ਗੁਰੂ ਕੇ ਲੰਗਰ ਤੇ ਜੀ. ਐਸ. ਟੀ. ਲੱਗਣ ਉਪਰੰਤ ਇਸ ਦੀ ਸ਼ੁੱਧਤਾ ਚੈਕ ਕਰਨ ਦੀ ਤਿਆਰੀ

ਸ਼੍ਰੋਮਣੀ ਕਮੇਟੀ ਦੀ ਸਹਿਮਤੀ ਨਾਲ ਹੀ ਹੋ ਰਿਹੈ ਸਭ ਕੁਛ ? 

ਅੰਮ੍ਰਿਤਸਰ 6 ਜੁਲਾਈ (ਨਰਿੰਦਰ ਪਾਲ ਸਿੰਘ): ਨਰਿੰਦਰ ਮੋਦੀ ਦੀ ਕੇਂਦਰ ਵਿਚਲੀ ਸਰਕਾਰ ਵਲੋਂ ਧਾਰਮਿਕ ਅਸਥਾਨਾਂ ਤੇ ਤਿਆਰ ਹੋਣ ਵਾਲੇ ਲੰਗਰ ਲਈ ਵਰਤੇ ਜਾਣ ਵਾਲੇ ਪਦਾਰਥਾਂ ਤੇ ਲਗਾਏ ਜੀ.ਅੈਸ.ਟੀ.ਨੂੰ ਸੇਵਾ ਭੋਜ ਸਕੀਮ ਤਹਿਤ ਰੀਫੰਡ ਲੈਣ ਵਾਲੀ ਸ਼੍ਰੋਮਣੀ ਕਮੇਟੀ ਨੇ ਹੁਣ ਗੁਰਦੁਆਰਾ ਸਾਹਿਬ ਵਿਖੇ ਤਿਆਰ ਹੋਣ ਵਾਲੇ ਲੰਗਰ ਪਦਾਰਥਾਂ ਦੀ ਸ਼ੁਧਤਾ ਤੇ ਸਾਫ ਸਫਾਈ ਚੈਕ ਕਰਨ ਦੇ ਅਧਿਕਾਰ ਵੀ ਸਰਕਾਰ ਨੂੰ ਸੌਪ ਦਿੱਤੇ ਹਨ।ਇਹ ਇੱਕ ਤਲਖ ਹਕੀਕਤ ਹੈ ਜਿਸਨੂੰ  ਕਮੇਟੀ ਅਧਿਕਾਰੀ ,ਸਬੰਧਤ ਸਕੀਮ ”ਭੋਗ”ਨਾਲ ਪੂਰੀ ਸਹਿਮਤੀ ਪ੍ਰਗਟਾਕੇ ਵੀ ਝੁਠਲਾ ਰਹੇ ਹਨ।ਕੇਂਦਰ ਸਰਕਾਰ ਦੀ ਗੁਰੂ ਘਰ ਦੇ ਲੰਗਰਾਂ ਵਿੱਚ ਦਖਲ ਅੰਦਾਜੀ ਦਾ ਪਰਦਾ ਉਸ ਵੇਲੇ ਫਾਸ਼ ਹੋਇਆ ਜਦੋਂ ਬੀਤੇ ਕਲ੍ਹ ਪੰਜਾਬ ਸਰਕਾਰ ਦੇ ਲੋ ਸੰਪਰਕ ਵਿਭਾਗ ਨੇ ਬਕਾਇਦਾ ਇਕ ਪ੍ਰੈਸ ਰਲੀਜ ਜਾਰੀ ਕੀਤੀ । ਜਿਸਦਾ ਸਿਰਲੇਖ ਸੀ ”ਧਾਰਮਿਕ ਸਥਾਨਾਂ 'ਤੇ ਚੱਲਦੇ ਲੰਗਰਾਂ ਵਿਚ ਵੀ ਰੱਖਿਆ ਜਾਵੇਗਾ ਸ਼ੁਧਤਾ ਅਤੇ ਸੁਰੱਖਿਆ ਦਾ ਧਿਆਨ।ਜਿਲ੍ਹਾ ਸਿਹਤ ਅਧਿਕਾਰੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਮੀਟਿੰਗ। ਮੰਦਰਾਂ ਗੁਰਦੁਆਰਿਆਂ ਦੇ ਬਾਹਰ ਚੱਲਦੀਆਂ ਮਿਠਾਈਆਂ ਦੀਆਂ ਦੁਕਾਨਾਂ 'ਤੇ ਵੀ ਰੱਖੀ ਜਾਵੇਗੀ ਨਜਰ”।

ਲ਼ੋਕ ਸੰਪਰਕ ਵਿਭਾਗ ਵਲੋਂ ਜਾਰੀ ਪ੍ਰੈਸ ਰਲੀਜ ਵਿੱਚ ਦੱਸਿਆ ਗਿਆ ਕਿ ”ਤੰਦਰੁਸਤ ਪੰਜਾਬ ਮੁਹਿੰਮ ਤਹਿਤ ਰਾਜ ਦੇ ਹਰ ਨਾਗਰਿਕ ਨੂੰ ਸਾਫ-ਸੁਥਰਾ ਤੇ ਪੌਸ਼ਟਿਕ ਖੁਰਾਕ ਮੁਹੱਇਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜਿੱਥੇ ਫਲਾਂ, ਸਬਜੀਆਂ ਅਤੇ ਖਾਣੇ ਵਾਲੀਆਂ ਦੁਕਾਨਾਂ 'ਤੇ ਛਾਪੇ ਮਾਰੇ ਜਾ ਰਹੇ ਹਨ, ਉਥੇ ਧਾਰਮਿਕ ਸਥਾਨਾਂ 'ਤੇ ਚੱਲਦੇ ਲੰਗਰਾਂ ਵਿਚ ਸਫਾਈ, ਸ਼ੁਧਤਾ ਤੇ ਭੋਜਨ ਸੁਰੱਖਿਆ ਵੱਲ ਵੱਧ ਤੋਂ ਵੱਧ ਧਿਆਨ ਦੇਣ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਸਬੰਧੀ ਜਿਲ੍ਹਾ ਸਿਹਤ ਅਧਿਕਾਰੀ ਸ. ਲਖਬੀਰ ਸਿੰਘ ਭਾਗੋਵਾਲੀਆ ਤੇ ਫੂਡ ਸੇਫਟੀ ਇੰਸਪੈਕਟਰ ਗਗਨਦੀਪ ਕੌਰ ਵੱਲੋ— ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਸਹਿਯੋਗ ਲੈਣ ਲਈ ਮੁੱਖ ਸਕੱਤਰ ਡਾ. ਰੂਪ ਸਿੰਘ ਨਾਲ ਗੱਲਬਾਤ ਕੀਤੀ ਗਈ। ਸ. ਭਾਗੋਵਾਲੀਆ ਨੇ ਦੱਸਿਆ ਕਿ ਫੂਡ ਸੇਫਟੀ ਐਂਡ ਸਟੈਂਰਡ ਅਥਾਰਟੀ ਆਫ ਇੰਡੀਆ ਵੱਲੋਂ ਇਸ ਲਈ 'ਭੋਗ' (ਬਲਿਸਫੁੱਲ ਐਂਡ ਹਾਈਜੈਨਿਕ ਆਫਰਿੰਗ ਟੂ ਗਾਡ) ਨਾਮ ਹੇਠ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਚੁੱਕੀ ਹੈ, ਜਿਸ ਵਿਚ ਧਾਰਮਿਕ ਸਥਾਨਾਂ 'ਤੇ ਚੱਲਦੇ ਲੰਗਰਾਂ ਵਿਚ ਸ਼ੁਧਤਾ ਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਉਥੇ ਕੰਮ ਕਰਦੇ ਲਾਂਗਰੀਆਂ ਵਿਚੋਂ 25 ਬੰਦਿਆਂ ਪਿੱਛੇ ਇਕ ਸੁਪਰਵਾਈਜ਼ਰ ਨੂੰ ਇਸ ਲਈ ਸਿੱਖਿਅਤ ਕੀਤਾ ਜਾਣਾ ਹੈ, ਜੋ ਕਿ ਅੱਗੋਂ ਦੂਸਰੇ ਲਾਂਗਰੀਆਂ ਨੂੰ ਸਫਾਈ ਤੇ ਹੋਰ ਫੂਡ ਸੁਰੱਖਿਆ ਲਈ ਸਿੱਖਿਆ ਦੇਵੇਗਾ। ਉਨਾ— ਦੱਸਿਆ ਕਿ ਇਸ ਤੋਂ ਇਲਾਵਾ ਉਥੇ ਵਰਤੇ ਜਾਣ ਵਾਲੇ ਖੁਰਾਕੀ ਪਦਾਰਥਾਂ  ਨੂੰ ਜਾਂਚ ਹੋਣੀ ਜ਼ਰੂਰੀ ਹੈ।

