ਕੀ ਸਾਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦਾ ਹੱਕ ਹੈ...?

ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਹੜੇ ਸਾਡੇ ਜ਼ਾਹਿਰਾ ਗੁਰੂ ਹਨ, ਪ੍ਰਗਟਿ ਗੁਰਾਂ ਦੀ ਦੇਹਿ ਹਨ, ਬਾਣੀ ਦੇ ਬੋਹਿਥ ਹਨ, ਸਾਡੇ ਪਿਉ-ਦਾਦੇ ਦਾ ਅਨਮੋਲ ਖਜ਼ਾਨਾ ਹਨ, ਅੱਜ ਉਨ੍ਹਾਂ ਦਾ ਪਹਿਲਾ ਪ੍ਰਕਾਸ਼ ਉਤਸਵ ਹੈ। ਪਹਿਲੀ ਗੱਲ ਤਾਂ ਇਹ ਕਿ ਅਕ੍ਰਿਤਘਣ ਕੌਮ ਆਪਣੇ ਜ਼ਾਹਿਰਾ ਗੁਰੂ ਦਾ ਪਹਿਲਾ ਪ੍ਰਕਾਸ਼ ਉਤਸਵ ਵੀ ਇਕ ਦਿਨ ਨਹੀਂ ਮਨਾ ਰਹੀ। ਜਿਹੜੀ ਕੌਮ ਆਪਣੇ ਗੁਰੂਆਂ ਦੇ ਗੁਰਪੁਰਬ ਤੇ ਪਵਿੱਤਰ ਦਿਹਾੜੇ ਇਕੱਠੀ ਹੋ ਕੇ, ਇਕ ਦਿਨ ਨਹੀਂ ਮਨਾ ਸਕਦੀ, ਫ਼ਿਰ ਉਸ ਕੌਮ 'ਚ ਕੌਮੀਅਤ ਵਾਲੀ ਕੋਈ ਗੱਲ ਬਾਕੀ ਹੀ ਨਹੀਂ ਬੱਚਦੀ। ਅਸੀਂ ਆਪਣੀ ਅਜ਼ਾਦ ਹਸਤੀ ਦੇ ਪ੍ਰਤੀਕ ਵਜੋਂ ਨਾਨਕਸ਼ਾਹੀ ਕੈਲੰਡਰ, ਦੁਸ਼ਮਣ ਤਾਕਤਾਂ ਦੇ ਇਸ਼ਾਰੇ ਤੇ ਮਿੱਟੀ 'ਚ ਮਿਲਾਉਣ ਦੀ ਕੋਸ਼ਿਸ ਕੀਤੀ ਹੈ। ਅਜ਼ਾਦੀ, ਕੌਮੀ ਘਰ ਦੀ ਪ੍ਰਾਪਤੀ, ਕੌਮ ਦੀ ਚੜ੍ਹਦੀ ਕਲਾ ਵਰਗੇ ਨਾਅਰੇ ਅਜਿਹੀ ਪ੍ਰਵਿਰਤੀ ਵਾਲੀ ਕੌਮ ਭਲਾ ਕਿਵੇਂ ਸਿਰੇ ਚੜ੍ਹਾ ਸਕਦੀ ਹੈ? ਖੈਰ! ਪਹਿਲੀ ਸਤੰਬਰ ਨੂੰ ਸੰਗਤਾਂ ਨੇ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਤੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਵਾਲੇ 1 ਕਰੋੜ ਰੁਪਏ ਦੇ ਫੁੱਲਾਂ ਦੀ ਸਜਾਵਟਾਂ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਨ । ਪ੍ਰੰਤੂ ਅਸੀਂ ਜਿਹੜਾ ਸੁਆਲ ਕੌਮ ਸਾਹਮਣੇ ਰੱਖਣ ਜਾ ਰਹੇ ਹਾਂ, ਉਹ ਇਹ ਹੈ ਕਿ ਕੀ ਸਾਨੂੰ ਇਹ ਦਿਹਾੜਾ ਮਨਾਉਣ ਦਾ ਅਧਿਕਾਰ ਹੈ? ਕੀ ਅਸੀਂ ਗੁਰੂ ਦੇ ਸਾਹਮਣੇ ਪੇਸ਼ ਹੋਣ ਦੇ ਯੋਗ ਹਾਂ?

