ਸੌਦਾ ਸਾਧ ਤੇ ਬਾਦਲਾਂ ਦਾ ਸੌਦਾ ਹੋਇਆ ਜੱਗ ਜਾਹਰ

ਸੌਦਾ ਸਾਧ ਨੇ ਕੀਤਾ ਨਿਗਮ ਚੋਣਾਂ ਲਈ ਅਕਾਲੀ ਭਾਜਪਾ ਉਮੀਦਵਾਰਾਂ ਦੀ ਹਮਾਇਤ ਦਾ ਐਲਾਨ

ਬਠਿੰਡਾ 21 ਫਰਵਰੀ (ਅਨਿਲ ਵਰਮਾ) : ਸੌਦਾ ਸਾਧ ਦੀ ਫਿਲਮ ‘‘ਐਮਐਸਜੀ’’ ਤੇ ਪੰਜਾਬ ਵਿੱਚ ਰੋਕ ਲਾਉਣ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਬੇਬਸੀ ਕਰਾਰ ਦਿੱਤਾ ਸੀ। ਇਹ ਖਬਰ ਪਹਿਰੇਦਾਰ ਵੱਲੋਂ ਪ੍ਰਮੁੱਖਤਾ ਨਾਲ ਸਾਹਮਣੇ ਲਿਆਂਦੀ ਗਈ ਸੀ। ਆਖਰ ਉਹ ਬੇਬਸੀ ਕਿਉਂ ਸੀ? ਇਸ ਦਾ ਸੱਚ ਅੱਜ ਸਾਹਮਣੇ ਆਇਆ ਜਦੋਂ 22 ਫਰਵਰੀ ਨੂੰ ਨਗਰ ਨਿਗਮ ਬਠਿੰਡਾ ਦੀਆਂ ਪੈ ਰਹੀਆਂ ਵੋਟਾਂ ਲਈ ਸੌਦਾ ਸਾਧ ਵੱਲੋਂ ਅਕਾਲੀ ਭਾਜਪਾ ਗਠਬੰਧਨ ਉਮੀਦਵਾਰਾਂ ਦੀ ਖੁੱਲਮ ਖੁੱਲਾ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਜਿਸ ਨਾਲ ‘‘ਡੇਰਾ ਮੁਖੀ ਅਤੇ ਬਾਦਲਾਂ ਦੀ ਨੇੜਤਾ’’ ਜਗ ਜਾਹਰ ਹੋ ਗਈ ਹੈ ਤੇ ਉਸੇ ‘‘ਦੋਸਤੀ’’ ਨੂੰ ਬਰਕਰਾਰ ਰੱਖਣ ਲਈ ਮੁੱਖ ਮੰਤਰੀ ਸਾਹਿਬ ਡੇਰਾ ਮੁਖੀ ਦੀ ਫਿਲਮ ‘‘ਐਮਐਸਜੀ’’ ਤੇ ਰੋਕ ਨਹੀਂ ਲਾਉਣਾ ਚਾਹੁੰਦੇ ਸਨ। ਪਰ ਡੇਰਾ ਸਿਰਸਾ ਦੇ ਇਸ ਫੈਸਲੇ ਨਾਲ ਹੁਣ ਡੇਰਾ ਮੁਖੀ ਦੀ ਫਿਲਮ ਦਾ ਪੰਜਾਬ ਵਿੱਚ ਰੀਲੀਜ਼ ਹੋਣ ਲਈ ਰਾਹ ਵੀ ਪੱਧਰਾ ਹੋ ਗਿਆ ਹੈ ਕਿਉਂਕਿ ਡੇਰਾ ਸਿਰਸਾ ਵੱਲੋਂ ਅਕਾਲੀ ਭਾਜਪਾ ਉਮੀਦਵਾਰਾਂ ਦੀ ਕੀਤੀ ਗਈ ਹਮਾਇਤ ਦੇ ਫੈਸਲੇ ਨਾਲ ਸ਼ਹਿਰੀ ਵਿਧਾਨ  ਸਭਾ ਹਲਕਾ ਬਠਿੰਡਾ ਤੋਂ ਸਾਬਕਾ ਵਿਧਾਇਕ ਅਤੇ ਆਪਣੇ ਰਿਸ਼ਤੇਦਾਰ ਹਰਮੰਦਰ ਸਿੰਘ ਜੱਸੀ ਨਾਲ ਵੀ ਕੋਈ ਨੇੜਤਾ ਨਾ ਦਿਖਾਈ? ਜਦੋਂ ਕਿ ਸਾਬਕਾ ਵਿਧਾਇਕ ਡੇਰਾ ਵੋਟ ਦੇ ਦਮ ਤੇ ਹੀ ਜਿੱਤ ਦੇ ਦਾਅਵੇ ਕਰਦੇ ਹਨ। ਖੂਫੀਆ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਸਿਰਫ ਇੱਕ ਦੋ ਵਾਰਡਾਂ ਵਿੱਚ ਹੀ ਕਾਂਗਰਸ ਦੇ ਜਿੱਤ ਦੇ ਨੇੜੇ ਵਾਲੇ ਉਮੀਦਵਾਰਾਂ ਜਾਂ ਆਜਾਦ ਉਮੀਦਵਾਰਾਂ ਨੂੰ ਡੇਰਾ ਪ੍ਰੇਮੀਆਂ ਵੱਲੋਂ ਹਮਾਇਤ ਦਿੱਤੀ ਗਈ ਹੈ।

