ਰੁੱਤ ਪੁਤਲੇ ਫੂਕਣ ਦੀ ਆਈ...

ਜਸਪਾਲ ਸਿੰਘ ਹੇਰਾਂ
ਪੰਜਾਬ 'ਚ ਅੱਜ ਕੱਲ੍ਹ ਰੁੱਤ ਪੁਤਲੇ ਫੂਕਣ ਦੀ ਆਈ ਹੋਈ ਹੈ। ਸਾਰੀਆਂ ਸਿਆਸੀ ਧਿਰਾਂ, ਆਪਣੇ ਸਿਆਸੀ ਮਨੋਰਥ ਲਈ, ਵਿਰੋਧੀ ਧਿਰ ਦੇ ਪੁਤਲੇ ਫੂਕ ਰਹੀਆਂ ਹਨ। ਇੱਕ ਧਿਰ ਉਹ ਵੀ ਹੈ ,ਜਿਹੜੀ ਕਿਸੇ ਮਨੋਰਥ ਦੀ ਪੂਰਤੀ ਲਈ ਨਹੀਂ, ਸਗੋਂ ਆਪਣੀ ਗੁਰੂ ਨਾਲ ਪ੍ਰਤੀਤ ਨੂੰ ਨਿਭਾਉਣ ਲਈ, ਗੁਰੁ ਸਾਹਿਬ ਦੀ ਬੇਅਦਬੀ ਵਿਰੁੱਧ, ਬੇਅਦਬੀ ਕਾਂਡ ਦੇ ਦੋਸ਼ੀਆਂ ਦੇ ਸਿਆਸੀ ਸਰਪ੍ਰਸਤਾਂ ,ਬਾਦਲਕਿਆਂ ਦੇ ਪੁਤਲੇ ਫੂਕੇ ਜਾ ਰਹੇ ਹਨ। ਹਰ ਧਿਰ ਵੱਲੋਂ ਆਪਣੀਆਂ ਸਾਰੀਆਂ ਵਿਰੋਧੀ ਧਿਰਾਂ ਦੇ ਇਕ ਜਾਂ ਦੂਜੇ ਮੁੱਦੇ ਨੂੰ ਲੈ ਕੇ ਪੁਤਲੇ ਫੂਕੇ ਜਾ ਰਹੇ ਹਨ। ਬਾਦਲ ਦਲ ਵੱਲੋਂ ਸਾਰੇ ਪੰਜਾਬ 'ਚ ਜਸਟਿਸ ਰਣਜੀਤ ਸਿੰਘ ਕਾਂਡ ਦੀ ਰਿਪੋਰਟ ਨੂੰ ਲੈ ਕੇ ,ਜਸਟਿਸ ਰਣਜੀਤ ਸਿੰਘ ਅਤੇ ਕਾਂਗਰਸੀ ਆਗੂਆਂ ਦੇ ਪੁਤਲੇ ਫੂਕੇ ਗਏ। ਪ੍ਰੰਤੂ ਉਸ ਪੁਤਲਾ ਫੂਕ ਮੁਹਿੰਮ ਨੂੰ “ਬੱਧਾ ਚੱਟੀ ਜੋ ਭਰੇ” ਵਾਲਾ ਹੁੰਗਾਰਾ ਮਿਲਿਆ। ਟਿਕਟ ਸਿਆਸਤ ਵਾਲੇ ਮੁੱਠੀ ਭਰ ਆਗੂ ਕਾਂਗਰਸੀਆਂ ਅਤੇ ਜਸਟਿਸ ਰਣਜੀਤ ਸਿੰਘ ਦੇ ਪੁੱਤਲੇ ਫੁਕਦੇ ਨਜ਼ਰ ਆਏ। ਪ੍ਰੰਤੂ ਦੂਜੇ ਪਾਸੇ ਜਾਗਦੀ ਜ਼ਮੀਰ ਵਾਲੇ ਸਿੱਖ ਨੌਜਵਾਨ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਆਪਣੇ ਮਨ ਦਾ ਰੋਸ ਪ੍ਰਗਟਾਉਂਦੇ ਨਜ਼ਰ ਆਏ। ਉਹਨਾਂ ਨੇ ਬਾਦਲਕਿਆਂ ਦੇ ਅਤੇ ਕੈਪਟਨਕਿਆਂ ਦੇ ਵੀ ਪੁਤਲੇ ਪੂਰੇ ਜ਼ੋਸ਼-ਓ-ਖ਼ਰੋਸ਼ ਨਾਲ ਫੂਕੇ ਤੇ ਜਿਸ ਗੁੱਸੇ ਦਾ ਪ੍ਰਗਟਾਵਾ ਇਨ੍ਹਾਂ ਪੁਤਲਿਆਂ ਨੂੰ ਫੂਕਣ ਸਮੇਂ ਕੀਤਾ ਜਾ ਰਿਹਾ ਸੀ ,ਉਹ ਜਾਹੋ-ਜਲਾਲ ਤੇ ਰੋਹ ਨਾਲ ਭਰਪੂਰ ਸੀ। ਜਿਸ ਤੋਂ ਪੰਜਾਬ ਦੇ ਭਵਿੱਖ ਦੀ ਤਸਵੀਰ ਦੇ ਸਾਫ਼ ਤੇ ਸਪੱਸ਼ਟ ਦਰਸ਼ਨ ਹੋ ਰਹੇ ਸਨ।

