ਕੌਮ ਦਾ ਹਰਿਆਵਲ ਦਸਤਾ ਜ਼ਰੂਰੀ...

ਜਸਪਾਲ ਸਿੰਘ ਹੇਰਾਂ

ਐਤਵਾਰ ਮੈਗਜ਼ੀਨ ‘ਚ ਅਸੀਂ ਸਿੱਖ ਪੰਥ ਦੇ ਹਰਿਆਵਲ ਦਸਤੇ ਨੂੰ ਪੈ ਚੁੱਕੇ ਸੋਕੇ ਬਾਰੇ ਲਿਖਿਆ ਸੀ। ਅੱਜ ਦਾ ਦਿਨ ਇਸ ਹਰਿਆਵਲ ਦਸਤੇ ਦੀ ਸਥਾਪਨਾ ਦਾ ਦਿਨ ਹੈ। ਇਸ ਲਈ “ਉਹ ਫੈਡਰੇਸ਼ਨ” ਤੇ “ਆਹ ਫੈਡਰੇਸ਼ਨ”ਬਾਰੇ ਲਿਖਣਾ ਜ਼ਰੂਰੀ ਲੱਗਿਆ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸਿੱਖ ਜੁਆਨੀ ਨੂੰ ਗੁਰੂ, ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਵਿਰਸੇ ਨਾਲ ਜੋੜੀ ਰੱਖਣ ਲਈ ਸਥਾਪਿਤ ਕੀਤੀ ਗਈ ਸੀ। ਬਾਕੀ ਸਾਰੇ ਧਰਮਾਂ ਵਲੋਂ ਵੀ ਆਪੋ-ਆਪਣੇ ਧਰਮਾਂ ਦੇ ਨੌਜਵਾਨਾਂ ਨੂੰ ਆਪੋ-ਆਪਣੇ ਧਰਮ ‘ਚ ਪਰਪੱਕ ਰੱਖਣ ਲਈ ਵਿਦਿਆਰਥੀ ਵਿੰਗ ਸਥਾਪਿਤ ਕੀਤੇ ਹੋਏ ਹਨ,ਜਿਹੜੇ ਆਪਣੇ ਫਰਜ਼ ‘ਤੇ ਡੱਟਵਾਂ ਪਹਿਰਾ ਦਿੰਦੇ ਹਨ। ਸਿਆਸੀ ਧਿਰਾਂ ਨੇ ਸਿਆਸੀ ਲਾਹੇ ਲਈ ਜੁਆਨੀ ਦੀ ਦੁਰਵਰਤੋਂ ਕਰਨ ਲਈ ਵੀ ਆਪੋ-ਆਪਣੇ ਵਿਦਿਆਰਥੀ ਵਿੰਗ ਬਣਾਏ ਹੋਏ ਹਨ, ਜਿਹੜੇ  ਜੁਆਨੀ ਨੂੰ ਗੁੰਮਰਾਹ ਕਰਨ ਦੇ ਵੱਡੇ ਜ਼ਿੰਮੇਵਾਰ ਹਨ। ਖੈਰ! ਅੱਜ ਅਸੀਂ ਸਿੱਖ ਪੰਥ ਦੇ ਹਰਿਆਵਲ ਦਸਤੇ ਦੀ ਗੱਲ ਕਰਨ ਲੱਗੇ ਹਾਂ। ਇਸ ਦਸਤੇ ਨੇ ਕਦੇ ਆਪਣੀ ਸਥਾਪਨਾ ਤੋਂ ਬਾਅਦ ਕੌਮ ਦੀ ਜੁਆਨੀ ‘ਚ ਨਵੀਂ ਰੂਹ ਫੂਕ ਦਿੱਤੀ ਸੀ ਅਤੇ ਉਸ ਤੋਂ ਬਾਅਦ ਠੁੱਸ ਹੋ ਗਈ ਸੀ। ਫਿਰ ਮਰਦ-ਏ-ਮੁਜ਼ਾਹਿਦ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਭਾਈ ਅਮਰੀਕ ਸਿੰਘ ਦੀ ਅਗਵਾਈ ‘ਚ ਇਸ ‘ਚ ਨਵੀਂ ਰੂਹ ਫੂਕੀ। ਉਹ ਇੱਕ ਦਹਾਕਾ ਫੈਡਰੇਸ਼ਨ ਦੇ ਨਾਮ ਰਿਹਾ। ਹਰ ਸਿੱਖ ਗੱਭਰੂ ‘ਚ ਸਿੱਖੀ ਜ਼ਜ਼ਬਾ ਤੇ ਭਾਵਨਾ ਦਾ ਵੇਗ ਠਾਠਾਂ ਮਾਰਨ ਲੱਗਾ। ਉਸ ਲਈ ਜੀਵਨ-ਮਰਨ ਦੇ ਕੋਈ ਅਰਥ ਨਹੀਂ ਰਹਿ ਗਏ ਸਨ। ਕੌਮ ਦੀ ਚੜਦੀ ਕਲਾ ਤੇ ਆਜ਼ਾਦੀ ਹਰ ਸਿੱਖ ਗੱਭਰੂ ਦਾ ਮਿਸ਼ਨ ਬਣ ਗਿਆ ਸੀ। ਸੰਤਾਂ ਤੇ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਤੋਂ ਬਾਅਦ ਲੱਗਪੱਗ ਇੱਕ ਦਹਾਕੇ ਤੋਂ ਬਾਅਦ ਤੱਕ ਵੀ ਭਾਵਨਾਵਾਂ ਤੇ ਜ਼ਜ਼ਬਾਤਾਂ ਦਾ ਵੇਗ ਸ਼ੂਕਦਾ ਰਿਹਾ।

ਫੈਡਰੇਸ਼ਨ ਹਰ ਸਿੱਖ ਗੱਭਰੂ ਦੇ ਮਨ ‘ਤੇ ਰਾਜ ਕਰਦੀ ਰਹੀ। ਉਸ ਤੋਂ ਬਾਅਦ ਸਿਆਸੀ ਅਜਗਰ ਨੇ ਫੈਡਰੇਸ਼ਨ ਨੂੰ ਆਪਣੀ ਜਕੜ ‘ਚ ਲੈ ਲਿਆ। ਫੈਡਰੇਸ਼ਨ ਆਗੂ ਲੋਭ-ਲਾਲਸਾ, ਪਦਾਰਥਵਾਦ ਤੇ ਸੁਆਰਥਵਾਦ ਲਈ ਸੰਤ ਭਿੰਡਰਾਂਵਾਲਿਆਂ ਦੀ ਸੋਚ ਨੂੰ “ਬੇਦਾਵਾ” ਦੇ ਗਏ। ਸੱਤਾ ਦੀ ਬੁਰਕੀ ਨੇ ਉਹਨਾਂ ਨੂੰ “ਅਣਖੀ ਸਿੱਖ ਗੱਭਰੂਆਂ”ਦੀ ਥਾਂ “ਬਾਦਲਕਿਆਂ ਦਾ ਚਾਪਲੂਸ ਟੋਲਾ” ਬਣਾ ਛੱਡਿਆ। ਜਦੋਂ ਜੁਆਨੀ ਨੂੰ ਅਗਵਾਈ ਦੇਣ ਵਾਲੇ ਖੁਦ ਹੀ ਥਿੜਕ ਗਏ,ਆਦਰਸ਼ਾਂ ਤੋਂ ਡਿੱਗ ਪਏ, ਫਿਰ ਜੁਆਨੀ ਦਾ ਦਿਸ਼ਾਹੀਣ ਹੋਣਾ,ਨਿਰਾਸ਼ ਹੋਣਾ ਸੁਭਾਵਿਕ ਸੀ ਅਤੇ ਸਿੱਖ ਜੁਆਨੀ ਪੁੱਠੇ ਰਾਹ ਪੈ ਗਈ। ਜਿਹੜੇ ਆਗੂਆਂ ਨੇ ਸਿੱਖ ਵਿਰਸੇ ਤੇ ਸਿੱਖ ਇਤਿਹਾਸ ਦੀ ਝਲਕ ਵਿਖਾ ਕੇ ,ਜੁਆਨੀ ਨੂੰ ਸਿੱਖੀ ਵਿਰਸੇ ਨਾਲ ਜੋੜੀ ਰੱਖਣਾ ਸੀ,ਉਹ ਚਿੱਟੇ ਦੇ ਵਪਾਰੀਆਂ ਨਾਲ ਮਿਲਕੇ ਤਿਜੌਰੀਆਂ ਭਰਨ,ਵੱਡੀਆਂ ਕੋਠੀਆਂ ਤੇ ਲੰਮੀਆਂ ਗੱਡੀਆਂ ਦੇ ਰਾਹ ਪੈ ਗਏ। ਇਸੇ ਲੋਭ ਲਾਲਸਾ ਨੇ ਸਿੱਖ ਜੁਆਨੀ ਨੂੰ ਨਸ਼ੇੜੀ ਜੁਆਨੀ ਵਜੋਂ ਬਦਨਾਮ ਕਰ ਦਿੱਤਾ। ਕਿਹੜੇ ਸਕੂਲ, ਕਿਹੜੇ ਕਾਲਜ ‘ਚ ਜਾ ਕੇ ਇਹ ਫੈਡਰੇਸ਼ਨੀਏ ਆਗੂ ਬਾਂਹ ਖੜੀ ਕਰ ਕੇ ਸਿੱਖ ਸਿਧਾਂਤਾਂ ਦੀ ਦੁਹਾਈ ਦੇ ਸਕਦੇ ਹਨ? ਕਿਹੜੇ ਮੂੰਹ ਨਾਲ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਗਾਥਾ ਸੁਣਾ ਕੇ ਸਕਦੇ ਹਨ। ਕਿਹੜੇ ਜਿਗਰੇ ਨਾਲ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਨੂੰ ਯਾਦ ਕਰ ਸਕਦੇ ਹਨ? ਫੈਡਰੇਸ਼ਨ ਜਿਹੜਾ ਸਿੱਖੀ ਦੀ ਵਿਚਾਰਧਾਰਾ ਦਾ ਜਗਦਾ ਦੀਵਾ ਸੀ, ਉਹ ਹੱਟੀਆਂ ‘ਚ ਬਦਲ ਗਈ। “ਟਾਂਗੇ ਦੀਆਂ ਸਵਾਰੀਆਂ” ਵਾਲੇ ਆਗੂ  ਵੀ ਫੈਡਰੇਸ਼ਨ ਦਾ ਫੱਟਾ ਲਾ ਕੇ  ਆਪਣਾ ਸੌਦਾ ਵੇਚਦੇ ਫਿਰਦੇ ਹਨ। ਬੱਸ! ਉਹਨਾਂ ਦਾ ਸੌਦਾ ਖ੍ਰੀਦਣ ਵਾਲਾ ਵਪਾਰੀ ਚਾਹੀਦਾ ਉਹ ਕੋਈ ਵੀ ਹੋਵੇ ,ਇਹ ਵਿਕਾਊ ਮਾਲ ਤਾਂ ਸਿਰਫ ਮੰਡੀ ‘ਚ ਵਿਕਣ ਲਈ ਬੈਠਾ ਹੋਇਆ ਹੈ। ਅੱਜ ਜੁਆਨੀ ਦੀ ਸੋਚ ‘ਚ ਵੱਡੀ ਤਬਦੀਲੀ ਆਈ ਹੈ।

