ਮੋਗਾ ਦੇ ਪਿੰਡ ਦੀ ਕੁੜੀ ਅਮਰੀਕਾ 'ਚ ਬਣੀ ਜੱਜ

ਕੈਲੇਫ਼ੋਰਨੀਆ 7 ਜੂਨ (ਏਜੰਸੀਆਂ) ਦੁਨੀਆ ਦੇ ਹਰ ਕੋਨੇ 'ਚ ਪੰਜਾਬੀਆਂ ਨੇ ਆਪਣੀ ਸਫਲਤਾ ਦੇ ਝੰਡੇ ਗੱਡੇ ਹੋਏ ਹਨ। ਲਗਭਗ ਹਰ ਵੱਡੇ ਦੇਸ਼ 'ਚ ਅੱਜ ਵੀ ਪੰਜਾਬੀ ਉੱਚੇ ਅਹੁਦਿਆਂ 'ਤੇ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਦੀ ਮਿਸਾਲ ਕਾਇਮ ਕੀਤੀ ਹੈ ਮੋਗਾ ਦੇ ਪਿੰਡ ਲੁਹਾਰਾ ਦੀ ਗੁਰਦੀਪ ਕੌਰ ਨੇ, ਜੋ ਕਿ ਆਪਣੀ ਮਿਹਨਤ ਤੇ ਲਗਨ ਸਦਕਾ ਅਮਰੀਕਾ 'ਚ ਜੱਜ ਬਣ ਗਈ ਹੈ । ਪਤਾ ਲੱਗਾ ਹੈ ਕਿ ਕੈਲੀਫੋਰਨੀਆ ਸ਼ਹਿਰ 'ਚ ਰਹਿ ਰਹੀ ਗੁਰਦੀਪ ਕੌਰ ਵਕਾਲਤ ਦੀ ਪੜ੍ਹਾਈ ਕਰਨ ਲਈ ਅਮਰੀਕਾ ਗਈ ਸੀ, ਜਿੱਥੇ ਉਸਨੇ ਪੜ੍ਹਾਈ ਦੇ ਨਾਲ-ਨਾਲ ਅਖਬਾਰਾਂ ਵੰਡ ਕੇ ਆਪਣਾ ਖਰਚਾ ਚੁੱਕਿਆ ਅਤੇ ਡੱਟ ਕੇ ਮਿਹਨਤ ਕਰਕੇ 8 ਸਾਲ ਦੀ ਵਕਾਲਤ ਕੀਤੀ। 

ਦੱਸਣਯੋਗ ਹੈ ਕਿ ਈਮਾਨਦਾਰੀ ਨਾਲ ਨਿਭਾਈ ਜ਼ਿੰਮੇਵਾਰੀ ਤੋਂ ਬਾਅਦ ਗੁਰਦੀਪ ਕੌਰ ਦੀ ਜੱਜ ਦੇ ਅਹੁਦੇ ਲਈ ਨਿਯੁਕਤੀ ਹੋਈ। ਗੁਰਦੀਪ ਕੌਰ ਦੇ ਅਮਰੀਕਾ 'ਚ ਜੱਜ ਬਣਨ 'ਤੇ ਉਸਦੇ ਪਿਤਾ ਦੇ ਨਾਲ – ਨਾਲ ਪੂਰੇ ਪਿੰਡ 'ਚ ਇਸ ਸਮੇਂ ਖੁਸ਼ੀ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਕਹਿੰਦੇ ਹਨ ਕਿ ਜੇਕਰ ਆਪਣੇ ਮਨ 'ਚ ਕਿਸੇ ਟੀਚੇ ਨੂੰ ਧਾਰ ਲਿਆ ਜਾਵੇ ਤਾਂ ਮਿਹਨਤ ਨਾਲ ਉਸ ਤੱਕ ਜ਼ਰੂਰ ਪਹੁੰਚਿਆ ਜਾ ਸਕਦਾ ਹੈ। ਅਜਿਹੀ ਹੀ ਮਿਸਾਲ ਗੁਰਦੀਪ ਕੌਰ ਨੇ ਕਾਇਮ ਕੀਤੀ ਹੈ ਜੋ ਕਿ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਪ੍ਰੇਰਨਾਸ੍ਰੋਤ ਬਣ ਗਈ ਹੈ।

Unusual
NRI
USA

Click to read E-Paper

Advertisement

International