ਪੰਚ ਪ੍ਰਧਾਨੀ ਪ੍ਰੰਪਰਾ ਦੀ ਮਹਾਨਤਾ...

ਜਸਪਾਲ ਸਿੰਘ ਹੇਰਾਂ

ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਪੰਚ ਪ੍ਰਧਾਨੀ ਪੰ੍ਰਪਰਾ ਦਿੱਤੀ ਅਤੇ ਭੀੜ ਸਮੇਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸੇਧ ਨੂੰ ਪ੍ਰਵਾਨਗੀ ਦਿੱਤੀ। ਸਮੇਂ ਦੇ ਫੇਰ ਬਦਲ ਅਤੇ ਦੰਭੀ, ਸੁਆਰਥੀ, ਲੋਭੀ-ਲਾਲਸੀ ਤੇ ਪਰਿਵਾਰਵਾਦ ’ਚ ਅੰਨੇ ਆਗੂਆਂ ਨੇ ਸਿੱਖੀ ’ਚੋਂ ਪੰਚ ਪ੍ਰਧਾਨੀ ਪ੍ਰੰਪਰਾ ਦਾ ਭੋਗ ਪਾ ਕੇ ‘ਪ੍ਰਧਾਨਗੀ’ ਪ੍ਰੰਪਰਾ ਨੂੰ ਭਾਰੂ ਕਰ ਦਿੱਤਾ। ਜਿਸਦਾ ਖ਼ਮਿਆਜ਼ਾ ਕੌਮ ਭੁਗਤ ਰਹੀ ਹੈ। ਪਰਿਵਾਰਵਾਦ ਦੇ ਮੋਹ ਨੇ ਕੌਮ ਦਾ ਬੇੜਾ ਗ਼ਰਕ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਖੈਰ! ਅੱਜ ਅਸੀਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਜਿਨਾਂ ਨੂੰ ਪੰਚ ਪ੍ਰਧਾਨੀ ਪ੍ਰੰਪਰਾ ਅੱਗੇ ਸਿਰ ਨਿਵਾਉਣ ਦਾ ਚੇਤਾ ਭਾਵੇਂ 2 ਸਾਲ ਬਾਅਦ ਆਇਆ ਹੈ, ਪ੍ਰੰਤੂ ਆਖ਼ਰ ਪੰਚ ਪ੍ਰਧਾਨੀ ਪ੍ਰੰਪਰਾ ਅੱਗੇ ਸਿਰ ਝੁਕਾ ਕੇ ਕੌਮ ਦੀ ਇਸ ਮਹਾਨ ਪ੍ਰੰਪਰਾ ਦੀ ਮੁੜ ਸੁਰਜੀਤੀ ਦਾ ਰਾਹ ਪੱਧਰਾ ਕਰ ਦਿੱਤਾ ਹੈ, ਉਸ ਸਬੰਧੀ ਚਰਚਾ ਕਰਨ ਜਾ ਰਹੇ ਹਾਂ। ਗਿਆਨੀ ਗੁਰਮੁੱਖ ਸਿੰਘ ਹੁਰਾਂ ਨੇ ਜਿਨਾਂ ’ਤੇ ਸੌਦਾ ਸਾਧ ਦੀ ਮਾਫ਼ੀ ਵਾਲੀ ਚਿੱਠੀ ਲੈ ਕੇ ਆਉਣ ਦਾ ਦੋਸ਼ ਲੱਗਿਆ ਹੋਇਆ ਹੈ। ਜਿਸ ਬਾਰੇ ਤਸਵੀਰ ਹਾਲੇ ਤੱਕ ਸਾਫ਼ ਨਹੀਂ ਹੋਈ। ਇਸ ਤੋਂ ਪਹਿਲਾਂ ਵੀ ਗਿਆਨੀ ਗੁਰਮੁੱਖ ਸਿੰਘ ਸੌਦਾ ਸਾਧ ਦੀ ਮਾਫ਼ੀ ਵਾਲੀ ਚਿੱਠੀ ’ਤੇ ਅਧੂਰਾ ਸੱਚ ਬਿਆਨ ਚੁੱਕੇ ਹਨ।

