ਬਾਦਲਕਿਓ ਪੰਜਾਬ ਦਾ ਕੀ ਕਰੋਗੇ...?

ਜਸਪਾਲ ਸਿੰਘ ਹੇਰਾਂ
ਬਾਦਲਕਿਆਂ ਨੇ ਇਸ ਸੱਚ ਨੂੰ ਪ੍ਰਵਾਨ ਕਰਦਿਆਂ ਕਿ ਪੰਜਾਬ ਦੇ ਸਿੱਖਾਂ ਨੇ ਹੁਣ ਉਹਨਾਂ ਨੂੰ ਮੁਕੰਮਲ ਰੂਪ ਵਿੱਚ ਰੱਦ ਕਰ ਦਿੱਤਾ ਹੈ, ਪੰਜਾਬ ਵਿੱਚ ਉਹਨਾਂ ਦੇ ਹੁਣ ਕਦੇ ਮੁੜ ਪੈਰ ਲੱਗਣ ਦੀ ਕੋਈ ਸੰਭਾਵਨਾ ਨਹੀਂ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਗ ਜ਼ਾਹਰ ਹੋਣ ਤੋਂ ਬਾਅਦ ਤਾਂ ਉਹਨਾਂ ਨੂੰ ਪੰਜਾਬ ਦੀ ਧਰਤੀ 'ਤੇ ਕਿਸੇ ਸੱਚੇ ਸਿੱਖ ਨੇ ਵੇਖਣਾ ਵੀ ਮੁਨਾਸਿਬ ਨਹੀਂ ਸਮਝਣਾ। ਇਸ ਕੌੜੇ ਸੱਚ ਨੂੰ ਬਾਦਲਾਂ ਨੇ ਪ੍ਰਵਾਨ ਕਰਦਿਆਂ ਆਪਣਾ ਰੁੱਖ ਗੁਆਂਢੀ ਸੂਬੇ ਹਰਿਆਣੇ ਵੱਲ ਕੀਤਾ ਹੈ। ਪੰਜਾਬ ਤੋਂ ਬਾਅਦ ਹਰਿਆਣਾ ਵਿੱਚ ਸਿੱਖਾਂ ਦੀ ਗਿਣਤੀ ਦੂਜੇ ਨੰਬਰ 'ਤੇ ਹੈ। ਹੁਣ ਜਦੋਂ ਬਾਦਲਾਂ ਨੇ ਹਰਿਆਣੇ ਵਿੱਚ ਪੈਰ ਜਮਾਉਣ ਲਈ ਬਿਗੁਲ ਵਜਾ ਦਿੱਤਾ ਹੈ ਤਾਂ ਜਿਹੜੇ ਮੁਖ ਸੁਆਲ ਇਸ ਫੈਸਲੇ ਕਾਰਨ ਖੜ੍ਹੇ ਹੋਏ ਹਨ। ਉਹ ਸੁਆਲ ਬਾਦਲਾਂ ਤੋਂ ਜਵਾਬ ਜ਼ਰੂਰ ਮੰਗਦੇ ਹਨ। ਭਾਵੇਂ ਕਿ ਅਸੀਂ ਬਾਖੂਬੀ ਜਾਣਦੇ ਹਾਂ ਕਿ ਬਾਦਲਾਂ ਕੋਲ ਇਹਨਾਂ ਕੌੜੇ ਸਵਾਲਾਂ ਦਾ ਜਵਾਬ ਨਹੀਂ ਤੇ ਨਾ ਹੀ ਉਹਨਾਂ ਨੇ ਜਵਾਬ ਦੇਣੇ ਹਨ। ਪ੍ਰੰਤੂ ਕਿਉਂਕਿ ਇਹ ਸੁਆਲ ਬੇਹੱਦ ਮਹੱਤਵਪੂਰਨ ਹਨ ਅਤੇ ਕੌਮ ਇਹਨਾਂ ਦੇ ਜਵਾਬ ਜ਼ਰੂਰ ਚਾਹੁੰਦੀ ਹੈ। ਇਸ ਲਈ ਅਸੀਂ ਇਹਨਾਂ ਸੁਆਲਾ ਦੇ ਜਵਾਬ ਮੰਗ ਰਹੇ ਹਾਂ। ਹਰਿਆਣਾ ਬਿਨ੍ਹਾਂ ਸ਼ੱਕ ਪੰਜਾਬ ਦਾ ਛੋਟਾ ਭਾਈ ਸੀ ਪ੍ਰੰਤੂ ਹਰਿਆਣੇ ਨੇ ਕਦੇ ਵੀ ਪੰਜਾਬ ਨੂੰ ਆਪਣਾ ਵੱਡਾ ਭਰਾ ਨਹੀਂ ਮੰਨਿਆ, ਸਗੋਂ ਦੁਸ਼ਮਣ ਵਜੋਂ ਪ੍ਰਵਾਨ ਕੀਤਾ।

