ਨਵਜੋਤ ਸਿੱਧੂ ਦੇ ਹੱਕ 'ਚ ਡਟਿਆ ਪਾਕਿਸਤਾਨ, ਸ਼ਾਂਤੀ ਦੂਤ ਕਰਾਰ

ਨਵੀਂ ਦਿੱਲੀ 21 ਅਗਸਤ (ਏਜੰਸੀਆਂ) ਪਾਕਿਸਾਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਭਾਰਤੀ ਦੋਸਤ ਤੇ ਸਾਥੀ ਖਿਡਾਰੀ ਰਹਿ ਚੁੱਕੇ ਚੜ੍ਹਦੇ ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਦੀ ਪਿੱਠ 'ਤੇ ਆ ਖੜ੍ਹੇ ਹਨ। ਸਿੱਧੂ ਨੂੰ ਪਾਕਿਸਤਾਨ ਦੇ ਫ਼ੌਜ ਮੁਖੀ ਨਾਲ ਗਲਵੱਕੜੀ ਪਾਉਣ 'ਤੇ ਚੁਫੇਰਿਓਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਹੁਣ ਇਮਰਾਨ ਖ਼ਾਨ ਨੇ ਸਿੱਧੂ ਨੂੰ ਸ਼ਾਂਤੀ ਦੂਤ ਕਰਾਰ ਦੇ ਦਿੱਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਪਾਕਿਸਤਾਨ ਆਉਣ 'ਤੇ ਧੰਨਵਾਦ ਕੀਤਾ ਤੇ ਉਨ੍ਹਾਂ ਸ਼ਾਂਤੀ ਦਾ ਦੂਤ ਕਰਾਰ ਦਿੱਤਾ ਤੇ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਨੇ ਉਨ੍ਹਾਂ ਨੂੰ ਬੇਹੱਦ ਪਿਆਰ ਤੇ ਸਤਿਕਾਰ ਦਿੱਤਾ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਜੋ ਸਿੱਧੂ ਨੂੰ ਨਿਸ਼ਾਨਾ ਬਣਾ ਰਹੇ ਹਨ, ਉਹ ਦੋਵਾਂ ਮੁਲਕਾਂ ਦਰਮਿਆਨ ਸ਼ਾਂਤੀ ਦੇ ਖਿਲਾਫ਼ ਹਨ ਤੇ ਉਹ ਨਹੀਂ ਚਾਹੁੰਦੇ ਕਿ ਪਾਕਿਸਤਾਨ ਤੇ ਭਾਰਤ ਦੇ ਲੋਕ ਤਰੱਕੀ ਕਰਨ। ਮੰਗਲਵਾਰ ਨੂੰ ਇਸਲਾਮਾਬਾਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਭਾਰਤ ਨਾਲ ਕਸ਼ਮੀਰ ਸਮੇਤ ਸਾਰੇ ਮਸਲੇ ਸੁਲਝਾਉਣ ਤੇ ਗੱਲਬਾਤ ਲਈ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਮਰਾਨ ਨੇ ਟਵੀਟ ਕੀਤਾ ਕਿ ਇਸ ਉਪ-ਮਹਾਂਦੀਪ ਦੇ ਲੋਕਾਂ ਦਾ ਪੱਧਰ ਉੱਚਾ ਚੁੱਕਣ ਲਈ ਗੱਲਬਾਤ ਰਾਹੀਂ ਆਪਣੇ ਮੱਤਭੇਦ ਖ਼ਤਮ ਕੀਤੇ ਜਾਣ ਤੇ ਵਪਾਰ ਸ਼ੁਰੂ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਪਣੀ ਪਾਕਿਸਤਾਨ ਫੇਰੀ ਦੌਰਾਨ ਸਿੱਧੂ ਨੇ ਉੱਥੋਂ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਗਲਵੱਕੜੀ ਪਾਈ ਸੀ ਅਤੇ ਉਹ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਰਾਸ਼ਟਰਪਤੀ ਮਸੂਦ ਖ਼ਾਨ ਦੇ ਨਾਲ ਦੀ ਕੁਰਸੀ 'ਤੇ ਬੈਠੇ ਸਨ, ਜਿਸ ਤੋਂ ਬਾਅਦ ਉਹ ਲਗਾਤਾਰ ਆਲੋਚਨਾ ਦਾ ਸ਼ਿਕਾਰ ਹੋ ਰਹੇ ਹਨ।

Navjot Singh Sidhu
pakistan
Unusual

International