ਬਾਦਲਾਂ ਵਿਰੁੱਧ ਉੱਠੀ ਲਹਿਰ...!

ਜਸਪਾਲ ਸਿੰਘ ਹੇਰਾਂ
ਸਿਆਸੀ ਆਗੂਆਂ ਦੀ ਜਾਨ, ਲੋਕਾਂ ਦੀ ਉਹਨਾਂ 'ਚ ਭਰੋਸੇਯੋਗਤਾ ਵਾਲੇ ਤੋਤੇ 'ਚ ਵਸਦੀ ਹੈ। ਜਿਸ ਦਿਨ ਸਿਆਸੀ ਆਗੂਆਂ ਦੀ ਭਰੋਸੇਯੋਗਤਾ ਲੋਕਾਂ 'ਚ ਖ਼ਤਮ ਹੋ ਜਾਂਦੀ ਹੈ । ਉਸੇ ਦਿਨ ਉਨ੍ਹਾਂ ਦੀ ਸਿਆਸੀ ਮੌਤ ਹੋ ਜਾਂਦੀ ਹੈ । ਪਿਛਲੀ ਅੱਧੀ ਸਦੀ ਤੋਂ ਸਿੱਖ ਸਿਆਸਤ ਦੇ ਘਾਗ ਆਗੂ ਬਣ ਕੇ ਚੰਮ ਦੀਆਂ ਚਲਾਉਣ ਵਾਲੇ ਬਾਦਲਕੇ ,ਸਿੱਖ ਸਿਆਸਤ ਦੇ ਬਾਬਾ ਬੋਹੜ ਬਣੇ ਹੋਏ ਸਨ। ਕਾਰਨ ਇਹ ਸੀ ਕਿ ਉਹ ਆਮ ਅਕਾਲੀ ਵਰਕਰ ਦੇ ਮਨ 'ਚ ਆਪਣੇ ਲਈ “ਸਿੱਧਾ -ਸਾਦਾ ਜੱਟ”ਵਾਲਾ ਅਕਸ ਗੂੜਾ ਕਰ ਬੈਠੇ ਸਨ। ਆਮ ਸਾਧਾਰਨ ਸਿੱਖ ਬਾਦਲ ਨੂੰ ਸੱਚਾ-ਸੁੱਚਾ ਇਮਾਨਦਾਰ ,ਨਿਰਛੱਲ ਅਤੇ ਹਰ ਕਿਸੇ ਦਾ ਦੁੱਖ -ਦਰਦ ਸਮਝਣ ਵਾਲਾ ਮੰਨਦੇ ਸਨ। ਜਿਸ ਕਾਰਨ ਜਿਸ ਬਾਦਲ ਨੇ ਆਨੰਦਪੁਰ ਸਾਹਿਬ ਦੇ ਮਤੇ ਦਾ ਭੋਗ ਪੁਆਇਆ ,ਸਿੱਖ ਇੱਕ ਵੱਖਰੀ ਕੌਮ ਦੀ ਮੰਗ ਖ਼ਤਮ ਕਰਵਾਈ ,ਖਾਲਸਾ ਜੀ ਦੇ ਬੋਲ-ਬਾਲੇ ਨੂੰ ਚਲਾਕੀ ਨਾਲ “ਖਾਲਿਸਤਾਨ”'ਚ ਲਪੇਟ ਕੇ, ਖਤਰਨਾਕ ਮੰਗ ਬਣਵਾਇਆ, ਸਿੱਖਾਂ ਨੂੰ ਪੱਕੇ ਤੌਰ 'ਤੇ “ਹਿੰਦੂ ਧਰਮ ਦਾ ਅੰਗ'' ਬਣਾਉਣ ਦੇ ਯਤਨ ਦੀ ਹਰ ਸੰਭਵ ਪੂਰਤੀ ਕੀਤੀ । ਹਰ ਵੱਡੇ ਸਿੱਖ ਆਗੂ ਦਾ ਸਿਆਸੀ ਕਤਲ ਕਰਵਾਇਆ। ਪਾਰਟੀ ਨੂੰ ਇੱਕ ਪਰਿਵਾਰ ਦੀ ਜੇਬੀ ਪਾਰਟੀ ਬਣਾ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤੇ ਸੌਦਾ ਸਾਧ ਨੂੰ ਇਸ ਬੇਅਦਬੀ ਲਈ ਸਰਪ੍ਰਸਤੀ ਦਿੱਤੀ। ਪ੍ਰੰਤੂ ਭੋਲੇ-ਭਾਲੇ ਸਿੱਖਾਂ ਨੂੰ ਇਹ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਉਹ ਬੁੱਕਲ ਵਿੱਚ ਸੱਪ ਹੀ ਨਹੀਂ ਪਾਲੀ ਬੈਠੇ ,ਸਗੋਂ ਲੱਕ ਨਾਲ ਐਟਮੀ ਬੰਬ ਬੰਨ੍ਹੀ ਬੈਠੇ ਹਨ। ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦਾ ਦੁਸ਼ਮਣ 60 ਸਾਲ ਸਿੱਖਾਂ ਦਾ ਆਗੂ ਬਣਿਆ ਰਿਹਾ।

