ਸ਼ਰਮਨਾਕ ਹਾਰ ਪਿਛੋਂ ਸਾਰਾ ਅਰਜਨਟੀਨਾ ਸੋਗ ਵਿਚ ਡੁੱਬਿਆ

ਕਰੋਸ਼ੀਆ ਦੇ ਖਿਡਾਰੀਆਂ ਨੇ ਮੈਸੀ ਨੂੰ ਸਿਰ ਪਰਨੇ ਸੁੱਟਿਆ

ਕਰਮਜੀਤ ਸਿੰਘ
99150-91063

ਚੰਡੀਗੜ੍ਹ, 23 ਜੂਨ : ਵੀਰਵਾਰ ਤੇ ਸ਼ੁਕਰਵਾਰ ਦੇ ਵਿਚਕਾਰਲੀ ਰਾਤ ਪੀੜਾਂ ਲੱਦੀ ਰਾਤ ਸੀ ਅਤੇ ਉਸ ਰਾਤ ਵਿਚ ਅਰਜਨਟੀਨਾ ਦੀ ਹਾਰ ਦੇ ਦਰਦ ਨੂੰ ਬਿਆਨ ਕਰਨਾ ਮੁਸ਼ਕਲ ਹੈ। ਵੈਸੇ ਅਰਜਨਟੀਨਾ ਸਾਰਾ ਹੀ ਸੋਗ ਵਿਚ ਡੁੱਬਿਆ ਪਿਆ ਸੀ ਅਤੇ ਹੰਝੂਆਂ ਦੀ ਨਦੀ ਵਗਾ ਰਿਹਾ ਸੀ, ਪਰ ਫੁੱਟਬਾਲ ਨੂੰ ਪਿਆਰ ਕਰਨ ਵਾਲਿਆਂ ਨੇ ਵੀ ਜੇ ਉਸ ਰਾਤ ਹੰਝੂ ਨਹੀਂ ਵਗਾਏ ਤਾਂ ਕੁਝ ਪਲਾਂ ਲਈ ਘੱਟੋ ਘੱਟ ਉਹ ਵੀ ਅਰਜਨਟੀਨਾ ਦੇ ਗ਼ਮ ਵਿਚ ਸ਼ਰੀਕ ਹੋ ਰਹੇ ਸਨ। ਉਸ ਰਾਤ ਇਕ ਕੌਮ ਦੇ ਸਾਰੇ ਸੁਪਨੇ ਚਕਨਾਚੂਰ ਹੋ ਕੇ ਰਹਿ ਗਏ।

