ਪੰਜਾਬੋ ਭੱਜੇ ਬਾਦਲ ਦਲ ਦਾ ਮੁਰਦਾਬਾਦ ਨੇ ਹਰਿਆਣਾ 'ਚ ਵੀ ਖਹਿੜਾ ਨਾ ਛੱਡਿਆ

ਬਾਦਲ ਦਲ ਨੇ ਕੀਤਾ ਹਰਿਆਣਾ 'ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ

ਪਿੱਪਲੀ 19 ਅਗਸਤ (ਅਨਿਲ ਵਰਮਾ) : ਬਾਦਲ ਰਾਜ ਵੇਲੇ ਬੇਅਦਬੀ ਘਟਨਾਵਾਂ ਤੇ ਬਣਦੀ ਜਿੰਮੇਵਾਰੀ ਨਾ ਨਿਭਾਉਣ ਅਤੇ ਸੌਦਾ ਸਾਧ ਦੀ  ਹਮਾਇਤ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਕੌਮ ਦੇ ਯੋਧਿਆਂ ਦੇ ਰੋਹ ਭਰਪੂਰ ਰੋਸ ਦਾ ਸਾਹਮਣਾ ਕਰਨਾ ਪਿਆ? ਹਾਲਾਤ ਬਣੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਦੇ ਕੁਰੁਕਸ਼ੇਤਰ ਦੇ ਕਸਬਾ ਪਿੱਪਲੀ ਵਿੱਚ ਕੀਤੀ ਗਈ ਸਿਆਸੀ ਰੈਲੀ ਦੌਰਾਨ ਜਦੋਂ ਸੁਖਬੀਰ ਬਾਦਲ ਭਾਸ਼ਣ ਦੇਣ ਲਈ ਸ਼ੁਰੂ ਹੋਏ ਤਾਂ ਪੰਡਾਲ ਵਿੱਚ ਪਹਿਲਾਂ ਤੋਂ ਹੀ ਵਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਰਾਂ ਨੇ ਹਰਜੀਤ ਸਿੰਘ ਖਾਲਸਾ ਕਰਨਾਲ ਦੀ ਅਗਵਾਈ ਵਿੱਚ ਨਾਹਰੇਬਾਜੀ ਸ਼ੁਰੂ ਕਰ ਦਿੱਤੀ ਅਤੇ ਕਾਲੇ ਝੰਡੇ ਦਿਖਾਏ ਗਏ ਇੱਥੋਂ ਤੱਕ ਕਿ 'ਖਾਲਿਸਤਾਨ ਜਿੰਦਾਬਾਦ' 'ਰਾਜ ਕਰੇਗਾ ਖਾਲਸਾ' ਦੇ ਜੈਕਾਰੇ ਵੀ ਲਾਏ ਗਏ। ਕਰੀਬ ਇੱਕ ਦਰਜਨ ਵਰਕਰਾਂ ਨੂੰ ਮੌਕੇ ਤੇ ਮੌਜੂਦ ਪੁਲਿਸ ਵੱਲੋਂ ਬਾਮੁਸ਼ਕਲ ਚੁੱਪ ਕਰਵਾਉਂਦੇ ਹੌਏ ਪੰਡਾਲ ਚੋਂ ਬਾਹਰ ਲਿਜਾਇਆ ਗਿਆ। ਇਸ ਨਾਹਰੇਬਾਜੀ ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਆਪਣੇ ਭਾਸ਼ਣ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਵਿੱਚ ਤਾਕਤ ਨੂੰ ਦੇਖਕੇ ਪੰਥ ਵਿਰੋਧੀ ਬੌਖਲਾਹਟ ਵਿੱਚ ਆਕੇ ਵਿਰੋਧ ਕਰ ਰਹੇ ਹਨ ਪਰ ਉਹ ਅਜਿਹੇ ਡਰਾਮਿਆਂ ਤੋਂ ਡਰਨ ਵਾਲੇ ਨਹੀਂ ਅਤੇ ਅੱਜ ਤੋਂ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਸਰਕਾਰ ਬਨਾਉਣ ਲਈ ''ਪੰਥ ਦੇ ਝੰਡੇ'' ਗੱਡ ਦਿੱਤੇ ਹਨ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਗਵਾਂਢੀ ਸੂਬਿਆਂ ਵਿੱਚ ਜੋਰ ਅਜਮਾਈਸ਼ ਕਰਨ ਦੀ ਸ਼ੁਰੂ ਕੀਤੀ ਗਈ ਕਾਰਵਾਈ ਤਹਿਤ ਅੱਜ ਪਹਿਲਾ ਮਿਸ਼ਨ ਹਰਿਆਣਾ ਵਿੱਚ ਸ਼ੁਰੂ ਕੀਤਾ ਗਿਆ। ਇਸ ਰੈਲੀ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ ਹੋਈ ਸੀ। ਬਾਦਲ ਪਰਿਵਾਰ ਦੇ ਨਜਦੀਕੀ ਮਿੱਤਰ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਅਤੇ ਪੰਜਾਬ ਵਿੱਚ ਭਾਈਵਾਲ ਪਾਰਟੀ ਭਾਜਪਾ ਨਾਲ ਰਿਸ਼ਤਿਆਂ 'ਚ ਆਈ ਖਟਾਸ ਤੋਂ ਦੁਖੀ ਸ਼੍ਰੋਮਣੀ ਅਕਾਲੀ ਦਲ ਨੇ ਇਹ ਚੋਣਾਂ ਆਪਣੇ ਦਮ ਤੇ ਲੜਨ ਦਾ ਐਲਾਨ ਕਰਦੇ ਹੋਏ ਆਉਂਦੇ ਸਮੇਂ ਵਿੱਚ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਅਤੇ ਰਾਜਸਥਾਨ ਦੇ ਗੰਗਾਨਗਰ ਵਿਖੇ ਵੀ ਰੈਲੀਆਂ ਕਰਨ ਦਾ ਐਲਾਨ ਕਰ ਦਿੱਤਾ ਹੈ। ਹੈਰਾਨਗੀ ਇਸ ਗੱਲ ਦੀ ਰਹੀ ਕਿ ਦੇਸ਼ ਦੇ ਸਰਪ੍ਰਵਾਨਿਤ ਨੇਤਾ ਕਹੇ ਜਾਂਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਤੋਂ ਬਾਅਦ ਦੇਸ਼ ਵਿੱਚ ਇੱਕ ਹਫਤੇ ਦਾ ਸ਼ੋਗ ਐਲਾਨਿਆ ਗਿਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਪਰਵਾਹ ਨਾ ਕਰਦੇ ਹੋਏ ਧੜੱਲੇ ਨਾਲ ਰੈਲੀ ਕੀਤੀ ਗਈ? ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਣ ਤੇ ਅਕਾਲੀ ਭਾਜਪਾ ਗਠਬੰਧਨ ਦੀ ਪੰਜਾਬ ਸਰਕਾਰ ਦੇ ਪੈਟਰਨ ਤੇ ਕਿਸਾਨਾਂ ਦੇ ਜਿੱਥੇ ਬਿਜਲੀ ਦੇ ਬਿੱਲ ਮੁਆਫ ਕੀਤੇ ਜਾਣਗੇ ਉਥੇ ਹੀ ਲੜਕੀਆਂ ਨੂੰ ਮੋਟਰਬਾਈਕ ਅਤੇ ਗਰੀਬ ਪਰਿਵਾਰਾਂ ਨੂੰ 400 ਯੂਨਿਟ ਮੁਫਤ ਬਿਜਲੀ, ਆਟੇ ਦੇ ਨਾਲ ਦਾਲ ਸਮੇਤ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸੁਖਬੀਰ ਬਾਦਲ ਨੇ ਆਪਣੇ ਭਾਸ਼ਣ ਦੌਰਾਨ ਹਰਿਆਣਾ ਨੂੰ ਆਪਣਾ ਜੱਦੀ ਸੂਬਾ ਆਖਦਿਆਂ ਸਿਰਸਾ ਦੇ ਅਧੀਨ ਬਾਲਾਸਰ ਫਾਰਮ ਦੀ ਜਮੀਨ ਦਾ ਤਰਕ ਦਿੰਦਿਆਂ ਪੂਰਨ ਰਿਸ਼ਤੇ ਕਾਮਯਾਬ ਹੋਣ ਦੀ ਦੁਹਾਈ ਵੀ ਦਿੱਤੀ ਅਤੇ ਆਉਂਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਦੀ ਸਿਆਸਤ ਵਿੱਚ ਅਹਿਮ ਭੁਮਿਕਾ ਨਿਭਾਉਣ ਦਾ ਦਾਅਵਾ ਕੀਤਾ।