ਉਹ ਸਿੱਖੀ ਜ਼ਜ਼ਬੇ ਦੇ ਰੰਗ ‘ਚ ਰੰਗੀ ਜਾਣ ਲਈ ੳਤਾਵਲੀ ਹੈ। ਪ੍ਰੰਤੂ ਉਹਨਾਂ ਨੂੰ ਅਗਵਾਈ ਦੇਣ ਵਾਲਾ,ਸੇਧ ਦੇਣ ਵਾਲਾ, ਸੱਚਾ -ਸੁੱਚਾ ਮਿਸ਼ਨ ਦੇਣ ਵਾਲਾ ਕੋਈ ਨੌਜਵਾਨ ਆਗੂ ਨਹੀਂ। ਦੋਹਤਿਆਂ-ਪੋਤਿਆਂ ਵਾਲੇ ਫੈਡਰੇਸ਼ਨੀਏ ਆਗੂ ਹਾਲੇ ਵੀ ਬੇਸ਼ਰਮੀ ਦੀ ਹੱਦ ਤੋਂ ਅੱਗੇ ਜਾ ਕੇ “ਫੈਡਰੇਸ਼ਨ ਪ੍ਰਧਾਨ”ਦਾ ਅਹੁਦਾ ਤਿਆਗਣ ਲਈ ਤਿਆਰ ਨਹੀ। ਜਦੋਂ ਕਿ ਲੋੜ ਹੈ ਕਿ ਇਹ ਫੈਡਰੇਸ਼ਨੀਏ ਅਖਵਾਉਂਦੇ ਆਗੂ ਆਪਣਾ ਧੱਬਾ ਧੋਣ ਲਈ, ਨਵੀਂ ਯੋਗ, ਸਿਆਣੀ, ਸਿੱਖੀ ਨੂੰ ਸਮਰਪਿਤ, ਨਿਰਸੁਆਰਥ ਨੌਜਵਾਨ ਲੀਡਰਸ਼ਿਪ ਨੂੰ ਅੱਗੇ ਆਉਣ ਦਾ ਮੌਕਾ ਦੇਣ ਅਤੇ ਖੁਦ ਉਹਨਾਂ ਦੇ ਸਿਆਣੇ ਸਲਾਹਕਾਰ ਬਣ ਕੇ ਉਹਨਾਂ ਨੂੰ ਸਹੀ ਦਿਸ਼ਾ ‘ਚ ਅੱਗੇ ਵੱਧਣ ਲਈ ਉਤਸ਼ਾਹਿਤ ਕਰਨ। ਅੱਜ ਕੌਮ ‘ਤੇ ਚਾਰੋਂ ਪਾਸਿਉਂ ਹਮਲੇ ਹੋ ਰਹੇ ਹਨ। ਉਹਨਾਂ ਹਮਲਿਆਂ ਦਾ ਮੂੰਹ ਸਿਰਫ਼ ਜੁਆਨੀ ਹੀ ਮੋੜ ਸਕਦੀ ਹੈ। ਇਸ ਲਈ ਮਜ਼ਬੂਤ ਜਥੇਬੰਦਕ  ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਵੱਡੀ ਲੋੜ ਹੈ। ਜਦੋਂ ਤੱਕ ਯੋਗ ਜੁਆਨੀ ਕੌਮ ਦੀ ਅਗਵਾਈ ਲਈ ਅੱਗੇ ਨਹੀਂ ਆਉਂਦੀ,ਉਦੋਂ ਤੱਕ ਕੌਮ ਦਾ ‘ਸੁਨਹਿਰੀ ਪੰਨਾ’ ਮੁੜ ਤੋਂ ਲਿਖਿਆ ਜਾਣਾ ਸ਼ੁਰੂ ਨਹੀਂ ਹੋਵੇਗਾ ਅਤੇ ਕੌਮ ਇਸੇ ਤਰਾਂ ਦੁਸ਼ਮਣ ਤਾਕਤਾਂ ਹੱਥੋਂ ਜ਼ਲੀਲ ਹੁੁੰਦੀ ਰਹੇਗੀ।

Editorial
Jaspal Singh Heran