ਸ੍ਰੀ ਲੰਕਾ ਦੀ ਟੀਮ ਨੇ ਭਾਰਤ ਨੂੰ ਅਸਮਾਨੋਂ ਲਾਹਿਆ, ਇਕ ਦਿਨਾਂ ਮੈਚ ’ਚ ਦਿੱਤੀ ਕਰਾਰੀ ਹਾਰ

ਚੰਡੀਗੜ 10 ਦਸੰਬਰ (ਏਜੰਸੀਆਂ) ਸ੍ਰੀਲੰਕਾ ਤੇ ਭਾਰਤ ਦਰਮਿਆਨ 3 ਇੱਕ ਦਿਨਾ ਕਿ੍ਰਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਸ੍ਰੀਲੰਕਾ ਦੀ ਝੋਲੀ ਪੈ ਗਿਆ। ਸ੍ਰੀਲੰਕਾ ਨੂੰ ਭਾਰਤ ਨੇ 113 ਦੌੜਾਂ ਦਾ ਟੀਚਾ ਦਿੱਤਾ ਸੀ ਜੋ ਉਸ ਨੇ 21ਵੇਂ ਓਵਰ ਦੌਰਾਨ 3 ਵਿਕਟਾਂ ਦੇ ਨੁਕਸਾਨ ‘ਤੇ ਪੂਰਾ ਕਰ ਲਿਆ ਤੇ ਭਾਰਤ ਨੂੰ 7 ਵਿਕਟਾਂ ਨਾਲ ਮਾਤ ਦੇ ਦਿੱਤੀ। ਹਾਲਾਂਕਿ ਸ੍ਰੀਲੰਕਾ ਦਾ ਪਹਿਲਾ ਵਿਕਟ ਵੀ ਛੇਤੀ ਹੀ ਡਿੱਗ ਗਿਆ ਸੀ, ਪਰ ਬੱਲੇਬਾਜ਼ਾਂ ਨੇ ਭਾਰਤੀ ਟੀਮ ਦੀ ਰੀਸ ਨਾ ਕਰਦਿਆਂ ਟੀਮ ਨੂੰ ਸੰਭਾਲ ਲਿਆ। ਉੱਪਲ ਥਾਰੰਗਾ ਨੇ ਸਭ ਤੋਂ ਵੱਧ 49 ਦੌੜਾਂ ਬਣਾਈਆਂ ਜਦਕਿ ਮੈਥਿਊਜ਼ ਤੇ ਡਿਕਵੇਲਾ ਨੇ ਟੀਮ ਨੂੰ ਮੈਚ ਜਿਤਵਾ ਦਿੱਤਾ। ਸ੍ਰੀਲੰਕਾ ਦੇ ਸੁਰੰਗਾ ਲਕਮਲ ਨੂੰ ਬਿਹਤਰੀਨ ਗੇਂਦਬਾਜ਼ੀ ਕਰਨ ਲਈ ‘ਪਲੇਅਰ ਆਫ਼ ਦ‘ ਮੈਚ ਐਲਾਨਿਆ ਗਿਆ, ਜਦਕਿ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸ਼ਾਨਦਾਰ ਬੱਲੇਬਾਜ਼ੀ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਭਾਰਤੀ ਗੇਂਦਬਾਜ਼ ਹਾਰਦਿਕ ਪਾਂਡਿਆ, ਜਸਪ੍ਰੀਤ ਬੁਮਰਾਹ ਤੇ ਭੁਵਨੇਸ਼ਵਰ ਕੁਮਾਰ ਨੇ 1-1 ਵਿਕਟ ਹਾਸਲ ਕੀਤਾ।

