ਅੱਜ ਦੇ ਸੁਨੇਹੇ...

ਜਸਪਾਲ ਸਿੰਘ ਹੇਰਾਂ
ਅੱਜ ਦੇ ਦਿਨ ਸੁਨੇਹੇ ਨੂੰ ਸੁਣਦੇ ਹਾਂ ਤਾਂ ਇੱਕ ਪਾਸੇ ਸਿੱਖ ਕੌਮ ਦੇ ਮਹਾਨ ਦੁਸ਼ਮਣ ਦੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਜਾਣ ਦਾ ਸੁਨੇਹਾ ਹੈ ,ਦੂਜੇ ਪਾਸੇ ਵੀਹਵੀਂ ਸਦੀ 'ਚ ਹਿੰਦ ਹਕੂਮਤ ਨਾਲ ਲੜੇ ਗਏ ਯੁੱਧ ਦਾ ਬਿਗੁਲ, ਸਰਕਾਰ ਦੇ ਤਸ਼ੱਦਦ 'ਚੋਂ ਸੁਣਾਈ ਦੇ ਰਿਹਾ ਹੈ। 10 ਸਤੰਬਰ 1750 ਨੂੰ ਸਿੱਖਾਂ ਦਾ ਵੱਡਾ ਦੁਸ਼ਮਣ ਲਾਹੌਰ ਦਾ ਸੂਬੇਦਾਰ ਅਦੀਨਾ ਬੇਗ ਚੱਲ ਵੱਸਿਆ ਸੀ। ਦੂਜਾ ਪੰਜਾਬ ਦੇ ਅਮਨ ਚੈਨ ਨੂੰ ਆਪਣੀ ਕਲਮ ਨਾਲ ਲਾਂਬੂ ਲਾਉਣ ਵਾਲੇ ਇੱਕ ਬਜ਼ੁਰਗ ਪੱਤਰਕਾਰ ਦਾ ਕਤਲ ਹੋ ਗਿਆ ਸੀ। ਸਰਕਾਰ ਨੇ ਗਿਣੀ-ਮਿਥੀ ਸਾਜਿਸ਼ ਅਧੀਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਲਾਲਾ ਜਗਤ ਨਰਾਇਣ ਦੇ ਕਤਲ 'ਚ ਨਾਮਜ਼ਦ ਕਰ ਕੇ, ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾ ਦਿੱਤਾ। ਸੰਤ ਭਿੰਡਰਾਂਵਾਲੇ ਉਸ ਸਮੇਂ ਭਾਵ ਅੱਜ ਦੇ ਦਿਨ 10 ਸਤੰਬਰ 1982 ਨੂੰ ਹਰਿਆਣੇ ਦੇ ਪਿੰਡ ਚੰਦੋਕਲਾਂ ਵਿਖੇ ਧਰਮ ਪ੍ਰਚਾਰ ਦੇ ਦੌਰੇ 'ਤੇ ਸਨ। ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਨੇ ਪਿਲਸ ਦੀਆਂ ਧਾੜ੍ਹਾਂ ਦੀਆਂ ਧਾੜ੍ਹਾਂ ਚੰਦੋਕਲਾਂ ਨੂੰ ਚੜ੍ਹਾ ਦਿੱਤੀਆਂ। ਸੰਤ ਭਿੰਡਰਾਂਵਾਲੇ ਰਾਜਿਸਥਾਨ ਰਾਹੀਂ ਵਾਪਸ ਚੌਂਕ ਮਹਿਤਾ ਪੁੱਜ ਗਏ ਸਨ।