ਉਨਾਂ ਬਾਦਲਾਂ ਦੇ ਕਾਲੇ ਰੋਲ ਅਤੇ ਕੌਮ ਨਾਲ ਕੀਤੀ ਗਦਾਰੀ ਸਬੰਧੀ ਕੌਮ ਨੂੰ ਜਾਣਕਾਰੀ ਦਿੱਤੀ ਅਤੇ ਉਸ ਸੱਚ ਦੀ ਕੀਮਤ ਉਨਾਂ ਨੂੰ ਆਪਣਾ ਜਥੇਦਾਰ, ਤਖ਼ਤ ਸ਼੍ਰੀ ਦਮਦਮਾ ਸਾਹਿਬ ਦਾ ਅਹੁਦਾ ਗੁਆ ਕੇ ਤਾਰਨੀ ਪਈ। ਚੰਗਾ ਹੰੁਦਾ ਜੇ ਉਸ ਸਮੇਂ ਗਿਆਨੀ ਗੁਰਮੁੱਖ ਸਿੰਘ ਪੂਰਾ ਸੱਚ ਕੌਮ ਦੇ ਸਾਹਮਣੇ ਬਿਆਨ ਕਰ ਦਿੰਦੇ ਤਾਂ ਉਨਾਂ ਦੀ ਪੁਜ਼ੀਸ਼ਨ ਕੌਮ ਅੱਗੇ ਅੱਜ ਹੋਰ ਹੋਣੀ ਸੀ। ਪ੍ਰੰਤੂ ਜਿਵੇਂ ਆਖਿਆ ਗਿਆ ਹੈ ਕਿ ‘‘ਦੇਰ ਆਏ ਦਰੁਸਤ ਆਏ’’ ਗਿਆਨੀ ਗੁਰਮੁੱਖ ਸਿੰਘ ਹੁਰਾਂ ਵੱਲੋਂ ਪੰਚ ਪ੍ਰਧਾਨੀ ਪ੍ਰੰਪਰਾ ਅੱਗੇ ਸਿਰ ਝੁਕਾ ਕੇ ਆਪਣੇ ਸਾਰੇ ਗੁਨਾਹ ਇਕ ਤਰਾਂ ਧੋ ਲਏ ਗਏ ਹਨ। ਭਾਵੇਂ ਕਿ ਪੰਜ ਸਿੰਘਾਂ ਵੱਲੋਂ ਇਸ ਸਬੰਧੀ ਫੈਸਲਾ ਹਾਲੇ ਲਿਆ ਜਾਣਾ ਹੈ। ਪ੍ਰੰਤੂ ਅਸੀਂ ਸਮਝਦੇ ਹਾਂ ਕਿ ਖਾਲਾਸ ਪੰਥ ਦੀ ਮਹਾਨ ਰਵਾਇਤ ਅਨੁਸਾਰ ਗ਼ਲਤੀ ਦਾ ਅਹਿਸਾਸ ਕਰਕੇ ਭੁੱਲ ਦੀ ਮਾਫ਼ੀ ਮੰਗਣ ਵਾਲੇ ਨੂੰ ਖਾਲਸਾ ਪੰਥ ਹਮੇਸ਼ਾਂ ਮਾਫ਼ ਕਰਦਾ ਆਇਆ ਹੈ, ਉਥੇ ਰਵਾਇਤ ਅਨੁਸਾਰ ਹੀ ਫੈਸਲਾ ਆਵੇਗਾ। ਪ੍ਰੰਤੂ ਇਸ ਸਮੇਂ ਗਿਆਨੀ ਗੁਰਮੁੱਖ ਸਿੰਘ ਨੂੰ ਪੂਰੀ ਇਮਾਨਦਾਰੀ ਨਾਲ ਪੂਰਾ ਸੱਚ ਜ਼ਰੂਰ ਕੌਮ ਸਾਹਮਣੇ ਰੱਖਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਇਸ ਸੱਚ ਲਈ ਉਨਾਂ ਨੂੰ ਕੀ ਸਜ਼ਾ ਦੇਵੇਗੀ ਇਸ ਦੀ ਪ੍ਰਵਾਹ ਕੀਤੇ ਬਿਨਾਂ ਉਨਾਂ ਨੂੰ ਹੁਣ ਕੌਮ ਦਾ ‘‘ਸੱਚਾ ਪੁੱਤਰ’’ ਬਣ ਕੇ ਸੱਚ ਦੀ ਡੱਟਵੀਂ ਪਹਿਰੇਦਾਰੀ ਕਰਨੀ ਚਾਹੀਦੀ ਹੈ। ਸਾਫ਼ ਮਨ ਨਾਲ ਕੌਮ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਪਹਿਲਾਂ ਕਿਉਂ ਨਹੀਂ ਬੋਲੇ, ਕਿਹੜੀਆਂ ਮਜ਼ਬੂਰੀਆਂ ਸਨ? ਹੁਣ ਕਿਉਂ ਮਾਫ਼ੀ ਮੰਗਣ ਦੀ ਨੌਬਤ ਆਈ ਹੈ? ਇਹ ਸੁਆਲ ਜਵਾਬ ਮੰਗਦੇ ਹਨ ਅਤੇ ਜਦੋਂ ਤੱਕ ਗਿਆਨੀ ਗੁਰਮੁੱਖ ਸਿੰਘ ਇਨਾਂ ਸੁਆਲਾਂ ਦੇ ਜਵਾਬ ਦੇ ਕੇ ਕੌਮ ਨੂੰ ਸੰਤੁਸ਼ਟ ਨਹੀਂ ਕਰਦੇ ਉਦੋਂ ਤੱਕ ਕੌਮ ਉਨਾਂ ’ਤੇ ਭਰੋਸਾ ਨਹੀਂ ਕਰੇਗੀ। ਗਿਆਨੀ ਗੁਰਮੁੱਖ ਸਿੰਘ ਵੱਲੋਂ ਪੰਚ ਪ੍ਰਧਾਨੀ ਪੰ੍ਰਪਰਾ ਅੱਗੇ ਸਿਰ ਝੁਕਾ ਕੇ ਸਿੱਖ ਸਿਆਸਤ ’ਚ ਇਕ ਇਨਕਲਾਬੀ ਮੋੜ ਲਿਆ ਦਿੱਤਾ ਗਿਆ ਹੈ। ਅਗਵਾਈ ਨੂੰ ਲੈ ਕੇ ਕੌਮ ’ਚ ਪੈਦਾ ਹੋਇਆ ਖਲਾਅ ਭਰਨ ਲਈ ਪੰਚ ਪ੍ਰਧਾਨੀ ਪ੍ਰੰਪਰਾ ਅਹਿਮ ਰੋਲ ਨਿਭਾ ਸਕਦੀ ਹੈ।

