ਅੰਮਿ੍ਰਤਸਰ 12 ਅਕਤੂਬਰ (ਨਰਿੰਦਰ ਪਾਲ ਸਿੰਘ) ਗੁਰਦਾਸਪੁਰ ਸਥਿਤ ਗੁਰਦੁਆਰਾ ਛੋਟਾ ਘਲੁਘਾਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪਰਧਾਨ ਮਾਸਟਰ ਜੌਹਰ ਸਿੰਘ ਨੂੰ ਕੌਮੀ ਜਥੇਦਾਰਾਂ ਦੇ ਸਨਮੁੱਖ ਪੇਸ਼ ਹੋਣ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਨੇ ਆਪਣੀ ਸਾਰੀ ਤਾਕਤ ਲਗਾ ਦਿੱਤੀ ਜਿਸਦੇ ਚਲਦਿਆਂ ਸਿੱਖਾਂ ਦੀਆਂ ਡਾਗਾਂ ਤੇ ਤਲਵਾਰਾਂ ਕਿਸੇ ਦੁਸ਼ਮਣ ਦੇ ਬਜਾਏ ਆਪਣਿਆਂ ਖਿਲਾਫ ਹੀ ਨਿਕਲ ਆਈਆਂ ।ਦੋਹਾਂ ਧਿਰਾਂ ਦਰਮਿਆਨ ਹੋਈ ਖਿੱਚ ਧੂੁਹ ਅਤੇ ਤਕਰਾਰ ਦੇ ਨਤੀਜੇ ਵਜੋਂ ਯੂਨਾਈਟਿਡ ਅਕਾਲੀ ਦਲ ਦੇ ਸਤਨਾਮ ਸਿੰਘ ਮਨਾਵਾ ਦੇ ਹੱਥ ਤੇ ਕਿਰਪਾਨ ਵੱਜੀ ,ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਜਰਨੈਲ ਸਿੰਘ ਸਖੀਰਾ ਦੀ ਕਮੀਜ ਲੀਰੋ ਲੀਰ ਹੋ ਗਈ। ਸ੍ਰੀ ਦਰਬਾਰ ਸਾਹਿਬ ਕੰਪਲੇਕਸ ਵਿੱਚ ਉਸ ਵੇਲੇ ਸਥਿਤ ਗੰਭੀਰ ਹੋ ਗਈ ਜਦੋਂ ਗੁਰਦੁਆਰਾ ਛੋਟਾ ਘਲੂਘਾਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਾਸਟਰ ਜੋਹਰ ਸਿੰਘ ,ਸਰਬੱਤ ਖਾਲਸਾ ਦੁਆਰਾ ਚੁਣੇ ਜਥੇਦਾਰਾਂ ਦੇ ਸਨਮੁੱਖ ਪੇਸ਼ ਹੋਣ ਲਈ ਸਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਬੇਠੈ ਹੋਏ ਸਨ ਤਾਂ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਦੀ ਟਾਸਕ ਫੋਰਸ ਦੇ ਜਵਾਨਾਂ ਨੇ ਮਾਸਟਰ ਜੌਹਰ ਦੀ ਖਿੱਚ ਧੂਹ ਕਰਦਿਆਂ ਉਨਾਂ ਨੂੰ ਲੱਤਾਂ ਬਾਹਾਂ ਤੋਂ ਫੜਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਾਲੀ ਬਾਹੀ ਵਾਲੇ ਪਾਸੇ ਲਿਆ ਕੇ ਜੋੜੇ ਘਰ ਦੇ ਸਾਹਮਣੇ ਛੱਡ ਦਿੱਤਾ।