ਛਿੱਥੀ ਪਈ ਪੁਲਿਸ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਅਤੇ ਸੰਤ ਭਿੰਡਰਾਂਵਾਲਿਆਂ ਨੂੰ ਖ਼ੌਫ਼ਜ਼ਦਾ ਕਰਨ ਲਈ ਚੰਦੋ ਕਲਾਂ ਵਿਖੇ ਟਕਸਾਲ ਦੀਆਂ ਗੱਡੀਆਂ ਨੂੰ ਸਮੇਤ ਗੁਰਬਾਣੀ ਗੁਟਕਿਆਂ ਦੇ ਅੱਗਾਂ ਲਾ ਦਿੱਤੀਆਂ। ਸਿੰਘਾਂ 'ਤੇ ਗੋਲੀ ਚਲਾ ਦਿੱਤੀ। ਜਿਸ ਜੰਗ ਦਾ ਸਿਖ਼ਰ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਅਤੇ ਸੰਤ ਭਿੰਡਰਾਂਵਾਲਿਆਂ ਵੱਲੋਂ ਰਚੇ ਗਏ ਕੁਰਬਾਨੀ, ਬਹਾਦਰੀ, ਦ੍ਰਿੜ੍ਹਤਾ, “ਮੋਹਿ ਮਰਨੇ ਕਾ ਚਾਉ” ਦੇ ਸਿਖ਼ਰਲੇ ਜ਼ਜ਼ਬੇ ਨਾਲ ਹੋਇਆ ਅਤੇ ਹਿੰਦ ਸਰਕਾਰ ਦੀ ਕਾਇਰਤਾ, ਵਹਿਸ਼ੀਆਨਾ, ਸੋਚ ਅਤੇ ਸਿੱਖਾਂ ਪ੍ਰਤੀ ਡੂੰਘੀ ਨਫ਼ਰਤ ਨਾਲ ਹੋਇਆ। ਉਸ ਜੰਗ ਦਾ ਮੁੱਢ੍ਹ ਵੀ ਇਸੇ ਕਾਇਰਤਾ ਨਾਲ ਹੀ ਹੋਇਆ ਸੀ। ਜਿਸ ਭਿੰਡਰਾਂਵਾਲਿਆਂ ਨੂੰ ਸਮੇਂ ਦੀਆਂ ਸਰਕਾਰਾਂ ਗ੍ਰਿਫ਼ਤਾਰ ਕਰਨ ਲਈ ਚੜ੍ਹ ਕੇ ਆਈਆਂ ਸਨ,ਉਹ ਉਹਨਾਂ ਦੇ ਹੱਥ ਨਹੀਂ ਆਇਆ। ਸਜ਼ਾ ਪਵਿੱਤਰ ਪਾਵਨ ਗੁਰਬਾਣੀ ਅਤੇ ਸਿੱਖ ਸੰਗਤਾਂ ਨੂੰ ਦਿੱਤੀ ਗਈ। ਜੇ ਕੌਮ 82 ਤੇ ਅੱਜ ਦੇ ਸਮੇਂ 'ਚ ਕੋਈ ਫਰਕ ਸਮਝਦੀ ਹੈ ਤਾਂ ਉਸਦੀ ਮਰਜ਼ੀ, ਪ੍ਰੰਤੂ ਸੱਚ ਤਾਂ ਇਹ ਹੈ ਕਿ ਗ਼ੁਲਾਮਾਂ ਨਾਲ ਕੱਲ੍ਹ ਜੋ ਹੁੰਦਾ ਰਿਹਾ,ਉਹ ਅੱਜ ਵੀ ਹੋ ਰਿਹਾ ਹੈ। ਇਹ ਜ਼ਰੂਰ ਹੈ ਕਿ ਕੱਲ੍ਹ ਕੌਮ ਦੀ ਅਗਵਾਈ,ਜ਼ੋਰ-ਜ਼ਬਰ,ਜ਼ੁਲਮ-ਤਸ਼ੱਦਦ ਤੇ ਗ਼ੁਲਾਮੀ ਦਾ ਮੂੰਹ ਭੰਨ੍ਹਣ ਵਾਲਾ ਕੋਈ 'ਜਰਨੈਲ' ਕਰ ਰਿਹਾ ਸੀ,ਪ੍ਰੰਤੂ ਅੱਜ ਨਹੀਂ ਹੈ। ਇਸੇ ਕਾਰਨ ਸਮੇਂ ਦੀਆਂ ਸਰਕਾਰਾਂ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਦੀ ਭਾਲ ਕਰ ਕੇ ਵੀ,ਉਹਨਾਂ ਦੀ ਗ੍ਰਿਫ਼ਤਾਰੀ ਦੇ ਨਾਮ 'ਤੇ ਕੌਮ ਨੂੰ ਅੰਗੂਠਾ ਦਿਖਾ ਰਹੀ ਹੈ। ਕਦੇ ਸਿੱਟ,ਕਦੇ ਜਾਂਚ ਕਮਿਸ਼ਨ, ਕਦੇ ਵਿਜੀਲੈਂਸ ਦੇ ਨਾਮ 'ਤੇ ਮਖ਼ੌਲ ਹੋ ਰਹੇ ਹਨ ਅਤੇ ਕੌਮ ਵੱਲੋਂ ਸਿਰਫ਼ “ਸਾਡੇ ਸਬਰ ਦਾ ਹੋਰ ਇਮਤਿਹਾਨ ਨਾ ਲਓ” ਦੇ ਦਮਗ਼ਜ਼ੇ ਮਾਰ ਕੇ ਦੜ ਵੱਟ ਲਈ ਜਾਂਦੀ ਹੈ। ਪ੍ਰੰਤੂ ਉਸ ਜਰਨੈਲ ਨੇ ਸਰਕਾਰਾਂ ਵੱਲੋਂ ਪੈਦਾ ਕੀਤੇ ਖ਼ੌਫ਼ ਦੀ ਪੈਦਾ ਕੀਤੀ ਦਹਿਸ਼ਤ ਦੀ ਭੋਰਾ-ਭਰ ਪ੍ਰਵਾਹ ਨਹੀਂ ਸੀ ਕੀਤੀ, ਸਗੋਂ ਆਪਣੀ ਮਨਮਰਜ਼ੀ ਅਨੁਸਾਰ ਗ੍ਰਿਫ਼ਤਾਰੀ ਦਿੱਤੀ ਸੀ। ਯਥਾ ਰਾਜਾ-ਤਥਾ ਪਰਜਾ, ਜੇ ਜਰਨੈਲ ਬੇਖ਼ੌਫ ਹੈ ਤਾਂ ਸਰਕਾਰਾਂ ਵੀ ਜਰਕਦੀਆਂ ਹਨ। ਸਮਝੌਤੇ ਕਰਦੀਆਂ ਹਨ, ਡਰਦੀਆਂ ਹਨ।

ਪ੍ਰੰਤੂ ਜੇ ਕੌਮ ਦੇ ਜਰਨੈਲ਼ਾਂ 'ਚ ਦ੍ਰਿੜ੍ਹਤਾ ਨਹੀਂ ਤਾਂ ਫਿਰ ਸੰਘਰਸ਼ ਲਮਕਾਏ ਹੀ ਜਾਂਦੇ ਹਨ, ਤਾਰਪੀਡੋ ਕੀਤੇ ਜਾਂਦੇ, ਵਿਕਾਊ ਮਾਲ ਵੀ ਲੱਭਿਆ ਜਾਂਦਾ ਹੈ। ਇਸ ਲਈ ਅੱਜ ਦੇ ਸੁਨੇਹੇ ਨੂੰ ਸਾਡੇ ਅੱਜ ਦੇ ਜਰਨੈਲਾਂ, ਆਗੂਆਂ ਨੂੰ ਇੱਕ ਵਾਰ ਨਹੀਂ,ਸਗੋਂ 100 ਵਾਰੀ ਧਿਆਨ ਨਾਲ ਸੁਣਨਾ ਚਾਹੀਦਾ ਹੈ ਅਤੇ ਉੇਸ 'ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਦਾ ਸੁਨੇਹਾ ਵੀ ਸਮੇਂ ਦੀਆਂ ਸਰਕਾਰਾਂ ਨੂੰ ਪਹੁੰਚਾਉਣਾ ਚਾਹੀਦਾ ਹੈ। ਅੱਜ ਦਾ ਅਗਲਾ ਸੁਨੇਹਾ ਸਮੇਂ ਦੀਆਂ ਸਰਕਾਰਾਂ ਦੇ ਸਿੱਖਾਂ ਪ੍ਰਤੀ ਜ਼ਬਰ ਦਾ ਹੈ। ਧਰਮਯੁੱਧ ਮੋਰਚੇ 'ਚ ਗ੍ਰਿਫਤਾਰੀਆਂ ਚੱਲ ਰਹੀਆਂ ਸਨ, ਅੱਜ ਦੇ ਦਿਨ ਭਾਵ 10 ਸਤੰਬਰ 1982 ਨੂੰ ਹੀ ਸਿੰਘਾਂ ਦੇ ਇੱਕ ਜੱਥੇ ਵੱਲੋਂ ਸ੍ਰੀ ਅੰਮ੍ਰਿਤਸਰ ਵਿਖੇ ਗ੍ਰਿਫ਼ਤਾਰੀ ਦਿੱਤੀ ਗਈ। ਗ੍ਰਿਫ਼ਤਾਰ ਸਿੰਘਾਂ ਦੀ ਭਰੀ ਬੱਸ ਤਰਨਤਾਰਨ ਨੇੜੇ ਇੱਕ ਲੰਡੇ ਫਾਟਕਾਂ 'ਤੇ ਰੇਲ ਗੱਡੀ ਦੇ ਮੂਹਰੇ ਲਿਜਾ ਕੇ ਖੜ੍ਹੀ ਕੀਤੀ । 34 ਅਕਾਲੀ ਯੋਧੇ ਸ਼ਹੀਦ ਕਰ ਦਿੱਤੇ ਗਏ। ਇਹ ਵੀ ਸਿੰਘਾਂ ਦੇ ਕਤਲੇਆਮ ਦਾ ਇੱਕ ਅਨੋਖਾ ਢੰਗ ਤਰੀਕਾ ਕੱਢਿਆ ਗਿਆ ਸੀ। ਪ੍ਰੰਤੂ ਇਨ੍ਹਾਂ ਸ਼ਹੀਦੀਆਂ ਦਾ ਸਿੰਘਾਂ ਦੇ ਮਨਾਂ 'ਤੇ ਕੋਈ ਫ਼ਰਕ ਨਾ ਪਿਆ। ਅਗਲੇ ਦਿਨ ,ਉਸ ਤੋਂ ਵੀ ਵੱਡਾ ਜੱਥਾ ਧਰਮ ਯੁੱਧ ਮੋਰਚੇ 'ਚ ਗ੍ਰਿਫ਼ਤਾਰ ਹੋਇਆ। ਕੀ ਅੱਜ ਦੇ ਸੁਨੇਹੇ ਦਾ ਇਹ ਜੋਸ਼ ਤੇ ਜ਼ਜ਼ਬਾ ਕਿਧਰੇ ਮੌਜੂਦ ਹੈ? ਇਥੇ ਬਰਗਾੜੀ ਮੋਰਚੇ 'ਚ ਹਾਜ਼ਰੀ ਲੁਆਉਣ ਤੋਂ ਪਹਿਲਾਂ 100 ਵਾਰੀ ਸੱਜੇ-ਖੱਬੇ ਵੇਖਿਆ ਜਾਂਦਾ ਹੈ। ਚੰਗਾ ਹੋਵੇ ਜੇ ਕੌਮ ਅੱਜ ਦੇ ਸੁਨੇਹੇ ਮਾੜੇ ਮੋਟੇ ਸੁਣ ਲਵੇ।

Editorial
Jaspal Singh Heran

International