ਯੂ.ਪੀ. ਤੇ ਬਿਹਾਰ ਜ਼ਿਮਨੀ ਚੋਣਾਂ ਦੇ ਨਤੀਜੇ...

ਅਸਮਾਨੀ ਉਡਦੀ ਭਾਜਪਾ, ਫੁੜਕ ਕੇ ਜ਼ਮੀਨ ’ਤੇ ਆ ਡਿੱਗੀ ਹੈ। ਆਮ ਲੋਕ ਖੁਸ਼ ਹੋਏ ਹਨ। ਦੂਰ ਦਿ੍ਰਸ਼ਟੀ ਵਾਲੇ ਲੋਕ ਚਿੰਤਤ ਹੋਏ ਹਨ। ਯੂ.ਪੀ. ਤੇ ਬਿਹਾਰ ’ਚ ਭਾਜਪਾ ਨੂੰ ਕਰਾਰੀ ਹਾਰ ਮਿਲੀ ਹੈ। ਯੋਗੀ ਰਾਜ ਤੋਂ ਔਖੇ ਲੋਕਾਂ ਨੇ ਯੋਗੀ ਦੇ ਗੜ ’ਚ ਉਸਨੂੰ ਬੁਰੀ ਮਾਰ ਮਾਰੀ ਹੈ। ਜਿਹੜੀ ਭਾਜਪਾ 2019 ’ਚ ਹਿੰਦੁਸਤਾਨ ਨੂੰ ਇੱਕ ਵਾਰ ਫ਼ਿਰ ਵੱਡੀ ਜਿੱਤ ਨਾਲ ਜਿੱਤ ਕੇ, ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨੇ ਜਾਣ ਦੇ ਸੁਫ਼ਨੇ ਵੇਖ ਰਹੀ ਸੀ, ਉਸ ਭਾਜਪਾ ਨੂੰ ਹਿੰਦੂਆਂ ਦਾ ਗੜ ਮੰਨੇ ਜਾਂਦੇ ਗੋਰਖ਼ਪੁਰ ਤੇ ਫੂਲਪੁਰ ’ਚ ਕਰਾਰੀ ਹਾਰ ਮਿਲਣੀ, ਭਵਿੱਖ ਦੇ ਕਈ ਰੰਗਾਂ ਨੂੰ ਉਘਾੜਦੀ ਹੈ। ਬਿਨਾਂ ਸ਼ੱਕ ਯੂ.ਪੀ. ’ਚ ਯੋਗੀ ਦੇ ਹਿੰਦੂਤਵੀ ਜੰਗਲ ਰਾਜ ਤੋਂ ਲੋਕ ਬੁਰੀ ਤਰਾਂ ਅੱਕੇ ਹੋਏ ਸਨ। ਉਨਾਂ ਨੇ ਯੋਗੀ ਤੇ ਭਾਜਪਾ ਦੋਵਾਂ ਨੂੰ ਸਬਕ ਸਿਖਾਉਣ ਲਈ ‘‘ਵੋਟਰ ਬਾਦਸ਼ਾਹ’’ ਦੀ ਤਾਕਤ ਵਿਖਾ ਦਿੱਤੀ ਹੈ। ਦੂਜੇ ਪਾਸੇ ਇਸ ਵੱਡੀ ਜਿੱਤ ਨੇ ਯੂ.ਪੀ. ’ਚ ਸਪਾ ਤੇ ਬਸਪਾ ਦੇ ਗੱਠਜੋੜ ਦੀ ਤਾਕਤ ਦਾ ‘‘ਟ੍ਰੇਲਰ’’ ਵਿਖਾ ਦਿੱਤਾ ਹੈ। ਜਿਸ ਯੂ.ਪੀ. ’ਚ ਘੱਟਗਿਣਤੀ ਤੇ ਦਲਿਤ ਭਾਈਚਾਰਾ ਇੱਕ ਖੌਫ਼ ਦੇ ਮਾਹੌਲ ’ਚ ਜੀਅ ਰਿਹਾ ਸੀ, ਉਸਨੇ ਉਸ ਮਾਹੌਲ ਵਿਰੁੱਧ ਨਿੱਡਰ ਹੋਕੇ ਵੋਟ ਪਾਈ ਹੈ।

