ਸੰਘ ਦਾ ਸਿੱਖੀ ਤੇ ਨਵਾਂ ਹਮਲਾ...

ਜਸਪਾਲ ਸਿੰਘ ਹੇਰਾਂ
ਬ੍ਰਾਹਮਣਵਾਦ ਦਾ ਪ੍ਰਚਾਰ ਕਰਨ ਲਈ 1925 'ਚ ਹੋਂਦ ਵਿੱਚ ਆਇਆ ਕੱਟੜ ਹਿੰਦੂ ਸੰਗਠਨ ਆਰ. ਐਸ. ਐਸ. ਸਿੱਖਾਂ ਨੂੰ ਘੁਣ ਦੀ ਤਰ੍ਹਾਂ ਅੰਦਰੋਂ ਖ਼ਤਮ ਕਰ ਰਿਹਾ ਹੈ। ਇਸਨੇ ਸਿ,ੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਤੇ ਸਾਬਤ ਕਰਨ ਲਈ ਪੂਰਾ ਤਾਣ ਲਾਉਣ ਹਿੰਤ ਰਾਸ਼ਟਰੀ ਸਿੱਖ ਸੰਗਤ ਜਿਸਦਾ ਛੋਟਾ ਨਾਮ ਵੀ ਆਰ. ਐਸ. ਐਸ. ਹੀ ਬਣਦਾ ਹੈ, ਖੜ੍ਹੀ ਕੀਤੀ, ਪ੍ਰੰਤੂ ਇਸ ਸੈਤਾਨ ਜਮਾਤ ਨੇ ਹੁਣ ਜਦੋਂ ਵੇਖਿਆ ਕਿ ਸਿੱਖਾਂ 'ਚ ਡੇਰੇਵਾਦ ਦਾ ਪ੍ਰਭਾਵ ਵੱਧ ਰਿਹਾ ਹੈ ਅਤੇ ਸਿੱਖ ਪਾਖੰਡੀ ਸਾਧਾ ਦੇ ਪਿੱਛੇ ਲੱਗ ਤੁਰੇ ਹਨ ਤਾਂ ਇਸਨੇ ਸਿੱਖ ਦੇ ਸੰਤ ਸਮਾਜ ਤੇ ਆਪਣਾ ਮੱਕੜ ਜਾਲ ਸੁੱਟਿਆ ਹੈ ਤਾਂ ਕਿ ਇਨ੍ਹਾਂ ਨੂੰ ਆਪਣੇ ਹਥਿਆਰ ਬਣਾ ਕੇ, ਸਿੱਖੀ ਦਾ ਮੁਕੰਮਲ ਰੂਪ 'ਚ ਹਿੰਦੂ ਕਰਨ ਕਰ ਦਿੱਤਾ ਜਾਵੇ। ਇਸ ਸਮੇਂ ਅਸੀਂ ਆਰ. ਐਸ. ਐਸ. ਦੇ ਸਿੱਖ ਵਿਰੋਧੀ ਚਿਹਰੇ ਦੀ ਮੋਟੀ ਮੋਟੀ ਝਲਕ ਵਿਖਾ ਕੇ, ਇਸਦੀ ਨੀਅਤ ਨੂੰ ਵਿਖਾਉਣ ਦਾ ਯਤਨ ਕਰਾਂਗੇ ਅਤੇ ਸੰਤ ਸਮਾਜ ਨੂੰ ਸੁਚੇਤ ਕਰਾਂਗੇ ਕਿ ਉਹ ਸੰਘ ਦੀ ਕੋਝੀ ਚਾਲ ਤੋਂ ਦੂਰ ਰਹਿਣ ਅਤੇ ਸਿੱਖੀ ਦੇ ਹੋਰ ਰਹੇ ਘਾਣ 'ਚ ਹਿੱਸੇਦਾਰ ਨਾਂ ਬਣਨ। 