ਕੌਮ ਭਾਈ ਸੂਰਤ ਸਿੰਘ ਖਾਲਸਾ ਦੀ ਭਾਵਨਾਵਾਂ ਨੂੰ ਸਮਝੇ ਅਤੇ ਪੂਰਨ ਸਹਿਯੋਗ ਦੇਵੇ : ਜਥੇਦਾਰ ਨੰਦਗੜ

ਲੁਧਿਆਣਾ , 21 ਫਰਵਰੀ (ਰਾਜ ਜੋਸ਼ੀ) ਵੱਖ ਵੱਖ ਕੇਸਾਂ ਵਿੱਚ ਅਦਾਲਤਾਂ ਵਲੋਂ ਮਿਲੀਆਂ ਸਜਾਵਾਂ ਭੁਗਤ ਚੁੱਕੇ ਬੰਦੀਆਂ ਨੂੰ ਰਿਹਾ ਕਰਕੇ ਸਰਕਾਰ ਨੂੰ ਲੋਕਾਂ ਦੇ ਜਜਬਾਤਾਂ ਦੀ ਕਦਰ ਕਰਨੀ ਚਾਹੀਦੀ ਹੈ ਤਾਂ ਕਿ ਆਪਣੇ ਜਾਇਜ ਹੱਕ ਲੈਣ ਵਾਸਤੇ ਵੀ ਕਿਸੇ ਨੂੰ ਆਪਣੀ ਜਾਨ ਦੀ ਆਹੁਤੀ ਨਾ ਦੇਣੀ ਪਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੇ ਕਿਹਾ ਕਿ ਅੱਜ ਸਿੱਖ ਕੌਮ ਦੇ ਜਰਨੈਲ ਭਾਈ ਸੂਰਤ ਸਿੰਘ ਖਾਲਸਾ ਨੇ ਆਪਣੀ ਬਜੁਰਗ ਅਵਸਥਾ ਦੀ ਪ੍ਰਵਾਹ ਨਾ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮਰਨ ਵਰਤ ਆਰੰਭ ਕੀਤਾ ਹੈ। ਇਥੇ  ਵਰਨਣਯੋਗ ਹੈ ਕਿ ਭਾਈ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਅੱਜ 36 ਵੇ ਦਿਨ ਨੂੰ ਪਾਰ ਕਰ ਚੁੱਕੀ ਹੈ, ਜਥੇਦਾਰ ਨੰਦਗੜ ਵੱਡੀ ਗਿਣਤੀ ਵਿਚ ਆਪਣੇ ਸਾਥੀਆਂ ਸਮੇਤ ਭਾਈ ਖਾਲਸਾ ਨੂੰ ਵੇਖਣ ਵਾਸਤੇ ਸਿਵਲ ਹਸਪਤਾਲ ਲੁਧਿਆਣਾ ਪਹੁੰਚੇ ਸਨ। ਭਾਈ ਖਾਲਸਾ ਨਾਲ ਉਹਨਾਂ ਲੱਗਭੱਗ ਪਾਉਣਾ ਘੰਟਾਂ ਵਿਚਾਰਾਂ ਕਰਨ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਭਾਈ ਖਾਲਸਾ ਵੱਲੋਂ ਜਿਨਾਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ ਅਸਲ ਵਿੱਚ ਉਹ ਸਾਡਾ ਹੱਕ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਤਰੁੰਤ ਭਾਈ ਖਾਲਸਾ ਵੱਲੋਂ ਉਠਾਏ ਮੁੱਦੇ ਵੱਲ ਧਿਆਨ ਦੇਵੇ ਅਤੇ ਬਿਨਾਂ ਕਿਸੇ ਦੇਰੀ ਤੋਂ ਬੰਦੀ ਸਿੰਘਾਂ ਨੂੰ ਰਿਹਾ ਕਰੇ।

