ਸਿੱਖ, ਸਿੱਖੀ ਦੀ ਪਹਿਚਾਣ ਕਦੋਂ ਕਰਨਗੇ...?

ਜਸਪਾਲ ਸਿੰਘ ਹੇਰਾਂ
ਸਿੱਖ ਕੌਮ ਜਿਹੜੀ, ਕੁਰਬਾਨੀ, ਬਹਾਦਰੀ, ਦ੍ਰਿੜਤਾ, ਆਡੋਲਤਾ ਦੇ ਜਜ਼ਬੇ ਅਤੇ ਦਇਆ, ਧਰਮ, ਸੰਤੋਖ, ਨਿਮਰਤਾ, ਤਿਆਗ ਵਾਲੇ ਸਿਖ਼ਰਲੇ ਦਰਜੇ ਦੇ ਗੁਣਾਂ ਵਾਲੀ ਸਾਜੀ ਗਈ ਕੌਮ ਹੈ, ਸਿੱਖ ਧਰਮ, ਕੋਈ ਕਰਮਕਾਂਡੀ, ਆਡੰਬਰੀ ਤੇ ਸਵਰਗੀ ਝੂਟੇ ਦੇਣ ਦੇ ਝੂਠੇ ਸੁਫ਼ਨੇ ਵਿਖਾਉਣ ਵਾਲਾ ਧਰਮ  ਨਹੀਂ। ਸਿੱਖ ਧਰਮ ਜੀਵਨ ਜਾਂਚ ਹੈ। ਜਿਹੜੀ ਮਨੁੱਖ ਨੂੰ ਪਰਮ ਮਨੁੱਖ ਬਣਾਉਂਦੀ ਹੈ। ਗੁਰੂ ਸਾਹਿਬਾਨ ਨੇ ਗੁਰਬਾਣੀ ਰਾਹੀ ਮਨੁੱਖ ਨੂੰ ਜੀਵਨ ਦੇ ਹਰ ਖੇਤਰ 'ਚ ਵਿਚਰਨ ਦੀ, ਅੱਗੇ ਵੱਧਣ ਦੀ ਜੀਵਨ ਜਾਂਚ ਸਿਖਾਈ ਹੈ। ਦੁਨੀਆ 'ਚ ਇੱਕੋ-ਇੱਕ ਧਾਰਮਿਕ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਜਿਹੜੇ ਹਰ ਮਨੁੱਖ ਨੂੰ ਜੀਵਨ ਦੇ ਹਰ ਖੇਤਰ 'ਚ ਚਾਹੇ ਉਹ ਧਾਰਮਿਕ ਹੋਏ, ਰਾਜਨੀਤਕ ਹੋਵੇ, ਸਮਾਜਿਕ ਹੋਏ, ਸੱਭਿਆਚਾਰਕ ਹੋਏ, ਆਰਥਿਕ ਹੋਵੇ, ਸਰੀਰਕ ਹੋਏ, ਗਿਆਨ ਤੇ ਸਿੱਖਿਆ ਦਾ ਖੇਤਰ ਹੋਏ, ਪੂਰਨ ਅਗਵਾਈ ਦਿੰਦੇ ਹਨ। ਇਸੇ ਲਈ ਗੁਰੂ ਗ੍ਰੰਥ ਸਾਹਿਬ 'ਚ ਦਰਜ ਗੁਰਬਾਣੀ, ਜੀਵਨ ਜਾਂਚ ਲਈ ਠੋਸ ਸਿਧਾਂਤ ਦਿੰਦੀ ਹੈ, ਜਿਨ੍ਹਾਂ ਤੇ ਚੱਲਕੇ, ਜਿਨ੍ਹਾਂ ਨੂੰ ਅਪਨਾ ਕੇ, ਮਨੁੱਖ ਹਰ ਔਕੜ, ਹਰ ਸਮੱਸਿਆ ਤੇ ਅਸਾਨੀ ਨਾਲ ਕਾਬੂ ਪਾ ਸਕਦਾ ਹੈ। ਪ੍ਰੰਤੂ ਜਿਸ ਕੌਮ ਪਾਸ ਐਨਾ ਮਹਾਨ ਅਨਮੋਲ ਖਜ਼ਾਨਾ ਹੈ, ਉਹ ਕੌਮ ਅੱਜ ਕੰਗਲੀ ਹੋਈ ਫ਼ਿਰਦੀ ਹੈ। ਸੁਆਰਥ ਪਦਾਰਥ, ਲੋਭ-ਲਾਲਸਾ ਦੀ ਅੰਨ੍ਹੀ ਦੌੜ ਨੇ ਉਸਨੂੰ ਐਨਾ ਅੰਨ੍ਹਾ ਬੋਲਾ ਕਰ ਛੱਡਿਆ ਹੈ ਕਿ ਗੁਰਬਾਣੀ ਕੀ ਕਹਿੰਦੀ ਹੈ? ਉਹ ਸੁਣਨ ਲਈ ਤਿਆਰ ਨਹੀਂ ਹੈ।