ਕਿਸੇ ਨੂੰ ਰਤਾ ਭਰ ਵੀ ਸ਼ੱਕ ਨਹੀਂ ਸੀ ਕਿ 4 ਕਰੋੜ ਦੀ ਅਬਾਦੀ ਵਾਲਾ ਮੁਲਕ 45 ਲੱਖ ਦੀ ਵਸੋਂ ਵਾਲੇ ਇਕ ਛੋਟੇ ਜਿਹੇ ਮੁਲਕ ਕਰੋਸ਼ੀਆ ਕੋਲੋਂ ਹਾਰ ਜਾਏਗਾ, ਅਤੇ ਹਾਰੇਗਾ ਵੀ ਬੁਰੀ ਤਰ੍ਹਾਂ, ਅਤੇ ਉਹ ਵੀ ਤਿੰਨ ਗੋਲਾਂ ਨਾਲ। ਜ਼ਰਾ ਸੋਚੋ, ਉਸ ਮੁਲਕ ਦੇ ਲੋਕਾਂ ਦਾ ਕੀ ਹਾਲ ਹੋਵੇਗਾ ਜਿਸ ਨੂੰ ਇਹ ਪੱਕਾ ਯਕੀਨ ਸੀ ਕਿ ਇਸ ਵਾਰ ਵਿਸ਼ਵ ਕੱਪ ਦਾ ਤਾਜ ਅਰਜਨਟੀਨਾ ਦੇ ਸਿਰ ਉਤੇ ਸਜਾਇਆ ਜਾਏਗਾ। ਗਮ ਅਤੇ ਦੁੱਖ ਦੀ ਇਹ ਹਾਲਤ ਉਸ ਤਰ੍ਹਾਂ ਦੀ ਹੈ ਜਿਵੇਂ ਪੰਜਾਬ ਦੇ ਲੋਕਾਂ ਨੁੰ ਅੰਤਰਰਾਸ਼ਟਰੀ ਮੈਚਾਂ ਵਿਚ ਹਾਕੀ ਦੀ ਹਾਰ ਪਿਛੋਂ ਹੌਲ ਪੈਂਦੇ ਹਨ। ਹੁਣ ਤਾਂ ਨਹੀਂ ਪਰ ਕਈ ਦਹਾਕੇ ਪਹਿਲਾਂ ਹਾਕੀ ਵਿਚ ਹਾਰਨ ਪਿਛੋਂ ਪੰਜਾਬ ਅੰਦਰ ਸੱਥਰ ਹੀ ਵਿਛ ਜਾਂਦਾ ਸੀ ਜਿਵੇਂ ਕਿਸੇ ਦੀ ਮੌਤ 'ਤੇ ਮਕਾਣ 'ਤੇ ਆਏ ਹੋਣ।

ਵੀਰਵਾਰ ਦੀ ਰਾਤ ਅਰਜਨਟੀਨਾ ਲਈ ਅਤੇ ਵਿਸ਼ੇਸ਼ ਕਰ ਕੇ ਇਸ ਦੇ ਕਪਤਾਨ ਮੈਸੀ ਲਈ ਵੀ ਕਹਿਰ ਭਰੀ ਰਾਤ ਹੋ ਗੁਜ਼ਰੀ। ਵਿਸ਼ਵ ਕੱਪ ਦੇ ਮੁਕਾਬਲੇ ਵੀ ਕਿਸ ਤਰ੍ਹਾਂ ਦੇ ਮੁਕਾਬਲੇ ਹਨ ਜੋ ਕਿਸੇ ਨੂੰ ਉਮਰ ਭਰ ਦਾ ਦਰਦ ਦੇ ਜਾਂਦੇ ਹਨ ਅਤੇ ਕਿਸੇ ਹੋਰ ਦੀਆਂ ਖਾਲੀ ਝੋਲੀਆਂ ਖੁਸ਼ੀਆਂ ਨਾਲ ਭਰ ਜਾਂਦੀਆਂ ਹਨ। ਫੁੱਟਬਾਲ ਦੀ ਖੇਡ ਦਾ ਇਕ ਜਨੂੰਨੀ ਆਸ਼ਕ ਤੇ ਮੇਰਾ ਪਿਆਰਾ ਦੋਸਤ ਗੁਰਦਿਆਲ ਸਿੰਘ ਬੱਲ ਇਸ ਖੇਡ ਨੂੰ 'ਵੇਦਨਾ ਅਤੇ ਵਜਦ ਦੀ ਇੰਤਹਾ' ਦੱਸਦਾ ਹੈ। ਅੱਜਕੱਲ੍ਹ 'ਪਹਿਰੇਦਾਰ' ਦੇ ਕਾਲਮਾਂ ਵਿਚ ਉਹ ਜਿਵੇਂ ਹਾਰਨ ਤੇ ਜਿੱਤਣ ਵਾਲੀਆਂ ਟੀਮਾਂ ਤੇ ਉਸ ਦੇ ਕਪਤਾਨਾਂ ਦੀ ਖੁਸ਼ੀ ਤੇ ਦਰਦ ਨੂੰ ਜਿਵੇਂ ਸ਼ਬਦਾਂ ਵਿਚ ਪਰੋਂਦਾ ਹੈ, ਕੇਵਲ ਉਹ ਹੀ ਕਰੋਸ਼ੀਆ ਹੱਥੋਂ ਅਰਜਨਟੀਨਾ ਦੀ ਹਾਰ ਨੂੰ ਬਿਆਨ ਕਰ ਸਕਦਾ ਹੈ।

ਪਰ ਲਾਇਨਲ ਮੈਸੀ ਦਾ ਹਾਲ ਤੇ ਉਸ ਦੀ ਪੀੜ ਨੂੰ ਕੌਣ ਸਮਝੇਗਾ? ਕੌਣ ਦੱਸੇਗਾ ਤੇ ਕਿਵੇਂ ਦੱਸੇਗਾ? ਇਕ ਅੰਤਰਰਾਸ਼ਟਰੀ ਖਬਰ ਏਜੰਸੀ ਨੇ ਹਾਰ ਦੇ ਇਸ ਦ੍ਰਿਸ਼ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ : ਜਦੋਂ ਮੈਸੀ ਤੇ ਉਸਦੇ ਸਾਥੀ ਖਿਡਾਰੀ ਸਿਰ ਸੁੱਟ ਕੇ ਨਿਜਨੀ ਨੋਵਗੋਰੋਦ ਦੀ ਗਰਾਉਂਡ ਵਿਚੋਂ ਬਾਹਰ ਜਾ ਰਹੇ ਸਨ ਤਾਂ ਇਉਂ ਲੱਗਦਾ ਸੀ ਜਿਵੇਂ ਦੁਨੀਆ ਦਾ ਇਹ ਮਹਾਨ ਖਿਡਾਰੀ ਜਿਸਨੇ ਆਪਣੇ ਦੇਸ਼ ਨੂੰ  ਜਿੱਤਾਂ ਹੀ ਜਿੱਤਾਂ ਦਿਵਾਈਆਂ ਸਨ, ਪਰ ਅੱਜ ਉਹ ਜਿਵੇਂ ਕਿਸੇ ਮਾਤਮੀ ਜਲੂਸ ਦੀ ਅਗਵਾਈ ਕਰ ਰਿਹਾ ਹੋਵੇ ਅਤੇ ਮੈਦਾਨ ਵਿਚ ਜੁੜੇ ਉਸ ਦੇ ਹਜ਼ਾਰਾਂ ਪ੍ਰਸ਼ੰਸਕਾਂ ਦੀਆਂ ਰੂਹਾਂ ਵੀ ਇਸ ਮਾਤਮੀ ਜਲੂਸ ਵਿਚ ਸ਼ਾਮਿਲ ਹੋਣ। ਇਕ ਹੋਰ ਅਖਬਾਰ ਨੇ ਲਿਖਿਆ ਕਿ ਅਰਜਨਟੀਨਾ ਟੀਮ ਦੀ ਹਾਲਤ ਇਸ ਤਰ੍ਹਾਂ ਦੀ ਸੀ ਜਿਵੇਂ ਹਾਰੀ ਹੋਈ ਫੌਜ ਜਿੱਤੀ ਹੋਈ ਫੌਜ ਅੱਗੇ ਆਤਮ-ਸਮਰਪਣ ਕਰਦੀ ਹੈ। ਇਸ ਦਰਦਨਾਕ ਦ੍ਰਿਸ਼ ਨੂੰ ਇਕ ਹੋਰ ਪੱਤਰਕਾਰ ਨੇ ਬਿਆਨ ਕਰਦਿਆਂ ਕਿਹਾ ਕਿ ਅਰਜਨਟੀਨਾ ਦੇ ਖਿਡਾਰੀ ਸ਼ਰਮ ਤੇ ਨਮੋਸ਼ੀ ਦੇ ਮਾਰੇ ਦਰਸ਼ਕਾਂ ਨਾਲ ਅੱਖ ਹੀ ਨਹੀਂ ਮਿਲਾ ਰਹੇ ਸਨ ਜਦਕਿ ਅਰਜਨਟੀਨਾ ਦੇ ਕੋਚ ਨੇ ਆਪਣਾ ਦੁੱਖ ਇਸ ਤਰ੍ਹਾਂ ਜ਼ਾਹਿਰ ਕੀਤਾ ਕਿ ਅਰਜਨਟੀਨਾ ਟੀਮ ਦੀ ਖੇਡ ਨਾਲ ਮੈਸੀ ਦੀ ਸ਼ਾਨ ਬੱਦਲਾਂ ਹੇਠ ਅਲੋਪ ਹੋ ਕੇ ਰਹਿ ਗਈ।