ਸ. ਭਾਗੋਵਾਲੀਆ ਨੇ ਦੱਸਿਆ ਕਿ ਇਸ ਤੋਂ ਇਲਾਵਾ ਗੁਰਦੁਆਰਿਆਂ ਦੇ ਬਾਹਰ ਚੱਲਦੀਆਂ ਮਿਠਾਈਆਂ ਦੀਆਂ ਦੁਕਾਨਾਂ 'ਤੇ ਵੀ ਫੂਡ ਸੇਫਟੀ ਵੱਲ ਧਿਆਨ ਦੇਣ ਲਈ ਡਾ. ਰੂਪ ਸਿੰਘ ਨੂੰ ਬੇਨਤੀ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਇਹ ਨਿੱਜੀ ਲੋਕਾਂ ਦੀਆਂ ਦੁਕਾਨਾਂ ਹਨ ਤੇ ਤੁਸੀਂ ਖ਼ੁਦ ਇੰਨਾਂ ਦੀ ਜਾਂਚ ਕਰੋ। ਡਾ. ਰੂਪ ਸਿੰਘ ਨੇ ਸਿਹਤ ਅਧਿਕਾਰੀ ਵੱਲ ਉਠਾਏ ਮੁੱਦਿਆਂ 'ਤੇ ਬੋਲਦੇ ਕਿਹਾ ਕਿ ਗੁਰੂ ਘਰ ਵਿਚ ਵਰਤੇ ਜਾਂਦੇ ਖੁਰਾਕ ਪਦਾਰਥ ਪਹਿਲਾਂ ਹੀ ਲੈਬਾਰਟਰੀ ਵਿਚੋਂ ਟੈਸਟ ਕੀਤੇ ਹੁੰਦੇ ਹਨ ਅਤੇ ਸਫਾਈ ਦਾ ਵੀ ਮੁੰਕਮਲ ਖਿਆਲ ਰੱਖਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਫਿਰ ਵੀ ਜਦੋਂ ਵੀ ਤੁਸੀਂ ਇਸ ਵਿਸ਼ੇ 'ਤੇ ਟਰੇਨਿੰਗ ਕਰਵਾਓ ਤਾਂ ਅਸੀਂ ਆਪਣੇ ਲੰਗਰ ਇੰਚਾਰਜ ਇਸ ਲਈ ਭੇਜਾਂਗੇ, ਤਾਂ ਜੋ ਮਾਹਿਰਾ ਕੋਲੋਂ ਹੋਰ ਸਿੱਖਿਆ ਲੈ ਸਕਣ। ਸ. ਰੂਪ ਸਿੰਘ ਨੇ ਦੋਵਾਂ ਅਧਿਕਾਰੀਆਂ ਨੂੰ ਖੁਰਾਕੀ ਪਦਾਰਥਾਂ ਦੀ ਸ਼ੁਧਤਾ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਕੰਮ ਵਾਸਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ”।