ਅਗਿਆਤ ਲੇਖ ਨੇ ਅਮਰੀਕਾ ਵਿਚ ਤਰਥੱਲੀ ਮਚਾ ਦਿੱਤੀ

ਕਰਮਜੀਤ ਸਿੰਘ 
ਆਮ ਤੌਰ 'ਤੇ ਅਖਬਾਰਾਂ ਵਿਚ ਛਪਣ ਵਾਲੇ ਅਗਿਆਤ ਲੇਖਾਂ ਜਾਂ ਖਬਰਾਂ ਨੂੰ ਕੋਈ ਖਾਸ ਤਵੱਜੋ ਨਹੀਂ ਦਿੱਤੀ ਜਾਂਦੀ ਅਤੇ ਇਹੋ ਸਮਝਿਆ ਜਾਂਦਾ ਹੈ ਕਿ ਇਹ ਕਿਸੇ ਬੰਦੇ ਦੀ ਸ਼ਰਾਰਤ ਹੈ ਜਾਂ ਕਲਪਨਾ ਹੈ ਜਿਸ ਵਿਚ ਮਨ ਦੋ ਘੋੜੇ ਦੌੜਾਏ ਗਏ। ਪਰ ਬੀਤੇ ਬੁੱਧਵਾਰ ਨੂੰ ਅਮਰੀਕਾ ਦੇ ਸੰਸਾਰ ਪ੍ਰਸਿੱਧ ਅਖਬਾਰ 'ਨਿਊਯਾਰਕ ਟਾਈਮਜ਼' ਵਿਚ ਛਪੇ ਇਕ ਅਗਿਆਤ ਲੇਖ ਨੇ ਸਾਰੇ ਦੇਸ਼ ਵਿਚ ਤਰਥੱਲੀ ਮਚਾ ਰੱਖੀ ਹੈ। ਇਸ ਲੇਖ ਵਿਚ ਟਰੰਪ ਉਤੇ ਗੰਭੀਰ ਦੋਸ਼ ਲਾਏ ਗਏ ਹਨ ਕਿ ਉਸ ਨੂੰ ਰਾਜ ਕਰਨ ਦਾ ਚੱਜ-ਅਚਾਰ ਹੀ ਨਹੀਂ ਹੈ ਅਤੇ ਉਹ ਅਮਰੀਕਾ ਨੂੰ ਕਿਸੇ ਖੂਹ ਖਾਤੇ ਵਿਚ ਸੁੱਟਣ ਦਾ ਯਤਨ ਕਰ ਰਿਹਾ ਹੈ। ਇਸ ਲੇਖ ਵਿਚ ਇਕ ਸਨਸਨੀਖੇਜ਼ ਟਿੱਪਣੀ ਇਹ ਦਿੱਤੀ ਗਈ ਹੈ ਜਿਸ ਵਿਚ ਇਹ ਕਿਹਾ ਗਿਆ ਹੈ ਕਿ ਇਕ ਸਮਾਂ ਅਜਿਹਾ ਵੀ ਸੀ ਜਦੋਂ ਕੈਬਨਿਟ ਨੇ ਸੰਵਿਧਾਨ ਦੀ ਧਾਰਾ ਦਾ ਹਵਾਲਾ ਦੇ ਕੇ ਟਰੰਪ ਨੂੰ ਗੱਦੀ ਤੋਂ ਲਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਬਾਅਦ ਵਿਚ ਇਕ ਸੁਝਾਅ ਇਹ ਆਇਆ ਕਿ ਇਸ ਨਾਲ ਸੰਵਿਧਾਨ ਵਿਚ ਸੰਕਟ ਪੈਦਾ ਹੋ ਜਾਵੇਗਾ ਅਤੇ ਲੋਕਾਂ ਵਿਚ ਅਫਰਾ ਤਫਰੀ ਦਾ ਮਾਹੌਲ ਕਾਇਮ ਹੋ ਜਾਏਗਾ। ਇਸ ਕਰਕੇ ਉਸ ਆਰਟੀਕਲ ਦਾ ਜ਼ਿਕਰ ਨਹੀਂ ਕੀਤਾ ਗਿਆ। 

ਜਿਉਂ ਹੀ ਇਹ ਅਗਿਆਤ ਲੇਖ ਛਪਿਆ ਉਸੇ ਸਮੇਂ ਅਮਰੀਕਾ ਦੇ ਤਮਾਮ ਟੀ.ਵੀ. ਚੈਨਲਾਂ ਨੇ ਪੇਸ਼ ਕੀਤੇ ਜਾਣ ਵਾਲੇ ਆਪਣੇ ਵਧੀਆ ਪ੍ਰੋਗਰਾਮਾਂ ਨੂੰ ਜਾਂ ਤਾਂ ਮਨਸੂਖ ਕਰ ਦਿੱਤਾ ਅਤੇ ਜਾਂ ਅੱਗੇ ਪਾ ਦਿੱਤਾ। ਅਤੇ ਇਸੇ ਲੇਖ ਦੀ ਚਾਰੇ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ। ਦੇਸ਼ ਦੇ ਬੁੱਧੀਜੀਵੀਆਂ ਵਿਚ ਗਰਮਾ ਗਰਮ ਬਹਿਸਾਂ ਹੋਣ ਲੱਗੀਆਂ।