ਅਸੀਂ ਪੰਜ ਸਿੰਘ ਸਹਿਬਾਨ ਨੂੰ ਵੀ ਇਸ ਸਮੇਂ ਸੁਚੇਤ ਕਰਾਂਗੇ ਕਿ ਉਹ ਇਕ ਵਾਰ ਫ਼ਿਰ ਕੌਮ ਲਈ ਕੇਂਦਰ ਬਿੰਦੂ ਬਣ ਗਏ ਹਨ। ਉਨਾਂ ਵੱਲੋਂ ਲਏ ਜਾਣ ਵਾਲੇ ਫੈਸਲੇ ਦੇ ਦੂਰ-ਰਸ ਸਿੱਟੇ ਨਿਕਲਣਗੇ ਅਤੇ ਉਹ ਸਿੱਟੇ ਕੌਮ ਦੀ ਹੋਣੀ ਘੜਨ ’ਚ ਵੀ ਅਹਿਮ ਰੋਲ ਨਿਭਾਉਣਗੇ। ਉਨਾਂ ਨੂੰ ਆਪਣੇ ਫੈਸਲੇ ਨੂੰ ਹਰ ਪੱਖੋਂ ਤੋਲਕੇ, ਵਿਚਾਰ ਕੇ, ਗੁਰਬਾਣੀ ਸਿਧਾਂਤਾਂ ਦੀ ਰੌਸ਼ਨੀ ’ਚ ਅਤੇ ਪੰਚ ਪ੍ਰਧਾਨੀ ਪੰ੍ਰਪਰਾ ਦੀ ਪ੍ਰਪੱਕਤਾ ਦਾ ਪ੍ਰਤੀਕ ਬਣਾਉਣ ਦੀ ਵੱਡੀ ਲੋੜ ਹੈ। ਦੂਜੇ ਪਾਸੇ ਅਸੀਂ ਗਿਆਨੀ ਗੁਰਮੁੱਖ ਸਿੰਘ ਨੂੰ ਵੀ ਅਪੀਲ ਕਰਾਂਗੇ ਕਿ ਜੇ ਉਨਾਂ ਦੀ ਆਤਮਾ ਨੇ ਜ਼ਮੀਰ ਦੀ ਅਵਾਜ਼ ਨੂੰ ਸੁਣਦਿਆਂ ਪਾਪ ਦੇ ਬੋਝ ਨੂੰ ਹਟਾਉਣ ਦਾ ਪੱਕਾ ਮਨ ਬਣਾ ਕੇ ਇਹ ਕਦਮ ਚੁੱਕਿਆ ਹੈ ਤਾਂ ਹੁਣ ਕੋਈ ਲੁਕ-ਲਪੇਟ ਨਾ ਰੱਖਣ, ਕੌਮ ਮਹਾਨ ਹੈ, ਉਹ ਝੱਟ ਕਲਾਵੇ ’ਚ ਵੀ ਲੈ ਲੈਂਦੀ ਹੈ ਅਤੇ ਝੱਟ ਵਗਾਹ ਕੇ ਪਰੇ ਵੀ ਸੁੱਟ ਦਿੰਦੀ ਹੈ। ਪ੍ਰੰਤੂ ਅਸੀਂ ਗਿਆਨੀ ਗੁਰਮੁੱਖ ਸਿੰਘ ਵੱਲੋਂ ਪੰਚ ਪ੍ਰਧਾਨੀ ਪੰ੍ਰਪਰਾ ਅੱਗੇ ਸਿਰ ਝੁਕਾਉਣ ਲਈ ਉਨਾਂ ਦੀ ਸ਼ਲਾਘਾ ਜ਼ਰੂਰ ਕਰਾਂਗੇ।

Editorial
Jaspal Singh Heran