'ਰਾਸ਼ਟਰੀ ਸਿੱਖ ਸੰਗਤ' ਕਿਸ ਵਿਚਾਰਧਾਰਾ ਉੱਪਰ ਖੜੀ ਹੈ, ਇਸਦਾ ਅੰਦਾਜ਼ਾ ਹੇਠ ਦਿੱਤੀਆਂ ਟੂਕਾਂ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇਹ ਟੂਕਾਂ ਰਾਸ਼ਟਰੀ ਸਿੱਖ ਸੰਗਤ ਦੇ ਰਸਾਲੇ 'ਸੰਗਤ ਸੰਦੇਸ਼' ਚੋਂ ਹਨ। ਗੁਰਬਾਣੀ ਜਿਸ ਨੂੰ ਸਿੱਖ 'ਧੁਰ ਕੀ ਬਾਣੀ' ਮੰਨਦੇ ਹਨ, ਬਾਰੇ ਇਸ ਹਿੰਦੂਵਾਦੀ ਸੰਸਥਾ ਦਾ ਕਹਿਣਾ ਹੈ ਕਿ 'ਗੁਰਬਾਣੀ ਨੂੰ ਐਸੀ ਗਿਆਨ ਗੰਗਾ ਮੰਨਿਆ ਗਿਆ ਹੈ, ਗੰਗਾ ਜਿਹੜੀ ਵੇਦਾਂ ਦੀ ਗੰਗੋਤਰੀ 'ਚੋਂ ਫੁੱਟਦੀ ਹੈ। ਉਸ ਦੀ ਸਾਰੀ ਖੁਸ਼ਬੂ, ਗਰਿਮਾ ਤੇ ਪਵਿੱਤਰਤਾ ਨੂੰ ਲੈ ਕੇ ਇਹ ਵੈਦਿਕ ਗੰਗਾ ਜਨ-ਜਨ ਨੂੰ ਪਾਵਨ ਬਣਾਉਂਦੀ ਜਾ ਰਹੀ ਹੈ। ਇਸੇ ਲਈ ਗੁਰਬਾਣੀ ਦੇ ਅਨੇਕਾਂ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੇਦਾਂ ਦਾ ਸਰੂਪ ਮੰਨਿਆ ਹੈ। ਉਸ ਨੂੰ ਭਾਰਤੀ ਗਿਆਨ ਦਾ ਵਿਸ਼ਵਕੋਸ਼ ਵੀ ਮੰਨਿਆ ਹੈ। ਉਹ ਆਪਣੇ-ਆਪ ਵਿੱਚ ਇਕ ਪੁਰਾਣ-ਕੋਸ਼ ਹੈ। ਪੰਜਾਬ ਦੀ ਇਹ ਗੁਰੂਗੰਗਾ, ਵੈਦਿਕ-ਚਿੰਤਨ, ਉਪਨਿਸ਼ਦਾਂ ਦੇ ਗਿਆਨ ਦਾ ਰਿਸ਼ੀਕੇਸ਼ ਹੈ। ਉਸ ਦੀ ਮਹਿਮਾ ਹਰ ਕੀ ਪਓੁੜੀ ਹੈ, ਹਰੀ ਨਾਮ ਦੀ ਗੰਗਾ ਹੈ।' 

ਸੰਘ ਅਨੁਸਾਰ 
1. ਸਿੱਖ ਅਤੇ ਬਾਕੀ ਹਿੰਦੂ ਸਮਾਜ ਇਕ ਅਖੰਡ ਅਤੇ ਨਾ-ਵੰਡੇ ਜਾਣ ਵਾਲੀ ਇਕਾਈ ਹੈ। 
2. ਸਿੱਖ ਵਿਆਪਕ ਹਿੰਦੂ ਸਮਾਜ ਦਾ ਅੰਗ ਹਨ। 