ਇਹ ਐਲਾਨ ਅੱਜ ਡੇਰੇ ਦੇ ਸਿਆਸੀ ਵਿੰਗ ਦੇ ਮੈਂਬਰ ਛਿੰਦਰਪਾਲ ਸਿੰਘ, ਬਲਰਾਜ ਸਿੰਘ ਬਾਹੋ, ਭੋਲਾ ਸਿੰਘ ਤਰਖਾਣਵਾਲਾ ਅਤੇ ਜਗਜੀਤ ਸਿੰਘ ਭੋਲਾ ਮੈਂਬਰ ਬਲਾਕ ਕਮੇਟੀ ਬਠਿੰਡਾ ਵੱਲੋਂ ਉਮੀਦਵਾਰਾਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਕੀਤਾ ਗਿਆ ਹੈ। ਉਮੀਦਵਾਰਾਂ ਦੀ ਡੇਰਾ ਮੈਂਬਰਾਂ ਨਾਲ ਮੀਟਿੰਗ ਕਰਾਉਣ ਵਿੱਚ ਕਾਰਪੋਰੇਸ਼ਨ ਵਿੱਚ ਸਰਕਾਰੀ ਮੁਲਾਜ਼ਮ ਅਤੇ ਡੇਰਾ ਸਿਰਸਾ ਦੇ ਬਲਾਕ ਕਮੇਟੀ ਮੈਂਬਰ ਜਗਜੀਤ ਸਿੰਘ ਭੋਲਾ ਨੇ ਅਹਿਮ ਭੂਮਿਕਾ ਨਿਭਾਈ। ਜਾਣਕਾਰੀ ਦਿੰਦਿਆਂ ਬਲਾਕ ਕਮੇਟੀ ਮੈਂਬਰ ਜਗਜੀਤ ਸਿੰਘ ਭੋਲਾ ਨੇ ਦੱਸਿਆ ਕਿ ਡੇਰਾ ਸਿਰਸਾ ਇਹਨਾਂ ਚੋਣਾਂ ਵਿੱਚ ਅਕਾਲੀ ਭਾਜਪਾ ਗਠਬੰਧਨ ਉਮੀਦਵਾਰਾਂ ਦੀ ਹਮਾਇਤ ਕਰੇਗਾ ਅਤੇ ਇਸ ਵਿੱਚ ਲਾਈਨੋਪਾਰ ਦੇ ਇੱਕ ਦੋ ਵਾਰਡ ਅਜਿਹੇ ਹਨ ਜਿੱਥੇ ਕਾਂਗਰਸ ਦੇ ਉਮੀਦਵਾਰਾਂ ਨੂੰ ਹਮਾਇਤ ਦਿੱਤੀ ਗਈ ਹੈ ਤੇ ਸ਼ਹਿਰ ਵਿੱਚ ਇੱਕ ਦੋ ਆਜਾਦ ਉਮੀਦਵਾਰ ਅਜਿਹੇ ਹਨ ਜੋ ਜਿੱਤ ਦੇ ਵੀ ਨੇੜੇ ਹਨ ਦੀ ਹਮਾਇਤ ਕੀਤੀ ਗਈ ਹੈ। ਅਕਾਲੀ ਦਲ ਦੇ ਉਮੀਦਵਾਰਾਂ ਵਿੱਚ ਡੇਰਾ ਮੁਖੀ ’ਤੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰਾਉਣ ਵਾਲੇ ਭਾਈ ਰਜਿੰਦਰ ਸਿੰਘ ਸਿੱਧੂ ਵਾਰਡ ਨੰ:3 ਤੋਂ ਉਮੀਦਵਾਰ ਵੀ ਸ਼ਾਮਲ ਹੈ। ਹੁਣ ਦੇਖਣਾ ਹੋਵੇਗਾ ਕਿ ਕੀ ਡੇਰਾ ਪ੍ਰੇਮੀ ਇਸ ਵਾਰ ਨਿਗਮ ਚੋਣਾਂ ਵਿੱਚ ਅਕਾਲੀ ਭਾਜਪਾ ਉਮੀਦਵਾਰਾਂ ਦੀ ਬੇੜੀ ਪਾਰ ਲਾਉਣਗੇ? ਕਿਉਂਕਿ ਹਰਿਆਣਾ ਅਤੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸਿਰਸਾ ਵੱਲੋਂ ਭਾਜਪਾ ਦੀ ਹਮਾਇਤ ਕੀਤੀ ਗਈ ਸੀ ਪਰ ਦੋਨੇ ਥਾਵਾਂ ਤੇ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। 

International