ਇੱਕ ਸਵਾਲ ਦੇ ਜਵਾਬ ਵਿਚ ਜਥੇਦਾਰ ਨੰਦਗੜ ਨੇ ਕਿਹਾ ਕਿ ਮੈਂ ਭਾਈ ਖਾਲਸਾ ਦੀ ਪੂਰੀ ਤਰਾਂ ਹਮਾਇਤ ਕਰਦਾ ਹਾ ਅਤੇ ਸਮੁਚੇ ਸਿੱਖ ਪੰਥ ਨੂੰ ਅਪੀਲ ਕਰਦਾ ਹਾ ਕਿ ਭਾਈ ਖਾਲਸਾ ਦੇ ਸਮਰਥਨ ਵਿੱਚ ਅੱਜ ਤੋਂ ਹੀ ਜੁਟ ਜਾਣ ਕਿਉਂਕਿ ਇਹ ਕਿਸੇ ਦਾ ਨਿੱਜੀ ਮੁਫਾਦ ਨਹੀ ਸਗੋਂ ਇੱਕ ਕੌਮੀ ਕਾਰਜ਼ ਹੈ। ਇਸ ਸਮੇ ਹੀ ਉਘੇ ਸਿੱਖ ਚਿੰਤਕ ਅਤੇ ਲੇਖਕ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਨੇ ਕਿਹਾ ਕਿ ਸਰਕਾਰਾਂ ਨੇ ਬੇਸ਼ੱਕ ਪਹਿਲੇ ਅਨਾੜੀ ਮਰਨ ਵਰਤੀਆਂ ਨੂੰ ਨਿਸ਼ਾਨੇ ਤੋਂ ਥਿੜਕਾ ਲਿਆ ਸੀ, ਪਰ ਬਾਪੂ ਸੂਰਤ ਸਿੰਘ ਖਾਲਸਾ ਲੋਹ ਪੁਰਸ਼ ਹੈ ਅਤੇ ਸਰਕਾਰਾਂ ਦਾ ਭੁਲੇਖਾ ਦੂਰ ਕਰ ਦੇਵੇਗਾ ਕਿ ਸਿੱਖਾਂ ਵਿੱਚ ਅੱਜ ਵੀ ਕੁਰਬਾਨੀ ਦਾ ਜਜਬਾ ਹੈ। ਜਥੇਦਾਰ ਧਨੌਲਾ ਨੇ ਕਿਹਾ ਕਿ ਜੇ ਕਰ ਬਾਪੂ ਸੂਰਤ ਸਿੰਘ ਖਾਲਸਾ ਨੂੰ ਕੁੱਝ ਹੁੰਦਾ ਹੈ ਤਾਂ ਇਸ ਲਈ ਕੇਂਦਰ ਅਤੇ ਪੰਜਾਬ ਸਰਕਾਰਾਂ ਸਿੱਧੇ ਤੌਰ ਉੱਤੇ ਜਿੰਮੇਵਾਰ ਹੋਣਗੀਆਂ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਬੰਦੀ ਸਿੰਘਾਂ ਦੀ ਤਰੁੰਤ ਰਿਹਾਈ ਦਾ ਇੰਤਜ਼ਾਮ ਕਰਕੇ ਬਾਪੂ ਖਾਲਸਾ ਦਾ ਮਰਨ ਵਰਤ ਖਤਮ ਕਰਵਾਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਸੁਖਵਿੰਦਰ ਸਿੰਘ ਖਾਲਸਾ ਮੁੱਖ ਸੇਵਾਦਾਰ ਸਤਿਕਾਰ ਸਭਾ ਹਰਿਆਣਾ ,ਭਾਈ ਬਲਜਿੰਦਰ ਸਿੰਘ ਸਰਦੂਲਗੜ ਪ੍ਰਧਾਨ ਏਕ ਨੂਰ ਖਾਲਸਾ ਫੌਜ ਪੰਜਾਬ, ਸ. ਪਰਮਿੰਦਰ ਸਿੰਘ ਰੰਧਾਵਾ ਨਿੱਜੀ ਸਹਾਇਕ ਜਥੇਦਾਰ ਨੰਦਗੜ, ਸ.ਬਲਜੀਤ ਸਿੰਘ ਗੰਗਾ, ਸ. ਭਰਪੂਰ ਸਿੰਘ ਖਾਲਸਾ ਮੈਂਬਰ ਧਰਮ ਪ੍ਰਚਾਰ ਕਮੇਟੀ, ਸ.ਪ੍ਰਗਟ ਸਿੰਘ ਭੋਡੀਪੁਰਾ ਕੌਮੀ ਪ੍ਰਧਾਨ ਦਸਤਾਰ ਫੈਡਰੇਸ਼ਨ ਵੀ ਹਾਜ਼ਿਰ ਸਨ।

International