ਟਿਊਨੀਸੀਆ ਨੂੰ ਟੂਰਨਾਮੈਂਟ 'ਚੋਂ ਬਾਹਰ ਕਰਕੇ ਬੈਲਜੀਅਮ ਅਗਲੇ ਗੇੜ 'ਚ

ਹਰਨੂਰ ਸਿੰਘ ਮਨੌਲੀ
ਗਰੁੱਪ-ਜੀ 'ਚ ਬੈਲਜੀਅਮ ਨੇ ਟਿਊਨੀਸੀਆ ਨੂੰ 5-2 ਗੋਲ ਅੰਤਰ ਨਾਲ ਹਰਾਉਣ ਸਦਕਾ ਪ੍ਰੀ-ਕੁਆਟਰਫਾਈਨਲ ਖੇਡਣ ਲਈ ਸੌਖਿਆਂ ਹੀ ਜ਼ਮੀਨ ਤਿਆਰ ਕਰਨ 'ਚ ਕਾਮਯਾਬੀ ਹਾਸਲ ਕਰ ਲਈ ਹੈ। ਪਹਿਲੇ ਹਾਫ 'ਚ ਜੇਤੂ ਟੀਮ 3-1 ਗੋਲ ਨਾਲ ਅੱਗੇ ਸੀ। ਸੈਕਿੰਡ ਹਾਫ 'ਚ ਬੈਲਜੀਅਮ ਦੇ ਖਿਡਾਰੀਆਂ ਵਲੋਂ ਦੋ ਤੇ ਟਿਊਨੀਸੀਆ ਵਲੋਂ ਇਕ ਗੋਲ ਹੋਰ ਕੀਤਾ ਗਿਆ। 
ਰੂਸ ਦੀ ਰਾਜਧਾਨੀ ਦੇ ਸਪਾਰਟੈਕ ਸਟੇਡੀਅਮ ਦੀ ਟਰਫ 'ਤੇ ਟਿਊਨੀਸੀਆ ਨਾਲ ਖੇਡੇ ਇਕਪਾਸੜ ਪੂਲ ਮੈਚ 'ਚ ਬੈਲਜੀਅਮ ਨੇ ਜਿਥੇ ਵਰਲਡ ਕੱਪ 'ਚ ਲਗਾਤਾਰ ਦੂਜੀ ਹਾਸਲ ਕੀਤੀ ਉਥੇ ਅਗਲੇ ਦੌਰ 'ਚ 16 ਟੀਮਾਂ 'ਚ ਖੇਡਣ ਲਈ ਆਪਣਾ ਸਥਾਨ ਪੱਕਾ ਕਰ ਲਿਆ ਹੈ। ਮੈਚ ਦਾ ਪਹਿਲਾ ਗੋਲ ਟੀਮ ਪੈਨਲਟੀ ਕਿੱਕ ਤੋਂ ਕਪਤਾਨ ਈ. ਹੈਜ਼ਾਰਡ ਵਲੋਂ ਮੈਚ ਦੇ ਸ਼ੁਰੂਆਤੀ 6ਵੇਂ ਮਿੰਟ 'ਚ ਦਾਗਿਆ ਗਿਆ। ਜੇਤੂ ਟੀਮ ਵਲੋਂ ਦੂਜਾ ਮੈਦਾਨੀ ਗੋਲ ਸਿਆਹਫਾਮ ਸਟਰਾਈਕਰ ਰੋਮੇਲੂ ਲੂਕਾਕੂ ਵਲੋਂ 16ਵੇਂ ਮਿੰਟ 'ਚ ਕੀਤਾ ਗਿਆ। ਵਿਰੋਧੀ ਟੀਮ ਵਲੋਂ ਫਸਟ ਹਾਫ ਦੇ 18ਵੇਂ ਮਿੰਟ 'ਚ ਡੀ. ਬਰੂਨ ਵਲੋਂ ਹੈਡਰ ਨਾਲ ਇਕ ਗੋਲ ਉਤਾਰਨ ਸਫਲਤਾ ਹਾਸਲ ਕੀਤੀ ਗਈ। ਪਰ ਪਹਿਲੇ ਹਾਫ ਦੇ ਇੰਜਰੀ ਸਮੇਂ 'ਚ ਫਾਰਵਰਡ ਲੂਕਾਕੂ ਵਲੋਂ ਦੂਜਾ ਨਿੱਜੀ ਫੀਲਡ ਗੋਲ ਕਰਨ ਸਦਕਾ ਸਕੋਰ ਲਾਈਨ 3-1 ਹੋ ਗਈ। ਰੂਸ ਫੀਫਾ ਵਰਲਡ ਕੱਪ 'ਚ ਲੂਕਾਕੂ ਵਲੋਂ ਦਾਗਿਆ ਇਹ ਚੌਥਾ ਗੋਲ ਸੀ। ਇਸ ਤੋਂ ਪਹਿਲਾਂ ਲੂਕਾਕੂ ਵਲੋਂ ਵਿਰੁੱਧ ਦੋ ਗੋਲ ਸਕੋਰ ਕੀਤੇ ਗਏ ਸਨ। ਇਸ ਮੈਚ ਤੋਂ ਪਹਿਲਾ ਪਨਾਮਾ ਨਾਲ ਪੂਲ ਮੈਚ 'ਚ ਵੀ ਲੂਕਾਕੂ ਵਲੋਂ ਦੋ ਗੋਲ ਕੀਤੇ ਗਏ ਸਨ।

