ਹਜ਼ੂਰੀ ਰਾਗੀਆਂ ਦੀ ਮੋਰਚੇ ਵਿੱਚ ਸ਼ਮੂਲੀਅਤ...

ਜਸਪਾਲ ਸਿੰਘ ਹੇਰਾਂ
ਬੀਤੇ ਦਿਨ ਵਾਪਰੀਆਂ ਦੋ ਘਟਨਾਵਾਂ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਜਾਗਦੀ ਜ਼ਮੀਰ ਵਾਲੇ ਸਿੱਖ ਬਾਦਲਾਂ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ। ਗੁਰੂ ਸਾਹਿਬ ਦੀ ਬੇਅਦਬੀ, ਬੰਦੀ ਸਿੰਘਾਂ ਦੀ ਰਿਹਾਈ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਬਾਦਲਕੇ ਸਿੱਧ ਹੋ ਚੁੱਕੇ ਹਨ। ਇਸ ਲਈ ਭਾਵੇਂ ਬਾਦਲਕਿਆਂ ਦੇ ਗ਼ੁਲਾਮ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਕੀ ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ, ਬਾਦਲਕਿਆਂ ਦੀ ਗ਼ੁਲਾਮੀ ਨਿਭਾਉਣ ਲਈ ਬਰਗਾੜੀ ਮੋਰਚੇ ਦੇ ਵਿੱਰੁਧ ਖੜ੍ਹੇ ਹੋ ਜਾਣ 'ਤੇ ਅਵਾ-ਤਵਾ ਬੋਲੀ ਜਾਣ, ਪ੍ਰੰਤੂ ਹਰ ਜਾਗਦੀ ਜ਼ਮੀਰ ਵਾਲਾ ਸਿੱਖ ਬਾਦਲਕਿਆਂ ਨੂੰ ਤਨੋਂ-ਮਨੋ ਦੋਸ਼ੀ ਮੰਨਦਾ ਹੈ। ਉਹ ਬਾਦਲਾਂ ਨੂੰ ਬਰੀ ਕਰਨ ਲਈ ਤਿਆਰ ਨਹੀਂ। ਅੱਜ ਸਭ ਤੋਂ ਅਹਿਮ ਘਟਨਾ ਵਾਪਰੀ ਹੈ। ਸ੍ਰੀ ਦਰਬਾਰ ਸਾਹਿਬ ਦੇ ਉਹਨਾਂ ਰਾਗੀ ਜਥਿਆਂ ਵੱਲੋਂ, ਜਿਨ੍ਹਾਂ ਦੀ ਪੰਥ 'ਚ ਅਹਿਮ ਥਾਂ ਹੈ ,ਉਹਨਾਂ ਦਾ ਕੌਮ 'ਚ ਇੱਕ ਸਤਿਕਾਰ ਹੈ ਅਤੇ ਉਹਨਾਂ ਵੱਲੋਂ ਚੁੱਕੇ ਕਦਮ 'ਤੋਂ ਕੋਈ ਸਿੱਖ ਇਨਕਾਰੀ ਨਹੀਂ ਹੋ ਸਕਦਾ। ਉਹਨਾਂ ਰਾਗੀ ਜਥਿਆਂ ਨੇ ਬਰਗਾੜੀ ਮੋਰਚੇ 'ਚ ਹਾਜ਼ਰੀ ਲੁਆਈ ਹੈ। ਉਹਨਾਂ ਦੀ ਹਾਜ਼ਰੀ ਨੇ, ਮੋਰਚੇ ਨੂੰ ਦਿੱਤੀ ਹਮਾਇਤ ਨੇ ਸ਼੍ਰੋਮਣੀ ਕਮੇਟੀ ਨੂੰ ਕਟਹਿਰੇ 'ਚ ਲਿਆ ਖੜ੍ਹਾ ਕੀਤਾ ਹੈ। ਹੁਣ ਸ਼੍ਰੋਮਣੀ ਦਾ ਪ੍ਰਧਾਨ, ਬਰਗਾੜੀ ਮੋਰਚੇ ਨੂੰ ਸਿਆਸੀ ਸਟੰਟ ਕਿਵੇਂ ਆਖ ਸਕਦੈ ਹੈ? ਹੁਣ ਜਦੋਂ ਸੱਚੀਆਂ-ਸੁਚੀਆਂ ਸ਼ਖ਼ਸੀਅਤਾਂ ਬਰਗਾੜੀ ਮੋਰਚੇ 'ਚ ਡੱਟ ਕੇ ਸ਼ਾਮਲ ਹੋ ਗਈਆਂ ਹਨ, ਉਸ ਤੋਂ ਬਾਅਦ, ਜਿਹੜੇ ਲੋਕ ਇਸ ਮੋਰਚੇ ਨੂੰ ਸਿਆਸੀ ਰੰਗਤ ਦੇ ਬਹਾਨੇ ਹੋਰ ਮੋੜਾ ਦੇਣ ਦੇ ਯਤਨਾਂ 'ਚ ਸਨ, ਉਸ ਮੋੜੇ ਦਾ ਮੁੰਕਮਲ ਭੋਗ ਪੈ ਗਿਆ ਹੈ। ਇਹ ਵੀ ਪੱਕਾ ਹੈ ਕਿ ਆਗਾਮੀ ਦਿਨਾਂ 'ਚ ਅਜਿਹੀਆਂ ਰੂਹਾਂ ,ਜਿਹੜੀਆਂ ਰੱਬੀ ਰੰਗ 'ਚ ਰੰਗੀਆਂ ਹਨ, ਉਹ ਮੋਰਚੇ 'ਚ ਆਪਣੀ ਸ਼ਮੂਲੀਅਤ ਨੂੰ ਵਧਾਉਣਗੀਆਂ ਤੇ ਮੋਰਚੇ ਦਾ ਧਾਰਮਿਕ ਰੰਗ-ਰੂਪ ਹੋਰ ਗੂੜ੍ਹਾ ਹੋਵੇਗਾ।