ਰਾਸ਼ਟਰਪਤੀ ਆਪਣੇ ਗਰਮ ਸੁਭਾਅ ਮੁਤਾਬਕ ਇਹ ਲੇਖ ਪੜ੍ਹ ਕੇ ਅੱਗ ਬਬੂਲਾ ਹੋ ਗਿਆ। ਉਨ੍ਹਾਂ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਦੋਸ਼ ਲਾਉਣ ਲੱਗੇ ਕਿ ਇਹ ਬੁਜ਼ਦਿਲ ਬੰਦੇ ਨੇ ਲਿਖਿਆ ਹੈ। ਜੇ ਉਸ ਵਿਚ ਹਿੰਮਤ ਹੈ ਤਾਂ ਉਹ ਆਪਣੀ ਸ਼ਿਨਾਖਤ ਖੁਦ ਦੱਸੇ। ਟਰੰਪ ਦੀ ਬੀਵੀ ਨੇ ਵੀ ਇਸ ਤਰ੍ਹਾਂ ਦੀ ਇਕ ਟਿੱਪਣੀ ਕੀਤੀ ਹੈ ਪਰ ਉਸ ਟਿੱਪਣੀ ਬਾਰੇ ਤਨਜ਼ੀਆ ਅੰਦਾਜ਼ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਇਹ ਲੇਖ ਸ਼ਾਇਦ ਟਰੰਪ ਦੀ ਬੀਵੀ ਦਾ ਹੀ ਹੋਵੇ। ਉਧਰ ਵਾਈਟ ਹਾਊਸ ਦੇ ਚੀਫ ਆਫ ਸਟਾਫ ਜੌਨ ਐਫ ਕੈਲੀ ਨੂੰ ਵੀ ਇਹ ਸਮਝ ਨਹੀਂ ਆ ਰਹੀ ਕਿ ਉਹ ਇਸ ਲੇਖ ਦਾ ਕੀ ਜਵਾਬ ਦੇਵੇ। ਵਾਈਟ ਹਾਊਸ ਦੇ ਅੰਦਰ ਇਸ ਗੱਲ ਦਾ ਖੂਬ ਰੌਲਾ ਪੈ ਰਿਹਾ ਹੈ ਅਤੇ ਇਹ ਟਿੱਪਣੀ ਕੀਤੀ ਜਾ ਰਹੀ ਹੈ ਕਿ ਇਹ ਲੇਖ ਫਿਜ਼ੂਲ ਕਿਸਮ ਦਾ ਹੈ ਪਰ ਨਾਲ ਹੀ ਇਹ ਪਤਾ ਨਹੀਂ ਲੱਗ ਰਿਹਾ ਕਿ ਇਸ ਲੇਖ ਦਾ ਲੇਖਕ ਕੌਣ ਹੈ।

ਸਭ ਤੋਂ ਵੱਧ ਦਿਲਚਸਪ ਗੱਲ ਇਹ ਹੈ ਕਿ ਨਿਊਯਾਰਕ ਟਾਈਮਜ਼ ਨੇ ਇਹ ਲੇਖ ਛਪਣ ਤੋਂ ਪਹਿਲਾਂ ਸਾਫ ਕਰ ਦਿੱਤਾ ਸੀ ਕਿ ਇਹ ਅਗਿਆਤ ਲੇਖ ਇਕ ਤਾਂ ਵਾਈਟ ਹਾਊਸ ਦੇ ਅੰਦਰੋਂ ਹੀ ਕਿਸੇ ਉਚੇ ਅਧਿਕਾਰੀ ਦਾ ਲਿਖਿਆ ਹੋਇਆ ਹੈ ਅਤੇ ਦੂਜਾ ਇਹ ਕਿ ਓਪਡ-ਪੰਨੇ ਉਤੇ ਛਪਣ ਤੋਂ ਪਹਿਲਾਂ ਇਹ ਲੇਖ ਬਕਾਇਦਾ ਇਸ ਪੰਨੇ ਨਾਲ ਜੁੜੇ ਸਟਾਫ ਨਾਲ ਵਿਚਾਰਿਆ ਗਿਆ ਸੀ ਅਤੇ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਲੇਖ ਛਾਪਣ ਤੋਂ ਬਾਅਦ ਹੀ ਇਸਨੂੰ ਛਾਪਣ ਦਾ ਫੈਸਲਾ ਕੀਤਾ ਗਿਆ।