ਇਸ ਸਮੇਂ ਤੀਕ ਇਸ ਟਾਸਕ ਫੋਰਸ ਤੇ ਮੁਲਾਜਮਾ ਦੀ ਅਗਵਾਈ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸੁਖਰਾਜ ਸਿੰਘ ਅਤੇ ਬਘੇਲ ਸਿੰਘ ਕਰ ਰਹੇ ਸਨ।ਉਧਰ ਘਟਨਾ ਦਾ ਪਤਾ ਲਗਦਿਆਂ ਹੀ ਯੂਨਾਈਟਿਡ ਅਕਾਲੀ ਦਲ ਦੇ ਸਤਨਾਮ ਸਿੰਘ ਮਨਾਵਾ, ਜਸਬੀਰ ਸਿੰਘ ਮੰਡਿਆਲਾ ਮਾਸਟਰ ਜੋਹਰ ਸਿੰਘ ਪਾਸ ਪੁਜ ਗਏ ਤੇ ਉਨਾਂ ਨੂੰ ਮੁੜ ਸਰੀ ਅਕਾਲ ਤਖਤ ਸਾਹਿਬ ਤੇ ਲਿਜਾਣ ਦੀ ਕੋਸ਼ਿਸ਼ ਕੀਤੀ। ਬੱਸ ਫਿਰ ਕੀ ਸੀ ਦਰਬਾਰ ਸਾਹਿਬ ਦੇ ਮੁਲਾਜਮਾਂ ਨੇ ਮਨਾਵਾ, ਸਖੀਰਾ ਤੇ ਮੀਡਆਲਾ ਦੇ ਨਾਲ ਨਾਲ ਭਾਈ ਬਲਵੰਤ ਸਿੰਘ ਗੋਪਾਲਾ ਦੀ ਖਿੱਚ ਧੂੁਹ ਦੇ ਨਾਲ ਨਾਲ ਦੋਹਾਂ ਧਿਰਾਂ ਨੂੰ ਵੱਖ ਕਰ ਰਹੀ ਪੁਲਿਸ ਤੇ ਆਮ ਯਾਤਰੂਆਂ ਨੂੰ ਵੀ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਜਿਸਦੇ ਚਲਦਿਆਂ ਕੁਝ ਸਮੇਂ ਲਈ ਹਫਤਾ ਤਫਰੀ ਦਾ ਮਾਹੌਲ ਬਣ ਗਿਆ ।ਇਸ ਦੱਕਾ ਮੁੱਕੀ ਦੌਰਾਨ ਹੀ ਭਾਈ ਮਨਾਵਾ ਦੇ ਸੱਜੇ ਹੱਥ ਤੇ ਕਿਰਪਾਨ ਦਾ ਟੱਕ ਲਗੱਾ ਤੇ ਭਾਈ ਸਖੀਰਾ ਦੀ ਕਮੀਜ ਲੀਰੋਲੀਰ ਹੋਈ ,ਭਾਈ ਗੋਪਾਲਾ ਵੀ ਅੱਧ ਅਧੂਰੀ ਲਪੇਟੀ ਦਸਤਾਰ ਨਾਲ ਹੀ ਵੇੇਖੇ ਗਏ ।ਕੋਈ 10 ਮਿੰਟ ਦੇ ਬਾਅਦ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ,ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਤੇ ਪੰਚ ਪਰਧਾਨੀ ਮਰਿਆਦਾ ਅਨੁਸਾਰ ਉਨਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਆਣ ਵਾਲੇ ਬਾਈ ਸੂਬਾ ਸਿੰਘ ਅਤੇ ਭਾਈ ਮੇਜਰ ਸਿੰਘ ਵੀ ਕੰਪਲੈਕਸ ਤੋਂ ਬਾਹਰ ਆ ਗਏ ।
ਜਿਉਂ ਹੀ ਜਥੇਦਾਰ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਾਲੇ ਪਾਸੇ ਵਧੇ ਤਾਂ ਸ਼੍ਰੋਮਣੀ ਕਮੇਟੀ ਦੇ ਇਹ ਮੁਲਾਜਮ ਵੀ ਇੱਕ ਦੂਸਰੇ ਤੋਂ ਅੱਗੇ ਵਧਣ ਲੱਗੇ ।ਮੁਲਾਜਮਾਂ ਦੇ ਬਵਤੀਰੇ ਨੂੰ ਭਾਂਪਦਿਆਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਜਰਨਲ ਸਕੱਤਰ ਜਰਨੈਲ ਸਿੰਘ ਸਖੀਰਾ ਨੇ ਇੱਕ ਕਮੇਟੀਮੁਲਾਜਮ ਵੱਲ਼ ਇਸ਼ਾਰਾ ਕਰਦਿਆਂ ਮਾਨਵਾ ਨੂੰ ਵੰਗਾਰਿਆ ‘ਫੜ ਮਨਾਵਾ ਇਸਨੂੰ ਇਹ ਬੜਾ ਮਸ਼ਰਿਆ ਈ’ਬੱਸ ਐਨਾ ਕਹਿਣ ਦੀ ਦੇਰ ਸੀ ਕਿ ਇਕ ਪਾਸੇ ਜਥੇਦਾਰਾਂ ਦੇ ਨਾਲ ਆਏ ਲੋਕ ਅੱਗੇ ਵਧੇ ਤੇ ਉਧਰ ਕਮੇਟੀ ਦਾ ਇਹ ਮੁਲਾਜਮ ਘੰਟਾ ਘਰ ਗੇਟ ਤੇ ਬਿਨਾ ਪੈਰ ਧੋਤੇ ਹੀ ਗਮਲੇ ਟੱਪਦਾ ਨਜਰ ਆਇਆ।ਉਸਦੇ ਬਾਕੀ ਸਾਥੀਆਂ ਨੇ ਤੁਰਮਤ ਹੀ ਘੰਟਾ ਘਰ ਬਾਹੀ ਦੇ ਨਾਲ ਹੀ ਰੱਖੇ ਬਰਸ਼ੇ ਤੇ ਡਾਂਗਾਂ ਚੁੱਕ ਲਈਆਂ ਪ੍ਰੰਤੂ ਤਦ ਤੀਕ ਪੰਜਾਬ ਪੁਲਿਸ ਦੇ ਮੁਲਾਜਮ ਵੱਡੀ ਗਿਣਤੀ ਸਾਹਮਣੇ ਆਕੇ ਦੋਨਾਂ ਧਿਰਾਂ ਦਰਮਿਆਨ ਦੀਵਾਰ ਬਣਕੇ ਖਲੋ ਗਏ।ਉਧਰ ਜਥੇਦਾਰਾਂ ਵਲੋਂ ਸਾਥੀਆਂ ਨੂੰ ਨਿਰੰਤਰ ਸ਼ਾਂਤ ਰਹਿਣ ਦੀ ਅਪੀਲ ਜਾਰੀ ਰਹੀ ।ਇੱਕ ਸਮਾਂ ਅਜੇਹਾ ਵੀ ਆਇਆ ਜਦੋਂ ਭਾਈ ਅਮਰੀਕ ਸਿੰਘ ਅਜਨਾਲਾ ਕਮੇਟੀ ਮੁਲਾਜਮਾਂ ਨੂੰ ਸਮਝਾਉਣ ਵੀ ਚਲੇ ਗਏ।ਹਾਲਾਤ ਵਿਗੜਦੇ ਵੇਖ ਸ਼੍ਰੋਮਣੀ ਕਮੇਟੀ ਸਕੱਤਰ ਡਾ:ਰੂਪ ਸਿੰਘ,ਸਾਥੀ ਅਧਿਕਾਰੀਆਂ ਸਹਿਤ ਮੌਕੇ ਤੇ ਪੁਜੇ ਪਰੰਤੂ ਉਹ ਚੁੱਪ ਚਾਪ ਵਿਚਰਦੇ ਰਹੇ ।ਕੋਈ ਵੀ ਟਿਪਣੀ ਕਰਨ ਦੀ ਬਜਾਏ ਉਨਾਂ ਮੈਨੇਜਰ ਦਰਬਾਰ ਸਾਹਿਬ ਨਾਲ ਗਲਬਾਤ ਕਰਨ ਲਈ ਕਿਹਾ ।ਮੈਨੇਜਰ ਸੁਲੱਖਣ ਸਿੰਘ ਦਾ ਕਹਿਣਾ ਸੀ ਕਿ ਇਹ ਲੋਕ ਸਰੀ ਦਰਬਾਰ ਸਾਹਿਬ,ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਤੇ ਪਰੰਪਰਾ ਨੂੰ ਢਾਹ ਲਾਣ ਦੀ ਨੀਅਤ ਨਾਲ ਆਏ ਸਨ ।
ਸਰਬੱਤ ਖਾਲਸਾ ਦੁਆਰਾ ਥਾਪੇ ਜਥੇਦਾਰਾਂ ਨੇ ਗੁਰਦੁਆਰਾ ਛੋਟਾ ਘਲੂਘਾਰਾ ਵਿਖੇ ਧਾਰਮਿਕ ਮਰਿਆਦਾ ਦੇ ਉਲੰਘਣ ਦਾ ਦੋਸ਼ੀ ਕਰਾਰ ਦਿੱਤੇ ਹੋਏ ਪਰਬੰਧਕ ਕਮੇਟੀ ਦੇ ਪਰਧਾਨ ਮਾਸਟਰ ਜੌਹਰ ਸਿੰਘ ਨੂੰ ਪ੍ਰਬੰਧਕੀ ਕਮੇਟੀ ਦੀ ਪਰਧਾਨਗੀ ਤੋਂ ਵੱਖ ਕਰਦਿਆਂ 7 ਦਿਨ ਲਈ ਧਾਰਮਿਕ ਸਜਾ ਲਾਈ ਹੈ।ਇੱਕ ਹੋਰ ਫੈਸਲੇ ਰਾਹੀਂ ਜਥੇਦਾਰਾਂ ਨੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਕੀਤੀ ਬੱਜਰ ਕੁਰਹਿਤ ਨੂੰ ਲੈਕੇ 7ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਕੇ ਪੱਖ ਸਪਸ਼ਟ ਕਰਨ ਲਈ ਤਲਬ ਕੀਤਾ ਹੈ ।ਅੱਜ ਇਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ,ਤਖਤ ਸਰੀ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਭਾਈ ਸੂਬਾ ਸਿੰਘ ਅਤੇ ਭਾਈ ਮੇਜਰ ਸਿੰਘ ਸਹਿਤ ਦਰਪੇਸ਼ ਕੌਮੀ ਮਸਲਿਆਂ ਤੇ ਵਿਚਾਰਾਂ ਕਰਨ ਉਪਰੰਤ ਪੱਤਰਕਾਰਾਂ ਨੂੰ ਉਪਰੋਕਤ ਫੈਸਲਿਆਂ ਪਰਤੀ ਜਾਣੂ ਕਰਵਾਇਆ ।
ਭਾਈ ਮੰਡ ਨੇ ਦੱਸਿਆ ਕਿ ਗੁਰਦੁਆਰਾ ਛੋਟਾ ਘਲੂਘਾਰਾ ਵਿਖੇ ਵਾਪਰੀ ਮੰਦਭਾਗੀ ਘਟਨਾ ਦੀ ਜਾਂਚ ਕਰਨ ਲਈ ਗਠਿਤ ਜਾਂਚ ਕਮੇਟੀ ਨੇ ਗੁਰਦੁਆਰਾ ਪਰਬੰਧ ਵਿੱਚ ਕੁਝ ਅਜਿਹੀਆਂ ਤਰੁਟੀਆਂ ਵੀ ਪਾਈਆਂ ਸਨ ਜੋ ਰਹਿਤ ਮਰਿਆਦਾ ਦੇ ਉਲਟ ਹਨ ,ਇਨਾਂ ਲਈ ਦੋਸ਼ੀ ਪਾਏ ਗਏ ਪ੍ਰਬੰਧਕ ਕਮੇਟੀ ਦੇ ਪਰਧਾਨ ਮਾਸਟਰ ਜੋਹਰ ਸਿੰਘ ਨੂੰ ਪਰਧਾਨਗੀ ਅਹੁੱਦੇ ਤੋਂ ਵੱਖ ਕਰ ਦਿੱਤਾ ਗਿਆ ਹੈ।ਮਾਸਟਰ ਜੌਹਰ ਸਿੰਘ 7ਦਿਨ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਇੱਕ ਘੰਟਾ ਕੀਰਤਨ ਸਰਵਣ ਕਰਨਗੇ ,ਇੱਕ ਘੰਟਾ ਲੰਗਰ ਵਿੱਚ ਝੂਠੇ ਬਰਤਨ ਸਾਫ ਕਰਨਗੇ,ਇੱਕ ਘੰਟਾ ਸੰਗਤਾਂ ਦੇ ਜੋੜੇ ਸਾਫ ਕਰਨਗੇ ।ਸੇਵਾ ਨਿਭਾਉਣ ਉਪਰੰਤ ਮਾਸਟਰ ਜੌਹਰ ਸਿੰਘ ਗੁਰਦੁਆਰਾ ਛੋਟਾ ਘਲੂਘਾਰਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ,ਸਰਵਣ ਕਰੇ ,5100 ਰੁਪਏ ਗੁਰੂ ਘਰ ਦੀ ਗੋਲਕ ਵਿੱਚ ਪਾਕੇ ਅਰਦਾਸ ਕਰਾਉਣ।
