ਜਸਪਾਲ ਸਿੰਘ ਹੇਰਾਂ
ਹਾਲੇ ਪਿਛਲੇ ਦਿਨੀਂ ਹੀ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ ਪੰਜਾਬ 'ਚ ਰੇਤੇ ਦੀ ਪੁਟਾਈ ਮੁਕੰਮਲ ਬੰਦ ਕਰ ਦਿੱਤੀ ਗਈ ਹੈ ਅਤੇ ਸਤੰਬਰ ਮਹੀਨੇ ਤੋਂ ਬਾਅਦ ਰੇਤੇ ਦੀ ਖ਼ੁਦਾਈ ਦਾ ਕੰਮ ਮੁੜ ਸ਼ੁਰੂ ਹੋਵੇਗਾ। ਭਾਵੇਂ ਕਿ ਅਜਿਹਾ ਰਸਮੀ ਐਲਾਨ ਹਰ ਸਾਲ ਹੁੰਦਾ ਹੈ, ਪ੍ਰੰਤੂ ਇਸ ਤੇ ਅਮਲ ਨਾ ਤਾਂ ਬਾਦਲਾਂ ਦੀ ਸਰਕਾਰ ਸਮੇਂ ਕਦੇ ਹੋਇਆ ਤੇ ਨਾ ਹੀ ਹੁਣ ਕੈਪਟਨ ਦੀ ਸਰਕਾਰ ਸਮੇਂ ਹੋ ਰਿਹਾ ਹੈ। ਪੰਜਾਬ 'ਚ ਰੇਤ ਬਜਰੀ ਮਾਫ਼ੀਆ ਪੂਰੀ ਤਰ੍ਹਾਂ ਸਰਗਰਮ ਹੈ। ਕੈਪਟਨ ਸਰਕਾਰ ਦੀ ਕਿਰਕਿਰੀ ਤਾਂ ਹੁੰਦੀ ਹੈ, ਪ੍ਰੰਤੂ ਸਰਕਾਰ ਨੇ ਬੇਸ਼ਰਮੀ ਧਾਰਨ ਕੀਤੀ ਹੋਈ ਹੈ। ਇਸੇ ਕਾਰਨ ਪੰਜਾਬ 'ਚ ਜਿਹੜੇ ਮਾਫ਼ੀਏ ਦੀ ਚਾਹੇ ਉਹ ਨਸ਼ਾ ਮਾਫ਼ੀਆ ਸੀ, ਚਾਹੇ ਉਹ ਰੇਤ ਬਜਰੀ ਮਾਫ਼ੀਆ ਸੀ, ਚਾਹੇ ਟਰਾਂਸਪੋਰਟ ਮਾਫ਼ੀਆ ਸੀ, ਚਾਹੇ ਕੇਵਲ ਮਾਫ਼ੀਆ ਜਾਂ ਕੋਈ ਹੋਰ ਮਾਫ਼ੀਆ ਸੀ, ਉਸਦੀ ਉਸੇ ਤਰ੍ਹਾਂ ਲੁੱਟ ਤੇ ਕੁੱਟ ਜਾਰੀ ਹੈ ਜਿਵੇਂ ਪਿਛਲੇ 10 ਸਾਲ ਰਹੀ ਹੈ। ਪੰਜਾਬ ਦੇ ਲੋਕ ਵਿਚਾਰੇ ਬਣ ਕੇ ਮਾਫ਼ੀਏ ਦੀ ਲੁੱਟ ਤੇ ਕੁੱਟ ਨੂੰ ਝੱਲੀ ਜਾ ਰਹੇ ਹਨ। ਉਹ ਵਾਰ ਵਾਰ ਕੈਪਟਨ ਦੀ ਚੁੱਕੀ ਸਹੁੰ ਨੂੰ ਯਾਦ ਵੀ ਕਰੀ ਜਾ ਰਹੇ ਹਨ, ਪ੍ਰੰਤੂ ਜਦੋਂ ਸਹੁੰ ਖਾਣ ਵਾਲਾ ਹੀ ਬੇਈਮਾਨ ਹੋ ਗਿਆ, ਫ਼ਿਰ ਸਹੁੰ ਦਾ ਕੀ ਬਣਨਾ ਹੈ? ਪ੍ਰੰਤੂ ਜਿਸ ਤਰ੍ਹਾਂ ਰੇਤ ਬਜਰੀ ਮਾਫ਼ੀਏ ਨੇ ਇਸ ਕੁਦਰਤੀ ਦਾਤ ਨੂੰ ਲੁੱਟ ਧਰੀ ਹੋਈ ਹੈ, ਉਹ ਪੰਜਾਬ ਦੇ ਭਵਿੱਖ ਲਈ ਬੇਹੱਦ ਖ਼ਤਰਨਾਕ ਹੈ। ਦੇਸ਼ ਦੇ ਵਾਤਾਵਰਣ ਦੀ ਰੱਖਿਆ ਲਈ ਬਣੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ. ਜੀ. ਈ.) ਨੇ ਪੂਰੇ ਦੇਸ਼ 'ਚ ਦਰਿਆਵਾਂ 'ਚੋਂ ਰੇਤ ਕੱਢਣ ਤੇ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਕਿੰਨੀ ਕੁ ਕਾਰਗਾਰ ਹੋਵੇਗੀ, ਇਸ ਬਾਰੇ ਕਿਸੇ ਨੂੰ ਬਹੁਤੀ ਸ਼ੰਕਾ ਨਹੀਂ ਹੈ, ਕਿਉਂਕਿ ਇਹ ਪਾਬੰਦੀ ਜਿਸ ਮਾਫ਼ੀਏ ਦੀ ਨਕੇਲ ਕੱਸਣ ਲਈ ਲਾਈ ਗਈ ਹੈ, ਉਸ ਮਾਫ਼ੀਏ ਦੀ ਸਿਆਸੀ ਧਿਰਾਂ, ਖ਼ਾਸ ਕਰਕੇ ਸੱਤਾਧਾਰੀ ਧਿਰ ਅਤੇ ਭ੍ਰਿਸ਼ਟ ਅਫਸਰਸ਼ਾਹੀ ਨਾਲ ਬਣੀ 'ਤਿੱਕੜੀ' ਟੁੱਟਣ ਜਾਂ ਕੰਮਜ਼ੋਰ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।
ਖੁਦਾਈ, ਚਾਹੇ ਕੋਲੇ ਦੀ ਹੈ, ਚਾਹੇ ਰੇਤੇ ਦੀ ਹੈ ਜਾਂ ਫਿਰ ਹੋਰ ਖਣਿਜ ਪਦਾਰਥਾਂ ਦੀ ਉਹ ਸੱਤਾਧਾਰੀ ਧਿਰ ਲਈ 'ਸੋਨੇ ਦੀ ਖਾਣ' ਬਣ ਗਈ ਹੈ, ਇਸ ਲਈ ਉਹ ਇਸ ਲੁੱਟ ਨੂੰ ਕਦਾਚਿਤ ਵੀ ਛੱਡਣ ਵਾਲੇ ਜਾਂ ਬੰਦ ਕਰਨ ਵਾਲੇ ਨਹੀਂ ਹਨ। ਪੰਜਾਬ 'ਚ ਜਿਸ ਤਰ੍ਹਾਂ ਪਿਛਲੇ ਇਕ ਦਹਾਕੇ ਤੋਂ ਰੇਤ ਮਾਫ਼ੀਏ, ਬਜ਼ਰੀ ਮਾਫ਼ੀਏ ਦੀ ਚਾਂਦੀ ਹੋਣ ਲੱਗੀ ਹੈ। ਉਸਨੇ ਸਾਰੇ ਪ੍ਰਭਾਵਸ਼ਾਲੀ ਭ੍ਰਿਸ਼ਟ ਲੋਕਾਂ ਨੂੰ ਚੁੰਬਕ ਵਾਗੂੰ ਆਪਣੇ ਵੱਲ ਖਿੱਚਿਆ ਹੈ, ਜਿਸ ਸਦਕਾ, ਜਿਥੇ ਪੰਜਾਬ 'ਚ ਰੇਤਾ ਮਹਿੰਗੀ ਤੇ ਦੁਰਲੱਭ ਵਸਤੂ ਬਣ ਗਿਆ ਹੈ, ਉਤੇ ਪਹਾੜਾਂ ਨੂੰ ਵੀ ਇਹ ਮਾਫ਼ੀਏ ਜਾਂ 'ਖਾਣ' ਤੁਰ ਪਿਆ ਹੈ। ਭਾਵੇਂ ਕਿ ਰੇਤੇ-ਬਜਰੀ ਲਈ ਸਰਕਾਰ ਵੱਲੋਂ ਸੈਂਕੜੇ ਸਰਕਾਰੀ ਨੀਤੀਆਂ ਘੜੀਆਂ ਹਨ, ਲਾਗੂ ਕੀਤੀਆਂ ਗਈਆਂ ਹਨ, ਕਾਨੂੰਨ ਬਣਾਏ ਗਏ ਹਨ, ਪ੍ਰੰਤੂ ਰੇਤ ਮਾਫ਼ੀਆਂ ਕਿਸੇ ਨਾ ਕਿਸੇ ਰੂਪ 'ਚ ਪ੍ਰਭਾਵੀ ਹੈ ਅਤੇ ਆਮ ਲੋਕਾਂ ਲਈ ਅੱਜ ਵੀ ਰੇਤਾ ਦੁਰਲੱਭ ਵਸਤੂਆਂ 'ਚ ਹੀ ਸ਼ਾਮਲ ਹੈ। ਐਨ. ਜੀ. ਟੀ. ਨੇ ਭਾਵੇਂ ਰੇਤ ਮਾਫ਼ੀਏ ਦੀ ਸ਼ਕਤੀ ਤੇ ਪ੍ਰਭਾਵ ਨੂੰ ਹੀ ਖ਼ਤਮ ਕਰਨ ਲਈ ਫਿਲਹਾਲ ਦਰਿਆਵਾਂ 'ਚੋਂ ਰੇਤਾ ਕੱਢਣ ਤੇ ਪਾਬੰਦੀ ਲਾਈ ਹੈ, ਪ੍ਰੰਤੂ ਇਸਦਾ ਉਲਟਾ ਲਾਹਾ ਰੇਤ ਮਾਫ਼ੀਏ ਨੂੰ ਹੀ ਮਿਲਣਾ ਹੈ। ਪੁਲਿਸ ਤੇ ਸਿਆਸੀ ਧਿਰਾਂ ਦੀ ਸਰਪ੍ਰਸਤੀ ਹੇਠ ਰੇਤ ਮਾਫ਼ੀਆ ਹੁਣ ਰੇਤੇ ਦੀ ਬਲੈਕ ਰਾਂਹੀਂ ਆਪਣੀ ਤਿਜੌਰੀਆਂ ਭਰਨ ਲੱਗੇਗਾ। ਜਦੋਂ ਤੱਕ ਇਸ ਸਬੰਧੀ ਠੋਸ ਕਾਨੂੰਨ ਬਣਾ ਕੇ, ਉਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਨਹੀਂ ਕੀਤੀ ਜਾਂਦੀ ਅਤੇ ਰੇਤੇ-ਬਜਰੀ ਆਦਿ ਦੀ ਗੈਰਕਾਨੂੰਨੀ ਖੁਦਾਈ ਤੇ ਭਰਾਈ ਨੂੰ ਸਖ਼ਤੀ ਨਾਲ ਰੋਕਿਆ ਨਹੀਂ ਜਾਂਦਾ, ਉਦੋਂ ਤੱਕ ਅਜਿਹੇ ਕਾਨੂੰਨ ਤੇ ਪਾਬੰਦੀ ਬਹੁਤਾ ਪ੍ਰਭਾਵ ਨਹੀਂ ਰੱਖਦੀਆਂ। ਅਸੀਂ ਚਾਹੁੰਦੇ ਹਾਂ ਕਿ ਘਰ, ਜਿਹੜਾ ਹਰ ਪਰਿਵਾਰ ਦੀ ਮੁੱਢਲੀ ਲੋੜ ਤੇ ਸੁਫ਼ਨਾ ਹੁੰਦਾ ਹੈ, ਉਸਦੀ ਪੂਰਤੀ ਲਈ ਰੇਤ ਮਾਫ਼ੀਆ, ਰਾਹ ਦਾ ਅੜਿੱਕਾ ਨਾ ਬਣੇ। ਜਿੱਥੇ ਰੇਤੇ ਤੇ ਬਜਰੀ ਦੀ ਗੈਰਕਾਨੂੰਨੀ ਖੁਦਾਈ ਰੋਕਣੀ ਵੀ ਸਰਕਾਰ ਲਈ ਬੇਹੱਦ ਜ਼ਰੂਰੀ ਹੈ ਉਥੇ ਪਹਾੜਾਂ ਦੀ ਗੈਰਕਾਨੂੰਨੀ ਖੁਦਾਈ ਰੋਕਣੀ ਵੀ ਅਤਿ ਜ਼ਰੂਰੀ ਹੈ ਕਿਉਂਕਿ ਕੁਦਰਤ ਨਾਲ ਖਿਲਵਾੜ, ਮਨੁੱਖਤਾ ਦੀ ਤਬਾਹੀ ਲਈ ਖ਼ਤਰੇ ਦੀ ਘੰਟੀ ਹੈ, ਜਿਸਨੂੰ ਸਮਾਂ ਰਹਿੰਦੇ ਸੁਣਨਾ ਅਤਿ ਜ਼ਰੂਰੀ ਹੈ।
ਅਸੀਂ ਸਮਝਦੇ ਹਾਂ ਕਿ ਐਨ. ਜੀ. ਟੀ. ਵੱਲੋਂ ਦੇਸ਼ 'ਚ ਕਿਤੇ ਵੀ ਆਪਣੇ ਅਧਿਕਾਰ ਦੀ ਵਰਤੋਂ ਕਰਕੇ, ਗੈਰ ਕਾਨੂੰਨੀ ਢੰਗ ਨਾਲ ਰੇਤੇ ਦੀ ਖੁਦਾਈ ਵਿਰੁੱਧ ਕਦਮ ਚੁੱਕਣ ਲਈ ਖੁੱਲ੍ਹ ਨਾਲ, ਸੂਬਾ ਸਰਕਾਰਾਂ, ਜਿਹੜੀਆਂ ਮਾਫ਼ੀਏ ਦੀ ਭਾਈਵਾਲ ਬਣੀਆਂ ਹੋਈਆਂ ਹਨ, ਉਨ੍ਹਾਂ ਨੂੰ ਥੋੜ੍ਹਾ ਬਹੁਤਾ ਡਰ ਸਤਾਉਣ ਲੱਗੇਗਾ, ਪ੍ਰੰਤੂ ਦੇਸ਼ ਦਾ ਸਾਰਾ ਸਿਸਟਮ ਹੀ ਭ੍ਰਿਸ਼ਟ ਹੋ ਚੁੱਕਾ ਹੈ, ਇਸ ਲਈ ਅਜਿਹੇ ਕਦਮਾਂ ਤੋਂ ਬਹੁਤੇ ਚੰਗੇ ਨਤੀਜਿਆਂ ਦੀ ਆਸ ਨਹੀਂ ਰੱਖੀ ਜਾ ਸਕਦੀ। ਪੰਜਾਬ 'ਚ ਕਿਉਂਕਿ ਰੇਤੇ ਤੇ ਬਜ਼ਰੀ ਦੀ ਸਮੱਸਿਆ ਪਹਿਲਾ ਹੀ ਵਿਕਰਾਲ ਰੂਪ ਧਾਰਣ ਕਰ ਚੁੱਕੀ ਹੈ, ਇਸ ਲਈ ਰੇਤੇ, ਬਜਰੀ ਦੀ ਖੁਦਾਈ ਸਬੰਧੀ ਬਣਨ ਵਾਲਾ ਕੋਈ ਵੀ ਕਾਨੂੰਨ, ਪੰਜਾਬ ਦੇ ਆਮ ਲੋਕਾਂ ਨੂੰ ਸਭ ਤੋਂ ਵਧੇਰੇ ਪ੍ਰਭਾਵਿਤ ਕਰੇਗਾ। ਪੰਜਾਬ ਦੇ ਉਪਰਲੇ ਘਰਾਂ ਤੇ ਪਹਿਲਾ ਹੀ ਮਾਫ਼ੀਏ ਨੂੰ ਸਰਪ੍ਰਸਤੀ ਦੇਣ ਦੇ ਦੋਸ਼ ਲੱਗ ਰਹੇ ਹਨ ਅਤੇ ਪੰਜਾਬ 'ਚ ਮਾਫ਼ੀਏ ਦੀ ਪਕੜ ਦਿਨੋ-ਦਿਨ ਮਜ਼ਬੂਤ ਹੋ ਰਹੀ ਹੈ। ਦੇਸ਼ ਦੇ ਕੁਦਰਤੀ ਸਾਧਨਾਂ ਦੀ ਸੱਤਾਧਾਰੀ ਧਿਰਾਂ ਵੱਲੋਂ ਦੁਰਵਰਤੋਂ ਅਤੇ ਆਪਣੀ ਸ਼ਕਤੀ ਸਹਾਰੇ ਉਨਾਂ੍ਹ ਦੀ ਲੁੱਟ-ਖਸੁੱਟ ਦੇਸ਼ ਨੂੰ ਲੁੱਟਣਾ ਹੀ ਹੈ, ਇਸ ਲਈ ਇਸ ਲੁੱਟ-ਖਸੁੱਟ ਨੂੰ ਰੋਕਣ ਲਈ ਹਰ ਪ੍ਰਭਾਵੀ ਧਿਰ ਨੂੰ ਅੱਗੇ ਆਉਣਾ ਚਾਹੀਦਾ ਹੈ। ਵੱਡੇ ਆਗੂਆਂ 'ਚ ਜਿਸ ਤਰ੍ਹਾਂ ਧਨ-ਦੌਲਤ ਇਕੱਠਾ ਕਰਨ ਦੀ ਲਾਲਸਾ ਵਧ ਚੁੱਕੀ ਹੈ, ਉਹ ਸਵਿੱਸ ਬੈਂਕ ਭਰਨ ਦੇ ਚੱਕਰਾਂ 'ਚ ਪੈ ਚੁੱਕੇ ਹਨ, ਉਸਨੂੰ ਵੇਖਦਿਆਂ, ਦੇਸ਼ ਦੇ ਕੁਦਰਤੀ ਸਾਧਨਾਂ ਦੀ ਰੱਖਿਆ ਲਈ ਠੋਸ ਤੇ ਪਾਰਦਰਸ਼ੀ ਕਾਨੂੰਨ ਬਣਾਉਣੇ ਅਤੇ ਉਨ੍ਹਾਂ ਦੀ ਪਾਲਣਾ ਕਰਨੀ ਅਤਿ ਜ਼ਰੂਰੀ ਹੈ। ਜਦੋਂ ਤੱਕ ਦੇਸ਼ ਦੇ ਕੁਦਰਤੀ ਸਾਧਨਾਂ ਦੀ ਲੁੱਟ ਕਰਨ ਵਾਲਿਆਂ ਨੂੰ ਦੇਸ਼-ਧ੍ਰੋਹੀ ਨਹੀਂ ਗਰਦਾਨਿਆ ਜਾਂਦਾ, ਉਦੋਂ ਤੱਕ ਇਸ ਲੁੱਟ ਤੇ ਨਕੇਲ ਪਾਉਣੀ ਸੰਭਵ ਨਹੀਂ ਜਾਪਦੀ। ਅਸੀਂ ਚਾਹੁੰਦੇ ਹਾਂ ਕਿ ਹਰ ਤਰ੍ਹਾਂ ਦੇ ਮਾਫ਼ੀਏ ਦੇ ਖ਼ਾਤਮੇ ਲਈ ਪ੍ਰਭਾਵੀ ਕਦਮ ਚੁੱਕੇ ਜਾਣ। ਮਾਫ਼ੀਏ ਕਾਰਣ ਆਮ ਵਿਅਕਤੀ ਦਾ ਜਿਉਣਾ ਮੁਹਾਲ ਹੋ ਰਿਹਾ ਹੈ। ਇਸ ਲਈ ਸੱਤਾਧਾਰੀ ਧਿਰ, ਭ੍ਰਿਸ਼ਟ ਅਫ਼ਸਰਸ਼ਾਹੀ ਤੇ ਮਾਫ਼ੀਏ ਦੀ ਤਿੱਕੜੀ ਵਿਰੁੱਧ ਆਮ ਲੋਕਾਂ ਦਾ ਡੱਟ ਕੇ ਖੜ੍ਹਾ ਹੋਣਾ ਬੇਹੱਦ ਜ਼ਰੂਰੀ ਹੈ। ਪੰਜਾਬ 'ਚ ਮਾਫ਼ੀਏ ਦੇ ਹਰ ਖੇਤਰ 'ਚ ਵੱਧਦੇ ਪ੍ਰਭਾਵ ਨੂੰ ਠੱਲ੍ਹਣ ਲਈ ਵੀ ਲੋਕਾਂ ਦਾ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ, ਨਹੀਂ ਤਾਂ ਜੇ ਇਸ ਤਿੱਕੜੀ ਦੀ ਅਮਰ ਵੇਲ ਪੰਜਾਬ 'ਚ ਪੂਰੀ ਤਰ੍ਹਾਂ ਛਾਂ ਗਈ, ਫਿਰ ਪੰਜਾਬ ਦਾ ਸੁੱਕਣਾ ਯਕੀਨੀ ਹੈ ਅਤੇ ਇਸਨੂੰ ਕੋਈ ਵੀ ਤਾਕਤ ਫ਼ਿਰ ਜਿਊਂਦਾ ਨਹੀਂ ਰੱਖ ਸਕੇਗੀ।