ਸ਼ੋਸ਼ਲ ਮੀਡੀਏ ਵੱਲੋਂ ਜਗਾਉਣ ਤੇ ਵਿਦੇਸ਼ਾਂ 'ਚ ਬੈਠੇ ਸਿੱਖ ਆਗੂਆਂ ਦੇ ਜਾਗਣ 'ਤੇ ਸੱਚ ਦੇ ਹੌਲੀ-ਹੌਲੀ ਨੰਗਾ ਹੋਣ 'ਤੇ ਕਿ ਅੱਜ ਦੀ ਤਾਰੀਖ 'ਚ ਜੇ ਕੋਈ ਸਿੱਖਾਂ ਦਾ ਦੁਸ਼ਮਣ ਹੈ ਤਾਂ ਉਹ ਨੰਬਰ ਇੱਕ ਪ੍ਰਕਾਸ਼ ਸਿੰਘ ਤੇ ਉਸਦਾ ਪਰਿਵਾਰ ਹੈ। ਬਾਦਲਕਿਆਂ ਨੇ ਸਿੱਖ ਕੌਮ ਦਾ ਨੁਕਸਾਨ ਅਬਦਾਲੀ ,ਜ਼ਕਰੀਆ ਖਾਨ ,ਔਰੰਗਜ਼ੇਬ, ਅੰਗਰੇਜ਼ਾਂ ਅਤੇ ਹਿੰਦੂਤਵੀ ਗਾਂਧੀ ਨਹਿਰੂਆਂ ਤੇ ਮੋਦੀਕਿਆਂ ਤੋਂ ਕਈ ਗੁਣਾਂ ਵੱਧ ਕਰ ਦਿੱਤਾ। ਭਾਂਵੇਂ ਇਹ ਗੱਲ ਹੋਰ ਹੈ ਕਿ ਇਸ ਮੀਸਣੇ ਦਾ “ਤਲਿੱਸਮ” 60 ਵਰ੍ਹਿਆਂ ਦੇ ਲੰਬੇ ਸਮੇਂ ਬਾਅਦ ਟੁੱਟਿਆ । ਹਾਲਾਂਕਿ ਇਸ ਸਮੇਂ ਦੌਰਾਨ ਉਸਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਵਾ ਕੇ ,ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰਵਾ ਦਿੱਤਾ। ਲੱਖਾਂ ਸਿੱਖ ਨੌਜਵਾਨਾਂ ਦੇ ਖੂਨ ਦਾ ਘਾਣ ਕਰਵਾਇਆ, ਘਰ ਦੇ ਭੇਤੀ ਨੇ ਲੰਕਾ ਤਾਂ ਢਾਹ ਦਿੱਤੀ, ਪ੍ਰੰਤੂ ਕੌਮ ਨੂੰ ਭੁਲੇਖੇ 'ਚ ਰੱਖਿਆ ਕਿ ਕੌਮ ਨੂੰ ਜੇ ਕੋਈ ਬਚਾਈ ਰੱਖ ਸਕਦਾ ਹੈ ਤਾਂ ਉਹ ਬਾਦਲ ਹੀ ਹੈ। ਬਾਦਲ ਵਿਰੋਧੀ ਪੰਥਕ ਧਿਰਾਂ ਦੀ ਫੁੱਟ ਨੇ ਬਾਦਲਾਂ ਦਾ ਕੰਮ ਹੋਰ ਸੌਖਾ ਕਰ ਰੱਖਿਆ। ਇਹ ਧਿਰਾਂ ਜਦੋਂ ਬਾਦਲਾਂ ਦੇ ਕਾਲੇ ਕਾਰਨਾਮੇ  ਤੇ ਕਾਲੇ ਚਿੱਠੇ ਖੋਲ੍ਹਦੀਆਂ ਬਾਦਲਾਂ ਦਾ ਸ਼ਰੇਆਮ ਵਿਰੋਧ ਕਰਦੀਆਂ, ਤਾਂ ਬਾਦਲ ਵਿਚਾਰਾ ਜਿਹਾ ਮੂੰਹ ਬਣਾ ਕੇ ਆਖ਼ ਛੱਡਦਾ, ''ਇਹ ਤਾਂ ਜੀ, ਕਾਂਗਰਸ ਦੇ ਏਜੰਟ ਹਨ।'' ਬੱਸ! ਸਾਰਾ ਖੇਡ ਖ਼ਤਮ। ਸਾਧਾਰਣ ਸਿੱਖ। ਭੋਲੇ ਭਾਲੇ ਜੱਟ ਦੇ ਬੋਲਾਂ 'ਤੇ ਭਰੋਸਾ ਕਰਕੇ ਅਤੇ ਪੰਥਕ ਧਿਰਾਂ ਦੀ ਕੁੱਕੜ ਖੋਹ ਨੂੰ ਵੇਖ ਕੇ ਝੱਟ ਮੰਨ ਜਾਂਦਾ ਕਿ ਇਹ ਸੱਚੀ-ਮੁੱਚੀ ਕਾਂਗਰਸੀਆਂ ਦੀ ਖੇਡ ਹੈ। ਕੌਮ ਦੀ ਇੱਕ ਸਦੀ ਬਾਦਲਾਂ ਦੇ ਖੂਹ-ਖਾਤੇ ਚੱਲੀ ਗਈ।

