ਸਿੱਖਾਂ ਨੇ ਫੜੀ ਰੋਹਿੰਗਿਆ ਮੁਸਲਮਾਨਾਂ ਦੀ ਬਾਂਹ

ਮਿਆਂਮਾਰ 12 ਸਤੰਬਰ (ਏਜੰਸੀਆਂ) ਮਿਆਂਮਾਰ ਦੇ ਰੋਹਿੰਗੀਆ ਮੁਸਲਮਾਨਾਂ ਦਾ ਮਸਲਾ ਹੁਣ ਖੇਤਰੀ ਨਹੀਂ ਰਿਹਾ। ਇਸ ਭਾਈਚਾਰੇ ਦੇ ਲੋਕਾਂ ਨੇ ਗੁਆਂਢੀ ਮੁਲਕਾਂ ਬੰਗਲਾਦੇਸ਼, ਭਾਰਤ ਤੇ ਥਾਈਲੈਂਡ ਵੱਲ ਕੂਚ ਕਰ ਦਿੱਤਾ ਹੈ। ਇਹ ਉਜਾੜਾ ਇੱਥੋਂ ਤਕ ਪਸਰ ਗਿਆ ਹੈ ਕਿ ਸਿਰਫ 2 ਹਫਤਿਆਂ ਵਿੱਚ ਤਕਰੀਬਨ 3 ਲੱਖ ਤੋਂ ਜ਼ਿਆਦਾ ਰੋਹਿੰਗੀਆਈ ਮੁਸਲਮਾਨ ਮਿਆਂਮਾਰ ਤੋਂ ਬੰਗਲਾਦੇਸ਼ ਵਿੱਚ ਦਾਖ਼ਲ ਹੋ ਚੁੱਕੇ ਹਨ। ਪਹਿਲਾਂ ਤੋਂ ਹੀ ਗੁਰਬਤ ਦੀ ਜ਼ਿੰਦਗੀ ਜਿਉਂ ਰਹੇ ਇਨਾਂ ਲੋਕਾਂ ਨੂੰ ਆਪਣਾ ਘਰ ਬਾਰ ਛੱਡ ਦੂਰ ਭੁੱਖਣ ਭਾਣੇ ਜਾਣਾ ਪੈ ਰਿਹਾ ਸੀ। ਪਰ ਇੱਥੇ ਇਨਾਂ ਨੂੰ ਸਿੱਖਾਂ ਦੀ ਕੌਮਾਂਤਰੀ ਸੰਸਥਾ ‘ਖਾਲਸਾ ਏਡ‘ ਨੇ ਸਹਾਰਾ ਦਿੱਤਾ ਹੈ। ਸੰਸਥਾ ਦੇ ਪ੍ਰਬੰਧਕੀ ਨਿਰਦੇਸ਼ਕ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਇੱਕ ਵੱਡੇ ਰਾਹਤ ਕਾਰਜ ਦੇ ਮੁਢਲੇ ਦੌਰ ਵਿੱਚ 25 ਸਵੈ-ਇਛੁੱਕ ਸੇਵਕਾਂ ਦੀ ਟੀਮ ਰੋਹਿੰਗੀਆ ਰਿਫੀਊਜੀਆਂ ਦੀ ਸਹਾਇਤਾ ਲਈ ਭੇਜ ਦਿੱਤੀ ਹੈ।

ਉਨਾਂ ਦੱਸਿਆ ਕਿ ਇੰਨੇ ਲੋਕਾਂ ਦੇ ਇਕਦਮ ਆ ਜਾਣ ਕਾਰਨ ਬੰਗਲਾਦੇਸ਼ ਨੂੰ ਤੁਰੰਤ ਭੋਜਨ, ਠਾਹਰ, ਕੱਪੜੇ ਤੇ ਦਵਾਈਆਂ ਦੀ ਲੋੜ ਹੈ। ਕੁਝ ਲੋਕ ਕੈਂਪਾਂ ਵਿੱਚ ਰਹਿ ਰਹੇ ਹਨ ਪਰ ਮੀਂਹ ਵਾਲਾ ਮੌਸਮ ਉਨਾਂ ਦੇ ਹਾਲਾਤ ਹੋਰ ਵੀ ਤਰਸਯੋਗ ਕਰ ਰਿਹਾ ਹੈ। ਅਮਨਪ੍ਰੀਤ ਨੇ ਦੱਸਿਆ ਕਿ ਸਿੱਖ ਸਵੈ-ਇਛੁੱਕ ਸੇਵਕਾਂ ਨੇ ਰੋਹਿੰਗੀਆ ਮੁਸਲਮਾਨਾਂ ਲਈ ਲੰਗਰ ਲਗਾ ਦਿੱਤਾ ਹੈ। ਪਰ ਰਿਫੀਊਜੀਆਂ ਦੀ ਗਿਣਤੀ ਜ਼ਿਆਦਾ ਹੈ, ਇਸ ਲਈ ਉਨਾਂ ਕੋਲ ਛੇਤੀ ਹੀ ਹੋਰ ਰਸਦ ਤੇ ਸਾਰਾ ਜ਼ਰੂਰੀ ਸਾਮਾਨ ਭੇਜ ਦਿੱਤਾ ਜਾਵੇਗਾ। ਦੱਸਣਾ ਬਣਦਾ ਹੈ ਕਿ ਮੀਡੀਆ ਰਿਪੋਰਟਾਂ ਵਿੱਚ ਆਇਆ ਹੈ ਕਿ ਮਿਆਂਮਾਰ ਵਿੱਚ ਤਕਰੀਬਨ ਰੋਹਿੰਗੀਆ ਮੁਸਲਮਾਨਾਂ ਦੇ 10 ਹਜ਼ਾਰ ਘਰਾਂ ਨੂੰ ਅੱਗ ਲਗਾ ਦਿੱਤੀ ਹੈ। ਉੱਥੇ ਇਸ ਭਾਈਚਾਰੇ ਦੇ ਲੋਕਾਂ ਦੀ ਵੱਡੇ ਪੱਧਰ ‘ਤੇ ਨਸਲਕੁਸ਼ੀ ਹੋ ਰਹੀ ਹੈ।

Unusual
Sikhs
Myanmar
Rohingya Muslims
Khalsa Aid