ਪਹਿਰੇਦਾਰ ਗਿੱਦੜ ਭਬਕੀਆਂ ਤੋਂ ਡਰਨ ਵਾਲਾ ਨਹੀਂ...

ਜਸਪਾਲ ਸਿੰਘ ਹੇਰਾਂ

ਅਸੀਂ ਪੰਥ ਦੀ ਆਵਾਜ਼ ਹਾਂ ਅਤੇ ਹੱਕ-ਸੱਚ ਦੇ ਪਹਿਰੇਦਾਰ ਹਾਂ। ਸੱਚ ਦੀ ਝੂਠ ਅਤੇ ਕੂੜ ਨਾਲ ਸਦੀਵੀਂ ਲੜਾਈ ਚੱਲਦੀ ਆਈ ਹੈ ਅਤੇ ਅੱਜ ਵੀ ਚੱਲ ਰਹੀ ਹੈ ਅਤੇ ਸ਼ਾਇਦ ਕੱਲ ਨੂੰ ਵੀ ਚੱਲਦੀ ਰਹੇਗੀ। ਸੱਚ ਬੋਲਣਾ ਤੇ ਸੱਚ ਸੁਣਨਾ ਦੋਵੇਂ ਔਖੇ ਹੰੁਦੇ ਹਨ। ਸੱਚ ਬੋਲਣ ਵਾਲਿਆਂ ਨੂੰ ਕੂੜ ਦੇ ਪਸਾਰੇ ’ਚ ਸੱਚ ਬੋਲਣ ਦੀ ਵੱਡੀ ਕੀਮਤ ਚਕਾਉਣੀ ਪੈ ਸਕਦੀ ਹੈ। ਅਸੀਂ ਇਸ ਕੌੜੇ ਸੱਚ ਨੂੰ ਵੀ ਭਲੀ-ਭਾਂਤ ਜਾਣਦੇ ਹਾਂ, ਸਮਝਦੇ ਹਾਂ ਅਤੇ ਉਹ ਕੀਮਤ ਅਦਾ ਕਰਨ ਲਈ ਤਿਆਰ ਵੀ ਹਾਂ। ਪ੍ਰੰਤੂ ਪੰਥ ਤੇ ਸੱਚ ਦੀ ਅਵਾਜ਼ ਨੂੰ ਹਮੇਸ਼ਾਂ ਬੁਲੰਦ ਕਰਦੇ ਰਹਾਂਗੇ। ਜਿਵੇਂ ਕਿ ਉਪਰ ਲਿਖਿਆ ਹੈ ਕਿ ‘ਪਹਿਰੇਦਾਰ’ ਪੰਥ ਦੀ ਅਵਾਜ਼ ਹੈ। ਪ੍ਰੰਤੂ ਉਨਾਂ ਹਿੰਦੂਤਵੀ ਤਾਕਤਾਂ ਨੂੰ ਜਿਹੜੀਆਂ ਸਿੱਖ ਕੌਮ ਦੀ ਹੋਂਦ ਨੂੰ ਖ਼ਤਮ ਕਰਨ ਦੀਆਂ ਸਾਜਿਸ਼ਾਂ ਰੱਚ ਰਹੀਆਂ ਹਨ, ਉਨਾਂ ਨੂੰ ਸਿੱਖੀ ਅਤੇ ਘੱਟ ਗਿਣਤੀਆਂ ਦੀ ਇਹ ਬੁਲੰਦ ਅਵਾਜ਼ ਭਾਉਂਦੀ ਨਹੀਂ। ਉਹ ਇਸ ਅਵਾਜ਼ ਨੂੰ ਖ਼ਾਮੋਸ਼ ਕਰਨਾ ਚਾਹੁੰਦੇ ਹਨ। ‘ਪਹਿਰੇਦਾਰ’ ਨੂੰ ਇਨਾਂ ਤਾਕਤਾਂ ਵੱਲੋਂ ਕਿੰਨੀਆਂ ਕੁ ਧਮਕੀਆਂ ਮਿਲਦੀਆਂ ਹਨ, ਅਸੀਂ ਕਦੇ ਗਿਣਤੀ ਕਰਨ ਦਾ ਯਤਨ ਹੀ ਨਹੀਂ ਕੀਤਾ। ਗਿੱਦੜ ਭਬਕੀਆਂ ਤੋਂ ਡਰਨਾ ਜਾਂ ਉਨਾਂ ਦੀ ਪ੍ਰਵਾਹ ਕਰਨੀ ਸੱਚ ਦੇ ਪਾਂਧੀਆਂ ਦੇ ਹਿੱਸੇ ਨਹੀਂ ਆਉਂਦੀ। ਜਦੋਂ ਤੁਸੀਂ ਆਪਾ ਹੀ ਗੁਰੂ ਤੇ ਪੰਥ ਨੂੰ ਸਮਰਪਿਤ ਕੀਤਾ ਹੋਇਆ ਹੈ ਤਾਂ ਇਸ ਆਪੇ ਦੀ ਅਸੀਂ ਪ੍ਰਵਾਹ ਕਿਉਂ ਕਰੀਏ? ਹੁਣ 7 ਸਤੰਬਰ ਨੂੰ ਫ਼ਿਰਕੂ ਜਾਨੂੰਨੀ ਹਿੰਦੂਤਵੀਆਂ ਵੱਲੋਂ ਸ਼ੋਸ਼ਲ ਮੀਡੀਆ ’ਤੇ ਪਹਿਰੇਦਾਰ ਨੂੰ ਧਮਕੀਆਂ ਦੇਣ ਦੇ ਨਾਲ-ਨਾਲ ਹਿੰਦੂਤਵੀ ਤਾਕਤਾਂ ਨੂੰ ਪਹਿਰੇਦਾਰ ਦੇ ਬਾਈਕਾਟ ਤੇ ਪਹਿਰੇਦਾਰ ਨੂੰ ਇਸ਼ਤਿਹਾਰ ਨਾ ਦੇਣ ਦੀ ਅਪੀਲ ਕੀਤੀ ਗਈ ਹੈ।

ਜਿਥੋਂ ਤੱਕ ਧਮਕੀਆਂ ਦਾ ਸੁਆਲ ਹੈ, ਉਹ ਅਸੀਂ ਉਪਰ ਲਿਖ ਹੀ ਆਏ ਹਾਂ ਕਿ ਪਹਿਰੇਦਾਰ ਇਨਾਂ ਦੀ ਗਿਣਤੀ ਕਰਨੀ ਛੱਡ ਚੁੱਕਾ ਹੈ। ਪਹਿਰੇਦਾਰ ਦੇ ਕਦਮਾਂ ’ਚ ਸੱਚ ਦੀ ਤਾਕਤ ਹੈ। ਇਸ ਲਈ ਉਹ ਅਜਿਹੀਆਂ ਗਿੱਦੜ ਭਬਕੀਆਂ ਨਾਲ ਡਗਮਗਾਉਣ ਵਾਲੇ, ਥਿੜਕਣ ਵਾਲੇ ਨਹੀਂ। ਅਸੀਂ ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਹਾਂ। ਪਹਿਰੇਦਾਰ ਇਕ ਪਾਸੇ ਹੋਕਾ ਦੇ ਕੇ ਘਰ ਦੇ ਮਾਲਕਾਂ ਨੂੰ ਸੁਚੇਤ ਰੱਖਦਾ ਹੈ, ਦੂਜਾ ਉਸਦੇ ਹੱਥੀਂ ਫੜੀ ਡਾਂਗ ਚੋਰ ਉਚੱਕਿਆਂ ਦਾ ਸਿਰ ਭੰਨਣ ਲਈ ਵੀ ਹਮੇਸ਼ਾਂ ਤਿਆਰ ਰਹਿੰਦੀ ਹੈ ਅਤੇ ਇਸ ਡਾਂਗ ਦੀ ਦਹਿਸ਼ਤ ਨਾਲ ਹੀ ਪਹਿਰੇਦਾਰ ਦੇ ਹੋਕੇ ਦਾ ਖੌਫ਼ ਚੋਰ ਉਚੱਕਿਆਂ ਦੇ ਮਨਾਂ ’ਚ ਬਣਿਆ ਰਹਿੰਦਾ ਹੈ। ਸ਼ੋਸ਼ਲ ਮੀਡੀਆ ’ਤੇ ਇਕ ਨਹੀਂ ਅਨੇਕਾਂ ਫ਼ਿਰਕੂ ਜਾਨੂੰਨੀ ਹਿੰਦੂ ਜਥੇਬੰਦੀਆਂ ਨੇ ‘ਪਹਿਰੇਦਾਰ’ ਦੇ ‘ਬਾਈਕਾਟ’ ਤੇ ਸਬਕ ਸਿਖਾਉਣ ਦੇ ਸੱਦੇ ਨੂੰ ਪ੍ਰਵਾਨਗੀ ਦਿੱਤੀ ਹੈੈ। ਇਸ ਪ੍ਰਵਾਨਗੀ ’ਚ ਕੱਟੜ ਹਿੰਦੂ ਪੱਤਰਕਾਰ ਵੀ ਪੱਤਰਕਾਰਤਾ ਦੀਆਂ ਕਦਰਾਂ-ਕੀਮਤਾਂ ਦਾ ਘਾਣ ਕਰਦਿਆਂ ਸ਼ਾਮਲ ਹੋਏ ਹਨ। ਦੁਸ਼ਮਣ ਨੇ ਅਨਹੋਣੀ ਬਾਤ ਹੀ ਕਰਨੀ ਹੁੰਦੀ ਹੈ। ਉਨਾਂ ਨੂੰ ਪਹਿਰੇਦਾਰ ਵੱਲੋਂ ਆਪਣੀ ਕੌਮ ਨੂੰ ਜਗਾਉਣ ਲਈ ਦਿੱਤਾ ਹੋਕਾ ਵੀ ਹਜ਼ਮ ਨਹੀਂ ਹੰੁਦਾ। ‘ਪ੍ਰਗਟ ਗੁਰਾਂ ਕੀ ਦੇਹਿ’ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੁੰਦੀ ਨਿਰੰਤਰ ਬੇਅਦਬੀ ਅਤੇ ਇਸ ਬੇਅਦਬੀ ਦਾ ਵਿਰੋਧ ਕਰਦੀਆਂ ਸਿੱਖ ਸੰਗਤਾਂ ’ਤੇ ਅੰਨੇਵਾਹ ਗੋਲੀ ਚਲਾ ਕੇ ਸਿੰਘਾਂ ਨੂੰ ਸ਼ਹੀਦ ਕੀਤੇ ਜਾਣ ਦੇ ਵਿਰੋਧ ’ਚ ‘ਪਹਿਰੇਦਾਰ’ ਨੇ ਕੌਮ ਨੂੰ ‘‘ਕਾਲੀ ਦੀਵਾਲੀ’’ ਮਨਾਉਣ ਦਾ ਸੱਦਾ ਦਿੱਤਾ ਅਤੇ ‘ਪਹਿਰੇਦਾਰ’ ਦਾ ਦੀਵਾਲੀ 2015 ਦਾ ਅੰਕ ਕਾਲਾ ਛਾਪਿਆ। ਦੀਵਾਲੀ ਕਾਲਾ ਅੰਕ ਵੀ ਇਨਾਂ ਹਿੰਦੂਤਵੀਆਂ ਦੀ ਹਿੱਕ ’ਤੇ ਸੱਪ ਵਾਗੂੰ ਲੇਟਿਆ ਪਿਆ ਹੈ। ਸਿੱਖਾਂ ਨਾਲ ਅਜ਼ਾਦੀ ਤੋਂ ਪਹਿਲਾਂ ਇਨਾਂ ਹਿੰਦੂਤਵੀਆਂ ਦੇ ਉਸ ਵੇਲੇ ਦੇ ਆਗੂਆਂ ਗਾਂਧੀ-ਨਹਿਰੂ ਆਦਿ ਵੱਲੋਂ ‘‘ਸਿੱਖਾਂ ਨੂੰ ਦੇਸ਼ ’ਚ ਅਜਿਹਾ ਖਿੱਤਾ ਦਿੱਤਾ ਜਾਵੇਗਾ ਜਿੱਥੇ ਉਹ ਆਪਣੀ ਅਜ਼ਾਦੀ ਦਾ ਨਿੱਘ ਮਾਣ ਸਕਣ’’ ਦਿੱਤਾ ਭਰੋਸਾ, ਜਿਸਨੂੰ ਅਜ਼ਾਦੀ ਤੋਂ ਬਾਅਦ ਤੋੜ ਦਿੱਤਾ ਗਿਆ।