ਪੰਜਾਬੀ ਬੋਲਦੇ ਇਲਾਕੇ, ਪਾਣੀ, ਰਾਜਧਾਨੀ, ਪੰਜਾਬੀ ਬੋਲੀ ਇਹ ਸਾਰੇ ਉਹ ਮੁੱਦੇ ਹਨ ਜਿਹਨਾਂ ਨੂੰ ਲੈਕੇ ਹਰਿਆਣਾ ਪੰਜਾਬ ਦੀ ਗਰਦਨ ਲਾਹੁਣ ਲਈ ਕਾਹਲਾ ਹੈ। ਕੀ ਬਾਦਲਕੇ ਹਰਿਆਣੇ ਵਿੱਚ ਜਾ ਕੇ ਪੰਜਾਬੀ ਬੋਲਦੇ ਇਲਾਕਿਆਂ ਦੀ ਮੰਗ ਛੱਡ ਦੇਣਗੇ? ਕੀ ਉਹ ਹਰਿਆਣੇ ਦੇ ਬਣਨ  ਤੋਂ ਪਹਿਲਾ ਇਹ ਪ੍ਰਣ ਕਰਨਗੇ ਕਿ ਉਹਨਾਂ ਦਾ ਪੰਜਾਬੀ ਬੋਲਦੇ ਇਲਾਕਿਆਂ  ਨੂੰ ਹਰਿਆਣੇ ਤੋਂ ਵਾਪਸ ਲੈਣ ਦਾ ਕੋਈ ਇਰਾਦਾ ਨਹੀਂ। ਉਹ ਹਰਿਆਣੇ ਦੇ ਸਨ, ਹਰਿਆਣੇ ਦੇ ਹੀ ਰਹਿਣਗੇ। ਪੰਜਾਬ ਦੀ ਜਿੰਦ-ਜਾਨ ਪੰਜਾਬ ਦਾ ਪਾਣੀ, ਪੰਜਾਬ ਤੋਂ ਖੋਹ ਕੇ ਹਰਿਆਣੇ ਨੂੰ ਲੈਕੇ ਦੇਣਗੇ। ਉਹਨਾਂ ਨੇ ਸਤਲੁਜ-ਜਮਨਾ ਲਿੰਕ ਨਹਿਰ ਦੇ, ਸਭ ਤੋਂ ਪਹਿਲਾਂ ਪੈਸੇ ਇਸੇ ਕਰਕੇ ਲਿਆ ਸੀ ਕਿ ਉਹ ਹਰਿਆਣੇ ਨੂੰ ਪੰਜਾਬ ਦਾ ਪਾਣੀ ਦੇਣ ਲਈ ਉਤਸੁਕ ਸਨ ਤੇ ਅੱਜ ਵੀ ਹਨ। ਇਹ ਤਾਂ ਖਾੜੂਕ ਸਨ ਜਿਹਨਾਂ ਨੇ ਆਪਣਾ ਲਹੂ ਡੋਲਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ। ਬਾਦਲਕੇ ਤਾਂ ਹਮੇਸ਼ਾਂ ਹੀ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਲਈ ਤੱਤਪਰ ਸਨ। ਕਿਉਂਕਿ ਉਹਨਾਂ ਦੀ ਜਿੰਦ-ਜਾਨ ਤਾ ਹਰਿਆਣੇ ਵਿੱਚ ਵੱਸਦੀ ਸੀ। ਬਾਦਲਾਂ ਨੇ ਤਾਂ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਨੂੰ ਵੀ ਕਦੇ ਜ਼ੋਰਦਾਰ ਢੰਗ ਨਾਲ ਨਹੀਂ ਉੱਠਾਇਆ। ਸਗੋਂ ਚੰਡੀਗੜ੍ਹ ਦੇ ਗੁਆਂਢ ਨਵਾਂ ਚੰਡੀਗੜ੍ਹ ਇਸੇ ਕਰਕੇ ਵਸਾ ਦਿੱਤਾ ਕਿ ਪੰਜਾਬ ਦਾ ਚੰਡੀਗੜ੍ਹ, ਉੱਤੇ ਦਾਅਵਾ ਸਦਾ-ਸਦਾ ਲਈ ਖ਼ਤਮ ਹੋ ਜਾਵੇ। ਉਹਨਾਂ ਨੇ ਤਾਂ ਚੰਡੀਗੜ੍ਹ ਉੱਤੇ ਪੰਜਾਬ ਦਾ 60:40 ਦਾ ਦਾਅਵਾ ਵੀ ਹੌਲੀ -ਹੌਲੀ ਖ਼ਤਮ ਕਰ ਦਿੱਤਾ। ਭਲਾ ਪੰਜਾਬੀ ਨੂੰ ਚੰਡੀਗੜ੍ਹ ਤੋਂ ਜਲਾਵਤਨੀ ਕਿਉਂ ਦਿੱਤੀ ਗਈ ਹੈ? ਬਾਦਲਾਂ ਨੇ ਆਪਣਾ ਸਾਰਾ ਵਪਾਰ, ਸਮਾਰਾਜ ਐਵੇਂ ਹੀ ਹਰਿਆਣੇ ਵਿੱਚ ਖੜ੍ਹਾ ਨਹੀਂ ਕੀਤਾ।