ਗੁਰੂ ਦੀ ਆਖ਼ੀ ਮੰਨਣ ਜਾਂ ਨਾਂਹ ਮੰਨਣ ਦਾ ਵਿਸ਼ਾ ਅਸੀਂ ਦੂਜੀ ਸੰਪਾਦਕੀ 'ਚ ਛੂਹਿਆ ਹੈ। ਇਸ ਸੰਪਾਦਕੀ 'ਚ ਤਾਂ ਅਸੀਂ ਗੱਲ ਕਰੇ ਰਹੇ ਹਾਂ ਕਿ ਜਿਹੜਾ ਪੁੱਤ, ਆਪਣੇ ਬਾਪ ਦੀ ਪੱਗ ਦੀ ਰਾਖ਼ੀ ਨਹੀਂ ਕਰ ਸਕਦਾ, ਉਸਨੂੰ ਪੁੱਤ ਕਹਾਉਣ ਦਾ ਜਾਂ ਆਪਣੇ ਬਾਪ ਦਾ ਜਨਮ ਦਿਹਾੜਾ ਮਨਾਉਣ ਦਾ ਹੱਕ ਹੈ? ਕੀ ਅਜਿਹੇ 'ਪੁੱਤ' ਨੂੰ ਸਮੁੱਚਾ ਸਮਾਜ ਮਿਹਣੇ ਨਹੀਂ ਮਾਰੇਗਾ? 1 ਜੂਨ 2015 ਤੋਂ ਲੈ ਕੇ ਗੁਰੂ ਸਾਹਿਬ ਦੀ, ਗੁਰਬਾਣੀ ਦੀ ਨਿਰੰਤਰ ਬੇਅਦਬੀ ਹੋ ਰਹੀ ਹੈ। ਆਰੰਭ 'ਚ ਕੌਮ ਦਾ ਰੋਹ ਤੇ ਰੋਸ ਜਾਗਿਆ ਸੀ। 14 ਦਿਨ ਪੰਜਾਬ ਜਾਮ ਹੋ ਗਿਆ ਸੀ, ਹੁਕਮਰਾਨ ਖੁੱਡਾਂ 'ਚ ਵੜ੍ਹ ਗਏ ਸੀ। ਫਿਰ ਸਾਡੇ ਆਗੂਆਂ ਨੂੰ ਭੁਲੇਖਾ ਲੱਗ ਗਿਆ। ਉਨ੍ਹਾਂ ਨੂੰ ਇਹ ਸਮਾਂ ਆਪਣੀ ਰਾਜਸੀ ਤਾਕਤ ਨੂੰ ਚਮਕਾਉਣ ਦਾ ਲੱਗਾ। ਸੁਆਰਥ-ਪਦਾਰਥ, ਲੋਭ-ਲਾਲਸਾ ਤੇ ਚੌਧਰ ਦੀ ਭੁੱਖ ਨੇ ਗੁਰੂ ਦੇ ਨਾਮ ਚੱਲ ਰਹੇ ਸੰਘਰਸ਼ ਦਾ ਗਲਾ ਘੁੱਟ ਦਿੱਤਾ। ਹੁਣ ਫ਼ਿਰ 1 ਤਰੀਖ ਤੋਂ ਬਰਗਾੜੀ ਵਿਖੇ ਗੁਰੂ ਦੇ ਨਾਮ ਤੇ ਇਨਸਾਫ਼ ਮੋਰਚਾ ਚੱਲ ਰਿਹਾ ਹੈ। ਜਿਵੇਂ ਪੁਰਾਤਨ ਸਮੇਂ ਘੱਲੂਘਾਰਿਆਂ ਤੋਂ ਬਾਅਦ ਕੌਮ ਹੋਰ ਖਾਲਸ ਹੋ ਕੇ ਨਿੱਖਰਦੀ ਸੀ। ਸ਼ਕਤੀਸ਼ਾਲੀ ਤੇ ਉਤਸ਼ਾਹੀ ਬਣ ਕੇ ਮੈਦਾਨ 'ਚ ਨਿੱਤਰਦੀ ਸੀ ਅਤੇ ਵੱਡੀਆਂ ਜਿੱਤਾਂ ਪ੍ਰਾਪਤ ਕਰਦੀ ਸੀ। ਉਸਦੇ ਉਲਟ ਤੀਜੇ ਘੱਲੂਘਾਰੇ ਤੋਂ ਬਾਅਦ ਸਿਵਾਏ ਜੁਆਨੀ ਦੇ ਘਾਣ ਦੇ ਕੌਮ ਦੇ ਪੱਲੇ ਕੁਝ ਨਾ ਪਿਆ। ਭਾਵੇਂ ਮਰਦ-ਏ-ਮੁਜਾਹਿਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸਖ਼ਸੀਅਤ ਦੀ ਇਤਿਹਾਸਕ ਪ੍ਰਾਪਤੀ ਹੋਈ, ਪ੍ਰੰਤੂ ਹਕੀਕੀ ਰੂਪ 'ਚ ਕੌਮ ਦੇ ਪੱਲੇ ਤਬਾਹੀ, ਨਿਰਾਸ਼ਤਾ ਤੇ ਨਕਾਮੀਆਂ ਤੋਂ ਇਲਾਵਾ ਕੁਝ ਨਹੀਂ ਪਿਆ।

ਉਵੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁਰਬਾਨੀ ਤੋਂ ਬਾਅਦ, ਕੌਮ ਕੁਝ ਪ੍ਰਾਪਤ ਕਰਨ ਦੀ ਥਾਂ, ਜਿਹੜਾ ਕੁਝ ਪੱਲੇ ਸੀ, ਉਹ ਵੀ ਗੁਆ ਬੈਠੀ। ਗੁਰੂ ਤੇ ਸਿੱਖ ਦਾ ਰਿਸ਼ਤਾ ਤਾਂ ਪਹਿਲਾ ਹੀ ਰਸਮੀ ਹੋ ਚੁੱਕਿਆ ਸੀ, ਰਹਿੰਦੀ ਕਸਰ ਪੂਰੀ ਕਰਨ ਲਈ ਦੁਸ਼ਟ ਤਾਕਤਾਂ, ਸਰਬ ਸਮਰੱਥ, ਗੁਰੂ ਪ੍ਰਤੀ ਸਿੱਖ ਦਾ ਇਹ ਭਰੋਸਾ ਤੋੜਨ ਲਈ, ਨਿਰੰਤਰ ਬੇਅਦਬੀ ਦੀਆਂ ਘਟਨਾਵਾਂ ਕਰਵਾ ਰਹੀਆਂ ਸਨ। ਜਿਸ 'ਚ ਉਹ ਫ਼ਿਲਹਾਲ ਪੂਰੀ ਤਰ੍ਹਾਂ ਸਫ਼ਲ ਹਨ। ਹਜ਼ਰਤ ਮੁਹੰਮਦ ਸਾਹਿਬ ਦਾ ਸਿਰਫ਼ ਕਾਰਟੂਨ ਬਣਾਉਣ ਤੇ ਜੇ ਪੂਰੀ ਦੁਨੀਆ 'ਚ ਬਵਾਲ ਮੱਚ ਸਕਦਾ ਹੈ, ਫ਼ਿਰ ਜਾਹਿਰਾ ਗੁਰੂ ਦੇ ਸ਼ਰੇਆਮ ਕਤਲੇਆਮ ਤੇ ਸਿੱਖ ਕੌਮ ਜੇ ਦੜ੍ਹ ਵੱਟ ਜਾਂਦੀ ਹੈ ਤਾਂ ਕੀ ਉਸਨੂੰ ਆਪਣੇ ਗੁਰੂ ਦੇ ਸਨਮੁੱਖ ਜਾਣ ਦਾ, ਉਸਦੇ ਪ੍ਰਕਾਸ਼ ਦਿਹਾੜੇ ਮਨਾਉਣ ਦਾ ਹੱਕ ਰਹਿ ਜਾਂਦਾ ਹੈ? ਇਸ ਸੁਆਲ ਦਾ ਜਵਾਬ ਆਤਮਾ ਤੋਂ ਪੱਛ ਕੇ, ਫ਼ਿਰ ਹੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵੱਲ ਤੁਰੀਏ, ਨਹੀਂ ਤਾਂ ਫ਼ਿਰ ਆਪਣੇ ਗੁਨਾਹ ਦੀ ਆਪਣੀ ਕੰਮਜ਼ੋਰੀ ਦੀ, ਆਪਣੀ ਬੁਜ਼ਦਿਲੀ ਦੀ ਆਪਣੀ ਲੋਭ-ਲਾਲਸਾ ਦੀ ਗੁਰੂ ਦੇ ਚਰਨੀ ਪੈ ਕੇ ਭੁੱਲ ਬਖ਼ਸਾਈਏ।

Editorial
Jaspal Singh Heran

International