ਉਪਰੋਕਤ ਨਜ਼ਾਰੇ ਨੇ ਵਾਟਰਲੂ ਦੀ ਉਸ ਇਤਿਹਾਸਕ ਜੰਗ ਦੀ ਯਾਦ ਤਾਜ਼ਾ ਕਰਵਾ ਦਿੱਤਾ ਜਦੋਂ ਸਾਰੇ ਸੰਸਾਰ ਨੂੰ ਜਿੱਤਣ ਦਾ ਦ੍ਰਿੜ ਇਰਾਦਾ ਲੈ ਕੇ ਫਰਾਂਸ ਦੀ ਸਰਜ਼ਮੀਨ ਤੋਂ ਚੜ੍ਹਿਆ ਨੇਪੋਲੀਅਨ ਇਸੇ ਮਹੀਨੇ ਦੀ 18 ਜੂਨ 1815 ਵਾਲੇ ਦਿਨ ਇਸ ਜੰਗ ਵਿਚ ਹਾਰ ਜਾਣ ਪਿਛੋਂ ਨਿਰਾਸ਼ਤਾ, ਨਮੋਸ਼ੀ ਤੇ ਮਾਯੂਸੀ ਵਿਚ ਮੈਦਾਨ ਛੱਡ ਰਿਹਾ ਸੀ। ਇਤਿਹਾਸ ਵੀ ਵੱਡੇ-ਵੱਡੇ ਬੰਦਿਆਂ ਨਾਲ ਕੈਸੇ ਕੈਸੇ ਕੌਤਕ ਖੇਡਦਾ ਹੈ? ਕਦੇ ਕਿਸੇ ਨੂੰ ਅਸਮਾਨ 'ਤੇ ਚੜ੍ਹਾ ਦਿੰਦਾ ਹੈ ਅਤੇ ਫਿਰ ਇਕ ਦਿਨ ਆਪਣੀ ਮਰਜ਼ੀ ਨਾਲ ਉਸੇ ਨੂੰ ਸਿਰ ਪਰਨੇ ਧਰਤੀ 'ਤੇ ਵੀ ਸੁੱਟ ਦਿੰਦਾ ਹੈ। ਮੈਂ ਜਦੋਂ ਆਪਣੇ ਇਕ ਦੋਸਤ ਨੂੰ ਜੋ ਇਕ ਸਿਆਸਤਦਾਨ ਵੀ ਹੈ ਤੇ ਖਿਡਾਰੀ ਵੀ ਰਿਹਾ ਹੈ, ਸਵਾਲ ਕੀਤਾ ਕਿ ਉਹ ਮੈਸੀ ਦੀ ਹਾਰ ਨੂੰ ਕਿਵੇਂ ਵੇਖਦਾ ਹੈ ਤਾਂ ਉਸਦਾ ਜਵਾਬ ਸੀ ਕਿ ਕਈ ਵਾਰ ਖਿਡਾਰੀਆਂ ਦੇ ਵੀ ਚੰਗੇ ਮਾੜੇ ਦਿਨ ਹੁੰਦੇ ਹਨ। ਦੂਜੇ ਸ਼ਬਦਾਂ ਵਿਚ ਉਹ ਇਹ ਕਹਿਣਾ ਚਾਹੁੰਦਾ ਸੀ ਕਿ ਖੇਡਾਂ ਵਿਚ ਵੀ ਕਿਸਮਤ ਦਾ ਰੋਲ ਹੁੰਦਾ ਹੈ। ਕੀ ਅਸੀਂ ਇਹ ਨਹੀਂ ਸੀ ਵੇਖਿਆ ਕਿ ਸਚਿਨ ਵਰਗਾ ਮਹਾਨ ਖਿਡਾਰੀ ਵੀ  ਜ਼ੀਰੋ 'ਤੇ ਆਊਟ ਹੁੰਦਾ ਰਿਹਾ ਹੈ। ਕਿਸੇ ਨੇ ਕਿੰਨਾ ਸੋਹਣਾ ਆਖਿਆ ਹੈ ਕਿ ਰੱਬ ਦੇ ਲਿਖੇ ਨੂੰ ਮਿਟਾਉਣ ਵਾਲੀ ਰਬੜ ਹਾਲੇ ਨਹੀਂ ਬਣੀ। ਇਹ ਸੰਸਾਰ ਇਕ ਚੱਕੀ ਵਾਂਗ ਹੈ। ਇਹ ਅੱਜ ਆਟਾ ਪੀਂਹਦੀ ਹੈ, ਕੀ ਪਤੈ ਕਿਸੇ ਆਉਣ ਵਾਲੇ ਕੱਲ੍ਹ ਨੂੰ ਇਹ ਤੁਹਾਨੂੰ ਵੀ ਪੀਹ ਸੁੱਟੇਗੀ। ਫੁੱਟਬਾਲ ਦੀ ਖੇਡ ਵੀ ਕੁਝ ਇਸ ਤਰ੍ਹਾਂ ਬਣ ਗਈ ਹੈ ਜਾਂ ਬਣਾ ਦਿੱਤੀ ਗਈ ਹੈ ਜੋ ਹੰਝੂਆਂ ਤੇ ਖੁਸ਼ੀਆਂ ਦਾ ਇਕ ਅਜੀਬ ਮੇਲਾ ਹੈ ਜਿਥੇ ਹਾਸੇ ਤੇ ਦਰਦ ਗਲਵੱਕੜੀ ਪਾ ਕੇ ਮਿਲਦੇ ਤੇ ਵਿਛੜਦੇ ਹਨ।