ਚੋਣ ਨਤੀਜਿਆਂ ਨੇ ਯੂ.ਪੀ., ਬਿਹਾਰ ’ਚ ਕਾਂਗਰਸ ਦੇ ਪੈ ਚੁੱਕੇ ਭੋਗ ’ਤੇ ਵੀ ਮੋਹਰ ਲਾ ਦਿੱਤੀ ਹੈ। ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਕਾਂਗਰਸ ਦੀ ਵਾਪਸੀ, ਖੇਤਰੀ ਪਾਰਟੀਆਂ ਦੇ ਪੂਰਨ ਸਹਿਯੋਗ ਤੋਂ ਬਿਨਾਂ ਅਸੰਭਵ ਹੈ। ਇਸ ਲਈ ਰਾਹੁਲ ਗਾਂਧੀ ਲਈ ਦਿੱਲੀ ਹਾਲੇਂ ਬਹੁਤ ਦੂਰ ਹੈ। ਬਿਨਾਂ ਸ਼ੱਕ ਭਾਜਪਾ ਨੂੰ ਯੂ.ਪੀ., ਬਿਹਾਰ ’ਚ ਮਿਲੀ ਇਹ ਕਰਾਰੀ ਹਾਰ, ਉਸਦੀ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਹਰਾਮ ਕਰ ਦੇਵੇਗੀ। ਪ੍ਰਤੂ ਜਿਹੜੀ ਚਿੰਤਾ ਦੀ ਅਸੀਂ ਉੱਪਰ ਗੱਲ ਕੀਤੀ ਹੈ, ਉਹ ਹੈ ਜ਼ਖ਼ਮੀ ਹਿੰਦੂਤਵ ਦੇ ਪਲਟ-ਵਾਰ ਦੀ। ਬਿਨਾਂ ਸ਼ੱਕ ਹੁਣ ਇਹ ਸਾਫ਼ ਹੋ ਗਿਆ ਹੈ ਕਿ ਭਾਜਪਾ ਵਿਕਾਸ, ਆਰਥਿਕਤਾ, ਭਿ੍ਰਸ਼ਟਾਚਾਰ, ਮਹਿੰਗਾਈ ਜਾਂ ਚੰਗੇ ਦਿਨਾਂ ਦੇ ਮੁੱਦਿਆਂ ਨੂੰ ਲੈ ਕੇ ਅਗਾਮੀ ਲੋਕ ਸਭਾ ਚੋਣਾਂ ਦੇ ਮੈਦਾਨ ’ਚ ਨਹੀਂ ਉਤਰੇਗੀ। ਫ਼ਿਰ ਉਸ ਪਾਸ ਸਿਰਫ਼ ਤੇ ਸਿਰਫ਼ ‘‘ਹਿੰਦੂਤਵ’’ ਹੀ ਇੱਕੋ ਇੱਕ ਹਥਿਆਰ ਬਾਕੀ ਬਚਦਾ ਹੈ। ਇਸੇ ਹਥਿਆਰ ਨੂੰ ਭਾਜਪਾ ਆਪਣਾ ਬ੍ਰਹਮਅਸ਼ਤਰ ਮੰਨਦਿਆਂ, ਉਸਦੀ ਵਰਤੋਂ ਕਰ ਸਕਦੀ ਹੈ। ਸਾਨੂੰ 2018 ਦੇ ਅਖ਼ੀਰਲੇ ਮਹੀਨਿਆਂ ’ਚ ਦੇਸ਼ ’ਚ ਫਿਰਕੂ ਦੰਗਿਆਂ ਦੇ ਭਾਂਬੜ ਅੱਜ ਹੀ ਵਿਖਾਈ ਦੇ ਰਹੇ ਹਨ। ਪਾਕਿਸਤਾਨ ਨਾਲ ਜੰਗ ਦੀ ਪੈੜ ਚਾਲ ਨੂੰ ਨੇੜੇ ਮਹਿਸੂਸ ਕਰ ਰਹੇ ਹਾਂ। ਘੱਟ ਗਿਣਤੀਆਂ ਤੇ ਦਲਿਤ ਭਾਈਚਾਰੇ ਨੂੰ ਹਿੰਦੂੂਤਵੀ ਫ਼ਿਰਕੂ ਜਾਨੂੰਨ ਨੂੰ ਯੂ.ਪੀ. ਦੇ ਚੋਣ ਨਤੀਜਿਆਂ ਵਾਗੰੂੂ ਨੱਥ ਪਾਉਣ ਲਈ ਹੋਰ ਤਕੜੇ ਹੋ ਕੇ, ਹੋਰ ਇਕਜੁੱਟ ਹੋ ਕੇ ਅੱਜ ਤੋਂ ਹੀ ਤਿਆਰੀਆਂ ਵਿੱਢਣੀਆਂ ਪੈਣਗੀਆਂ।