ਸੱਤ ਤਾਰਾ ਹੋਟਲ, ਹੋਰ ਅਰਬਾਂ-ਖਰਬਾਂ ਦਾ ਵਪਾਰ ਭਲਾ ਗੁੜਗਾਉਂ ਕਿਉਂ ਖੜ੍ਹਾ ਕੀਤਾ ਗਿਆ? ਸਿੱਖੀ ਦਾ ਕੀ ਹੈ ਉਸਦਾ ਬਾਦਲਾਂ ਨਾਲ ਕਦੋਂ ਸਬੰਧ ਰਿਹਾ ਹੈ? ਬਾਦਲਾਂ ਦਾ ਦੀਨ-ਈਮਾਨ, ਧਨ, ਦੌਲਤ ਤੇ ਸੱਤਾ ਪ੍ਰਾਪਤੀ ਹੈ। ਉਹਨਾਂ ਦੀ ਮੰਗ ਤਾਂ ਸਿਰਫ਼ ਇਹੋ ਹੈ ਕਿ ਉਹ ਖ਼ਰਬਾਂ ਦੇ ਮਾਲਕ ਤੇ ਸੱਤਾ 'ਤੇ ਭਾਰੂ ਰਹਿਣ, ਹੋਰ ਕਿਸੇ ਮੰਗ ਨਾਲ ਉਹਨਾਂ ਦਾ ਕੱਲ੍ਹ ਵੀ ਕੋਈ ਸਬੰਧ ਨਹੀਂ ਸੀ ਤੇ ਨਾ ਹੀ ਅੱਜ ਕੋਈ ਸਬੰਧ ਹੈ। ਉਹਨਾਂ ਨੇ ਤਾਂ ਭਵਿੱਖ ਨੂੰ ਦੇਖਦਿਆਂ ਉੱਤਰੀ ਭਾਰਤ ਦੀ ਸਿੱਖ ਪਾਰਟੀ ਬਣ ਕੇ, 2019 ਵਿੱਚ ਬਣਨ ਵਾਲੀ ਸਾਂਝੇ ਮੋਰਚੇ ਦੀ ਸਰਕਾਰ ਵਿੱਚ ਸ਼ਾਮਲ ਹੋਣਾ ਹੈ। ਸਿਰਫ਼ ਸੁਆਰਥ ਤੇ ਪਦਾਰਥ ਬਾਦਲਾਂ ਦੀ ਖੇਡ ਹੈ। ਉਹ, ਉਹੀ ਖੇਡ ਖੇਡਣ ਲੱਗੇ ਹੋਏ ਹਨ। ਪ੍ਰੰਤੂ ਅਸੀਂ ਬਾਦਲਾਂ ਨੂੰ ਭਵਿੱਖ ਦਾ ਸ਼ੀਸ਼ਾ ਵਿਖਾਉਣਾ ਜ਼ਰੂਰੀ ਸਮਝਦੇ ਹਾਂ ਜਿਹੜਾ ਸ਼ੀਸ਼ਾ ਉਹਨਾਂ ਨੂੰ ਹਰਿਆਣੇ ਦੇ ਸਿੱਖ ਨੌਜਵਾਨਾਂ ਨੇ ਕਾਲੇ ਝੰਡਿਆਂ ਤੇ ਮੁਰਦਾਬਾਦ ਦੇ ਨਾਅਰਿਆਂ ਨਾਲ ਵਿਖਾ ਦਿੱਤਾ ਹੈ। ਸਿੱਖੀ ਦੇ ਗ਼ਦਾਰਾਂ ਲਈ ਇਸ ਧਰਤੀ 'ਤੇ ਚਾਹੇ ਉਹ ਪੰਜਾਬ ਦੀ ਧਰਤੀ ਹੈ, ਭਾਵੇਂ ਹਰਿਆਣੇ ਦੀ , ਰਾਜਸਥਾਨ ਦੀ ਧਰਤੀ ਹੈ, ਨਾ ਥਾਂ ਸੀ ਤੇ ਨਾ ਹੀ ਹੈ। ਆਪਣਿਆਂ ਵੱਲੋਂ ਠੁਕਰਾਏ ਲੋਕਾਂ ਲਈ ਬਿਗਾਨਿਆਂ ਦੇ ਵਿਹੜੇ ਕੋਈ ਥਾਂ ਨਹੀਂ ਹੁੰਦਾ। 'ਤਾਲੋਂ ਖੁੱਥੀ ਡੂਮਣੀ ਆਲ-ਪਤਾਲ ਤਾਂ ਅਲਾਪ ਸਕਦੀ ਹੈ ਪ੍ਰੰਤੂ ਉਸਦਾ ਕੋਈ ਅਰਥ ਨਹੀਂ ਹੁੰਦਾ। ਬਾਦਲਕਿਆਂ ਨੂੰ ਹਰ ਗ਼ਲਤ ਫ਼ਹਿਮੀ ਨੂੰ ਦੂਰ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਗੋਡੇ ਭੰਨਾਉਣ ਦੀ ਤਿਆਰੀ ਜ਼ਰੂਰ ਕਰਕੇ ਰੱਖਣੀ ਚਾਹੀਦੀ ਹੈ।

Editorial
Jaspal Singh Heran

International