ਭਾਰਤੀ ਟੀਮ ਨੇ ਮੈਚ ਦਾ ਆਗ਼ਾਜ਼ ਖ਼ਰਾਬ ਕੀਤਾ। ਭਾਰਤ ਨੇ 38.2 ਓਵਰਾਂ ਵਿੱਚ ਸ੍ਰੀਲੰਕਾ ਨੂੰ 113 ਦੌੜਾਂ ਦਾ ਟੀਚਾ ਦੇ ਦਿੱਤਾ ਸੀ। ਦੱਸ ਦੇਈਏ ਕਿ ਅੱਜ ਦੇ ਮੈਚ ਦੌਰਾਨ ਅੱਧੀ ਟੀਮ 14 ਓਵਰਾਂ ਦੀ ਖੇਡ ਤਕ ਸਿਰਫ 20 ਦੌੜਾਂ ਬਣਾ ਕੇ ਹੀ ਪੈਵੇਲੀਅਨ ਪਰਤ ਗਈ ਸੀ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟੀਮ ਨੂੰ ਸੰਭਾਲਦਿਆਂ ਸਭ ਤੋਂ ਵੱਧ 87 ਗੇਂਦਾਂ ਵਿੱਚ 65 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਟੀਮ ਨੂੰ ਥੋੜਾ ਖੜਾ ਵਾਲੇ ਕੁਲਦੀਪ ਯਾਦਵ 25 ਗੇਂਦਾਂ ਵਿੱਚ 19 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਇਸ ਸਮੇਂ ਭਾਰਤੀ ਕਿ੍ਰਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਛੁੱਟੀ ‘ਤੇ ਹਨ ਤੇ ਉਨਾਂ ਦੀ ਗ਼ੈਰ-ਮੌਜੂਦਗੀ ਵਿੱਚ ਰੋਹਿਤ ਸ਼ਰਮਾ ਟੀਮ ਦੀ ਕਮਾਨ ਸੰਭਾਲ ਰਹੇ ਹਨ। ਇਸ ਮੈਚ ਵਿੱਚ ਉਨਾਂ ਸਮੇਤ ਕਈ ਖਿਡਾਰੀ ਕ੍ਰੀਜ਼ ‘ਤੇ ਟਿਕ ਨਹੀਂ ਸਕੇ। ਭਾਰਤ ਦੇ 4 ਖਿਡਾਰੀ ਬਿਨਾ ਖਾਤਾ ਖੋਲੇ ਹੀ ਆਊਟ ਹੋ ਗਏ ਸਨ। ਭਾਰਤੀ ਟੀਮ ਦੇ 4 ਖਿਡਾਰੀ 10 ਦੌੜਾਂ ਤੋਂ ਵੱਧ ਨਹੀਂ ਬਣਾ ਸਕੇ, ਇਨਾਂ ਵਿੱਚ ਕਪਤਾਨ ਰੋਹਿਤ ਸ਼ਰਮਾ ਦੀਆਂ 2 ਦੌੜਾਂ ਵੀ ਸ਼ਾਮਲ ਹਨ।

ਸ੍ਰੀਲੰਕਾਈ ਗੇਂਦਬਾਜ਼ ਲਕਮਲ ਨੇ ਸਭ ਤੋਂ ਵੱਧ 4 ਖਿਡਾਰੀਆਂ ਨੂੰ ਆਊਟ ਕੀਤਾ ਤੇ ਫਰਨਾਂਡੋ ਨੇ 2 ਵਿਕਟਾਂ ਹਾਸਲ ਕੀਤੀਆਂ। ਇਨਾਂ ਤੋਂ ਇਲਾਵਾ ਮੈਥਿਊਜ਼, ਪਰੇਰਾ, ਧਨੰਜੈ, ਪਠਿਰਾਨਾ ਨੇ 1-1 ਖਿਡਾਰੀ ਨੂੰ ਆਊਟ ਕੀਤਾ। ਹਾਲਾਂਕਿ, ਭਾਰਤੀ ਟੀਮ ਕੋਲ ਇਹ ਮੈਚ ਜਿੱਤ ਕੇ ਨੰਬਰ ਵਨ ਟੀਮ ਬਣਨ ਦਾ ਮੌਕਾ ਹੁਣ ਖੁੰਝਦਾ ਗਿਆ ਹੈ ਪਰ ਮਹਿੰਦਰ ਸਿੰਘ ਧੋਨੀ ਵੱਲੋਂ ਜੜੇ 10 ਚੌਕੇ ਤੇ 2 ਛੱਕਿਆਂ ਦੀ ਸਹਾਇਤਾ ਨਾਲ ਸ਼ਾਨਦਾਰ 65 ਦੌੜਾਂ ਦੇ ਯੋਗਦਾਨ ਨਾਲ ਭਾਰਤੀ ਟੀਮ ਨਿਮੋਸ਼ੀ ਦੇ ਆਲਮ ਵਿੱਚੋਂ ਥੋੜੀ ਬਾਹਰ ਆ ਗਈ। ਉਂਝ ਇਸ ਮੈਚ ਦੇ ਪਹਿਲੇ ਪਾਵਰ-ਪਲੇਅ ਵਿੱਚ ਭਾਰਤੀ ਟੀਮ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ, ਜੋ ਇੱਕ ਰਿਕਾਰਡ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਨੇ ਆਪਣੇ ਦੇਸ਼ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਭ ਤੋਂ ਘੱਟ ਦੌੜਾਂ ਬਣਾਉਣ ਦਾ ਰਿਕਾਰਡ ਵੀ ਬਣਾ ਦਿੱਤਾ ਹੈ।

Unusual
Cricket
Sri Lanka
India

International