ਦੇਸ਼ ’ਚ ਖ਼ਤਰਨਾਕ ਸਿਆਸੀ ਖੇਡ ਦੀ ਆਰੰਭਤਾ ਹੋ ਚੁੱਕੀ ਹੈ। ਇਹ ਅਹਿਸਾਸ ਸਾਰੀਆਂ ਭਾਜਪਾ ਵਿਰੋਧੀ ਧਿਰਾਂ ਨੂੰ ਬਾਖ਼ੂਬੀ ਕਰਨਾ ਪਵੇਗਾ। ਜਿਸ ਤਰਾਂ ਭਾਜਪਾ ਵਿਰੋਧੀ ਮਾਹੌਲ ਯੂ.ਪੀ. ਦੀ ਯੋਗੀ ਸਰਕਾਰ ਵਿਰੁੱਧ ਬਣਿਆ ਹੈ, ਉਸ ਦੀ ਤੁਲਨਾ ਪੰਜਾਬ ’ਚ ਕੈਪਟਨ ਦੀ ਸਰਕਾਰ ਨਾਲ ਵੀ ਕੀਤੀ ਜਾ ਸਕਦੀ ਹੈ। ਇਕ ਸਾਲ ਦੇ ਰਾਜ ਤੋਂ ਜਿਵੇਂ ਪੰਜਾਬ ਦੇ ਲੋਕਾਂ ਦੀਆਂ ਆਸਾਂ ਉਮੀਦਾਂ ਤੜੱਕ ਕਰਕੇ ਟੁੱਟੀਆਂ ਹਨ, ਉਵੇਂ ਹੀ ਯੂ.ਪੀ. ’ਚ ਵੀ ਹੋਇਆ ਸੀ। ਯੂ.ਪੀ. ਦੇ ਚੋਣ ਨਤੀਜੇ ਪੰਜਾਬ ਦੀ ਕੈਪਟਨ ਸਰਕਾਰ ਲਈ ਵੀ ਸਬਕ ਮੰਨੇ ਜਾਣੇ ਚਾਹੀਦੇ ਹਨ। ਖ਼ੈਰ! ਅਸੀਂ ਚਾਹਾਂਗੇ ਕਿ ਦੇਸ਼ ਦੀਆਂ ਇਨਸਾਫ਼ ਪਸੰਦ ਧਿਰਾਂ, ਘੱਟ ਗਿਣਤੀਆਂ ਤੇ ਦਲਿਤ ਭਾਈਚਾਰਾ, ਦੇਸ਼ ਨੂੰ ਹਿੰਦੂਤਵੀ ਅਜਗਰ ਦੀ ਲਪੇਟ ’ਚ ਆਉਣ ਤੋਂ ਰੋਕਣ ਲਈ ਇਕਜੁੱਟ ਹੋਵੇ, ਸ਼ਕਤੀਸ਼ਾਲੀ ਹੋਵੇ। ਯੂ.ਪੀ. ਚੋਣਾਂ ਦੇ ਨਤੀਜੇ ਭਾਜਪਾ ਸਮੇਤ ਹਰ ਧਿਰ ਲਈ ਚੁਣੌਤੀ ਬਣਕੇ ਉਭਰੇ ਹਨ। ਇਸ ਲਈ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜਿਥੇ ਭਾਜਪਾ ਨੇ ਹਿੰਦੂਤਵੀ ਦੰਦ ਤਿੱਖੇ ਕਰਨੇ ਹਨ, ਉਥੇ ਦੇਸ਼ ਨੂੰ ਬਚਾਉਣ ਵਾਲੀਆਂ ਧਿਰਾਂ ਨੂੰ ਇਨਾਂ ਦੰਦਾਂ ਨੂੰ ਖੁੰਡਾ ਕਰਨ ਲਈ ਅੱਜ ਤੋਂ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

Unusual
Article
Election 2018
Uttar Pardesh
Bihar

Click to read E-Paper

Advertisement

International