ਕੌਮ ’ਚ ਏਕਤਾ ਤੇ ਇੱਕਸੁਰਤਾ ਕਿਵੇਂ ਹੋਵੇਗੀ...

ਅਸੀਂ ਭਾਵੇਂ ਇਹ ਬਾਖੂਬੀ ਜਾਣਦੇ ਹਾਂ ਕਿ ਮੇਲੇ ’ਚ ਚੱਕੀ ਰਾਹੇ ਦੀ ਕਿਸੇ ਨੇ ਨਹੀਂ ਸੁਣਨੀ, ਪ੍ਰੰਤੂ ਕਿਉਂਕਿ ਅਸੀਂ ਪੰਥ ਦੀ ਆਵਾਜ਼ ਅਤੇ ਕੌਮ ਦੇ ਪਹਿਰੇਦਾਰ ਹਾਂ ਇਸ ਲਈ ਹੋਕਾ ਦੇਣ ਦਾ ਆਪਣਾ ਫ਼ਰਜ਼ ਨਿਰੰਤਰ ਨਿਭਾਉਂਦੇ ਰਹਾਂਗੇ। ਹਰ ਸਿੱਖ ਇਹ ਭਲੀ ਭਾਂਤ ਮਹਿਸੂਸ ਕਰਦਾ ਹੈ ਕਿ ਜਦੋਂ ਕਿ ਕੌਮ ’ਚ ਤੇ ਖਾਸ ਕਰਕੇ ਪੰਥਕ ਧਿਰਾਂ ’ਚ ਏਕਾ ਨਹੀਂ ਹੁੰਦਾ ਉਦੋਂ ਤੱਕ ਕੌਮ ਦੀ ਵਿਗੜੀ ਸੁਆਰੀ ਨਹੀਂ ਜਾ ਸਕਦੀ ਅਤੇ ਕੌਮ ਦੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਵੀ ਨਹੀਂ ਦਿੱਤਾ ਜਾ ਸਕਦਾ। ਇਸ ਲਈ ਅਸੀਂ ਪੰਥਕ ਏਕੇ ਦਾ ਹੋਕਾ ਨਿਰੰਤਰ ਉਦੋਂ ਤੱਕ ਜਦੋਂ ਤੱਕ ਜਾਂ ਤਾਂ ਏਕਾ ਨਹੀਂ ਹੋ ਜਾਂਦਾ ਜਾਂ ਜਦੋਂ ਤੱਕ ਸਾਡੀ ਕਲਮ ਚਲਦੀ ਹੈ, ਦਿੰਦੇ ਰਹਾਂਗੇ। ਅੱਜ ਸਿੱਖਾਂ ’ਚ ਵੱਧ ਰਹੇ ਪਤਿਤਪੁਣੇ, ਨਸ਼ਿਆਂ, ਧੜੇਬੰਦੀਆਂ ਅਤੇ ਇਸ ਤੋਂ ਵੀ ਅੱਗੇ ਗੁਰੂ ਤੋਂ ਬੇਮੁਖ ਹੋਣ ਦੇ ਰੁਝਾਨ ਨੂੰ ਲੈ ਕੇ ਹਰ ਪੰਥ ਦਰਦੀ, ਚਿੰਤਾ ’ਚ ਹੈ, ਉਹ ਉਦਾਸ ਤੇ ਨਿਰਾਸ਼ ਹੈ, ਪ੍ਰੰਤੂ ਇਸਦੇ ਨਾਲ-ਨਾਲ ਸਿੱਖੀ ਦੀ ਚੜਦੀ ਕਲਾਂ ਦੀ ਗੁੜਤੀ ਵਾਲੇ ਪੰਥ ਦਰਦੀ ਸਿੱਖਾਂ ’ਚ ਏਕਤਾ ਤੇ ਇਕਸੁਰਤਾ ਲਿਆਉਣ ਲਈ ਵੀ ਯਤਨਸ਼ੀਲ ਹਨ। ਪੰਥ ਤੇ ਗ੍ਰੰਥ ਦੀ ਮਹਾਨਤਾ ਨੂੰ ਬਣਾਈ ਰੱਖਣ ਲਈ ਅਜਿਹੇ ਉਪਰਾਲਿਆਂ ਦੀ ਵੱਡੀ ਲੋੜ ਹੈ। ਸਿੱਖਾਂ ’ਚੋਂ ਅਤੇ ਖ਼ਾਸ ਕਰਕੇ ਚੌਧਰੀਆਂ ’ਚ ਨਿੱਜੀ ਹੳੂਮੈ, ਈਰਖਾ, ਸੁਆਰਥ, ਲੋਭ ਲਾਲਚ ਨੇ ਗੁਰਮਤਿ ਵਿਚਾਰਧਾਰਾ ਦੇ ਉਸ ਇਨਕਲਾਬੀ ਪੱਖ ਨੂੰ ਜਿਸਦਾ ਨਿਸ਼ਾਨਾ ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਖੇਤਰ ਦੀਆਂ ਬੁਰਿਆਈਆਂ ਅਤੇ ਕੁਰੀਤੀਆਂ ਨੂੰ ਖ਼ਤਮ ਕਰਕੇ ਰੂਹਾਨੀ ਅਤੇ ਇਖ਼ਲਾਕੀ ਕਦਰਾਂ-ਕੀਮਤਾਂ ਨਾਲ ਭਰਪੂਰ ਇੱਕ ਨਿਰੋਏ ਵਿਸ਼ਵ ਦੀ ਸਥਾਪਨਾ ਕਰਨਾ ਸੀ, ਉਸ ਨੂੰ ਗ੍ਰਹਿਣ ਲਾ ਦਿੱਤਾ ਹੈ।

ਅੱਜ ਕੂੜ ਦੀ ਅਮਾਵਸ ਨੇ ਧਰਮ ਦੇ ਚੰਦਰਮਾ ਨੂੰ ਢੱਕ ਲਿਆ ਹੈ, ਅਜਿਹੇ ਸਮੇਂ ਅਸੀਂ ‘ਸਤਿਗੁਰੂ ਨਾਨਕ ਪ੍ਰਗਟਿਆ’ ਦੀ ਸੋਚ ਨੂੰ ਛੱਡ ਦਿੱਤਾ ਹੈ। ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਨਾਲ ਜਿਸ ਇਨਕਲਾਬੀ ਗੁਰਮਤਿ ਵਿਚਾਰਧਾਰਾ ਨੇ ਜਨਮ ਲਿਆ ਸੀ, ਅੱਜ ਅਸੀਂ ਉਸ ਤੋਂ ਮੂੰਹ ਕਿਉਂ ਮੋੜ ਲਿਆ ਹੈ, ਸਭ ਤੋਂ ਵੱਡਾ ਸੁਆਲ ਇਹੋ ਹੈ, ਜਿਸਦਾ ਜੁਆਬ ਲੱਭੇ ਬਿਨਾਂ, ਅਸੀਂ ਸਿਰਫ਼ ਖੁਆਰ ਹੀ ਹੁੰਦੇ ਰਹਾਂਗੇ। ਸਮੇਂ-ਸਮੇਂ ਤੇ ਕੌਮ ’ਚ ਏਕੇ ਦੇ ਅਜਿਹੇ ਯਤਨ ਸ਼ਲਾਘਾਯੋਗ ਹਨ, ਜਿਹੜੇ ਕੌਮ ’ਚ ਏਕਤਾ ਦੀ ਅਤੇ ਮਿਲ ਬੈਠਣ ਦੀ ਗੱਲ ਤੋਰਦੇ ਹਨ। ਅੱਜ ਕੌਮ ’ਚ ਵੰਡੀਆਂ ਭਾਵੇਂ ਉਹ ਧਾਰਮਿਕ ਖੇਤਰ ’ਚ ਹਨ, ਭਾਵੇਂ ਆਰਥਿਕ ’ਚ ਤੇ ਭਾਵੇਂ ਰਾਜਨੀਤਿਕ ਖੇਤਰ ਹਨ, ਦਿਨੋ-ਦਿਨ ਗੂੜੀਆਂ ਹੁੰਦੀਆਂ ਜਾ ਰਹੀਆਂ ਹਨ। ਕੌਮ ’ਚ ਏਕੇ ਲਈ ਇੱਕੋ-ਇੱਕ ਰਾਹ ਹੈ, ਉਹ ਹੈ ਗੁਰਮਤਿ ਦਾ ਮਾਰਗ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਥੱਲੇ ਕੌਮ ਇਕੱਠੀ ਹੋ ਕੇ ਗੁਰੂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦਾ ਪ੍ਰਣ ਕਰੇ, ਆਪੋ ਆਪਣੀ ਮੱਤ ਤਿਆਗ ਕੇ ਸਿਰਫ਼ ਗੁਰੂ ਦੀ ਮੱਤ ਅਨੁਸਾਰ ਚੱਲਾਂਗੇ ਤਾਂ ਏਕਾ ਤੇ ਇਕਸੁਰਤਾ ਖ਼ੁਦ-ਬ-ਖ਼ੁਦ ਹੋ ਜਾਵੇਗੀ। ਕਦੇ 9 ਪੂਰਬੀਏ 22 ਚੁੱਲੇ ਦੀ ਕਹਾਵਤ ਸੀ, ਪ੍ਰੰਤੂ ਅੱਜ ਸਿੱਖਾਂ ’ਚ ਚੁਲਿਆ ਦੀ ਗਿਣਤੀ ਹੀ ਔਖੀ ਹੋ ਗਈ ਹੈ। ਸੁਆਰਥ ਤੇ ਲੋਭ-ਲਾਲਚ ਦੇ ਭਾਰੂ ਹੋਣ ਕਾਰਨ, ਸਿੱਖੀ ਭਾਵਨਾ ਦੂਰ ਹੋ ਗਈ, ਜਿਸ ਸਦਕਾ ਅੱਜ ਸਿੱਖ ਜਾਤ-ਪਾਤ, ੳੂਚ-ਨੀਚ, ਵਹਿਮ-ਭਰਮਾਂ ’ਚ ਫੱਸ ਕੇ ਰਹਿ ਗਿਆ ਹੈ। ਕੌਮ ’ਚ ਆਈ ਗਿਰਾਵਟ ਨੂੰ ਖੁੱਲੇ ਮਨ ਨਾਲ ਸਵੀਕਾਰ ਕਰਕੇ, ਇਸਦੇ ਸਾਰੇ ਕਾਰਨਾਂ ਦੀ ਡੂੰਘੀ ਵਿਆਖਿਆ ਹੋਣੀ ਚਾਹੀਦੀ ਸੀ ਅਤੇ ਉਨਾਂ ਕਾਰਣ ਆਈ ਗਿਰਾਵਟ ਲਈ ਜੋ ਕੁਝ ਵੀ ਜੁੰਮੇਵਾਰ ਹੈ, ਉਸਨੂੰ ਹੂੰਝਣ ਲਈ ਸਮੁੱਚੀ ਕੌਮ ਨੂੰ ਕਮਰਕੱਸੇ ਕਰਨੇ ਹੋਣਗੇ।