ਅਸੀਂ ਇਸ ਰੋਹ ਭਰਪੂਰ ਤਸਵੀਰ ਨੂੰ ਦੇਖ ਕੇ, ਵਾਚ ਕੇ, ਬਰਗਾੜੀ ਮੋਰਚੇ 'ਚ ਸੰਗਤਾਂ ਦੇ ਵਧਦੇ ਹੁੰਗਾਰੇ ਅਤੇ ਅੱਜ ਢਾਡੀ ਸਿੰਘਾਂ ਦੇ ਜੱਥੇ ਵੱਲੋਂ ਗਾਈ ਗਈ ਵਾਰ “ਡਰ ਲੱਗਦਾ ਸੁੱਖਿਆ ਵੇ, ਕਿਤੇ ਪੈ ਨ ਜਾਣ ਵਿਛੋੜੇ” ਨੇ ਸਾਰਾ ਦਿਨ ਸਿੱਖ ਸੰਗਤਾਂ ਵੱਲੋਂ ਮਿਲੀ ਹਰਮਨ ਪਿਆਰਤਾ ਨੇ ਸਾਨੂੰ ਇਹ ਅਹਿਸਾਸ ਜ਼ਰੂਰ ਕਰਵਾ ਦਿੱਤਾ ਕਿ ਪੰਥਕ ਜ਼ਜ਼ਬਾ, ਗੁਰੁ ਸਾਹਿਬ ਦੇ ਨਾਮ 'ਤੇ, ਪੰਥਕ ਉਬਾਲਾ ਖਾ ਚੁੱਕਾ ਹੈ। ਜੇ ਕੈਪਟਨ ਸਰਕਾਰ ਨੇ ਇਸ ਉਬਾਲੇ ਮਾਰਦੇ ਜ਼ਜ਼ਬਿਆਂ ਨੂੰ ਸਮਾਂ ਰਹਿੰਦਿਆਂ ਇਨਸਾਫ਼ ਦੇ ਛਰਾਟਿਆਂ ਨਾਲ ਠੰਡਾ ਕਰਨ ਦਾ ਯਤਨ ਨਾ ਕੀਤਾ ਤਾਂ ਸਥਿਤੀ ਕਦੇ ਵੀ ,ਕਿਸੇ ਸਮੇਂ ਵੀ ਕੋਈ ਵੀ ਮੋੜ ਕੱਟ ਸਕਦੀ ਹੈ। ਹੁਣ ਇਹ ਸਥਿਤੀ ਕਿਸੇ ਦੇ ਵੱਸ ਨਹੀਂ ਰਹੀ। ਜ਼ਜ਼ਬਿਆਂ ਦਾ ਹੜ੍ਹ ਬੇਕਾਬੂ ਹੋ ਚੁੱਕਾ ਹੈ, ਇਸ ਲਈ ਕੈਪਟਨ ਸਰਕਾਰ, ਇਸ ਹੜ੍ਹ ਦੇ ਜ਼ਜ਼ਬਾਤੀ ਪਾਣੀ ਨੂੰ ਸਿਆਸੀ ਲਾਹਾ ਲੈਣ ਲਈ ਕੋਈ ਸਿਆਸੀ ਮੋੜ ਦੇਣ ਦੀ ਕੋਸ਼ਿਸ਼ ਨਾ ਕਰੇ।ਜੇ ਕੋਈ ਅਜਿਹਾ ਕਰਨ ਦੀ ਬੇਵਕੂਫੀ ਭਰੀ ਕੋਸ਼ਿਸ਼ ਕਰੇਗਾ ਤਾਂ ਉਹ ਖ਼ੁਦ ਅੱਗ ਨਾਲ ਖੇਡਣ ਦਾ ਦੋਸ਼ੀ ਬਣੇਗਾ। ਸਿਆਸੀ ਧਿਰਾਂ ਇਸ ਧਾਰਮਿਕ ਭਾਵਨਾਵਾਂ ਦੀ ਜੰਗ ਨੂੰ ਸਿਆਸੀ ਖੇਡ ਬਣਾਉਣ ਦੀ ਕੋਸ਼ਿਸ਼ ਨਾ ਕਰਨ। ਅਸੀਂ ਲਗਾਤਾਰ ਦੋ-ਤਿੰਨ ਦਿਨਾਂ ਤੋਂ ਇਸ ਗਹਿਰ-ਗੰਭੀਰ ਮੁੱਦੇ ਬਾਰੇ ਲਿਖ ਰਹੇ ਹਾਂ। ਸਾਡਾ ਅਰਥ ਸਾਰੀਆਂ ਸਿਆਸੀ ਧਿਰਾਂ ਨੂੰ ਹੋਕਾ ਦੇ ਕੇ ਜਗਾਉਣਾ ਹੈ। ਕਿਉਂਕਿ ਅਸੀਂ ਸਮਝਦੇ ਹਾਂ ਕਿ ਜੇ ਇਸ ਵਕਤ ਕਿਸੇ ਨੇ ਮਚਲੀ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ 'ਚ ਭਾਂਬੜ ਬਲਦਿਆਂ ਦੇਰ ਨਹੀਂ ਲੱਗਣੀ। ਬਾਦਲਾਂ ਨੂ ਵੀ ਸਮਝ ਲੈਣਾ ਚਾਹੀਦਾ ਹੈ ਕਿ ਇਸ ਸਮੇਂ ਚਲਾਕੀ ਦੀ ਖੇਡ ਦਾ ਸਮਾਂ ਜਾਂ ਖੇਡ ਦੀ ਦਿਸ਼ਾ ਜਾਂ ਦਸ਼ਾ ਬਦਲਣ ਦਾ ਸਮਾਂ ਨਹੀਂ ਰਿਹਾ।

