ਗੂੰਗਾ ਤੋਤਾ ਕਿੳਂ ਬੋਲਿਆ...?

ਜਸਪਾਲ ਸਿੰਘ ਹੇਰਾਂ

ਸਾਨੂੰ ਨਿਰੰਤਰ ਆਏ ਦਿਨ, ਬਰਗਾੜੀ ਮੋਰਚੇ ‘ਤੇ ਬਾਦਲਾਂ ਅਤੇ ਕੈਪਟਨਕਿਆਂ ਬਾਰੇ ਲਿਖਣਾ ਪੈ ਰਿਹਾ ਹੈ, ਕਾਰਨ ਸਿਆਸਤ ਬੇਹੱਦ ਗੰਦੀ ਖੇਡ ਹੈ। ਖੇਡ ਦੇ ਖਿਡਾਰੀ ਉਸ ਤੋਂ ਵੀ ਗੰਦੇ ਹਨ। ਇਸ ਲਈ ਪੰਜਾਬ ਦੇ ਲੋਕਾਂ ਨੂੰ ਜਗਾਈ ਰੱਖਣ ਲਈ ਹਰ ਸਮੇਂ ਹੋਕਾ ਦੇਣਾ ਜ਼ਰੂਰੀ ਹੈ। ਪੰਜਾਬ ਦੀ ਸਿਆਸਤ ‘ਤੇ 60 ਸਾਲ ਘਾਗ ਤੇ ਘੋਗਾ ਸਿਆਸਤਦਾਨ ਬਣ ਕੇ ਰਾਜ ਕਾਰਨ ਵਾਲਾ ਗੂੰਗਾ ਤੋਤਾ ਆਖਰ ਬੋਲ ਕਿਵੇਂ ਪਿਆ? ਬਜ਼ੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਆਪਣੇ ਇਸ ਗੂੰਗੇ ਤੇ ਮਕਾਰਪੁਣੇ ਕਾਰਨ ਜਾਣੇ ਜਾਂਦੇ ਹਨ। “ਅੱਛਾ ਜੀ! ਇਹ ਤਾਂ ਮੈਨੂੰ ਪਤਾ ਹੀ ਨਹੀਂ, ਮੈਂ ਤਾਂ ਜੀ ਤੁਹਾਡੇ ਮੂੰਹੋਂ ਸੁਣ ਰਿਹਾ ਹਾਂ, ਮੈਨੂੰ ਤਾਂ ਕੁਝ ਪਤਾ ਹੀ ਨਹੀਂ ਸੀ ।” ਹਰ ਮੁੱਦੇ ‘ਤੇ ਇਨਾਂ ਸ਼ਬਦਾਂ ਦੀ ਵਰਤੋਂ ਕਰਨ ਵਾਲਾ ਬਜ਼ੁਰਗ ਸਿਆਸਤਦਾਨ ਬਾਦਲ ਅੱਜ ਦਿਨ ‘ਚ ਦੋ-ਦੋ ਟੀ.ਵੀ ਇੰਟਰਵਿਊ ਦੇ ਕੇ ਵੱਡੇ-ਵੱਡੇ ਰਾਜ਼ ਖੋਲ ਰਿਹਾ ਹੈ। ਉਹ ਦੱਸਦਾ ਹੈ ਕਿ ਉਸਨੇ ਅੱਧੀ ਰਾਤ ਨੂੰ ਡੀ.ਜੀ.ਪੀ ਨੂੰ ਫੋਨ ਕਰਕੇ ਆਖਿਆ ਸੀ ਕਿ,ਦੇਖਿਓ! ਕਿਤੇ ਕੋਈ ਜਾਨੀ ਨੁਕਸਾਨ ਨਾਂਹ ਹੋ ਜਾਵੇ। ਦੂਜੇ ਦਿਨ ਸਵੇਰੇ ਗੋਲੀ ਚੱਲ ਜਾਂਦੀ ਹੈ। ਫਿਰ ਗੋਲੀ ਚੱਲਣ ਦਾ ਹੁਕਮ ਕਿਹੜੇ ਜਿੰਨ ਭੂਤ ਜਾਂ ਗੁਆਂਢੀ ਮੁਲਕ ਦੇ ਪ੍ਰਧਾਨ ਮੰਤਰੀ ਨੇ ਆ ਕੇ ਦਿੱਤੇ ਸਨ। ਜੇ ਬਾਦਲ ਦੇ ਸਖਤੀ ਨਾਲ ਮਨਾਂ ਕਰਨ ਦੇ ਬਾਵਜੂਦ ਗੋਲੀ ਚੱਲੀ ਸੀ ਤਾਂ ਅਗਲੇ ਦਿਨ ਪੰਜਾਬ ਸਰਕਾਰ ਨੇ ਪੁਲਿਸ ਦੇ ਸਾਰੇ ਵੱਡੇ ਅਫ਼ਸਰ ‘ਫਾਲਨ’ ਕਿਉਂ ਨਹੀਂ ਕੀਤੇ? ਬਾਦਲ ਦੇ ਹੁਕਮ ਅਦੂਲੀ ਦੀ ਸੂਈ ਜਿਸ ਅਫ਼ਸਰ ਵੱਲ ਜਾਂਦੀ ਸੀ ,ਉਹ ਅਗਲੇ ਦਿਨ ਮੁੱਅਤਲ ਕਿਉਂ ਨਹੀਂ ਹੋਇਆ? ਗੂੰਗਾ ਤੋਤਾ ਅੱਜ ਪਾਰਟੀ ਡੁੱਬਦੀ ਦੇਖ ਅਤੇ ਆਪਣੇ ਫਰਜ਼ੰਦ ਸੁਖਬੀਰ ਨੂੰ ਸੂਲੀ ਟੰਗੇ ਜਾਣ ਦੀ ਸੰਭਾਵਨਾ ਜੁੜਦੀ ਵੇਖ, ‘ਟਰ-ਟਰ’ ਬੋਲਣ ਲੱਗ ਪਿਆ ਹੈ।

ਪਰ ਸੱਚ ਕੀ ਹੈ ? ਕੋਈ ਵੀ, ਨਾ ਤਾਂ ਬਾਦਲਕੇ ਅਤੇ ਨਾ ਹੀ ਕੈਪਟਨਕੇ ਦੱੱੱਸਣ ਲਈ ਤਿਆਰ ਨਹੀਂ ਹਨ। ਕੈਪਟਨਕਿਆਂ ਵੱਲੋਂ ਬਾਦਲਕਿਆਂ ਤੋਂ ਗੋਦ ਲਿਆ ਡੀ.ਜੀ.ਪੀ ਸੁਰੇਸ਼ ਅਰੋੜਾ, ਪੁਲਿਸ ਅਫ਼ਸਰਾਂ ਨੂੰ ਬਚਾਉਣ ਅਤੇ ਆਪਣੀ ਨੌਕਰੀ ਦੀ ਮਿਆਦ ਦੇ ਵਾਧੇ ਲਈ ਦਿੱਲੀ ਗੇੜੇ ‘ਤੇ ਗੇੜਾ ਮਾਰ ਰਿਹਾ ਹੈ। ਕੀ ਸਰਕਾਰ ਦੀ ਮਰਜ਼ੀ ਤੋਂ ਉਲਟ ਕੋਈ  ਪੁਲਿਸ ਅਫ਼ਸਰ ਅਜਿਹੀ ਜ਼ੁਰਅੱਤ ਕਰ ਸਕਦਾ ਹੈ? ਗੂੰਗਾ ਤੋਤਾ ਅਚਾਨਕ ਕਿਉਂ ਬੋਲਿਆ? ਵੱਡਾ ਸੁਆਲ ਹੈ ,ਜਿਸ ਬਾਰੇ ਅਸੀਂ ਸਮੁੱਚੇ ਪੰਜਾਬੀਆਂ ਤੇ ਮੋਰਚੇ ਦੇ ਪ੍ਰਬੰਧਕਾਂ ਨੂੰ ਸੁਚੇਤ ਕਰ ਰਹੇ ਹਾਂ। ਅੱਜ ਬਰਗਾੜੀ ਇਨਾਸਫ਼ ਮੋਰਚੇ ਅਤੇ ਇਸਦੀਆਂ ਮੰਗਾਂ ਨੂੰ ਅੱਡ-ਅੱਡ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਬਰਗਾੜੀ ਇਨਸਾਫ਼ ਮੋਰਚਾ ਪੰਥ ਦੀਆਂ ਤਿੰਨ ਸਾਂਝੀਆਂ ਮੰਗਾਂ ਨੂੰ ਲੈ ਕੇ ਵਿੱਢਿਆ ਗਿਆ ਹੈ। ਇਨਾਂ ਤਿੰਨ ਮੰਗਾਂ ‘ਚ ਬੰਦੀ ਸਿੰਘਾਂ ਦੀ ਰਿਹਾਈ, ਇੱਕ ਤਰਾਂ ਮਨਫ਼ੀ ਹੀ ਕੀਤੀ ਜਾ ਚੁੱਕੀ ਹੈ। ਦੂਜਾ ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਵੀ ਵੱਖ-ਵੱਖ ਕੀਤਾ ਜਾ ਰਿਹਾ ਹੈ। ਬਾਦਲਕਿਆਂ ਵੱਲੋਂ ਬਹਿਬਲ ਕਲਾਂ ਗੋਲੀਕਾਂਡ ਨੂੰ ਵੱਖ ਅਤੇ ਬਰਗਾੜੀ ਕਾਂਡ ਨੂੰ ਵੱਖ-ਵੱਖ ਕਰ ਦਿੱਤਾ ਗਿਆ ਹੈ। ਕੈਪਟਨਕਿਆਂ ਤੇ ਬਾਦਲਕਿਆਂ ,ਦੋਵਾਂ ਦੀ ‘ਸਿੱਟ’ ਦੇ ਮੁਖੀ ਡੀ.ਆਈ.ਜੀ ਰਣਜੀਤ ਸਿੰਘ ਖੱਟੜਾ ਨੂੰ ਜਾਂਚ ਦੇ ਮੁੰਕਮਲ ਕਰ ਲੈਣ ਤੋਂ ਬਾਅਦ ਉਸਦੇ ਮੂੰਹ ਤੇ ਹੱਥ ਦੋਵੇਂ ਬੰਨ ਦਿਤੇ ਗਏ। ਬੇਅਦਬੀ ਕਾਂਡ ਦੀ ਜਾਂਚ ਕੋਟਕਪੂਰੇ ਦੇ ਗੰਦੇ ਨਾਲੇ ‘ਚ ਲਿਆ ਕੇ ਸੁੱਟ ਦਿੱਤੀ ਗਈ ਹੈ ਭਾਵ ਉਸ ਦਾ ਭੋਗ ਪਾ ਦਿੱਤਾ ਗਿਆ ਹੈ। ਹੁਣ ਸਿਰਫ਼ ਤੇ ਸਿਰਫ਼ ਸਾਰਾ ਜ਼ੋਰ, ਸਾਰੀਆਂ ਧਿਰਾਂ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ‘ਤੇ ਦਿੱਤਾ ਜਾ ਰਿਹਾ ਹੈ ਕਿ ਗੋਲੀ ਕਿਸ ਨੇ ਚਲਾਈ ?