3. ਗੁਰਸਿੱਖ ਨੂੰ ਕੇਸਧਾਰੀ ਅਤੇ ਸਹਿਜਧਾਰੀ ਵਿਚਕਾਰ ਵੰਡਣਾ ਅਤੇ ਇਨ੍ਹਾਂ ਨੂੰ ਦੋ ਅਲੱਗ ਧਾਰਾਵਾਂ ਦੇ ਰੂਪ ਵਿੱਚ ਵੇਖਣਾ ਇਤਿਹਾਸ ਦੀ ਨਾ-ਸਮਝੀ ਹੈ।
4. ਸਿੱਖ ਪੰਥ ਹਿੰਦੂ ਧਰਮ ਦੀ ਇਕ ਸੰਪ੍ਰਦਾਇ ਹੈ। ਇਕੋ ਜਿਹੋ ਸੰਪ੍ਰਦਾਇ ਇਹੋ ਜਿਹੇ ਭੇਦਾਂ ਕਰਕੇ ਕਈ ਧਰਮਾਂ ਵਿੱਚ ਪਾਏ ਜਾਂਦੇ ਹਨ। 
5. ਸਿੱਖ ਪੰਥ ਹਿੰਦੂ ਧਰਮ ਰੂਪੀ ਵਿਸ਼ਾਲ ਬਗੀਚੇ ਦਾ ਇਕ ਚੁਣਿਆ ਹੋਇਆ ਸੁੰਦਰ ਅਤੇ ਸੁਗੰਧਿਤ ਫੁੱਲਾਂ ਦਾ ਗੁੱਛਾ ਹੈ।
6. ਹਿੰਦੂ ਕਲਪ ਬ੍ਰਿਛ ਦਾ ਅੰਮ੍ਰਿਤਫਲ ਹੈ ਖਾਲਸਾ ਪੰਥ। 
7. ਸਿੱਖ ਮੱਤ ਤੇ ਖਾਲਸਾ ਪੰਥ ਦੀ ਸਥਾਪਨਾ ਦੇਸ਼ ਅਤੇ ਹਿੰਦੂ ਧਰਮ ਦੀ ਰਖਿਆ ਲਈ ਹੋਈ ਸੀ। 
ਗੁਰੂ ਸਾਹਿਬ ਦੇ ਵਿਅਕਤਿਤਵ ਅਤੇ ਕੁਰਬਾਨੀਆਂ ਨੂੰ ਆਪਣੀ ਸਾਜ਼ਿਸ਼ ਅਨੁਸਾਰ ਢਾਲਣ ਵਾਲੀਆਂ ਇਹ ਟੂਕਾਂ ਵੀ ਵੇਖਣ ਵਾਲੀਆਂ ਹਨ। 
1. ਗੁਰੂ ਨਾਨਕ ਦਾ ਜੀਵਨ ਹਿੰਦੂ ਜੀਵਨ ਪੱਧਰੀ ਦੇ ਆਦਰਸ਼ਵਾਦ, ਕਰਮ, ਭਗਤ ਤੇ ਗਿਆਨ ਦਾ ਵਚਿੱਤਰ ਮੇਲਾ ਹੈ।
2. ਸਿੱਖ ਗੁਰੂਆਂ ਦੀ ਅਧਿਆਤਮਕ, ਭਗਤੀ ਅਤੇ ਸੂਰਮਗਤਾ ਦੀ ਪ੍ਰੰਪਰਾ ਸੰਪੂਰਣ ਹਿੰਦੂ ਸਮਾਜ ਲਈ ਗੌਰਵ ਦਾ ਵਿਸ਼ਾ ਹੈ। 
3. ਗੁਰੂ ਤੇਗ ਬਹਾਦਰ ਨੇ ਹਿੰਦੂ ਧਰਮ ਅਤੇ ਸਮਾਜ ਉੱਪਰ ਆਏ ਸੰਕਟ ਦੇ ਨਿਵਾਰਣ ਲਈ ਬਲੀਦਾਨ ਦਿੱਤਾ ਸੀ। 
4. ਗੁਰੂ ਗੋਬਿੰਦ ਸਿੰਘ ਦੇ ਦੋ ਪੁੱਤਰ ਹਿੰਦੂ ਧਰਮ ਦੀ ਰੱਖਿਆ ਲਈ ਮੁਗਲਾਂ ਨਾਲ ਜੂਝੇ ਸਨ ਅਤੇ ਦੋ ਪੁੱਤਰਾਂ ਨੇ ਖੁਸ਼ੀ ਨਾਲ ਆਪਣੇ ਆਪ ਨੂੰ ਦੀਵਾਰ ਵਿੱਚ ਚਿਣਾ ਦਿੱਤਾ ਸੀ।