ਹੁਣ ਜਦੋਂ ਜਿਲ੍ਹਾ ਸਿਹਤ ਅਧਿਕਾਰੀ ਵਲੋਂ ਭੇਜਿਆ ਗਿਆ ਪ੍ਰੈਸ ਨੋਟ ਬਹੁਤ ਕੁਝ ਸਪਸ਼ਟ ਕਰ ਰਿਹਾ ਸੀ ਤਾਂ ਇਸਦੇ ਬਾਵਜੂਦ ਸ਼ਰੋਮਣੀ  ਕਮੇਟੀ ਮੁਖ ਸਕੱਤਰ ਡਾ:ਰੂਪ ਸਿੰਘ ਨੇ ਲੰਗਰ ਵਿਚ ਵਰਤੀਆਂ ਜਾਣ ਵਾਲੀਆਂ ਵਸਤਾਂ ਕਿਸੇ ਸਰਕਾਰੀ ਵਿਭਾਗ ਵਲੋਂ ਚੈਕ ਕੀਤੇ ਜਾਣ ਬਾਰੇ ਖਬਰ ਤੋਂ ਅਨਜਾਣਤਾ ਪ੍ਰਗਟ ਕੀਤੀ।ਉਨ੍ਹਾਂ ਦਾ ਕਹਿਣਾ ਹੈ ਕਿ ਮਹਿਕਮਾ ਤਾਂ ਦਰਬਾਰ ਸਾਹਿਬ ਕੰਪਲੈਕਸ ਦੇ ਚੌਗਿਰਦੇ ਵਿਚਲੀਆਂ ਦੁਕਾਨਾਂ ਦੇ ਭੋਜਨ ਪਦਾਰਥਾਂ ਦੀ ਜਾਂਚ ਬਾਰੇ ਗਲ ਕਰ ਰਿਹਾ ਸੀ ।ਦੂਸਰੇ ਪਾਸੇ ਜੇਕਰ ਸਿਹਤ ਅਧਿਕਾਰੀ ਦੀ ਮੰਨੀ ਜਾਵੇ ਤਾਂ ਕੀ ਜਿਲ੍ਹਾ ਸਿਹਤ ਅਧਿਕਾਰੀ ਨੇ ਦਰਬਾਰ ਸਾਹਿਬ ਦੇ ਨੇੜਲੇ ਹੋਟਲਾਂ,ਢਾਬਿਆਂ ਤੇ ਛੋਟੀਆਂ ਮੋਟੀਆਂ ਦੁਕਾਨਾਂ ਦੀ ਚੈਕਿੰਗ ਹੀ ਨਹੀ ਕੀਤੀ ਕਿ ਉਹ ਕੀ ਵੇਚ ਰਹੇ ਹਨ ਤੇ ਸ਼ਰਧਾਲੂਆਂ ਦੀ ਸਿਹਤ ਨਾਲ ਕੀ ਖਿਲਵਾੜ ਕਰ ਰਹੇ ਹਨ।ਸਵਾਲ ਤਾਂ ਇਹ ਵੀ ਹੈ ਕਿ ਆਖਿਰ ਡਾ:ਰੂਪ ਸਿੰਘ ਵਲੋਂ ਦੋਨਾਂ ਅਧਿਕਾਰੀਆਂ ਨੂੰ ਦਿੱਤਾ ਗਿਆ ਸਿਰੋਪਾਉ ਕਿਸ ਸੰਦਰਭ ਵਿੱਚ ਸੀ ?ਇਹ ਸ਼ੰਕਾ ਜਰੂਰ ਜਿਤਾਈ ਜਾ ਰਹੀ ਹੈ ਬਾਕੀ ਧਰਮ ਅਸਥਾਨਾਂ ਦੀ ਆੜ ਹੇਠ ਸ਼ਰੋਮਣੀ ਕਮੇਟੀ ਪ੍ਰਬੰਧ ਹੇਠਲੇ ਗੁਰਧਾਮਾਂ ਵਿੱਚ ਲੰਗਰ ਪਦਾਰਥਾਂ ਦੀ ਸ਼ੁਧਤਾ ਦੀ ਆੜ ਹੇਠ ਦਖਲ ਅੰਦਾਜੀ ਦੀ ਖਿਚੜੀ ਜਰੂਰ ਪੱਕ ਰਹੀ ਹੈ ।

langar
SGPC
GST
Unusual

Click to read E-Paper

Advertisement

International