ਸਾਡੀ ਤ੍ਰਾਸਦੀ ਹੈ ਕਿ ਅੱਜ ਕੌਮ ਨੂੰ ਵਿਚਾਰਧਾਰਕ ਸੇਧ ਦੇਣ ਵਾਲਿਆਂ ਦੀ ਥੁੜ ਪੈਦਾ ਹੋ ਗਈ। ਜਿਹੜੀ ਲੁਟੇਰਾ ਧਿਰ ਨੂੰ ਉਸਦੇ ਆਡੰਬਰ ਦੇ ਪਾਖੰਡਵਾਦ ਕਾਰਨ, ਗੁਰੂ ਸਾਹਿਬ ਨੇ ਸਿੱਖੀ ਤੋਂ ਦੂਰ ਭਜਾਇਆ ਸੀ, ਉਹ ਧਿਰ ਅੱਜ ਫਿਰ ਸਿੱਖੀ ਤੇ ਭਾਰੂ ਹੋ ਗਈ ਹੈ ਅਤੇ ਪਾਖੰਡੀ ਧਾਰਮਿਕ ਆਗੂਆਂ ਤੇ ਭਿ੍ਰਸ਼ਟ ਸਿਆਸੀ ਆਗੂਆਂ ਦੇ ਗੱਠਜੋੜ ਨੇ ਕੁਰਾਹੇ ਪਾ ਛੱਡਿਆ ਹੈ। ਕੌਮ ’ਚ ਸੁਆਰਥੀ ਸੋਚ ਪ੍ਰਧਾਨ ਹੋ ਗਈ ਹੈ, ਇਸ ਲਈ ਪੰਥ ਤੇ ਗ੍ਰੰਥ ਦੀ ਥਾਂ ਸਿਰਫ਼ ਢਿੱਡਾਂ ਦੀ ਗੱਲ ਹੀ ਹੋਣ ਲੱਗ ਪਈ ਹੈ। ਕੌਮ ’ਚ ਫੁੱਟ ਦਾ ਕਾਰਨ ਵੀ ਇਹੋ ਸੁਆਰਥੀਪੁਣਾ ਹੈ, ਕਿਉਂਕਿ ਹਰ ਕੋਈ ਆਪੋ-ਆਪਣੀ ਦੁਕਾਨਦਾਰੀ ਚਲਾ ਕੇ, ਆਪਣਾ ਪੇਟ ਭਰਨ ਤੱਕ ਸੀਮਤ ਹੋ ਗਿਆ ਹੈ। ਸਿੱਖੀ ਤੇ ਸਿੱਖੀ ਦੇ ਅਸੂਲ, ਸੱਤਾ ਤੇ ਮਾਇਆ ਅੱਗੇ ਨਿਗੂਣੇ ਸਮਝੇ ਜਾਣ ਲੱਗ ਪਏ ਹਨ। ਜਿਹੜੀ ਕੌਮ ਦੀ ਮਹਾਨਤਾ ਤੇ ਵਿਲੱਖਣਤਾ, ਉਸਦਾ ਉੱਚਾ-ਸੁੱਚਾ ਚਰਿੱਤਰ ਸੀ, ਉਸਨੂੰ ਲੋਭ-ਲਾਲਚ ਤੇ ਸੁਆਰਥ ਨੇ ਤਾਰ-ਤਾਰ ਕਰ ਦਿੱਤਾ ਹੈ। ਸਥਿੱਤੀ ਗੰਭੀਰ ਹੀ ਨਹੀਂ ਸਗੋਂ ਵਿਸਫੋਟਕ ਹੈ। ਪਤਿਤਪੁਣੇ, ਨਸ਼ਿਆਂ, ਡੇਰੇਵਾਦ ਤੇ ਪਾਖੰਡਵਾਦ ਨੇ ਕੌਮ ਦੇ ਨਿਆਰੇਪਣ ਨੂੰ ਲਗਭਗ ਖ਼ਤਮ ਹੀ ਕਰ ਦਿੱਤਾ ਹੈ। ਨਿੱਕੇ-ਨਿੱਕੇ ਮੱਤਭੇਦਾਂ ਨੂੰ ਵੀ ਅਸੀਂ ਆਪਸ ’ਚ ਬੈਠ ਕੇ ਸੁਲਝਾਉਣ ਲਈ ਤਿਆਰ ਨਹੀਂ, ਜਿਸ ਕਾਰਣ ਆਏ ਦਿਨ ਕੌਮ ਦੀ ਜੱਗ ਹਸਾਈ ਹੋ ਰਹੀ ਹੈ।

Article