ਬੀਤੇ ਦੋ-ਤਿਨ ਦਿਨਾਂ ਤੋਂ ਕੁੱਝ ਚਾਨਣ ਵਿਖਾਉਣ ਵਾਲੀਆਂ ਤੇ ਆਸਾ ਉਮੀਦਾਂ ਜਗਾਉਣ ਵਾਲੀਆਂ ਖ਼ਬਰਾਂ ਆ ਰਹੀਂਆਂ ਹਨ ਅਤੇ ਉਹਨਾਂ ਖ਼ਬਰਾਂ ਤੋਂ ਇਹ ਵੀ ਸਾਫ਼ ਹੋ ਰਿਹਾ ਹੈ ਕਿ ਕਿਸੇ ਧਿਰ ਜਾਂ ਵਿਅਕਤੀ ਵਿਸ਼ੇਸ਼ ਦਾ ਪ੍ਰਭਾਵ ਨਹੀਂ। ਇਹ ਕੁਦਰਤ ਦਾ ਕ੍ਰਿਸ਼ਮਾ ਹੈ। ਹਨੇਰੇ ਦੇ ਖ਼ਤਮ ਹੋਣ ਤੇ ਦਿਨ ਨੇ ਚੜ੍ਹਨਾ ਹੀ ਹੁੰਦਾ ਹੈ। ਚਾਨਣ ਹੋਣ ਦਾ ਸਮਾਂ ਆ ਗਿਆ ਹੈ, ਪ੍ਰੰਤੂ ਇਹ ਸਮਾਂ ਤਦ ਹੀ ਆਵੇਗਾ ਕਿ ਜੇ ਸਮੇਂ ਨੂੰ ਸਾਂਭਣ ਵਾਲੇ ਅੱਗੇ ਆ ਜਾਣ। ਪਿੰਡਾਂ 'ਚ ਇੱਕ ਨਵੀਂ ਮੁਨਾਦੀ ਸੁਣਾਈ ਦੇਣ ਲੱਗ ਪਈ ਹੈ। ''ਗੁਰੂ ਰੂਪੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕਿ ਫ਼ਤਿਹ। ਪਤਾ ਲੱਗਾ ਹੈ ਕਿ ਅੱਜ ਆਪਣੇ ਨਗਰ 'ਚ ਭਾਈ, ਪੰਥ ਦੋਖੀ ਬਾਦਲਕਿਆਂ ਦਾ ਫ਼ਲਾਣਾ ਆਗੂ ਆ ਰਿਹਾ ਹੈ। ਆਪਾਂ ਭਾਈ! ਸਾਰਿਆਂ ਨੇ ਉਸਦਾ ਬਾਈਕਾਟ ਕਰਨਾ ਹੈ ਤੇ ਕਾਲੀਆਂ ਝੰਡੀਆਂ ਵਿਖਾਉਣੀਆਂ ਹਨ, ਇਨ੍ਹਾਂ ਦੁਸ਼ਟਾਂ ਦਾ ਪੁਤਲਾ ਸਾੜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ।'' ਇਹ ਲੋਕ ਲਹਿਰ ਸਦੀ 'ਚ ਇੱਕ ਦੋ ਵਾਰ ਹੀ ਉਠਦੀ ਹੁੰਦੀ ਹੈ ਅਤੇ ਵੱਡੀ ਤਬਦੀਲੀ ਦੀ ਬੁਨਿਆਦ ਬਣਦੀ ਹੈ। ਅਸੀਂ ਸਮੁੱਚੀ ਕੌਮ ਨੂੰ ਬਾਦਲਾਂ ਦੇ ਸ਼ੁਰੂ ਹੋਏ ਇਸ ਪੰਥਕ ਬਾਈਕਾਟ ਦਾ ਖੁੱਲ੍ਹ ਕੇ ਹਿੱਸਾ ਬਣਨ ਦਾ ਤਾਂ ਕਿ ਕੌਮ ਨੂੰ ਇੱਕ ਵਾਰ ਬਾਦਲਾਂ ਦੀ ਇਸ ਛੇ ਲੰਬੇ ਦਹਾਕੇ ਗ਼ੁਲਾਮੀ ਤੋਂ ਆਜ਼ਾਦ ਕਰਵਾਇਆ ਜਾ ਸਕੇ, ਸੱਦਾ ਦਿੰਦੇ ਹਾਂ।

Editorial
Jaspal Singh Heran

International