ਹੁਣ ਜਿਵੇਂ ਕਿ ਪਹਿਲਾਂ ਹੀ ਪਤਾ ਸੀ ਕਿ ਇਹੋ ਜਿਹੇ ਸਮੇਂ 'ਤੇ ਖੇਡ ਦੇ ਆਲੋਚਕ, ਯਾਰ ਤੇ ਵੈਰੀ ਇਕ ਥਾਂ ਇਕੱਠੇ ਹੋ ਗਏ ਅਤੇ ਮੈਸੀ ਨੂੰ ਤੇ ਕੋਚ ਜਾਰਜ ਸੰਪਾਓਲੀ ਨੂੰ ਘੇਰਾ ਪੈ ਗਿਆ ਹੈ। ਇਹ ਸਾਰੇ ਇਕ ਆਵਾਜ਼ ਵਿਚ ਕਹਿ ਰਹੇ ਹਨ ਕਿ ਸਾਨੂੰ ਮੈਸੀ ਨੇ ਹਾਰ ਤੋਂ ਬਿਨਾਂ ਹੋਰ ਦਿੱਤਾ ਵੀ ਕੀ ਹੈ। ਇਕ ਹੋਰ ਪ੍ਰਸ਼ੰਸਕ ਕੁੜੀ ਇਹ ਕਹਿਣ ਲਈ ਮਜਬੂਰ ਹੈ ਕਿ ਮੈਸੀ ਨੇ ਮੇਰੀ ਰੂਹ ਜ਼ਖਮੀ ਕਰ ਦਿੱਤੀ ਹੈ। ਇਕ ਹੋਰ ਪ੍ਰਸ਼ੰਸਕ ਇਹ ਕਹਿ ਰਿਹਾ ਹੈ ਕਿ ਮੈਸੀ ਹਾਰ ਦਾ ਬਾਪੂ ਹੈ। ਅਗਲੇ ਦਿਨਾਂ ਵਿਚ ਕੋਚ ਨੂੰ ਹੋਰ ਚੰਗਾ ਮੰਦਾ ਸੁਣਨਾ ਪਵੇਗਾ। ਹਾਲਾਂਕਿ ਉਸਨੇ ਆਪਣੇ ਦੇਸ਼ਵਾਸੀਆਂ ਤੋਂ ਹਾਰ ਦੀ ਮਾਫੀ ਮੰਗ ਲਈ ਹੈ। ਉਸਦੇ ਇਹ ਸ਼ਬਦ ਦਿਲ ਨੂੰ ਧੂਹ ਪਾਉਂਦੇ ਹਨ ਕਿ ਇਸ ਹਾਰ ਨਾਲ ਇਕ ਯੁੱਗ ਖਤਮ ਹੋ ਗਿਆ ਹੈ। ਉਹ ਇਕ ਮਹਾਨ ਕੋਚ ਹੈ ਪਰ ਅੱਜ ਉਹ ਆਪਣੀ ਮਹਾਨਤਾ ਸਾਬਤ ਨਹੀਂ ਕਰ ਸਕਿਆ। ਕਿਹਾ ਜਾਂਦਾ ਹੈ ਕਿ ਕੋਚ ਖਿਡਾਰੀ ਨੂੰ ਉਸਦੀ ਉਹ ਤਾਕਤ ਦੇ ਦੀਦਾਰ ਕਰਾ ਦਿੰਦਾ ਹੈ ਜੋ ਉਸਦੇ ਅੰਦਰ ਲੁਕੀ ਹੁੰਦੀ ਹੈ ਅਤੇ ਉਸ ਨੂੰ ਪਤਾ ਵੀ ਨਹੀਂ ਲੱਗਦਾ। ਪਰ ਅੱਜ ਮੈਸੀ ਦੀ ਅੰਦਰਲੀ ਤਾਕਤ ਮੈਚ ਵਿਚ ਆਪਣਾ ਜਾਹੋ ਜਲਾਲ ਨਹੀਂ ਵਿਖਾ ਸਕੀ।

