ਸਿੱਖ ਪ੍ਰਸ਼ੰਸਕ ਕਿਰਪਾਨ ਪਾ ਕੇ ਨਹੀਂ ਵੇਖ ਸਕਣਗੇ ਵਿਸ਼ਵ ਕਿ੍ਰਕਟ ਕੱਪ

ਐਡੀਲੇਡ 15 ਫਰਵਰੀ (ਏਜੰਸੀਆਂ): ਆਸਟ੍ਰੇਲੀਆ ਦੇ ਐਡੀਲੇਡ ‘ਚ ਚੱਲ ਰਹੇ ਵਿਸ਼ਵ ਕੱਪ ਨੂੰ ਕੋਈ ਵੀ ਸਿੱਖ ਕਿਰਪਾਨ ਪਾ ਕੇ ਨਹੀਂ ਵੇਖ ਸਕੇਗਾ। ਕਿ੍ਰਕਟ ਕਮੀਸ਼ਨ ਜਾਂ ਐਡੀਲੇਡ ਓਵਲ ਦੀ ਪ੍ਰਬੰਧਕੀ ਕਮੇਟੀ ਵਲੋਂ ਇਸ ਬਾਰੇ ਅਜੇ ਕੁਝ ਵੀ ਕਿਹਾ ਨਹੀਂ ਗਿਆ ਹੈ। ਇਸ ਸਬੰਧੀ ਜਦੋਂ ਆਸਟ੍ਰੇਲੀਆ ਸਿੱਖ ਸਰਵਿਸ ਦੇ ਰੀਪ੍ਰੈਜ਼ਨਟੇਟਿਵ ਹਰਵਿੰਦਰ ਸਿੰਘ ਗਰਚਾ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਉਨਾਂ ਨੇ ਪੁਲਸ ਕਮਿਸ਼ਨਰ ਨਾਲ ਗੱਲਬਾਤ ਕੀਤੀ ਤੇ ਉਨਾਂ ਨੇ ਦੱਸਿਆ ਕਿ ਇਸ ਵਿਚ ਪੁਲਸ ਦੀ ਕੋਈ ਦਖਲਅੰਦਾਜ਼ੀ ਨਹੀਂ ਹੈ ਅਤੇ ਇਹ ਇੰਤਜ਼ਾਮ ਐਡੀਲੇਡ ਓਵਲ ਦੇ ਪ੍ਰਬੰਧਕੀ ਕਮੇਟੀ ਵਲੋਂ ਕੀਤੇ ਗਏ ਹਨ। ਇਹ ਮੰਨਿਆ ਜਾਂਦਾ ਹੈ ਕਿ ਇਹ ਜੋ ਵੀ ਨਿਯਮ ਹਨ ਉਹ ਸਿਰਫ ਦਰਸ਼ਕਾਂ ਦੀ ਸੁਰੱਖਿਆ ਲਈ ਹਨ ਅਤੇ ਇਸ ਗੱਲ ਨੂੰ ਕਿਸੇ ਇਕ ਧਰਮ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਇਸ ਸਬੰਧ ‘ਚ ਅਜੇ ਆਈ. ਸੀ. ਸੀ. ਵਲੋਂ ਜਾਂ ਐਡੀਲੇਡ ਕੌਂਸਲ ਵਲੋਂ ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਯੂਨਾਈਟਿਡ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਇਕ ਈਮੇਲ ਅਨੁਸਾਰ ਆਸਟ੍ਰੇਲੀਆ ਇਸ ਵੇਲੇ ਨੈਸ਼ਨਲ ਟੈਰੋਰਿਜ਼ਮ ਲਈ ਹਾਈ  ਅਲਰਟ ‘ਤੇ ਹੈ, ਜਿਸ ਕਰਕੇ ਕਿਸੇ ਵੀ ਵੱਡੇ ਈਵੈਂਟ ‘ਚ ਪਬਲਿਕ ਦੀ ਸੁੱਰਖਿਆ ਲਈ ਹੋਰ ਵੀ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਇਸ ਕਰਕੇ ਹੀ ਕਿ੍ਰਕਟ ਦੇ ਇਸ ਮੈਚ ਨੂੰ ਦੇਖਣ ਜਾਣ ਲਈ ਇਹ ਨਿਯਮ ਸਨ ਕਿ ਕੋਈ ਵੀ ਵਿਅਕਤੀ ਕੋਈ ਨੁਕੀਲੀ ਚੀਜ਼ ਅੰਦਰ ਨਹੀਂ ਲੈ ਕੇ ਜਾ ਸਕਦਾ। ਇਸ ਵਿਚ ਕੋਕ ਦੇ ਕੈਨ ਵੀ ਸ਼ਾਮਲ ਹਨ।

International