ਹਜ਼ੂਰੀ ਰਾਗੀ ਜਥਿਆਂ ਨੇ ਸ਼੍ਰੋਮਣੀ ਕਮੇਟੀ ਦੇ ਮੂੰਹ 'ਤੇ ਕਰਾਰੀ ਚਪੇੜ ਮਾਰੀ ਹੈ ਅਤੇ ਮੋਰਚੇ ਨੂੰ ਵੱਡਾ ਹੁਲਾਰਾ ਦਿੱਤਾ ਹੈ। ਦੂਸਰਾ ਅੱਜ ਫ਼ਰੀਦਕੋਟ ਵਿੱਖੇ ਸਿੱਖ ਸੰਗਤਾਂ ਅਤੇ ਬਾਦਲਕਿਆਂ ਦਾ ਆਪਸੀ ਟਕਰਾਅ ਹੋਇਆ ਹੈ। ਸਿੱਖ ਸੰਗਤਾਂ, ਬਾਦਲਕਿਆਂ ਦੇ ਪਾਖੰਡ ਨੂੰ ਹੋਰ ਬਰਦਾਸ਼ਤ ਕਰਨ ਲਈ ਤਿਆਰ ਨਹੀਂ। ਇਸ ਕਾਰਨ ਉਹਨਾਂ ਨੇ ਬਾਦਲਕਿਆਂ ਵੱਲੋਂ ਫ਼ਰੀਦਕੋਟ 'ਚ ਕੀਤੀ ਜਾ ਰਹੀ ਰੈਲੀ ਦਾ ਡੱਟਵਾਂ ਵਿਰੋਧ ਕੀਤਾ, ਜਿਸ ਕਾਰਨ ਦੋਵਾਂ  ਧਿਰਾਂ 'ਚ ਟਕਰਾਅ ਹੋਇਆ। ਗੁਰੂ ਦਾ ਸ਼ੁਕਰ ਹੈ ਕਿ ਇਸ ਜੰਗ ਨੂੰ ਭਰਾ-ਮਾਰੂ ਜੰਗ 'ਚ ਬਦਲਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ, ਖੂਨ ਡੁੱਲ੍ਹਣ ਤੋਂ ਬਚਾਅ ਹੋ ਗਿਆ। ਪ੍ਰੰਤੂ ਬਾਦਲਕੇ, ਜਿਨ੍ਹਾਂ ਨੇ ਪਹਿਲਾਂ ਹੀ ਕੌਮ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੋਇਆ ਹੈ। ਉਹ ਕੌਮ ਨੂੰ ਮੁੜ ਭਰਾ-ਮਾਰੂ ਜੰਗ 'ਚ ਝੋਕਣਾ ਚਾਹੁੰਦੇ ਹਨ ਤਾਂ ਕਿ ਪੰਥਕ ਧਿਰਾਂ ਨੂੰ ਬਦਨਾਮ ਕੀਤਾ ਜਾ ਸਕੇ। ਪੁਲਿਸ ਦੇ ਵਤੀਰੇ ਨੇ ਸਾਫ਼ ਕਰ ਦਿੱਤਾ ਹੈ ਕਿ ਕਾਂਗਰਸ ਸਰਕਾਰ ਕਿਤੇ ਨਾ ਕਿਤੇ ਬਾਦਲਕਿਆਂ ਦੀ ਪਿੱਠ 'ਤੇ ਖੜ੍ਹੀ ਹੈ। ਇਸ ਲਈ ਉਹ ਬਾਦਲਕਿਆਂ ਨੂੰ ਲੁਕਵੀਂ ਸਹਾਇਤਾ ਦੇ ਰਹੀ ਹੈ।