ਆਪਣੀ ਕੀਤੀ ,ਆਪ ਨੂੰ ਹੀ ਭੁਗਤਣੀ ਪੈਂਦੀ ਹੈ। ਪੰਥ ਖਤਰੇ ਵਿੱਚ ਹੈ ,ਉਹ ਜੁਮਲਾ ਹੁਣ ਪੁਰਾਣਾ ਤੇ ਘਿਸਿਆ ਪਿਟਿਆ ਹੋ ਚੁੱਕਾ ਹੈ। ਉਹ ਹੁਣ ਨਹੀਂ ਚੱਲਣਾ। ਬਾਦਲਕਿਆਂ ਦੇ ਜਾਣ ਦਾ ਸਮਾਂ ਨਿਸ਼ਚਿਤ ਹੋ ਚੁੱਕਾ ਹੈ। ਪ੍ਰੰਤੂ ਸਮਾਂ ਸੰਭਾਲਣ ਵਾਲੀਆਂ ਧਿਰਾਂ, ਹਾਲੇ ਵੀ ਵਿਕਾਊ ਮਾਲ ਦੇ ਧੱਬੇ ਤੋਂ ਬਾਹਰ ਨਹੀਂ ਆ ਰਹੀਆਂ। ਗੁਰੂ ਲਈ ਮਰਜੀਵੜਿਆਂ ਦੀ ਕਮੀ ਨਹੀਂ। ਬੱਸ!  ਉਹਨਾਂ ਦੇ ਭਰੋਸੇ ਨੂੰ ਠੇਸ ਨਹੀਂ ਲੱਗਣੀ ਚਾਹੀਦੀ। ਜਿਵੇਂ ਸਾਉਣ ਮਹੀਨੇ ਸੰਧਾਰਿਆ ਦੀ ਰੁੱਤ ਹੁੰਦੀ ਹੈ। ਉਹ ਪੁਰਾਤਨ ਰਵਾਇਤ ਹੈ। ਪ੍ਰੰਤੂ ਪੁਤਲੇ ਫੂਕਣ ਦੀ ਰੁੱਤ ਦੀ ਕੋਈ ਰਵਾਇਤ ਨਹੀਂ। ਇਹ ਤਾਂ ਰੋਸ ਜਾਂ ਰੋਹ ਜਾਂ ਵਿਰੋਧ 'ਚੋਂ ਪੈਦਾ ਹੁੰਦੀ ਹੈ। ਜਿਹੜੀ ਅੱਜ-ਕੱਲ੍ਹ ਸਿਖਰ 'ਤੇ ਹੈ ਅਤੇ ਪੰਥ ਦੋਖੀਆਂ ਲਈ ਛਿੱਤਰ ਖਾਣ ਦੀ ਰੁੱਤ ਵੀ ਬਣ ਸਕਦੀ ਹੈ।

Editorial
Jaspal Singh Heran
bargari

International