ਉਸ ਲਈ ਗੁਰਮੱਤ ਦੇ ਕੋਈ ਅਰਥ ਨਹੀਂ, ''ਮੈਂ-ਮੈਂ ਤੇ ਮੇਰੇ ਤੋਂ ਵੱਧ ਕੋਈ ਹੋਰ ਸਿਆਣਾ ਨਹੀਂ'' ਇਹ ਮੂਰਖਾਨਾ ਸੋਚ, ਉਸਦੇ ਦਿਮਾਗ ਤੇ ਭਾਰੂ ਹੋ ਚੁੱਕੀ ਹੈ। ਜਿਵੇਂ ਅਸੀਂ ਉਪਰ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ, ਜੀਵਨ ਦੇ ਹਰ ਖੇਤਰ 'ਚ ਯੋਗ ਤੇ ਠੋਸ ਅਗਵਾਈ ਦਿੰਦੇ ਹਨ। ਕੌਮ 'ਚ ਕਿਸੇ ਤਰ੍ਹਾਂ ਦੀ ਦੁਬਿਧਾ, ਵਿਚਾਰਾਂ ਦੇ ਮੱਦਭੇਦ ਸਮੇਂ ਗੁਰਬਾਣੀ ਸਾਨੂੰ ਸਿਰ ਜੋੜ ਕੇ ਬੈਠਣ ਅਤੇ ਵਿਚਾਰ ਚਰਚਾ ਕਰਕੇ, ਮਸਲੇ ਦਾ ਹੱਲ ਲੱਭਣ ਦਾ ਰਾਹ ਦੱਸਦੇ ਹਨ। ਪ੍ਰੰਤੂ ਅੱਜ ਕੋਈ ਸਿੱਖ, ਦੂਜੇ ਦੀ ਸੁਣਨ ਲਈ ਤਿਆਰ ਨਹੀਂ। ਦੂਜੇ ਦਾ ਸਤਿਕਾਰ ਕਰਨਾ, ਉਸਦੇ ਵਿਚਾਰਾਂ ਨੂੰ ਅਹਿਮੀਅਤ ਦੇਣਾ, ਸਭ ਭੁੱਲ ਗਿਆ ਹੈ। ਹਰ ਸਿੱਖ ਆਗੂ ਅਨੁਸਾਰ, ਜਿਹੜਾ ਦੂਜਾ, ਉਸ ਅਨੁਸਾਰ, ਉਸਦੀ ਮੱਤ ਅਨੁਸਾਰ ਜਾਂ ਅਸਲ 'ਚ ਉਸਦੇ ਲਾਹੇ ਲਈ ਨਹੀਂ ਚੱਲਦਾ, ਉਹ ਮੂਰਖ ਹੈ, ਗੰਵਾਰ ਹੈ, ਡਰਪੋਕ ਹੈ ਤੇ ਆਖ਼ਰੀ ਸਿੱਟਾ ''ਸਿੱਖ ਹੀ ਨਹੀਂ'' ਹੈ। ਦਾ ਫ਼ਤਵਾ ਸੁਣਾ ਦਿੱਤਾ ਜਾਂਦਾ ਹੈ। ਕੌਮ 'ਚ ਵੰਡੀਆਂ ਦਿਨੋ-ਦਿਨ ਵੱਧ ਰਹੀ ਹੈ। ਜਿਵੇਂ ਹੀ ਧੜਿਆਂ ਨੂੰ ਘੱਟ ਕਰਨ ਦੀ ਕੋਈ ਗੰਭੀਰ ਕੋਸ਼ਿਸ਼ ਹੁੰਦੀ ਹੈ। ਉਲਟਾ ਇੱਕ-ਅੱਧ ਹੋਰ ਨਵਾਂ ਧੜਾ ਪੈਦਾ ਹੋ ਜਾਂਦਾ ਹੈ। ਨਿੱਕੀ ਜਿੰਨੀ ਕੌਮ, ਜਿਸ ਨੂੰ ਗੁਰੂ ਸਾਹਿਬਾਨ ਨੇ ਏਕੇ ਤੇ ਗਿਆਨ ਦੀ ਤਾਕਤ ਨਾਲ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਕੌਮ ਬਣਾਉਣਾ ਚਾਹਿਆ ਸੀ, ਉਹ ਕੌਮ ਅੱਜ ਖੱਖੜੀਆਂ-ਕਰੇਲੇ ਹੋ ਕੇ, ਬਿਗਾਨਿਆਂ ਦੇ ਰਹਿਮੋ-ਕਰਮ ਤੇ ਚਲੀ ਗਈ ਹੈ। ਇਹ ਠੀਕ ਹੈ ਕਿ ਹਰ ਦੇਸ਼ 'ਚ, ਹਰ ਕੌਮ 'ਚ ਗ਼ਦਾਰ ਹੁੰਦੇ ਹਨ। ਪ੍ਰੰਤੂ ਸਰਦਾਰਾਂ 'ਚ ਗ਼ਦਾਰ ਤੇ ਉਹ ਵੀ ਅਣਗਿਣਤ, ਸਮਝ ਤੋਂ ਬਾਹਰਾ ਹੈ। ਕੁਰਬਾਨੀ, ਬਹਾਦਰੀ, ਅਣਖ਼ ਦਾ ਤਿਆਗ ਕਰਕੇ, ਅੱਜ ਕੌਮ ਸੁਆਰਥੀ ਤੇ ਪਦਾਰਥੀ ਬਣ ਚੁੱਕੀ ਹੈ। ਇਸ ਲਈ ਅਸੀਂ ਮੰਡੀ ਦੇ ਵਿਕਾਊ ਮਾਲ ਬਣ ਗਏ ਹਾਂ। ਬੱਸ! ਸਾਡਾ ਮੁੱਲ ਪਾਉਣ ਵਾਲਾ ਹੋਣਾ ਚਾਹੀਦਾ ਹੈ?

ਇਸ ਤੋਂ ਵੱਧ ਸ਼ਰਮਨਾਕ ਸਾਡੇ ਲਈ ਭਲਾ ਕੀ ਹੋ ਸਕਦਾ ਹੈ? ਅਸੀਂ ਤਖ਼ਤਾਂ ਵਾਲੇ ਸੀ, ਤਾਜਾਂ ਵਾਲੇ ਸੀ, ਸਿਰ ਵੱਟੇ ਸਰਦਾਰੀਆਂ ਲੈਣ ਵਾਲੇ ਸੀ। ਪਰ ਅੱਜ ਸਭ ਕੁਝ ਦੇ ਕੇ ਚੌਧਰ ਲੈਣਾ ਸਾਡਾ ਦੀਨ ਇਮਾਨ ਬਣ ਗਿਆ। ਦੂਜੇ ਭਰਾ ਦੀ ਪੱਗ ਲਾਹੁੰਣੀ ਸਾਡਾ ਸ਼ੌਂਕ ਹੋ ਗਿਆ। ਗੁਰੂ ਨੂੰ ਪਿੱਠ ਦੇਣੀ ਸਾਡੇ ਲਈ ਧਰਮ ਹੋ ਗਿਆ। ਫ਼ਿਰ ਸਿੱਖੀ ਵਾਲੀ ਜੀਵਨ-ਜਾਂਚ ਨੂੰ ਗ਼ਲਤ ਠਹਿਰਾਵਾਂਗੇ? ਉਨ੍ਹਾਂ ਵੱਲੋਂ ਸਿਖਾਈ ਜੀਵਨ-ਜਾਂਚ ਨੂੰ ਗ਼ਲਤ ਦੱਸਾਂਗੇ? ਕੀ ਸਰਬੰਸਦਾਨੀ ਨੇ ਇਸ ਖ਼ਾਲਸਾ ਪੰਥ ਲਈ ਸਰਬੰਸ ਵਾਰਿਆ ਸੀ? ਕੌਮ ਦੇ ਦੁਸ਼ਮਣ ਚਲਾਕ ਵੀ ਨੇ, ਮਕਾਰ ਵੀ ਨੇ, ਸ਼ਕਤੀਸ਼ਾਲੀ ਵੀ ਨੇ, ਕੋਈ ਸ਼ੱਕ ਨਹੀਂ। ਉਨ੍ਹਾਂ ਲਈ ਸਾਨੂੰ ਪਾੜ੍ਹਨਾ, ਖਰੀਦਣਾ, ਭਰਾ ਨੂੰ ਭਰਾ ਨਾਲ ਲੜਾਉਣਾ, ਕੋਈ ਔਖਾ ਨਹੀਂ। ਪ੍ਰੰਤੂ ਕੀ ਸਿੱਖੀ ਐਨੀ ਕੱਚੀ ਹੋ ਗਈ? ਆਖ਼ਰ ਸਾਡੀ ਗੁਰੂ ਪ੍ਰਤੀ ਸ਼ਰਧਾ, ਗੁਰਬਾਣੀ ਪ੍ਰਤੀ ਸਤਿਕਾਰ, ਸਿੱਖੀ ਸਿਧਾਂਤਾਂ ਪ੍ਰਤੀ ਆਸਥਾ ਤੇ ਗੁਰਬਾਣੀ ਦਾ ਚਾਨਣਾ ਸਾਰਾ ਕੁਝ ਖ਼ਤਮ ਹੋ ਗਿਆ? ਅਸੀਂ ਸਿਰ ਜੋੜ ਕੇ ਬੈਠਣ ਜੋਗੇ ਹੀ ਨਹੀਂ ਰਹੇ? ਵਿਚਾਰ ਕਰਨੀ ਤਾਂ ਇਸ ਤੋਂ ਅੱਗੇ ਦੀ ਗੱਲ ਹੈ? ਨਿੰਦਿਆ, ਚੁਗਲੀ ਦੀ ਸਿੱਖੀ 'ਚ ਕੋਈ ਥਾਂ ਹੀ ਨਹੀਂ ਸੀ। ਅਸੀਂ ਆਪਣੀਆਂ ਸਾਰੀਆਂ ਕੌਮੀ ਸੰਸਥਾਵਾਂ, ਗੁਆ ਕੇ ਵੀ ਸਿਆਣੇ ਨਹੀਂ ਬਣ ਰਹੇ, ਜਾਣੇ-ਅਨਜਾਣੇ, ਦੁਸ਼ਮਣ ਤਾਕਤਾਂ ਦੇ ਹੱਥਾਂ 'ਚ ਖੇਡੀ ਜਾ ਰਹੇ ਹਾਂ। ਕੌਮ ਨੇ ਬਥੇਰੀ, ਜਲਾਲਤ ਝੱਲ ਲਈ। ਗੁਰੂ ਦੇ ਨਾਮ ਤੇ ਮਰ ਮਿਟਣ ਵਾਲੀ ਕੌਮ, ਅੱਜ ਗੁਰੂ ਦੇ ਨਾਮ ਤੇ ਸ਼ੁਰੂ ਹੋਏ ਸੰਘਰਸ਼ 'ਚੋਂ ਭੱਜ ਕੇ ਨਿੰਮੋਝੂਣੀ ਹੋਈ ਬੈਠੀ ਹੈ।

ਆਗੂਆਂ ਵੱਲੋਂ ਉਡਾਈ ਜਾ ਰਹੀਸ਼ ਕੁੱਕੜ ਖੋਹ, ਉਸਨੂੰ ਹੋਰ ਸ਼ਰਮਸ਼ਾਰ ਕਰ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਕੌਮ ਦੇ ਦਾਨਿਸ਼ਵਰ ਜਿਹੜੇ ਸੱਚ ਨੂੰ ਸੱਚ ਕਹਿਣ ਦੀ ਦਲੇਰੀ ਰੱਖਦੇ ਹਨ, ਉਹ ਅੱਗੇ ਆਉਣ, ਆਗੂਆਂ ਨੂੰ ਲਾਹਨਤਾਂ ਪਾ ਕੇ, ਏਕੇ ਕੀ ਲੜੀ 'ਚ ਪਰੋਨ ਦਾ ਯਤਨ ਕੀਤਾ ਜਾਵੇ। ਪ੍ਰਾਪਤੀਆਂ ਤਾਂ ਬਾਅਦ 'ਚ ਸਭ ਤੋਂ ਪਹਿਲਾ ਜੱਗ ਹਸਾਈ ਤਾਂ ਰੋਕੀ ਜਾਵੇ ਅਸੀਂ ਸਮੁੱਚੀ ਕੌਮ ਕੌਮ ਨੂੰ ਵੀ ਅਪੀਲ ਕਰਾਂਗੇ ਕਿ ਉਹ ਖ਼ੁਦ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਲਈ ਮੈਦਾਨ 'ਚ ਨਿੱਤਰੇ। ਸੰਗਤ ਨੂੰ ਸਿੱਖ ਧਰਮ 'ਚ ਇੱਕੀ ਬਿਸਵੇ ਰੱਖਣ ਪਿੱਛੇ ਸ਼ਾਇਦ ਗੁਰੂ ਸਾਹਿਬ ਦਾ ਮਨੋਰਥ ਇਹੋ ਸੀ। ਬਰਗਾੜੀ ਮੋਰਚੇ ਦੀ ਮੰਗ ਵੀ ਇਹੋ ਹੈ।

Editorial
Jaspal Singh Heran

Click to read E-Paper

Advertisement

International