ਕਰਤਾਰਪੁਰ ਲਾਂਘਾ ਖੁੱਲਵਾਉਣ ਲਈ ਬਾਰਡਰ ’ਤੇ ਡਟੇ ਸਿੱਧੂ

ਗੁਰਦਾਸਪੁਰ, 25 ਅਗਸਤ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਪਾਕਿਸਤਾਨੀ ਫੇਰੀ ਮੌਕੇ ਉੱਠੇ ਵਿਵਾਦ ਨੂੰ ਮਿਸ਼ਨਰੀ ਰੁਖ਼ ਦੇਣਾ ਸ਼ੁਰੂ ਕਰ ਦਿੱਤਾ ਹੈ। ਸਿੱਧੂ ਨੇ ਕਰਤਾਰਪੁਰ ਸਾਹਿਬ ਲਾਂਘਾ ਖੁੱਲਵਾਉਣ ਲਈ ਚਾਰਾਜੋਈ ਸ਼ੁਰੂ ਆਰੰਭ ਦਿੱਤੀ ਹੈ। ਗੁਰਦਾਸਪੁਰ ਦੇ ਜ਼ਿਲੇ ਦੇ ਸਭ ਤੋਂ ਅਖੀਰਲੇ ਪਿੰਡ ਡੇਰਾ ਬਾਬਾ ਨਾਨਕ ਪਹੁੰਚ ਕੇ ਸਿੱਧੂ ਨੇ ਲਾਂਘਾ ਖੋਲਣ ਲਈ ਅਰਦਾਸ ਕੀਤੀ। ਸਿੱਧੂ ਨੇ ਇੱਥੇ ਕਿਹਾ ਕਿ ਉਹ ਪਾਕਿਸਤਾਨ ਤੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਇਸ ਸਬੰਧੀ ਗੱਲ ਕਰਨਗੇ।

ਕੈਬਨਿਟ ਮੰਤਰੀ ਨਵਜੋਤ ਸਿੱਧੂ ਸਵੇਰੇ ਡੇਰਾ ਬਾਬਾ ਨਾਨਕ ਬਾਰਡਰ ਪਹੁੰਚੇ ਅਤੇ ਕਰਤਾਰਪੁਰ ਲਾਂਘੇ ਲਈ ਅਰਦਾਸ ਕੀਤੀ। ਇਸ ਮੌਕੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਪਵਿੱਤਰ ਸਥਾਨ ਲਈ ਅਰਦਾਸ ਕਰਨੀ ਚਾਹੀਦੀ। ਉਨਾਂ ਕਿਹਾ ਕਿ ਸਿਆਸਤ ਤੋਂ ਉੱਪਰ ਉੱਠ ਕੇ ਸਭ ਨੂੰ ਲਾਂਘਾ ਖੁੱਲਵਾਉਣ ਲਈ ਯਤਨ ਕਰਨੇ ਚਾਹੀਦੇ ਹਨ।

ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਦੇਸ਼ ਮੰਤਰੀ ਨੂੰ ਲਿਖੇ ਖ਼ਤ ਦੀ ਸ਼ਲਾਘਾ ਕੀਤੀ। ਸਿੱਧੂ ਨੇ ਕਿਹਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਵਾਸਤੇ ਉਹ ਕੁਝ ਵੀ ਕਰਨ ਨੂੰ ਤਿਆਰ ਹਨ। ਸਿੱਧੂ ਨੇ ਡੇਰਾ ਬਾਬਾ ਨਾਨਕ ਵਿਖੇ ਪਹੁੰਚੀ ਹੋਈ ਸੰਗਤ ਨਾਲ ਵੀ ਮੁਲਾਕਾਤ ਕੀਤੀ। ਉਨਾਂ ਕਿਹਾ ਕਿ ਸੰਗਤ ਲੰਮੇਂ ਸਮੇਂ ਤੋਂ ਲਾਂਘੇ ਦੀ ਮੰਗ ਕਰਦੀ ਹੈ।

ਜ਼ਿਕਰਯੋਗ ਹੈ ਕਿ ਬੀਤੀ 18 ਅਗਸਤ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਉੱਥੋਂ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਗਲੇ ਮਿਲਣ ਤੋਂ ਬਾਅਦ ਵੱਡਾ ਵਿਵਾਦ ਖੜਾ ਹੋ ਗਿਆ। ਸਿੱਧੂ ਨੇ ਇਸ ਬਾਬਤ ਸਫਾਈ ਵੀ ਦਿੱਤੀ ਕਿ ਉਹ ਫ਼ੌਜ ਮੁਖੀ ਨੂੰ ਇਸ ਲਈ ਮਿਲੇ ਸਨ ਕਿਉਂਕਿ ਉਨਾਂ ਆਉਂਦੇ ਸਾਲ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲਣ ਲਈ ਵਿਚਾਰ ਕਰਨ ਦੀ ਗੱਲ ਕਹੀ ਸੀ।ਇਸ ਤੋਂ ਬਾਅਦ ਸਿੱਧੂ ਦਾ ਲਗਾਤਾਰ ਸਮਰਥਨ ਤੇ ਆਲੋਚਨਾ ਹੁੰਦੀ ਆ ਰਹੀ ਹੈ। ਹਾਲਾਂਕਿ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਸਿੱਧੂ ਦੀ ਹਮਾਇਤ ਕੀਤੀ ਹੈ ਪਰ ਭਾਰਤ ਦੇ ਬਿਹਾਰ ਵਿੱਚ ਸਿੱਧੂ ਵਿਰੁੱਧ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਲਈ ਅਦਾਲਤੀ ਚਾਰਾਜੋਈ ਸ਼ੁਰੂ ਹੋ ਗਈ ਹੈ।

Unusual
Navjot Singh Sidhu
Border

International