ਅਮਰੀਕਾ 'ਚ ਵਧੇ ਨਸਲੀ ਹਮਲੇ, ਹਫ਼ਤੇ 'ਚ ਦੂਜੇ ਸਿੱਖ ਨੂੰ ਬਣਾਇਆ ਨਿਸ਼ਾਨਾ

ਨਿਊਯਾਰਕ 8 ਅਗਸਤ (ਏਜੰਸੀਆਂ): ਅਮਰੀਕਾ ਦੇ ਸੂਬੇ ਕੈਲੇਫੋਰਨੀਆ ਵਿੱਚ 71 ਸਾਲਾ ਬਿਰਧ ਸਿੱਖ ਨੂੰ ਦੋ ਗੋਰਿਆਂ ਨੇ ਬੁਰੀ ਤਰ੍ਹਾਂ ਕੁੱਟਿਆ। ਇੰਨਾ ਹੀ ਨਹੀਂ ਹਮਲਾਵਰ ਨੇ ਬਜ਼ੁਰਗ ਸਿੱਖ 'ਤੇ ਥੁੱਕ ਦਿੱਤਾ। ਪਿਛਲੇ ਇੱਕ ਹਫ਼ਤੇ ਦੌਰਾਨ ਨਸਲੀ ਹਮਲੇ ਦੀ ਇਹ ਦੂਜੀ ਘਟਨਾ ਹੈ, ਜਿਸ ਨਾਲ ਸਿੱਖਾਂ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਹਮਲੇ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਕੁੱਟਮਾਰ ਦੌਰਾਨ ਬਜ਼ੁਰਗ ਸਿੱਖ ਦੀ ਦਸਤਾਰ ਵੀ ਉੱਤਰ ਗਈ। 71 ਸਾਲਾ ਸਾਹਿਬ ਸਿੰਘ ਨੱਤ ਲੰਘੀ ਛੇ ਅਗਸਤ ਨੂੰ ਸੜਕ ਕਿਨਾਰੇ ਜਾ ਰਹੇ ਸਨ ਤਾਂ ਸਾਹਮਣਿਓਂ ਦੋ ਵਿਅਕਤੀ ਨੇ ਸਿੱਧਾ ਉਨ੍ਹਾਂ ਵੱਲ ਆਏ। ਸਿਰ 'ਤੇ 'ਹੁੱਡ' ਪਹਿਨੇ ਦੋਵਾਂ ਵਿਅਕਤੀਆਂ ਨੂੰ ਦੇਖ ਨੱਤ ਰੁਕ ਗਏ ਤੇ ਉਨ੍ਹਾਂ ਨੇ ਥੋੜ੍ਹੀ ਬਹਿਸਬਾਜ਼ੀ ਕੀਤੀ ਤੇ ਫਿਰ ਅਚਾਨਕ ਹੀ ਬਜ਼ੁਰਗ ਸਿੱਖ ਨੂੰ ਲੱਤ ਮਾਰ ਦਿੱਤੀ ਤੇ ਉਹ ਜ਼ਮੀਨ 'ਤੇ ਡਿੱਗ ਗਏ। ਉਨ੍ਹਾਂ ਦੀ ਪੱਗ ਵੀ ਲੱਥ ਗਈ। ਇਸ ਤੋਂ ਕੁਝ ਸੈਕੰਡ ਬਾਅਦ ਹਮਲਾਵਰ ਮੁੜ ਆਇਆ ਤੇ ਡਿੱਗੇ ਪਏ ਬਿਰਧ ਦੇ ਢਿੱਡ ਵਿੱਚ ਫਿਰ ਕਈ ਲੱਤਾਂ ਮਾਰੀਆਂ।

ਸੀਸੀਟੀਵੀ ਤਸਵੀਰਾਂ ਵਿੱਚ ਵਿਖਾਈ ਦੇ ਰਿਹਾ ਹੈ ਕਿ ਹਮਲਾਵਰ ਜਾਣ ਲੱਗਦਾ ਫਿਰ ਰੁਕ ਜਾਂਦਾ ਹੈ ਤੇ ਪਿੱਛੇ ਮੁੜ ਕੇ ਬਜ਼ੁਰਗ ਸਿੱਖ 'ਤੇ ਥੁੱਕਦਾ ਹੈ। ਹਮਲੇ ਵਿੱਚ ਸਾਹਿਬ ਸਿੰਘ ਨੱਤ ਨੂੰ ਵਾਹਵਾ ਸੱਟਾਂ ਵੱਜੀਆਂ ਸਨ। ਤਕਰੀਬਨ ਹਫ਼ਤਾ ਪਹਿਲਾਂ ਕੈਲੇਫ਼ੋਰਨੀਆ ਵਿੱਚ ਹੀ 50 ਸਾਲਾ ਸਿੱਖ 'ਤੇ ਦੋ ਗੋਰਿਆਂ ਨੇ ਹਮਲਾ ਕਰ ਦਿੱਤਾ ਸੀ। ਸੁਰਜੀਤ ਸਿੰਘ ਮੱਲ੍ਹੀ ਦੇ ਸਿਰ ਵਿੱਚ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਹ ਆਪਣੀ ਦਸਤਾਰ ਕਰਕੇ ਮਸਾਂ ਹੀ ਬਚੇ ਸਨ। ਸਿੱਖਾਂ 'ਤੇ ਵਧ ਰਹੇ ਨਸਲੀ ਹਮਲਿਆਂ ਤੋਂ ਪੂਰੇ ਸਿੱਖ ਭਾਈਚਾਰੇ ਵਿੱਚ ਕਾਫੀ ਰੋਸ ਹੈ। ਨੈਸ਼ਨਲ ਸਿੱਖ ਕੰਪੇਨ ਦੇ ਸਹਿ-ਸੰਸਥਾਪਕ ਰਾਜਵੰਤ ਸਿੰਘ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਦੇ ਵਿਰੋਧ ਵਿੱਚ ਮੁਹਿੰਮ ਸ਼ੁਰੂ ਕਰਨਗੇ। ਐਨਐਸਸੀ ਦੇ ਐਗ਼ਜ਼ਿਕਿਊਟਿਵ ਡਾਇਰੈਕਟਰ ਗੁਰਵੀਨ ਸਿੰਘ ਆਹੂਜਾ ਨੇ ਕਿਹਾ ਕਿ ਸਿੱਖਾਂ ਬਾਰੇ ਵਧੇਰੇ ਜਾਗਰੂਕਤਾ ਫੈਲਾਈ ਜਾਵੇਗੀ। ਐਨਐਸਸੀ ਨੇ ਪਿਛਲੇ ਸਾਲ ਵੱਡੇ ਪੱਧਰ 'ਤੇ 'ਵੀ ਆਰ ਸਿੱਖਸ' ਨਾਂ ਦੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਵਿੱਚ ਸਿੱਖਾਂ ਬਾਰੇ ਜਾਗਰੂਕਤਾ ਫੈਲਾਉਣ ਦਾ ਉਪਰਾਲਾ ਕੀਤਾ ਗਿਆ ਸੀ।

Unusual
Sikhs
USA
NRI
Racism

International