ਉਸ ਵਾਅਦਾ ਖ਼ਿਲਾਫ਼ੀ ਵਿਰੁੱਧ ‘ਪਹਿਰੇਦਾਰ’ ਵੱਲੋਂ ਅਜ਼ਾਦੀ ਜਸ਼ਨਾਂ ਦੇ ਬਾਈਕਾਟ ਦਾ ਸੱਦਾ ਵੀ ਇਨਾਂ ਫਿਰਕੂ ਜਾਨੂੰਨੀ ਨੂੰ ਡੰਗ ਮਾਰਦਾ ਹੈ। ਕੌਮ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਲਈ ਸ਼ਹਾਦਤ ਦੇਣ ਵਾਲੇ ਮਰਦ-ਏ-ਮੁਜ਼ਾਹਿਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ‘ਪਹਿਰੇਦਾਰ’ ’ਚ ਛਪਦੀ ਫੋਟੋ ਵੀ ਇਨਾਂ ਨੂੰ ਡੰਗ ਮਾਰਦੀ ਹੈ। ਅਸੀਂ ਹੱਕ-ਸੱਚ ਦੀ ਪਹਿਰੇਦਾਰੀ ਦੀ ਸਹੁੰ ਚੁੱਕੀ ਹੈ। ਇਸਨੂੰ ਜਿੳੂਂਦੇ ਜੀਅ ਹਰ ਹੀਲੇ ਨਿਭਾਵਾਂਗੇ। ਅਸੀਂ ਹਾਕਮ ਸ਼੍ਰੇਣੀ ਦੀ ਲੁੱਟ-ਖਸੁੱਟ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ। ਅਸੀਂ ਘੱਟ ਗਿਣਤੀਆਂ ’ਤੇ ਹੁੰਦੇ ਜ਼ੋਰ-ਜਬਰ ਵਿਰੁੱਧ ਅਵਾਜ਼ ਬੁਲੰਦ ਕਰਨੀ ਹੀ ਕਰਨੀ ਹੈ। ਅਸੀਂ ਕੌਮ ਨੂੰ ਕੌਮੀ ਘਰ ਦੀ ਪ੍ਰਾਪਤੀ ਲਈ ਹਲੂਣਾ ਦਿੰਦੇ ਹੀ ਰਹਿਣਾ ਹੈ। ਅਸੀਂ ਸ਼ਹੀਦਾਂ ਦੀ ਗਾਥਾ ਸੁਣਾਉਣੀ ਹੀ ਸੁਣਾਉਣੀ ਹੈ। ਕਿਸੇ ਦੇ ਗਿੱਟੇ ਲੱਗਦੀ ਹੈ ਜਾਂ ਗੋਡੇ ਸਾਨੂੰ ਇਸਦੀ ਕੋਈ ਪ੍ਰਵਾਹ ਨਹੀਂ। ਗੁਰੂ ਦਾ ਓਟ ਆਸਰਾ ਤੇ ਕੌਮ ਦਾ ਆਸ਼ੀਰਵਾਦ ਸਾਡਾ ਸੁਰੱਖਿਆ ਛੱਤਰੀ ਵੀ ਹੈ ਅਤੇ ਸਰਮਾਇਆ ਵੀ। ਫ਼ਿਰ ਸਾਨੂੰ ਡਰ ਕਾਹਦਾ?

Editorial
Jaspal Singh Heran