ਹੁਣ ਵੱਡੇ ਬਾਦਲ ,ਜਦੋ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਇਸ ਮੌਕੇ ਬਾਹਰ ਨਿਕਲੇ ਅਤੇ ਬੋਲੇ ਬਿਨਾਂ ਨਹੀਂ ਸਰਨਾ, ਉਸ ਨੇ ਵਾਰ-ਵਾਰ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਮੈਂ ਗੋਲੀ ਚਲਾਉਣ ਦੇ ਹੁਕਮ ਨਹੀ ਦਿੱਤੇ। ਸਾਰਾ ਧਿਆਨ ਗੋਲ਼ੀ ਚਲਾਉਣ ਦੇ ਹੁਕਮਾਂ ਤੱਕ ਸੀਮਤ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਲਈ ਕੌਮ ਨੂੰ ਜਾਗਦੇ ਰਹੋ ਤੇ ਬਾ-ਮੁਲਾਹਜ਼ਾ -ਹੋ- ਹੁਸ਼ਿਆਰ ਦਾ ਹੋਕਾ ਵਾਰ-ਵਾਰ ਆਏ ਦਿਨ ਦੇ ਰਹੇ ਹਾਂ। ਸਥਾਪਿਤ ਸਾਰੀਆਂ ਧਿਰਾਂ ਸਿੱਖ ਵਿਰੋਧੀ ਹੀ ਨਹੀਂ, ਸਗੋਂ ਸਿੱਖ ਦੁਸ਼ਮਣ ਹਨ। ਚਾਹੇ ਉਹ ਬਾਦਲਕੇ ਹਨ, ਚਾਹੇ ਰਾਹੁਲਕੇ ਅਤੇ ਚਾਹੇ ਮੋਦੀਕੇ ਹੋਣ। ਇਸ ਲਈ ਇਹ ਸਾਰੀਆਂ ਸਿੱਖ ਵਿਰੋਧੀ ਧਿਰਾਂ ਸਿੱਖਾਂ ਦੇ ਮੁੱਦਿਆਂ ‘ਤੇ ਅੰਦਰੋ-ਅੰਦਰੀ ਇੱਕਠੀਆਂ ਹੋ ਜਾਂਦੀਆਂ ਹਨ। ਬਹਿਬਲ ਕਲਾਂ ਗੋਲੀ ਕਾਂਡ ਤੇ ਕੋਟਕਪੂਰਾ ਗੋਲੀ ਕਾਂਡ ‘ਚ, ਕਿਸੇ ਪੁਲਿਸ ਅਫ਼ਸਰ ਨੂੰ ਟੰਗ, ਗੁਰੂੁ ਸਾਹਿਬ ਦੀ ਬੇਅਦਬੀ ਦੇ ਕਾਂਡ ਨੂੰ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਠੰਡੇ ਬਸਤੇ ਵਿੱਚ ਸੁੱਟ ਕੇ, ਸਿੱਖਾਂ ਤੋਂ ਜਿੱਤੀ ਬਾਜ਼ੀ ਕਦੋਂ ਵੀ ਖੋਹੀ ਜਾ ਸਕਦੀ ਹੈ। ਇਸ ਲਈ ਸਿੱਖਾਂ ਨੂੰ ਤੇ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਨੂੰ ਹਮੇਸ਼ਾਂ ਜਾਗਦੇ ਰਹਿਣਾ ਪਵੇਗਾ ਅਤੇ ਤਿੰਨ ਮੰਗਾਂ ਦੀ ਆਵਾਜ਼ ਹਮੇਸ਼ਾਂ ਬੁਲੰਦ ਕਰਨੀ ਪਵੇਗੀ।

Editorial
Jaspal Singh Heran

International