ਕੌਮ ਦੀ ਏਕਤਾ ਊਠ ਦਾ ਲਟਕਦਾ ਬੁੱਲ ਕਿਉਂ ਬਣੀ...?

ਜਸਪਾਲ ਸਿੰਘ ਹੇਰਾਂ
ਅਸੀਂ ਵਾਰ ਵਾਰ ਕੌਮ ਨੂੰ ਹੋਕਾ ਦੇ ਰਹੇ ਹਾਂ ਕਿ ਬਰਗਾੜੀ ਦਾ ਇਨਸਾਫ਼ ਮੋਰਚਾ ਕਿਸੇ ਇਕ ਧਿਰ ਦਾ ਨਹੀਂ ਸਗੋਂ ਸਮੁੱਚੀ ਕੌਮ ਦਾ ਹੈ ਕਿਉਂਕਿ ਇਹ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਆਰੰਭਿਆ ਗਿਆ ਹੈ ਭਾਵੇਂਕਿ ਮੋਰਚੇ ਦੇ ਪ੍ਰਬੰਧਕਾਂ ਨੂੰ ਸਮੁੱਚੀ ਕੌਮ ਆਗੂ ਵਜੋਂ ਸਵੀਕਾਰ ਨਾ ਵੀ ਕਰਦੀ ਹੋਵੇ ਤਾਂ ਵੀ ਗੁਰੂ ਦੇ ਨਾਮ ਤੇ ਇਸ ਮੋਰਚੇ ਵਿਚ ਸਮੁੱਚੀ ਕੌਮ ਦੀ ਸ਼ਮੂਲੀਅਤ ਕੌਮੀ ਫ਼ਰਜ਼ ਹੈ। ਅਸੀਂ ਉਮੀਦ ਕਰਦੇ ਸੀ ਕਿ ਆਪੋ ਆਪਣੇ ਸੁਆਰਥ ਅਤੇ ਲੋਭ-ਲਾਲਸਾ, ਈਰਖਾ, ਹਊਮੈ ਤੇ ਹੰਕਾਰ ਨੂੰ ਛੱਡ ਕੇ ਬਰਗਾੜੀ ਮੋਰਚੇ ਨੂੰ ਸਾਂਝਾ ਪਲੇਟ ਫ਼ਾਰਮ ਬਣਾ ਲਵੇਗੀ। ਪ੍ਰੰਤੂ ਸਾਡੀ ਇਹ ਰੀਝ ਪੂਰੀ ਨਹੀਂ ਹੁੰਦੀ ਜਾਪਦੀ। ਜਿਸ ਕਾਰਨ ਸਰਕਾਰਾਂ ਨੇ ਵੀ ਘੇਸਲ ਵੱਟ ਲਈ ਹੈ ਅਤੇ ਦੋ ਮਹੀਨੇ ਤੋਂ ਵੱਧ ਦਾ ਸਮਾਂ ਹੋ ਜਾਣ ਦੇ ਬਾਵਜੂਦ ਸਰਕਾਰਾਂ ਨੇ ਮੋਰਚੇ ਦੀਆਂ ਮੰਗਾਂ ਦੀ ਪੂਰਤੀ ਨੂੰ ਹਾਲੇ ਤੱਕ ਗੰਭੀਰਤਾ ਨਾਲ ਨਹੀਂ ਲਿਆ। ਚੌਧਰ ਦੀ, ਸੁਆਰਥ ਦੀ, ਪਦਾਰਥ ਦੀ ਭੁੱਖ ਅੱਗੇ ਕੌਮ ਦਾ ਮਾਣ-ਸਨਮਾਨ ਸਿੱਖੀ ਦੀ ਆਨ-ਸ਼ਾਨ ਬੌਣੇ ਹੋ ਗਏ ਹਨ। ਇਕ ਸਿੱਖ ਨੂੰ ਦੂਜਾ ਸਿੱਖ ਭਰਾ ਨਹੀਂ, ਦੁਸ਼ਮਣ ਜਾਪਣ ਲੱਗ ਪਿਆ ਹੈ। ਹਊਮੈ ਤੇ ਲਾਲਸਾ ਨੇ ਅਕਲੋਂ ਅੰਨ੍ਹਾ ਕਰ ਛੱਡਿਆ ਹੈ, ਮੈਂ ਦੀ ਲੜ੍ਹਾਈ 'ਚ ਆਪਣੇ-ਬਿਗਾਨੇ ਦੀ ਪਛਾਣ ਭੁੱਲ ਗਈ ਹੈ। ਕੌਮ 'ਚ ਖਾਨਾਜੰਗੀ ਸ਼ੁਰੂ ਹੋ ਚੁੱਕੀ ਹੈ, ਪ੍ਰੰਤੂ ਇਸ ਭਰਾ-ਮਾਰੂ ਜੰਗ ਨੂੰ ਰੋਕਣ ਦੇ ਸਮਰੱਥ ਕੋਈ ਸਿੱਖ ਆਗੂ ਕਿਧਰੇ ਵੀ ਵਿਖਾਈ ਨਹੀਂ ਦੇ ਰਿਹਾ। ਅਸੀਂ ਪੰਥਕ ਏਕਤਾ ਲਈ ਵਾਰ-ਵਾਰ ਦੁਹਾਈ ਦੇ ਰਹੇ ਹਾਂ, ਪ੍ਰੰਤੂ ਇਹ ਦੇਖਦਿਆਂ ਹੋਇਆ ਵੀ ਕਿ ਪੰਥਕ ਰਾਜਨੀਤੀ ਦੇ ਵਿਹੜੇ 'ਚ ਏਕਤਾ ਨਾਂਹ ਹੋਣ ਕਾਰਣ ਪੂਰੀ ਤਰ੍ਹਾਂ ਖਲ਼ਾਅ ਹੈ ਅਤੇ ਪੰਜਾਬ ਦੀ ਵਾਂਗਡੋਰ ਪੰਜਾਬੀਆਂ ਦੇ ਹੱਥੋਂ ਗੁਆਚਣ ਵਾਲੀ ਹੈ, ਉਸਦੇ ਬਾਵਜੂਦ ਪੰਥਕ ਏਕੇ ਲਈ ਕੋਈ ਵੀ ਅੱਗੇ ਆਉਣ ਲਈ ਤਿਆਰ ਨਹੀਂ।

ਇਹ ਵੀ ਅਫ਼ਸੋਸ ਹੈ ਅਤੇ ਕੌਮ ਦੀ ਤ੍ਰਾਸਦੀ ਵੀ ਹੈ ਕਿ ਅੱਜ ਸਾਡੇ 'ਚ ਕੋਈ ਵੀ ਅਜਿਹੀ ਸਖ਼ਸੀਅਤ ਨਹੀਂ, ਜਿਸਦੀ ਸਮੁੱਚੀ ਕੌਮ ਸੁਣਦੀ ਹੋਵੇ, ਉਸਦੀ ਬੇਬਾਕ, ਬੇਦਾਗ, ਸੱਚੀ-ਸੁੱਚੀ ਸਖ਼ਸੀਅਤ ਦਾ ਸਮੁੱਚੀ ਕੌਮ ਤੇ ਪ੍ਰਭਾਵ ਹੋਵੇ। ਜੋ ਕੁਝ ਪੰਜਾਬ 'ਚ ਵਾਪਰ ਰਿਹਾ ਹੈ ਅਤੇ ਜੋ ਕੁਝ ਵਾਪਰਨ ਦੀ ਆਸ਼ੰਕਾ ਹੈ, ਉਹ ਕੌਮ ਲਈ ਬੇਹੱਦ ਮੰਦ-ਭਾਗਾ ਹੈ, ਜਿਸਨੇ ਸਮੁੱਚੀ ਦੁਨੀਆ 'ਚ ਕੌਮ ਦੀ ਹੇਠੀ ਕਰਵਾਉਣੀ ਹੈ। ਅਸੀਂ ਵਾਰ ਵਾਰ ਦੁਹਾਈ ਦੇ ਰਹੇ ਹਾਂ ਕਿ ਸਿੱਖੋ! ਤੁਸੀਂ ਦੁਨੀਆ ਦੇ ਉਸ ਮਹਾਨ ਵਿਰਸੇ ਤੇ ਫਲਸਫ਼ੇ ਦੇ ਵਾਰਿਸ ਹੋ, ਜਿਸ ਦਾ ਦੁਨੀਆ 'ਚ ਕੋਈ ਸਾਨੀ ਨਹੀਂ, ਤੁਹਾਡਾ ਗ੍ਰੰਥ ਸਮੁੱਚੀ ਦੁਨੀਆ ਨੂੰ ਅਗਵਾਈ ਦੇਣ ਦੇ ਸਮਰੱਥ ਹੈ ਅਤੇ ਤੁਹਾਡਾ ਪੰਥ, ਸਮੁੱਚੀ ਦੁਨੀਆ ਦਾ 'ਸਿਰਦਾਰ' ਬਣਨ ਲਈ ਸਿਰਜਿਆ ਗਿਆ ਸੀ, ਪ੍ਰੰਤੂ ਅੱਜ ਤੁਸੀਂ ਗ੍ਰੰਥ ਦੀ ਸੁਣਨੋ ਹੱਟ ਗਏ ਅਤੇ ਪੰਥ ਨੂੰ ਧੜ੍ਹਿਆਂ 'ਚ ਵੰਡ ਲਿਆ ਹੈ, ਜਿਸ ਕਾਰਣ ਅਸੀਂ ਕਲਗੀਧਰ ਦੇ ਧੀਆਂ-ਪੁੱਤਰ ਨਹੀਂ ਰਹੇ, ਸਗੋਂ ਆਪੋ-ਆਪਣੇ ਧੜ੍ਹੇ ਦੇ ਗੁਲਾਮ ਬਣ ਗਏ ਹਾਂ, ਜਿਸ ਕਾਰਣ ਕੌਮ ਦੀ ਹੁਣ ਸਾਨੂੰ ਕੋਈ ਪ੍ਰਵਾਹ ਨਹੀਂ ਰਹਿ ਗਈ। ਅਸੀਂ ਸਮਝਦੇ ਹਾਂ ਕਿ ਜਦੋਂ ਧਰਮ, ਰਾਜਨੀਤੀ ਦਾ ਗੁਲਾਮ ਹੋ ਜਾਂਦਾ ਹੈ ਤਾਂ ਸਿਵਾਏ ਖੁਆਰੀ ਤੋਂ ਕਦੇ ਕੁਝ ਪੱਲੇ ਨਹੀਂ ਪੈਂਦਾ। ਅੱਜ ਸਿੱਖਾਂ 'ਚ ਚੌਧਰ, ਸੁਆਰਥ ਤੇ ਪਦਾਰਥ ਦੀ ਭੁੱਖ ਨੇ ਧਰਮੀ ਗੁਣ ਖੋਹ ਕੇ ਉਸਨੂੰ ਸ਼ੈਤਾਨ, ਮਕਾਰ, ਫਰੇਬੀ, ਝੂਠਾ, ਪਾਖੰਡੀ, ਲੋਭੀ-ਲਾਲਚੀ ਰਾਜਸੀ ਖਿਡਾਰੀ ਬਣਾ ਦਿੱਤਾ ਹੈ। ਤਦ ਹੀ ਗੁਰੂ ਘਰਾਂ ਦੀ ਸੇਵਾ ਸੰਭਾਲ ਹੁਣ ਗੁਰੂ ਦੀਆਂ ਗੋਲਕਾਂ ਤੇ ਕਬਜ਼ੇ 'ਚ ਬਦਲ ਗਈ ਹੈ ਅਤੇ ਮਾਇਆ ਨਾਗਣੀ ਦੇ ਡੰਗ ਦਾ ਡੰਗਿਆ ਸਿੱਖ, ਉਸ ਗੋਲਕ ਦੀ ਲੜ੍ਹਾਈ ਲਈ ਭਰਾ ਦੇ ਖੂਨ ਦਾ ਪਿਆਸਾ ਹੋ ਗਿਆ ਹੈ।

ਅਸੀਂ ਵਾਰ-ਵਾਰ ਹੋਕਾ ਦਿੱਤਾ ਹੈ ਕਿ ਪੰਥ ਦੁਸ਼ਮਣ ਤਾਕਤਾਂ ਹੁਣ ਸਿੱਖਾਂ ਨੂੰ ਕਿਸੇ ਮਾਰੂ ਹਥਿਆਰ ਨਾਲ ਮਾਰਨ ਦੀ ਸੋਚ ਛੱਡ ਚੁੱਕੀਆਂ ਹਨ ਅਤੇ ਉਹ ਕੁਟਲ ਚਾਲਾਂ ਨਾਲ ਭਾਵੇਂ ਉਹ ਨਸ਼ਿਆਂ ਦਾ ਮਾਰੂ ਹਥਿਆਰ ਹੋਵੇ, ਚਾਹੇ ਚੌਧਰ ਤੇ ਸੱਤਾ ਲਾਲਸਾ ਦੀ ਭੁੱਖ ਵਾਲੇ ਹਥਿਆਰ ਦੀ ਚਾਲ ਹੋਵੇ, ਚਾਹੇ ਭਰਾ-ਮਾਰੂ ਜੰਗ ਦਾ ਹਥਿਆਰ ਹੋਵੇ ਅਤੇ ਚਾਹੇ ਸਿੱਖਾਂ ਦੇ ਅਕਸ ਨੂੰ ਦੁਨੀਆ 'ਚ ਢਾਅ ਲਾਉਣ ਵਾਲਾ ਹਥਿਆਰ ਹੀ ਹੋਵੇ, ਉਸਦੀ ਵਰਤੋਂ ਕਰਕੇ ਸਿੱਖੀ ਦੇ ਜੜ੍ਹੀ ਤੇਲ ਦੇਣ ਦੀਆਂ ਮਾਰੂ ਚਾਲਾਂ ਚੱਲ ਰਹੀਆਂ ਹਨ। ਪ੍ਰੰਤੂ ਅਸੀਂ ਆਪਣੀ ਸੁਆਰਥੀ, ਪਦਾਰਥੀ, ਭੁੱਖ ਦੀ ਪੂਰਤੀ ਲਈ ਉਨ੍ਹਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਿੱਖਾਂ 'ਚ ਵੰਡੀਆਂ ਹੋਰ ਨਾ ਵਧਾਈਆ ਜਾਣ, ਭਰਾ-ਮਾਰੂ ਜੰਗ ਕਰਕੇ, ਦੁਨੀਆ 'ਚ ਸਿੱਖੀ ਦਾ ਮਜ਼ਾਕ ਨਾ ਉਡਾਇਆ ਜਾਵੇ। ਭਾਵੇਂ ਕਿ ਹੁਣ ਇਹ ਸਾਫ਼ ਹੈ ਕਿ ਇਹ ਸਾਰੀ ਲੜ੍ਹਾਈ ਸਿਰਫ਼ ਰਾਜਸੀ ਹੈ, ਚੌਧਰ ਦੀ ਹੈ, ਗੋਲਕ ਦੀ ਹੈ, ਇਸ ਲਈ ਸਿਧਾਂਤਾਂ ਦੀ ਗੱਲ ਕਰਨੀ, ਬੇਅਰਥ ਹੋ ਚੁੱਕੀ ਹੈ, ਪ੍ਰੰਤੂ ਉਸਦੇ ਬਾਵਜੂਦ ਅਸੀਂ ਕੌਮ ਦੇ ਦਾਨਿਸ਼ਵਰਾਂ ਨੂੰ ਅਪੀਲ ਜ਼ਰੂਰ ਕਰਾਂਗੇ ਕਿ ਸੱਤਾ ਲਾਲਸਾ ਦੇ ਅੰਨ੍ਹਿਆਂ ਨੂੰ ਕੌਮ ਦੀ ਜੱਗ ਹਸਾਈ ਕਰਵਾਉਣ ਤੋਂ ਰੋਕਣ ਲਈ ਸਿਆਣਪ, ਨਿੱਡਰਤਾ, ਨਿਰਪੱਖਤਾ, ਦ੍ਰਿੜ੍ਹਤਾ ਨਾਲ ਅੱਗੇ ਆਉਣ ਅਤੇ ਇਨ੍ਹਾਂ ਨੂੰ ਕੌਮ ਸਾਹਮਣੇ ਬੇਨਕਾਬ ਕਰਕੇ, ਕੌਮ ਨੂੰ ਇਨ੍ਹਾਂ ਦੇ ਚੁੰਗਲ ਤੋਂ ਅਜ਼ਾਦ ਕਰਵਾਇਆ ਜਾਵੇ ਤਾਂ ਕਿ  ਕੌਮੀ ਏਕਤਾ ਪੰਜਾਬ ਵਿੱਚ ਪੰਥ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਮੋਹਰੀ ਰੋਲ ਨਿਭਾ ਸਕੇ।

Editorial
Jaspal Singh Heran

International