ਪਹਿਲੇ ਹਾਫ ਵਾਂਗ ਮੈਚ ਦਾ ਦੂਜਾ ਹਾਫ ਵੀ ਬੈਲਜੀਅਮ ਦੇ ਖਿਡਾਰੀਆਂ ਦੇ ਨਾਮ ਰਿਹਾ। ਸੈਕਿੰਡ ਹਾਫ ਦੇ ਸ਼ੁਰੂ 'ਚ ਕਪਤਾਨ ਹੈਜ਼ਾਰਡ ਨੇ ਮੈਚ ਦੇ 51ਵੇਂ ਮਿੰਟ 'ਚ ਦੂਜਾ ਗੋਲ ਕਰਨ 'ਚ ਸਫਲਤਾ ਹਾਸਲ ਕੀਤੀ। ਜੇਤੂ ਟੀਮ ਵਲੋਂ ਮੈਚ ਸਮਾਪਤੀ ਦੇ ਅੰਤਲੇ 90ਵੇਂ ਮਿੰਟ 'ਚ ਐਮ. ਬੈਟਸ਼ੁਈ ਵਲੋਂ ਫੈਸਲਾਕੁਨ ਪੰਜਵਾਂ ਗੋਲ ਕਰਕੇ ਜਿੱਤ ਦਾ ਪਰਚਮ ਫਹਿਰਾ ਦਿੱਤਾ ਗਿਆ। ਟਿਊਨੀਸੀਆਈ ਟੀਮ ਦੇ ਕਪਤਾਨ ਵਾਹਬੀ ਖਜ਼ਾਰੀ ਵਲੋਂ ਮੈਚ ਸਮਾਪਤੀ ਦੇ ਰੈਗੂਲਰ ਸਮੇਂ ਤੋਂ ਬਾਅਦ ਇੰਜਰੀ ਸਮੇਂ 'ਚ ਇਕ ਗੋਲ ਕਰਨ ਸਦਕਾ ਗੋਲ ਅੰਤਰ 5-2 ਕਰ ਦਿੱਤਾ ਗਿਆ। ਜੇਕਰ ਵਿਰੋਧੀ ਟੀਮ ਦਾ ਗੋਲਚੀ ਐਮ. ਹਸਨ ਬੈਲਜੀਅਨ ਖਿਡਾਰੀਆਂ ਵਲੋਂ 23 ਸ਼ਾਟ, ਜਿਨ੍ਹਾਂ 'ਚ 12 ਸਿੱਧੇ ਗੋਲ ਵੱਲ ਸੁੱਟੇ ਗਏ ਸਨ, ਵਿਚੋਂ 7 ਨੂੰ ਰੋਕਣ ਸਫਲਤਾ ਨਾਲ ਰੋਕਣ ਦੀ ਕੋਸ਼ਿਸ਼ ਨਾ ਕਰਦਾ ਤਾਂ ਜੇਤੂ ਟੀਮ ਦੀ ਸਕੋਰ ਲਾਈਨ 'ਚ ਹੋਰ ਵੀ ਵਾਧਾ ਹੋ ਸਕਦਾ ਸੀ। ਬੈਲਜੀਅਮ ਦੀ ਟੀਮ ਆਖਰੀ ਪੂਲ ਮੈਚ ਇੰਗਲੈਂਡ ਨਾਲ ਤੇ ਵਿਸ਼ਵ ਫੁਟਬਾਲ ਕੱਪ ਤੋਂ ਬਿਲਕੁਲ ਬਾਹਰ ਹੋ ਚੁੱਕੀ ਟਿਊਨੀਸੀਆ ਦੀ ਟੀਮ ਪਨਾਮਾ ਦੇ ਖਿਡਾਰੀਆਂ ਨਾਲ ਭਿੜੇਗੀ।

Fifa World Cup
Sports
Football Team

Click to read E-Paper

Advertisement

International