ਹੁਣ ਵਾਈਟ ਹਾਊਸ ਦੇ ਅੰਦਰ ਹੀ ਇਸ ਨੁਕਤੇ ਉਤੇ ਖੋਜ ਕੀਤੀ ਜਾ ਰਹੀ ਹੈ ਕਿ ਕੀ ਇਹ ਲੇਖ ਵਾਈਟ ਹਾਊਸ ਤੋਂ ਬਾਹਰ ਕਿਸੇ ਉਚ ਅਧਿਕਾਰੀ ਨੇ ਲਿਖਿਆ ਹੈ ਜਾਂ ਉਹ ਅੰਦਰ ਹੀ ਗੁਪਤ ਰੂਪ ਵਿਚ ਬੈਠਾ ਹੋਇਆ ਹੈ। ਅਗਿਆਤ ਲੇਖ ਵਿਚ ਇਹ ਕਿਹਾ ਗਿਆ ਸੀ ਕਿ ਵਾਈਟ ਹਾਊਸ ਦੇ ਅੰਦਰ ਇਕ ਇਹੋ ਜਿਹਾ ਗਰੁੱਪ ਵਜੂਦ ਵਿਚ ਹੈ ਜਿਹੜਾ ਟਰੰਪ ਦੀਆਂ ਬਹੁਤ ਸਾਰੀਆਂ ਗੱਲਾਂ ਦਾ ਵਿਰੋਧ ਕਰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਛੇ ਬੰਦਿਆਂ ਉਤੇ ਸ਼ੱਕ ਦੀ ਸੂਈ ਰੱਖੀ ਜਾ ਰਹੀ ਹੈ ਜਿਸ ਵਿਚ ਉਪ ਰਾਸ਼ਟਰਪਤੀ ਮਾਈਕ ਪੈਂਸ, ਨੈਸ਼ਨਲ ਸੁਰੱਖਿਆ ਸਲਾਹਕਾਰ ਜੌਲ ਬੋਲਟਨ, ਐਫ ਬੀ ਆਈ ਦੇ ਡਾਇਰੈਕਟਰ ਕ੍ਰਿਸਟੋਫਰ ਵਰੇ ਸ਼ਾਮਿਲ ਹਨ। ਇਨ੍ਹਾਂ ਤਿੰਨਾਂ ਨੇ ਆਪਣੇ ਵੱਖਰੇ ਵੱਖਰੇ ਬਿਆਨਾਂ ਰਾਹੀਂ ਇਹ ਸਪੱਸ਼ਟ ਕੀਤਾ ਹੈ ਕਿ ਇਹ ਅਗਿਆਤ ਲੇਖ ਉਨ੍ਹਾਂ ਨੇ ਨਹੀਂ ਲਿਖਿਆ। 

ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਵਰਗੀਆਂ ਗੱਲਾਂ ਤੇ ਟਾਲ ਮਟੌਲ ਟਿੱਪਣੀਆਂ ਅਮਰੀਕਾ ਵਿਚ ਨਹੀਂ ਕੀਤੀਆਂ ਜਾ ਸਕਦੀਆਂ। ਉਥੇ ਤਾਂ ਅਗਿਆਤ ਲੇਖ ਵੀ ਮਹੱਤਵਪੂਰਨ ਸਥਾਨ ਰੱਖਦੇ ਹਨ। ਅਜੇ ਤੱਕ ਨਾ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਨਾ ਹੀ ਸੁਖਬੀਰ ਸਿੰਘ ਬਾਦਲ ਨੇ ਇਹ ਸਪੱਸ਼ਟ ਕੀਤਾ ਹੈ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਚ ਧਰਨੇ ਉਤੇ ਬੈਠੀ ਸ਼ਾਂਤਮਈ ਸੰਗਤ ਉਤੇ ਗੋਲੀ ਚਲਾਉਣ ਦਾ ਹੁਕਮ ਕਿਸਨੇ ਜਾਰੀ ਕੀਤਾ। ਇਹ ਦੋਵੇਂ ਨੇਤਾ ਬਾਰ ਬਾਰ ਇਹ ਐਲਾਨ ਕਰ ਰਹੇ ਹਨ ਕਿ ਇਹ ਹੁਕਮ ਉਨ੍ਹਾਂ ਨੇ ਜਾਰੀ ਨਹੀਂ ਕੀਤਾ ਪਰ ਇਹ ਨਹੀਂ ਦੱਸ ਰਹੇ ਕਿ ਉਨ੍ਹਾਂ ਦੀ ਅਗਵਾਈ ਵਿਚ ਚੱਲ ਰਹੇ ਸਰਕਾਰ ਦੇ ਕਿਸ ਅਧਿਕਾਰੀ ਨੇ ਇਹ ਹੁਕਮ ਜਾਰੀ ਕੀਤਾ ਸੀ। ਪਰ ਅਮਰੀਕਾ ਵਿਚ ਇਸ ਦੀਆਂ ਟਾਲ ਮਟੌਲ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ। ਉਥੇ ਤੁਹਾਨੂੰ ਸਪੱਸ਼ਟ ਹੋ ਕੇ ਮੈਦਾਨ ਵਿਚ ਆਉਣਾ ਪੈਂਦਾ ਹੈ। ਹੁਣ ਕਲਪਨਾ ਦੇ ਘੋੜੇ ਖੂਬ ਦੌੜਾਏ ਜਾ ਰਹੇ ਹਨ ਅਤੇ ਅਗਿਆਤ ਲੇਖ ਵਿਚਲੀ ਸ਼ਬਦਾਵਲੀ, ਪੇਸ਼ਕਾਰੀ ਅਤੇ ਪੇਸ਼ ਕੀਤੇ ਸਪੈਸ਼ਲ ਸ਼ਬਦਾਂ ਤੋਂ ਇਹ ਬੁੱਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹੋ ਜਿਹੀ ਸ਼ਬਦਾਵਲੀ ਵਾਈਟ ਹਾਊਸ ਦੇ ਅੰਦਰੋਂ ਕਿਹੜਾ ਅਧਿਕਾਰੀ ਵਰਤਦਾ ਰਿਹਾ ਹੈ। ਇਸ ਸਬੰਧ ਵਿਚ ਮਨੋਵਿਗਿਆਨੀਆਂ ਦੀ ਵੀ ਰਾਇ ਲਈ ਜਾ ਰਹੀ ਹੈ ਅਤੇ ਇਹ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਨਿਊਯਾਰਕ ਟਾਈਮਜ਼ ਦੇ ਉਸ ਸਟਾਫ ਮੈਂਬਰਾਂ ਤੱਕ ਪਹੁੰਚ ਕੀਤੀ ਜਾਵੇ ਜਿਨ੍ਹਾਂ ਨੇ ਇਸ ਲੇਖ ਨੂੰ ਛਪਣ ਦੀ ਪ੍ਰਵਾਨਗੀ ਦਿੱਤੀ। ਇਕ ਹੋਰ ਦਿਲਚਸਪ ਤੱਥ ਇਹ ਹੈ ਕਿ ਵਾਈਟ ਹਾਊਸ ਦੀਆਂ ਖਬਰਾਂ ਦੇਣ ਵਾਲੇ ਪੱਤਰਕਾਰਾਂ ਨੂੰ ਕੋਈ ਜਾਣਕਾਰੀ ਨਹੀਂ ਅਤੇ ਇਹ ਜਾਣਕਾਰੀ ਸਿਰਫ ਓਪਡ-ਪੇਜ਼ ਦੇ ਸਟਾਫ ਤਕ ਹੀ ਸੀਮਤ ਹੈ।

ਪੱਤਰਕਾਰ ਹਲਕਿਆਂ ਵਿਚ ਇਹ ਵਿਚਾਰ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਹ ਲੇਖ ਪੱਤਰਕਾਰੀ ਦੇ ਸਦਾਚਾਰਕ ਨਿਯਮਾਂ ਦੇ ਉਲਟ ਹੈ। ਇਸ ਨਾਲ ਦੇਸ਼ ਵਿਚ ਇਕ ਵੱਡਾ ਸੰਕਟ ਖੜ੍ਹਾ ਹੋ ਗਿਆ। ਦੂਜੇ ਪਾਸੇ 'ਨਿਊਯਾਰਕ ਟਾਈਮਜ਼' ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਸੀਂ ਇਹ ਲੇਖ ਇਸ ਕਰਕੇ ਛਾਪਿਆ ਹੈ ਤਾਂ ਜੋ ਸਾਡੇ ਪਾਠਕਾਂ ਨੂੰ ਕੁਝ ਮਹੱਤਵਪੂਰਨ ਗੱਲਾਂ ਦਾ ਪਤਾ ਲੱਗ ਸਕੇ। ਪਿਛਲੇ ਤਿੰਨ ਚਾਰ ਵਰ੍ਹਿਆਂ ਤੋਂ 'ਨਿਊਯਾਰਕ ਟਾਈਮਜ਼' ਅਜਿਹੇ ਤਿੰਨ ਚਾਰ ਅਗਿਆਤ ਲੇਖ ਛਾਪ ਚੁੱਕਾ ਹੈ ਜਿਸ ਨਾਲ ਦੇਸ਼ ਦੇ ਰਾਜਨੀਤਕ ਹਲਕਿਆਂ ਵਿਚ ਸਨਸਨੀ ਫੈਲਦੀ ਰਹੀ ਹੈ।

Unusual
USA
Article
Media

International