ਅਰਜਨਟੀਨਾ ਦੀ ਹਾਰ ਦਾ ਵੱਡਾ ਕਾਰਨ ਕੋਚ ਉਤੇ ਇਸ ਲਈ ਸੁੱਟਿਆ ਜਾ ਰਿਹਾ ਹੈ ਕਿਉਂਕਿ ਅਰਜਨਟੀਨਾ ਦੇ ਖਿਡਾਰੀ ਇਕ ਟੀਮ ਵਾਂਗ ਨਹੀਂ ਸੀ ਖੇਡ ਰਹੇ। ਕੋਚ ਨੇ ਸਾਰਾ ਦਾਰੋਮਦਾਰ ਮੈਸੀ ਉਤੇ ਸੁੱਟ ਰੱਖਿਆ ਸੀ। ਉਸਦੀ ਐਲਾਨੀਆ ਹਦਾਇਤ ਸੀ ਕਿ ਬਸ, ਤੁਸਾਂ ਮੈਸੀ ਨੂੰ ਪਾਸ ਦੇਣਾ ਹੈ ਅਤੇ ਅੱਗੋਂ ਮੈਸੀ ਆਪ ਹੀ ਸਾਰਾ ਕੁਝ ਸੰਭਾਲ ਲਵੇਗਾ। ਪਰ ਦੁਨੀਆ ਨੇ ਦੇਖਿਆ ਕਿ ਮੈਸੀ ਕੁਝ ਨਹੀਂ ਕਰ ਸਕਿਆ। ਇਥੋਂ ਤੱਕ ਕਿ ਇਸ ਤੋਂ ਪਹਿਲਾਂ ਆਇਸਲੈਂਡ ਨਾਲ ਖੇਡ ਵਿਚ ਵੀ ਉਸਨੇ ਇਕ ਪੈਨਲਟੀ ਦਾ ਸੁਨਹਿਰੀ ਮੌਕਾ ਗਵਾ ਲਿਆ ਸੀ। ਅਰਜਨਟੀਨਾ ਦੀ ਟੀਮ ਦਾ ਗੋਲਕੀਪਰ ਵੀਲਫਰੈਡ ਕੈਬਾਲੀਰੋ ਵੀ ਹੁਣ ਮਨਹੂਸ ਹੀ ਗਿਣਿਆ ਜਾ ਰਿਹਾ ਹੈ ਕਿਉਂਕਿ ਉਸਨੇ ਵੀ ਕੋਈ ਚੰਗੀ ਖੇਡ ਦਾ ਪ੍ਰਦਰਸ਼ਨ ਨਹੀਂ ਕੀਤਾ। ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਕਈ ਸਾਲ ਪਹਿਲਾਂ ਬਰਾਜ਼ੀਲ ਦੀ ਟੀਮ ਦਾ ਗੋਲਕੀਪਰ ਬਰਾਬੋਜ਼ਾ ਜਿਸ ਦੇ ਗੋਲ ਨੂੰ ਰੋਕਣ ਦੇ ਹੁਨਰ ਦੀਆਂ ਦੁਨੀਆ ਭਰ ਵਿਚ ਗੱਲਾਂ ਹੁੰਦੀਆਂ ਸਨ, ਪਰ ਜਦੋਂ ਬਰਾਜ਼ੀਲ ਹਾਰਿਆ ਤਾਂ ਅਰਜਨਟੀਨਾ ਦੇ ਲੋਕ ਉਸਨੂੰ ਨਹਿਸ਼ ਸਮਝਦੇ ਸਨ ਅਤੇ ਉਸਦੇ ਮੱਥੇ ਨਹੀਂ ਸਨ ਲੱਗਣਾ ਚਾਹੁੰਦੇ। ਪਰ ਅਰਜਨਟੀਨਾ ਕੋਲ ਅਜੇ ਇਕ ਮੌਕਾ ਬਚਿਆ ਹੋਇਆ ਹੈ। ਜੇ ਅਰਜਨਟੀਨਾ ਨਾਇਜੀਰੀਆ ਨੂੰ ਹਰਾ ਦਿੰਦਾ ਹੈ ਅਤੇ ਆਇਸਲੈਂਡ ਕਰੋਸ਼ੀਆ ਕੋਲੋਂ ਹਾਰ ਜਾਂਦਾ ਹੈ ਤਾਂ ਅਰਜਨਟੀਨਾ ਅੱਗੇ ਵਧੇਗਾ। ਜੇ ਅਰਜਨਟੀਨਾ ਆਇਸਲੈਂਡ ਦੋਵੇਂ ਜਿੱਤ ਜਾਂਦੇ ਹਨ ਤਾਂ ਜਿਸ ਟੀਮ ਦੇ ਸਭ ਤੋਂ ਵੱਧ ਗੋਲ ਹੋਣਗੇ, ਉਹ ਅੱਗੇ ਵਧੇਗਾ। ਕੀ ਤਕਦੀਰ ਅਰਜਨਟੀਨਾ ਟੀਮ ਦਾ ਸਾਥ ਦੇਵੇਗੀ?

Fifa World Cup
Football Team
Sports

Click to read E-Paper

Advertisement

International