ਗੁਰਬਾਣੀ ਅਤੇ ਗੁਰਮਤ ਬਾਰੇ ਰਾਸ਼ਟਰੀ ਸਿੱਖ ਸੰਗਤ ਦਾ ਨਜ਼ਰੀਆ ਇਨ੍ਹਾਂ ਕੁਝ ਟੂਕਾਂ ਤੋਂ ਸਪੱਸ਼ਟ ਹੁੰਦਾ ਹੈ। 
1. ਗੁਰਬਾਣੀ ਨੂੰ ਵੈਦਿਕ ਉਪਨਿਸ਼ਦਿਕ ਪਰੰਪਰਾ ਤੋਂ ਵੱਖਰਾ ਕਰਕੇ ਵੇਖਣਾ ਅਬੋਧਤਾ ਅਤੇ ਅਗਿਆਨ ਹੈ। 
2. ਗੁਰਬਾਣੀ ਐਸੀ ਗਿਆਨ ਗੰਗਾ ਹੈ ਜਿਹੜੀ ਵੇਦਾਂ ਦੀ ਗੰਗੋਤਰੀ ਤੋਂ ਫੁੱਟਦੀ ਹੈ। 
3. ਵੇਦਾਂ ਤੋਂ ਪ੍ਰੇਰਣਾ ਲੈ ਕੇ ਸਿੱਖ ਗੁਰੂਆਂ ਨੇ ਪੰਥ-ਅਭਿਮਾਨ ਰਹਿਤ ਮਾਰਗ ਅਪਨਾਇਆ ਸੀ। 
4 ਜਪੁਜੀ ਗੀਤਾ ਦਾ ਛੋਟਾ ਰੂਪ ਹੈ। 

ਇਸ ਤਰ੍ਹਾਂ ਸੰਘ ਦਾ ਇੱਕੋ-ਇਕ ਏਜੰਡਾ ਸਿੱਖਾਂ ਦੀ ਨਿਆਰੀ ਹੋਂਦ ਨੂੰ ਖ਼ਤਮ ਕਰਕੇ ਸਿੱਖੀ ਨੂੰ ਹੜੱਪਣਾ ਹੈ। ਅਸੀਂ ਪੰਥ ਦਰਦੀਆਂ ਅਤੇ ਖ਼ਾਸ ਕਰਕੇ ਸੰਤ ਸਮਾਜ ਦੇ ਉਨ੍ਹਾਂ ਆਗੂਆਂ ਨੂੰ ਜਿਹੜੇ ਸਿੱਖੀ ਪ੍ਰਤੀ ਥੋੜ੍ਹੇ ਬਹੁਤ ਸ਼ੁਹਿਰਦ ਹਨ, ਅਪੀਲ ਕਰਾਂਗੇ ਕਿ ਉਹ ਸੰਘ ਦੀ ਇਸ ਸਾਜ਼ਿਸ ਦਾ ਭਾਂਡਾ ਚੌਰਾਹੇ 'ਚ ਭੰਨ੍ਹਣ ਲਈ ਅੱਗੇ ਆਉਣ ਅਤੇ ਜਾਣੇ ਜਾਂ ਅਣਜਾਣੇ 'ਚ ਆਰ ਐਸ ਐਸ ਦਾ ਮੋਹਰਾ ਬਣਨ ਜਾ ਰਹੇ ਸਿੱਖੀ ਸਰੂਪ ਵਾਲੇ ਸੰਤਾਂ ਨੂੰ ਸਿੱਖੀ ਦਾ ਵੱਡਾ ਨੁਕਸਾਨ ਕਰਨ 'ਚ ਹਿੱਸੇਦਾਰ ਬਣਨ ਤੋਂ ਖ਼ਬਦਾਰ ਕੀਤਾ ਜਾ ਸਕੇ। 

Editorial
Jaspal Singh Heran

International