ਡੀ ਸੀ ਪੀ ਪਿਤਾ ਤੇ ਆਈ ਪੀ ਐਸ ਧੀ ਪਹਿਲੀ ਵਾਰ ਆਹਮੋ-ਸਾਹਮਣੇ, ਪਿਤਾ ਨੇ ਧੀ ਨੂੰ ਕੀਤਾ ਸਲਿਊਟ

ਹੈਦਰਾਬਾਦ 3 ਸਤੰਬਰ (ਏਜੰਸੀਆਂ) ਡੀਸੀਪੀ ਏਆਰ ਉਮਾਮਹੇਸ਼ਵਰਾ ਸ਼ਰਮਾ ਨੇ ਸਭ ਦੇ ਸਾਹਮਣੇ ਆਪਣੀ ਆਈਪੀਐਸ ਧੀ ਨੂੰ ਸਲਿਊਟ ਕੀਤਾ। ਉਮਾਮਹੇਸ਼ਵਰਾ ਤੇਲੰਗਾਨਾ ਪੁਲਿਸ ਵਿੱਚ ਡੀਸੀਪੀ ਹਨ ਤੇ ਉਨਾਂ ਦੀ ਧੀ ਨੇ ਚਾਰ ਸਾਲ ਪਹਿਲਾਂ ਬਤੌਰ ਆਈਪੀਐਸ ਪੁਲਿਸ ਫੋਰਸ ਜੁਆਇਨ ਕੀਤੀ ਹੈ। ਹਾਲ ਹੀ ਵਿੱਚ ਜਦੋਂ ਪਿਉ-ਧੀ ਸਾਹਮਣੇ ਆਏ ਤਾਂ ਪਿਤਾ ਨੇ ਆਪਣੀ ਵਰਦੀ ਦਾ ਫਰਜ਼ ਨਿਭਾਉਂਦਿਆਂ ਆਪਣੀ ਸੀਨੀਅਰ ਧੀ ਨੂੰ ਸਲਿਊਟ ਮਾਰਿਆ। ਦਰਅਸਲ ਹੈਦਰਾਬਾਦ ਦੇ ਕੋਂਗਰਾ ਕਾਲਨ ਵਿੱਚ ਹੋਈ ਤੇਲੰਗਾਨਾ ਕੌਮੀ ਕਮੇਟੀ ਦੀ ਜਨਤਕ ਮੀਟਿੰਗ ਵਿੱਚ ਡੀਸੀਪੀ ਉਮਾਮਹੇਸ਼ਵਰਾ ਦੀ ਤਾਇਨਾਤੀ ਸੀ। ਇਸੇ ਮੀਟਿੰਗ ਵਿੱਚ ਉਨਾਂ ਦੀ ਧੀ ਸਿੰਧੂ ਸ਼ਰਮਾ ਦੀ ਵੀ ਡਿਊਟੀ ਲੱਗੀ ਸੀ। ਉਹ ਤੇਲੰਗਾਨਾ ਵਿੱਚ ਜਗਟਿਆਲ ਜ਼ਿਲੇ ਦੀ ਐਸਪੀ ਲੱਗੀ ਹੈ।

ਇਸ ਮੀਟਿੰਗ ਵਿੱਚ ਜਦੋਂ ਪਿਤਾ ਤੇ ਧੀ ਆਹਮੋ-ਸਾਹਮਣੇ ਆਏ ਤਾਂ ਡੀਸੀਪੀ ਪਿਤਾ ਨੇ ਆਪਣੀ ਆਈਪੀਐਸ ਧੀ ਨੂੰ ਸਲਿਊਟ ਕੀਤਾ ਤੇ ਮੁਸਕਰਾ ਪਏ। ਸਿੰਧੂ 2014 ਆਈਪੀਐਸ ਬੈਚ ਤੋਂ ਹੈ। ਉਸ ਨੇ ਚਾਰ ਸਾਲ ਪਹਿਲਾਂ ਨੌਕਰੀ ਜੁਆਇਨ ਕੀਤੀ ਹੈ ਜਦਕਿ ਉਸ ਦੇ ਪਿਤਾ ਪਿਛਲੇ 30 ਸਾਲਾਂ ਤੋਂ ਪੁਲਿਸ ਵਿੱਚ ਹਨ ਤੇ ਅਗਲੇ ਸਾਲ ਰਿਟਾਇਰ ਹੋਣ ਵਾਲੇ ਹਨ। ਉਨਾਂ ਬਤੌਰ ਸਬ-ਇੰਸਪੈਕਟਰ ਪੁਲਿਸ ਜੁਆਇਨ ਕੀਤੀ ਸੀ। ਧੀ ਨੂੰ ਸਲਿਊਟ ਕਰਨ ਮੌਕੇ ਉਮਾਮਹੇਸ਼ਵਰਾ ਨੇ ਕਿਹਾ ਕਿ ਇਹ ਪਹਿਲੀ ਵਾਰ ਸੀ ਜਦੋਂ ਉਹ ਦੋਵੇਂ ਆਨ ਡਿਊਟੀ ਇੱਕ-ਦੂਜੇ ਸਾਹਮਣੇ ਆਏ ਹਨ। ਉਹ ਖ਼ੁਦ ਨੂੰ ਖ਼ੁਸ਼ਨਸੀਬ ਮੰਨਦੇ ਹਨ ਕਿ ਉਨਾਂ ਨੂੰ ਉਸ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਨਾਂ ਦੀ ਧੀ ਅਹੁਦੇ ਮੁਤਾਬਕ ਉਨਾਂ ਦੀ ਸੀਨੀਅਰ ਹੈ। ਧੀ ਸਿੰਧੂ ਨੇ ਵੀ ਕਿਹਾ ਕਿ ਉਹ ਵੀ ਪਿਤਾ ਨਾਲ ਕੰਮ ਕਰਕੇ ਬਹੁਤ ਖ਼ੁਸ਼ ਹੈ।

Unusual
Police Station
Society

International