“ਪਾਕਿਸਤਾਨ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਹੀ ਹੋਵੇਗਾ ਲਾਗੂ“

ਚੰਡੀਗੜ: ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਫੈਡਰਲ ਮੰਤਰੀ ਪੀਰ ਮੁਹੰਮਦ ਅਮੀਨੁਲ ਹਸਨ ਸ਼ਾਹ ਨੇ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਲਾਗੂ ਰੱਖਣ ਦਾ ਐਲਾਨ ਕਰਕੇ ਇੱਕ ਵਾਰ ਮੁੜ ਨਾਨਕਸ਼ਾਹੀ ਕੈਲੰਡਰ ਬਾਰੇ ਚਰਚਾ ਛੇੜ ਦਿੱਤੀ ਹੈ। ਫੈਡਰੇਲ ਮੰਤਰੀ ਅਮਰੀਕਾ ਦੇ ਨਿਊ ਜਰਸੀ ਸ਼ਹਿਰ ਦੇ ਗਲੈਨ ਰਾਕ ਗੁਰਦੁਆਰੇ ਵਿੱਚ ਮੱਥਾ ਟੇਕਣ ਲਈ ਗਏ ਸਨ, ਜਿਥੇ ਉਨਾਂ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਇਹ ਐਲਾਨ   ਕੀਤਾ ਹੈ। ਇਸ ਦਾ ਖੁਲਾਸਾ ਕਰਦਿਆਂ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪਿ੍ਰਤਪਾਲ ਸਿੰਘ ਨੇ ਕੀਤਾ ਹੈ। ਉਨਾਂ ਦੱਸਿਆ ਕਿ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਅਮਰੀਕਾ ਦੌਰੇ ‘ਤੇ ਆਏ ਹੋਏ ਹਨ ਅਤੇ ਇਸ ਦੌਰਾਨ ਉਨਾਂ ਨਿਊ ਜਰਸੀ ਸ਼ਹਿਰ ਦੇ ਗੁਰਦੁਆਰੇ ਵਿੱਚ ਮੱਥਾ ਟੇਕਿਆ। ਉਨਾਂ ਭਰੋਸਾ ਦਿੱਤਾ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਹੀ ਲਾਗੂ ਰਹੇਗਾ ਅਤੇ ਗੁਰਪੁਰਬ ਤੇ ਦਿਨ ਦਿਹਾੜੇ ਇਸੇ ਕੈਲੰਡਰ ਅਨੁਸਾਰ ਹੀ ਮਨਾਏ ਜਾਣਗੇ।

ਉਨਾਂ ਆਖਿਆ ਕਿ ਸਿੱਖ ਜਗਤ 2003 ਵਾਲੇ ਨਾਨਕਸ਼ਾਹੀ ਕੈਲੰਡਰ ਨੂੰ ਮੂਲ ਰੂਪ ਵਿੱਚ ਸਵੀਕਾਰ ਕਰ ਚੁੱਕੇ ਹਨ। ਕੁਝ ਕਾਰਨਾਂ ਕਰਕੇ ਕੁਝ ਸਿੱਖ ਸੰਸਥਾਵਾਂ ਇਸ ਕੈਲੰਡਰ ਵਿੱਚ ਤਬਦੀਲੀਆਂ ਕਰਕੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰ ਰਹੇ ਹਨ ਪਰ ਪਾਕਿਸਤਾਨ ਦੇ ਸਿੱਖਾਂ ਨੂੰ ਸਿਰਫ ਮੂਲ ਨਾਨਕਸ਼ਾਹੀ ਕੈਲੰਡਰ ਹੀ ਸਵੀਕਾਰ ਹੈ। ਅਮਰੀਕਾ ਦੀ ਸਿੱਖ ਸੰਗਤ ਨੇ ਪਾਕਿਸਤਾਨੀ ਮੰਤਰੀ ਦਾ ਗੁਰਦੁਆਰਾ ਸਾਹਿਬ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਸਿੱਖ ਸੰਗਤ ਨੇ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ, ਵੀਜ਼ੇ ਦੇਣ ਅਤੇ ਸਿੱਖਾਂ ਦੀ ਸੁਰੱਖਿਆ ਵਰਗੇ ਮੁੱਦੇ ਵੀ ਉਠਾਏ, ਜਿਨਾਂ ਦੇ ਸਵਾਲ ਵਿੱਚ ਫੈਡਰਲ ਮੰਤਰੀ ਨੇ ਆਖਿਆ ਕਿ  ਪਾਕਿਸਤਾਨ ਸਰਕਾਰ ਸਿੱਖ ਭਾਈਚਾਰੇ ਦੀ ਸੁਰੱਖਿਆ ਲਈ ਹਮੇਸ਼ਾ ਵਚਨਬੱਧ ਹੈ। ਉਨਾਂ ਨੇ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਬੇਹਤਰ ਢੰਗ ਨਾਲ ਕਰਨ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਜਗਜੀਤ ਸਿੰਘ ਅਤੇ ਡਾ. ਪਿ੍ਰਤਪਾਲ ਸਿੰਘ ਨੇ ਸੰਗਤ ਦੇ ਸਹਿਯੋਗ ਨਾਲ ਪਾਕਿਸਤਾਨੀ ਮੰਤਰੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਜ਼ਿਕਰਯੋਗ ਕਿ ਪਾਕਿਸਤਾਨ ਵਿੱਚ ਪਹਿਲਾਂ ਮੂਲ ਨਾਨਕਸ਼ਾਹੀ ਕੈਲੰਡਰ ਹੀ ਲਾਗੂ ਹੈ ਅਤੇ ਭਾਰਤ ਵਿੱਚ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਲਾਗੂ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਵਿੱਚ ਗੁਰਪੁਰਬ ਦੀਆਂ ਤਰੀਕਾਂ ਅੱਗੇ ਪਿੱਛੇ ਆਉਂਦੀਆਂ ਹਨ ਅਤੇ ਸਿੱਖ ਸੰਗਤ ਨੂੰ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਸਤੇ ਵੀਜ਼ੇ ਮਿਲਣ ਵਿੱਚ ਦਿੱਕਤ ਪੇਸ਼ ਆਉਂਦੀ ਹੈ। ਇਸ ਸਬੰਧੀ ਬੀਤੇ ਵਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ਦਾ ਦੌਰਾ ਕੀਤਾ ਸੀ ਅਤੇ ਪਾਕਿਸਤਾਨੀ ਸਿੱਖਾਂ ਨੂੰ ਅਕਾਲ ਤਖ਼ਤ ਵੱਲੋਂ ਪ੍ਰਵਾਨਿਤ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਸੀ। ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਬਾਰੇ ਵਧ ਰਹੇ ਵਿਵਾਦ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰ ਵੀ ਕੈਲੰਡਰ ਵਿੱਚ ਸੋਧ ਕਰਕੇ ਵਿਵਾਦ ਨੂੰ ਹੱਲ ਕਰਨ ਲਈ ਲਿਖਤੀ ਸਮਰਥਨ ਦੇ ਚੁੱਕੇ ਹਨ।

International