ਭਾਈ ਜਗਤਾਰ ਸਿੰਘ ਤਾਰਾ ਨੂੰ ਮਿਲੀ ਜ਼ਮਾਨਤ

ਚੰਡੀਗੜ 18 ਫਰਵਰੀ (ਮੇਜਰ ਸਿੰਘ) ਖਾੜਕੂ ਆਗੂ ਭਾਈ ਜਗਤਾਰ ਸਿੰਘ ਤਾਰਾ ਨੂੰ ਚੰਡੀਗੜ ਦੀ ਇਕ ਅਦਾਲਤ ਨੇ ਜੇਲ ਬਰੇਕ ਕੇਸ ਵਿੱਚੋਂ ਜ਼ਮਾਨਤ ਦੇ ਦਿੱਤੀ ਹੈ। ਚੰਡੀਗੜ ਪੁਲੀਸ ਨੇ ਤਾਰੇ ਦਾ 14 ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਉਸ ਨੂੰ ਇਸ ਕੇਸ ਵਿੱਚੋਂ ਜ਼ਮਾਨਤ ਦੇ ਦਿੱਤੀ। ਉਂਜ ਅਦਾਲਤ ਨੇ ਤਾਰਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਲਈ ਬੁੜੈਲ ਜੇਲ ਭੇਜ ਦਿੱਤਾ ਹੈ। ਇਸ ਤਰਾਂ ਤਾਰਾ ਜਿਸ ਜੇਲ ਵਿੱਚੋਂ 11 ਸਾਲ ਪਹਿਲਾਂ (22 ਜਨਵਰੀ 2004) ਫਰਾਰ ਹੋਇਆ ਸੀ ਉਸੇ ਜੇਲ ਵਿੱਚ ਬੰਦ ਹੋ ਗਿਆ ਹੈ। ਪੰਜਾਬ ਪੁਲੀਸ ਵੱਲੋਂ ਮੰਗਲਵਾਰ ਨੂੰ ਅਚਨਚੇਤ ਤਾਰੇ ਨੂੰ ਬੁੜੈਲ ਜੇਲ ਬੰਦ ਕਰਨ ਲਈ ਲਿਆਉਣ ‘ਤੇ ਜੇਲ ਪ੍ਰਸ਼ਾਸਨ ਨੇ ਤਾਰੇ ਨੂੰ ਸਿੱਧੇ ਤੌਰ ‘ਤੇ ਹਾਸਲ ਕਰਨ ਤੋਂ ਇਨਕਾਰ ਕਰਦਿਆਂ ਅਦਾਲਤ ਰਾਹੀਂ ਲਿਆਉਣ ਲਈ ਕਿਹਾ। ਫਿਰ ਪੰਜਾਬ ਪੁਲੀਸ ਦੀ ਟੀਮ ਨੇ ਤਾਰੇ ਨੂੰ ਇੱਥੇ ਅਦਾਲਤ ਵਿੱਚ ਪੇਸ਼ ਕੀਤਾ। ਇਸੇ ਦੌਰਾਨ ਚੰਡੀਗੜ ਪੁਲੀਸ ਦੇ ਅਪਰੇਸ਼ਨ ਸੈੱਲ ਦੀ ਟੀਮ ਵੀ ਤਾਰੇ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲੈਣ ਲਈ ਅਦਾਲਤ ਵਿੱਚ ਪੁੱਜ ਗਈ। ਚੰਡੀਗੜ ਪੁਲੀਸ ਨੇ ਤਾਰੇ ਦਾ ਜੇਲ ਬਰੇਕ ਕੇਸ ਵਿੱਚ 14 ਦਿਨਾਂ ਦਾ ਰਿਮਾਂਡ ਮੰਗਿਆ।

ਦੂਸਰੇ ਪਾਸੇ ਤਾਰੇ ਦੇ ਵਕੀਲ ਅਮਰ ਸਿੰਘ ਚਾਹਿਲ ਨੇ ਕਿਹਾ ਕਿ ਜੇਲ ਬਰੇਕ ਕੇਸ ਵਿਚਲੀਆਂ ਗ਼ੈਰ-ਜ਼ਮਾਨਤੀ ਧਾਰਾਵਾਂ ਪਹਿਲਾਂ ਹੀ ਉਪਰਲੀ ਅਦਾਲਤ ਖਤਮ ਕਰ ਚੁੱਕੀ ਹੈ ਅਤੇ ਬਾਕੀ ਬਚਦੀ ਇਕ ਧਾਰਾ 224 ਜ਼ਮਾਨਤਯੋਗ ਹੈ। ਦੂਸਰੇ ਪਾਸੇ ਪੁਲੀਸ ਦੇ ਵਕੀਲ ਨੇ ਕਿਹਾ ਕਿ ਜੇਲ ਵਿੱਚੋਂ ਫਰਾਰ ਹੋਣ ਤੋਂ ਬਾਅਦ ਤਾਰਾ ਪਹਿਲੀ ਵਾਰ ਅੱਜ ਅਦਾਲਤ ਵਿੱਚ ਪੇਸ਼ ਹੋਇਆ ਹੈ ਤੇ ਉਸ ਉਪਰ ਪਹਿਲੀਆਂ ਧਰਾਵਾਂ ਬਰਕਰਾਰ ਹਨ, ਉਂਜ ਵੀ ਅਦਾਲਤ ਤਾਰੇ ਨੂੰ ਭਗੌੜਾ ਐਲਾਨ ਚੁੱਕੀ ਹੈ। ਬਹਿਸ ਮਗਰੋਂ ਅਦਾਲਤ ਨੇ ਜੇਲ ਬਰੇਕ ਕੇਸ ਵਿੱਚੋਂ ਤਾਰੇ ਨੂੰ ਜ਼ਮਾਨਤ ਦੇ ਦਿੱਤੀ। ਤਾਰੇ ਵੱਲੋਂ ਇਸ ਸਬੰਧ ਵਿੱਚ ਇਕ ਲੱਖ ਰੁਪਏ ਦੇ ਬੌਂਡ ਨਾ ਭਰਨ ਕਾਰਨ ਉਸ ਨੂੰ ਬੁੜੈਲ ਜੇਲ ਵਿੱਚ ਭੇਜ ਦਿੱਤਾ ਹੈ। ਭਾਈ ਤਾਰੇ ਦੇ ਵਕੀਲ ਨੇ ਕਿਹਾ ਕਿ ਅਦਾਲਤ ਵੱਲੋਂ ਸ਼ਾਮ 4.30 ਵਜੇ ਫੈਸਲਾ ਸੁਣਾਉਣ ਕਾਰਨ ਬੌਂਡ ਭਰਨ ਦਾ ਸਮਾਂ ਹੀ ਨਹੀਂ ਸੀ। ਉਨਾਂ ਕਿਹਾ ਕਿ ਜੇ ਬੌਂਡ ਭਰ ਵੀ ਦਿੰਦੇ ਤਾਂ ਜ਼ਮਾਨਤ ਮਿਲਣ ‘ਤੇ ਪੰਜਾਬ ਵਿੱਚ ਤਾਰੇ ਵਿਰੁੱਧ ਚਲਦੇ ਕੇਸਾਂ ‘ਚ ਪੁਲੀਸ ਨੇ ਉਸ ਨੂੰ ਪਟਿਆਲਾ ਜੇਲ ਵਿੱਚ ਲੈ ਜਾਣਾ ਸੀ। ਬੇਅੰਤ ਸਿੰਘ ਹੱਤਿਆ ਕਾਂਡ ਦਾ ਕੇਸ ਸੀਬੀਆਈ ਵਖਰੇ ਤੌਰ ‘ਤੇ ਲੜ ਰਹੀ ਹੈ। ਚੰਡੀਗੜ ਪੁਲੀਸ ਤਾਰੇ ਨੂੰ ਰਿਮਾਂਡ ਹੇਠ ਲੈ ਕੇ ਜੇਲ ਬਰੇਕ ਦੀਆਂ ਕਈ ਅਣਸੁਲਝੀਆਂ ਤੰਦਾਂ ਖੋਲਣ ਦੀ ਤਾਕ ਵਿਚ ਸੀ ਪਰ ਇਸ ਕੇਸ ਵਿਚੋਂ ਜ਼ਮਾਨਤ ਮਿਲਣ ਤੋਂ ਬਾਅਦ ਸੱਭ ਧਰਿਆ ਧਰਾਇਆ ਰਹਿ ਗਿਆ ਹੈ। ਪੁਲੀਸ ਨੇ ਤਾਰੇ ਕੋਲ ਦੇਵੀ ਸਿੰਘ ਦਾ ਪਤਾ ਲਾਉਣ ਦੀ ਆਸ ਵੀ ਲਾਈ ਸੀ।

International