ਅਗਲੀ ਦੀਵਾਲੀ ਤੱਕ ਅਯੋਧਿਆ ’ਚ ਰਾਮ ਮੰਦਰ ਬਣ ਜਾਵੇਗਾ : ਸਵਾਮੀ

ਪਟਨਾ 16 ਅਕਤੂਬਰ (ਏਜੰਸੀਆਂ) ਭਾਜਪਾ ਦੇ ਸੀਨੀਅਰ ਲੀਡਰ ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਅਗਲੇ ਸਾਲ ਦੀਵਾਲੀ ਤੱਕ ਅਯੋਧਿਆ ਵਿੱਚ ਰਾਮ ਮੰਦਰ ਬਣ ਜਾਵੇਗਾ। ਉਨਾਂ ਨੇ ਕਿਹਾ ਕਿ ਪ੍ਰਸਤਾਵਿਤ ਰਾਮ ਮੰਦਰ ਦੀ ਉਸਾਰੀ ਜਲਦ ਹੀ ਸ਼ੁਰੂ ਹੋਵੇਗੀ ਤੇ ਅਗਲੇ ਸਾਲ ਦੀਵਾਲੀ ਤਕ ਇਹ ਭਗਤਾਂ ਲਈ ਤਿਆਰ ਹੋਵੇਗਾ। ਨਿਊਜ਼ ਏਜੰਸੀ ਮੁਤਾਬਕ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਸ਼ਨੀਵਾਰ ਨੂੰ ਇਹ ਦਾਅਵਾ ਕੀਤਾ। ਉਨਾਂ ਨੇ ਕਿਹਾ ਕਿ ਪ੍ਰਸਤਾਵਿਤ ਰਾਮ ਮੰਦਰ ਦੇ ਰਸਤੇ ਦੀਆਂ ਰੁਕਾਵਟਾਂ ਨੂੰ ਹਟਾ ਦਿੱਤਾ ਗਿਆ ਹੈ। ਮਦਿਰ ਦੀ ਉਸਾਰੀ ਤੁਰੰਤ ਜਾਂ ਥੋੜੇ ਦਿਨਾਂ ਬਾਅਦ ਸ਼ੁਰੂ ਹੋ ਸਕਦੀ ਹੈ। ਇਸ ਹਫਤੇ ਦੀਵਾਲੀ ਮਨਾਵਾਂਗੇ ਤੇ ਅਗਲੀ ਦੀਵਾਲੀ ਤੱਕ ਰਾਮ ਮੰਦਰ ਬਣਾ ਕੇ ਭਗਤਾਂ ਨੂੰ ਸੌਂਪ ਦਿੱਤੇ ਜਾਣ ਦੇ ਆਸਾਰ ਹਨ। ਸਵਾਮੀ ਨੇ ਇਹ ਗੱਲ ਇੱਥੇ ਵਿਰਾਟ ਹਿੰਦੂ ਸੰਗਮ ਦੀ ਬਿਹਾਰ ਯੂਨਿਟ ਵੱਲੋਂ ਕਰਵਾਏ ਗਏ ਸੈਮੀਨਾਰ ਵਿੱਚ ਕਹੀ। ਰਾਮ ਮੰਦਰ ਮੁੱਦਾ 1989 ਤੋਂ ਬਾਅਦ ਪੂਰਾ ਭਖਿਆ ਹੋਇਆ ਸੀ। ਇਸ ਮੁੱਦੇ ਦੀ ਵਜਾ ਨਾਲ ਉਦੋਂ ਦੇਸ਼ ਵਿੱਚ ਫਿਰਕੂ ਤਣਾਅ ਫੈਲਿਆ ਸੀ।

ਦੇਸ਼ ਦੀ ਰਾਜਨੀਤੀ ਇਸ ਮੁੱਦੇ ਤੋਂ ਪ੍ਰਭਾਵਿਤ ਹੁੰਦੀ ਰਹੀ ਹੈ। ਹਿੰਦੂ ਸੰਗਠਨਾਂ ਦਾ ਦਾਅਵਾ ਹੈ ਕਿ ਅਯੋਧਿਆ ਵਿੱਚ ਭਗਵਾਨ ਰਾਮ ਦੀ ਜਨਮਭੂਮੀ ਤੇ ਵਿਵਾਦਤ ਬਾਬਰੀ ਢਾਂਚਾ ਬਣਿਆ ਸੀ। ਰਾਮ ਮੰਦਰ ਅੰਦੋਲਨ ਦੌਰਾਨ 6 ਦਸੰਬਰ, 1992 ਨੂੰ ਅਯੋਧਿਆ ਵਿੱਚ ਵਿਵਾਦਤ ਬਾਬਰੀ ਢਾਂਚਾ ਡੇਗ ਦਿੱਤਾ ਗਿਆ ਸੀ। ਮਾਮਲਾ ਹੁਣ ਸੁਪਰੀਮ ਕੋਰਟ ਵਿੱਚ ਹੈ। 30 ਸਤੰਬਰ, 2010 ਨੂੰ ਇਲਾਹਾਬਾਦ ਹਾਈਕੋਰਟ ਦੇ ਜਸਟਿਸ ਸੁਧੀਰ ਅਗਰਵਾਲ, ਐਸ.ਯੂ ਖ਼ਾਨ ਤੇ ਡੀ.ਵੀ. ਸ਼ਰਮਾ ਦੀ ਬੈਂਚ ਨੇ ਮੰਦਰ ਮੁੱਦੇ ‘ਤੇ ਆਪਣਾ ਫੈਸਲਾ ਸੁਣਾਉਂਦਿਆਂ ਹੋਇਆਂ ਅਯੋਧਿਆ ਦੀ ਵਿਵਾਦਿਤ 2.77 ਏਕੜ ਜ਼ਮੀਨ ਨੂੰ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡਣ ਦਾ ਆਦੇਸ਼ ਦਿੱਤਾ ਸੀ। ਬੈਂਚ ਨੇ ਤੈਅ ਕੀਤਾ ਸੀ ਕਿ ਜਿਸ ਜਗਾ ‘ਤੇ ਰਾਮਲੱਲਾ ਦੀ ਮੂਰਤੀ ਹੈ, ਉਸ ਨੂੰ ਰਾਮਲੱਲਾ ਵਿਰਾਜਮਾਨ ਨੂੰ ਦੇ ਦਿੱਤਾ ਜਾਵੇ। ਰਾਮ ਚਬੂਤਰਾ ਤੇ ਸੀਤਾ ਰਸੋਈ ਵਾਲੀ ਥਾਂ ਨਿਰਮੋਹੀ ਅਖਾੜੇ ਨੂੰ ਦੇ ਦਿੱਤੀ ਜਾਵੇ। ਬਚਿਆ ਹੋਇਆ ਇੱਕ ਤਿਹਾਈ ਹਿੱਸਾ ਸੁੰਨੀ ਵੱਕਫ਼ ਬੋਰਡ ਨੂੰ ਦਿੱਤਾ ਜਾਵੇ।

Subramanian Swamy
Ram Mandir
Ayodhya verdict
Hindu

International