ ਤਾਂ ਉਸਦਾ ਅਦਾਲਤ ’ਚ ਪਿਸ਼ਾਬ ਨਿੱਕਲ ਜਾਂਦਾ ਹੈ। ਉਹ ਧਾਹਾਂ ਮਾਰ ਕੇ ਰੋਂਦਾ ਕੁਰਲਾਉਂਦਾ ਮਾਫ਼ੀ ਮੰਗਦਾ ਹੈ। ਦੂਜੇ ਪਾਸੇ ਮਰਦ-ਏ-ਮੁਜ਼ਾਹਿਦ ਸੰਤ ਭਿੰਡਰਾਵਾਲੇ ਤਿੰਨ ਦੇਸ਼ਾਂ ਦੀ ਫੌਜ ਨੂੰ 72 ਘੰਟੇ ਲੋਹੇ ਦੇ ਚਨੇ ਚਬਾੳਂੁਦੇ ਹਨ ਅਤੇ ਅਖ਼ੀਰ ਖ਼ੁਦ ਸ਼ਹਾਦਤ ਦੇਣ ਲਈ ਖੁੱਲੇ ਮੈਦਾਨ ’ਚ ਨਿੱਤਰਦੇ ਹਨ। ਉਨਾਂ ਨੂੰ ਕੌਮ ਵੀਹਵੀਂ ਸਦੀ ਦੇ ਮਹਾਨ ਸਿੱਖ ਦਾ ਖ਼ਿਤਾਬ ਦਿੰਦੀ ਹੈ, ਨਈਅਰ ਵਰਗਿਆਂ ਦੀ ਫ਼ਿਰਕੂ ਜਾਨੂੰਨ ’ਚ ਮਾਰੀ ਗਈ ਮੱਤ ’ਤੇ ਤਰਸ ਵੀ ਆਉਂਦਾ ਹੈ, ਗੁੱਸਾ ਵੀ ਆਉਂਦਾ ਹੈ ਅਤੇ ਹਾਸਾ ਵੀ ਆਉਂਦਾ ਹੈ। ਸੰਤ ਭਿੰਡਰਾਵਾਲਿਆਂ ਪ੍ਰਤੀ ਉਨਾਂ ਦੇ ਮਨ ’ਚ ਨਫ਼ਰਤ ਹੈ। ਖੁੱਲ ਕੇ ਭੜਾਸ ਕੱਢਣ, ਦਲੀਲਾਂ ਨਾਲ ਸੰਤਾਂ ਨੂੰ ਗ਼ਲਤ ਠਹਿਰਾਉਣ ਲਈ ਆਪਣੀ ਕਲਮ ਤੇ ਅਕਲ ਦੀ ਵਰਤੋਂ ਕਰਨ, ਪ੍ਰੰਤੂ ਸੰਤ ਭਿੰਡਰਾਂਵਾਲਿਆਂ ਦੀ ਤੁਲਨਾ ਇੱਕ ਬਲਾਤਕਾਰੀ ਸਾਧ ਜਿਹੜਾ 14-14 ਸਾਲ ਦੀ ਮਾਸੂਮ ਬੱਚੀਆਂ ਨੂੰ ਨੰਗਾ ਨਚਾਉਂਦਾ ਰਿਹਾ, ਉਨਾਂ ਨਾਲ ਬਲਾਤਕਾਰ ਕਰਦਾ ਰਿਹਾ। ਉਸ ਸਾਧ ਨਾਲ ਤੁਲਨਾ ਕਰਕੇ ਕਲਮ ਨੂੰ ਕਲੰਕਿਤ ਨਾ ਕਰਨ। ਸ਼ੇਰ ਅਤੇ ਕੁੱਤੇ ਦੀ ਤੁਲਨਾ ਨਹੀਂ ਹੋ ਸਕਦੀ।

ਅਸੀਂ ਕੌਮ ਨੂੰ ਵੀ ਅਪੀਲ ਕਰਾਂਗੇ ਕਿ ਅਜਿਹੇ ਲੋਕ ਜਿਹੜੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਮਦਰਦ ਦਾ ਮਖੌਟਾ ਪਾ ਕੇ ਸਿੱਖਾਂ ਦੇ ਅੱਲੇ ਜਖ਼ਮਾਂ ’ਤੇ ਲੂਣ ਛਿੜਕਦੇ ਹਨ। ਇਨਾਂ ਨੂੰ ਕਰਾਰਾ ਜਵਾਬ ਦਿੱਤਾ ਜਾਵੇ। ਅਸੀਂ ਦਲੀਲ ਨਾਲ ਹਰ ਸੁਆਲ ਦਾ ਜਵਾਬ ਦੇਣ ਲਈ ਤਿਆਰ ਹਾਂ। ਪ੍ਰੰਤੂ ਜੇ ਸਾਡੇ ਸਵੈੈਮਾਣ ਨੂੰ ਵੰਗਾਰਿਆ ਜਾਵੇਗਾ, ਫ਼ਿਰ ਦਲੀਲਾਂ ਪਿੱਛੇ ਰਹਿ ਜਾਂਦੀਆਂ ਹਨ। ਜ਼ੁਬਾਨ ’ਚ ਨਿਕਲੇ ਲਫ਼ਜ਼ ਦਾ ਫੱਟ ਹੀ ਨਹੀਂ ਮਿਟਦਾ, ਇਹ ਤਾਂ ਫ਼ਿਰ ਲਿਖ਼ਤ ਹੈ। ਜਿਹੜੀ ਸਦੀਵੀਂ ਰਹਿਣੀ ਹੈ। ਇਸ ਲਈ ਅਜਿਹੀਆਂ ਬੇਹੂਦਾ ਲਿਖ਼ਤਾਂ ਨੂੰ ਸਿੱਖ ਕੌਮ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਇਹ ਨਈਅਰ ਵਰਗੇ ਪਾਖੰਡੀ ਲੇਖਕਾਂ ਨੂੰ ਬਾਖ਼ੂਬੀ ਸਮਝ ਲੈਣਾ ਚਾਹੀਦਾ ਹੈ।

Editorial
Jaspal Singh Heran