ਜਥੇਦਾਰਾਂ ਨੇ ਇਕ ਹੋਰ ਫੈਸਲੇ ਰਾਹੀਂ ਸ੍ਰੋਮਣੀ ਕਮੇਟੀ ਦੀ ਸਾਬਕਾ ਪਰਧਾਨ ਬੀਬੀ ਜਗੀਰ ਕੌਰ ਨੂੰ ਆਪਣੀ ਹੀ ਧੀਅ ਅਤੇ ਉਸਦੇ ਗਰਭ ਵਿਚੱ ਪਲ ਰਹੇ ਬੱਚੇ ਦੇ ਕਤਲ ਦਾ ਅਦਾਲਤ ਵਲੋਂ ਦੋਸ਼ੀ ਪਾਏ ਜਾਣ ਤੇ ਵਿਚਾਰ ਕਰਦਿਆਂ ਐਲਾਨ ਕੀਤਾ ਕਿ ਰਹਿਤ ਮਰਿਆਦਾ ਅਨੁਸਾਰ ਬੀਬੀ ਬਜ਼ਰ ਗੁਨਾਹ ਦੀ ਦੋਸੀ ਹੈ ਇਸ ਲਈ ਉਹ 7 ਨਵੰਬਰ ਨੂੰ ਸ੍ਰੀਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਆਪਣਾ ਪੱਖ ਸਪਸ਼ਟ ਕਰੇ।
ਇਸੇ ਦੌਰਾਨ ਕੌਮੀ ਜਥੇਦਾਰਾਂ ਦੇ ਸਨਮੁਖ ਪੇਸ਼ ਹੋਣ ਪੁਜੇ ਮਾਸਟਰ ਜੋਹਰ ਸਿੰਘ ਨੇ ਗਲ ਵਿੱਚ ਪੱਲਾ ਪਾਕੇ ਜਥੇਦਾਰਾਂ ਵਲੋਂ ਸੁਣਾਈ ਸਜਾ ਨੂੰ ਪ੍ਰਵਾਨ ਕੀਤਾ ।ਉਨਾਂ ਕਿਹਾ ਕਿ ਉਹ ਲਾਗਈ ਗਈ ਤਨਖਾਹ ਸਵੇਰ ਤੋਂ ਹੀ ਸ਼ੁਰੂ ਕਰ ਰਹੇ ਹਨ।ਅੱਜ ਉਨਹਾਂ ਦੀ ਪੇਸ਼ ਦੌਰਾਨ ਕਮੇਟੀ ਵਲੋਂ ਤਕਰਾਰ ਦੇ ਹਾਲਾਤ ਪੈਦਾ ਕੀਤੇ ਜਾਣ ਤੇ ਮਾਸਟਰ ਜੌਹਰ ਸਿੰਘ ਨੇ ਕਿਹਾ ਸੇਵਾ ਤਾਂ ਉਹ ਜਰੂਰ ਨਿਭਾਉਣਗੇ ਭਾਵੇਂ ਕਮੇਟੀ ਉਨਾਂ ਦਾ ਕਤਲ ਹੀ ਕਿਉਂ ਨਾ ਕਰਵਾ ਦੇਵੇ ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨ ਬਲਵੰਤ ਸਿੰਘ ਨੰਦਗੜ ਅਤੇ ਜਥੇਦਾਰ ਕੇਵਲ ਸਿੰਘ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ੋ੍ਰਮਣੀ ਕਮੇਟੀ ਵਲੋਂ ਕੀਤੀ ਗਈ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਦੋਵੇਂ ਜਥੇਦਾਰਾਂ ਨੇ ਆਖਿਆ ਕਿ ਉਕਤ ਘਟੀਆ ਕਾਰਵਾਈ ਨਾਲ ਸਿੱਖ ਕੌਮ ਦਾ ਸਿਰ ਨੀਵਾ ਹੋਇਆ ਹੈ। ਉਨਾਂ ਜ਼ੋਰ ਦੇ ਆਖਿਆ ਕਿ ਹੁਣ ਗਿਆਨੀ ਗੁਰਬਚਨ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਤੋਂ ਲਾਂਬੇ ਕਰਨ ਦਾ ਸਮਾਂ ਆ ਗਿਆ ਹੈ ਕਿਉਂਕਿ ਉਹ ਕੌਮ ’ਚ ਏਕਤਾ ਜਾਂ ਇਕਸੁਰਤਾ ਦੀ ਥਾਂ ਵੰਡੀਆਂ ਵਧਾਉਣ ਦਾ ਸਬੱਬ ਬਣ ਗਏ ਹਨ।