ਅਸੀਂ ਇਸ ਤੋਂ ਪਹਿਲਾਂ ਵੀ ਵਾਰ-ਵਾਰ ਲਿਖਿਆ ਹੈ ਕਿ ਕਾਂਗਰਸ ਵੀ ਬਾਦਲਕਿਆਂ ਵਾਂਗ ਸਿਆਸੀ ਖੇਡ ਖੇਡਣ 'ਚ ਰੁੱਝ ਗਈ ਹੈ। ਇਸ ਕਾਰਨ ਜਿਥੇ ਕੈਪਟਨ ਦੇ ਪੰਜ ਵਜ਼ੀਰ ਬੇਅਦਬੀ ਕਾਂਡ ਦੇ ਦੋਸ਼ੀ ਪਿੰਡਾਂ ਵਿਚ ਖ਼ਾਲੀ ਹੱਥ ਪ੍ਰਚਾਰ ਕਰਦੇ ਫ਼ਿਰ ਰਹੇ ਉਥੇ 100 ਦਿਨ ਬੀਤ ਜਾਣ ਦੇ ਬਾਵਜੂਦ, ਉਸ ਨੇ ਬਰਗਾੜੀ ਮੋਰਚੇ ਨੂੰ ਉਸ ਗੰਭੀਰਤਾ ਨਾਲ ਨਹੀਂ ਲਿਆ, ਜਿਸ ਗੰਭੀਰਤਾ ਨਾਲ ਕੌਮ ਲੈ ਚੁੱਕੀ ਹੈ। ਬਾਦਲਕਿਆਂ ਨੂੰ ਬਦਨਾਮ ਕਰ ਕੇ ਆਪਣਾ ਉੱਲੂ ਸਿੱਧਾ ਕਰਨ ਤੱਕ ਸੀਮਤ ਕੈਪਟਨਕਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੌਮ ਨੂੰ  ਨਤੀਜਾ ਤਾਂ ਦੇਣਾ ਹੀ ਪੈਣਾ ਹੈ। ਜੇ ਕੌਮ ਅੱਜ ਬਾਦਲਕਿਆਂ ਦੇ ਪੂਰੀ ਤਰਾਂ੍ਹ ਵਿੱਰੁਧ ਹੈ ,ਉਸੇ ਤਰਾਂ੍ਹ ਕਾਂਗਰਸ ਦੇ ਵੀ ਵਿੱਰੁਧ ਖੜ੍ਹੀ ਹੋ ਸਕਦੀ ਹੈ। ਅਸੀਂ ਚਾਹੁੰਦੇ ਹਾਂ ਕਿ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਵਾਂਗੂੰ ਕੌਮ ਦੀਆਂ ਧਾਰਮਿਕ ਸ਼ਖ਼ਸੀਅਤਾਂ ਮੋਰਚੇ 'ਚ ਅੱਗੇ ਹੋ ਕੇ ਲੜਾਈ ਲੜਨ ਅਤੇ ਅਗਵਾਈ ਦੇਣ, ਕੱਲ੍ਹ ਨੂੰ ਉਹਨਾਂ ਦੀ ਦੇਣ ਨੂੰ ਯਾਦ ਕੀਤਾ ਜਾਵੇਗਾ।

Editorial
Jaspal Singh Heran

International