ਉਹਨਾਂ ਕਾਂਗਰਸ ਪਾਰਟੀ ਨੂੰ ਪੰਥ ਦੀ ਦੁਸ਼ਮਣ ਕਰਾਰ ਦਿੰਦਿਆਂ ਇੱਥੋਂ ਤੱਕ ਕਿਹਾ ਕਿ ਹਰਿਆਣਾ ਵਿੱਚ ਕਾਂਗਰਸੀ ਆਗੂ ਭਜਨ ਲਾਲ ਅਤੇ ਬੰਸੀ ਲਾਲ ਵੱਲੋਂ ਸਿੱਖਾਂ ਤੇ ਕੀਤੀਆਂ ਗਈਆਂ ਧੱਕੇਸ਼ਾਹੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਨਾ ਹੀ 1984 ਦੇ ਕਤਲੇਆਮ ਨੂੰ ਭੁਲਿਆ ਜਾ ਸਕਦਾ ਹੈ। ਉਹਨਾਂ ਦਾਅਵਾ ਕੀਤਾ ਕਿ ਦੁਨੀਆਂ ਭਰ ਵਿੱਚ ਵੱਸਦੇ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਇੱਕ ਹਨ ਤੇ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਕੁਰਬਾਨੀਆਂ ਭਰੀ ਪਾਰਟੀ ਹੈ ਜਿਸ ਦਾ ਹੁਣ ਹਰ ਸੂਬੇ ਵਿੱਚ ਆਪਣਾ ਰਾਜ ਕਾਇਮ ਕਰਨ ਲਈ ਯਤਨ ਕੀਤੇ ਜਾਣਗੇ। ਸੁਖਬੀਰ ਬਾਦਲ ਵੱਲੋਂ ਆਪਣੇ ਭਾਸ਼ਣ ਦੌਰਾਨ ਕਾਂਗਰਸ ਨੂੰ ਤਾਂ ਭਾਵੇਂ ਨਿਸ਼ਾਨੇ ਤੇ ਰੱਖਿਆ ਪਰ ਹਰਿਆਣਾ ਦੇ ਮਿੱਤਰ ਚੌਟਾਲਾ ਪਰਿਵਾਰ ਦੀ ਪਾਰਟੀ ਇਨੈਲੋ ਅਤੇ ਸਤਾ ਭਾਈਵਾਲ ਪਾਰਟੀ ਭਾਜਪਾ ਪ੍ਰਤੀ ਕੋਈ ਲਫਜ਼ ਨਾ ਬੋਲੇ ਪਰ ਉਹਨਾਂ ਦੇ ਭਾਸ਼ਣ ਵਿੱਚ ਦੋਨਾਂ ਨਾਲ ਨਰਾਜ਼ਗੀ ਜਰੂਰ ਸਾਹਮਣੇ ਆਈ? ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਬੋਲਦਿਆਂ ਦੇਸ਼ ਵਾਸੀਆਂ ਨੂੰ ਹੀ ਕਰੜੇ ਸ਼ਬਦਾਂ ਵਿੱਚ ਸੰਬੋਧਨ ਕਰਦਿਆਂ ਇੱਥੋਂ ਤੱਕ ਕਿਹਾ ਕਿ ''ਦੇਸ਼ ਵਾਸੀ ਕੰਨ ਖੋਲ੍ਹਕੇ ਸੁਣ ਲੈਣ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਆਮ ਪਾਰਟੀ ਨਹੀਂ ਬਲਕਿ ਭਾਰਤ ਦੀ ਦੂਜੇ ਨੰਬਰ ਦੀ ਨੈਸ਼ਨਲ ਪਾਰਟੀ ਹੈ ਜਿਸ ਨੇ ਦੇਸ਼ ਦੀ ਆਜਾਦੀ ਵਿੱਚ ਅਹਿਮ ਭੂਮਿਕਾ ਨਿਭਾਈ''। ਇਸ ਮੌਕੇ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂ ਮਾਜਰਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਅਵਤਾਰ ਹਿੱਤ ਅਤੇ ਹਰਿਆਣਾ ਦੇ ਆਗੂ ਸ਼ਰਨਜੀਤ ਸਿੰਘ ਥੋਥਾ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ। 

Unusual
Politics
Shiromani Akali Dal
Rally
Haryana
Parkash Singh Badal

International