ਲਓ ਜੀ! ਬਾਦਲਾਂ ਸਿਰ ਚੜ੍ਹੀ ਚਾਪਲੂਸੀ

ਭੂੰਦੜ ਨੇ ਵੱਡੇ ਬਾਦਲ ਨੂੰ ਆਖਿਆ 'ਬਾਦਸ਼ਾਹ ਦਰਵੇਸ਼'

ਬਾਦਲ ਪਰਿਵਾਰ ਦਾ ਲੋਕਾਂ 'ਚ ਵਿਚਰਨਾ ਹੋਇਆ ਔਖਾ, ਸੰਗਤਾਂ ਕਰ ਰਹੀਆਂ ਵਿਰੋਧ, ਗੂੰਜੇ 'ਗੁਰੂ ਦੇ ਸਿੰਘੋ ਸਮਝ ਜਾਓ ਬਾਦਲ ਜੁੰਡੀ ਨੂੰ ਵਾਪਸ ਭਜਾਓ'' ਦੇ ਨਾਹਰੇ 

ਬਠਿੰਡਾ/ਅਬੋਹਰ 9 ਸਤੰਬਰ (ਅਨਿਲ ਵਰਮਾ) : ਜਿਵੇਂ ਕਹਿੰਦੇ ਹੁੰਦੇ ਹਨ ਜਦੋਂ ਕੁਦਰਤ ਵਲੋਂ ਮਾੜੇ ਦਿਨ ਆਏ ਹੋਣ ਤਾਂ ਹਰ ਖੇਡ ਪੁੱਠੀ ਪੈਂਦੀ ਹੈ। ਅੱਜ ਭਾਵੇਂ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਲਲਕਾਰਨ ਲਈ ਜਿਹੜੀ ਰੈਲੀ ਬਾਦਲਾਂ ਨੇ ਅਬੋਹਰ ਇਲਾਕੇ ਵਿਚ ਕੀਤੀ। ਉਹ ਇਕੱਠ ਪੱਖੋਂ ਭਾਰੀ ਰੈਲੀ ਆਖੀ ਜਾ ਸਕਦੀ ਹੈ। ਪ੍ਰੰਤੂ ਇਕੱਠ ਦੇ ਨਾਲ ਜ਼ਿਆਦਾ ਉਤਸ਼ਾਹਿਤ ਹੋਏ ਬਾਦਲ ਦੀ ਸੱਜੀ ਬਾਂਹ ਮੰਨੇ ਬਲਵਿੰਦਰ ਭੂੰਦੜ ਨੇ ਸੇਮੀਆਂ ਤੇ ਉਸ ਸਮੇਂ ਸੁਆਹ ਭੁੱਖ ਦਿੱਤੀ ਜਦੋਂ ਉਸ ਨੇ ਵੱਡੇ ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿ ਕੇ ਪੁਕਾਰਿਆ। ਬਾਦਸ਼ਾਹ ਦਰਵੇਸ਼ ਸ਼ਬਦ ਦਾ ਖਿਤਾਬ ਸਾਹਿਬ-ਏ-ਕਮਾਲ ਦਸ਼ਮੇਸ਼ ਪਿਤਾ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕੌਮ ਵਲੋਂ ਦਿੱਤਾ ਗਿਆ ਹੈ। ਇਸ ਲਈ ਭੂੰਦੜ ਵਲੋਂ ਦਿੱਤੇ ਇਸ ਖਿਤਾਬ ਨੇ ਬਾਦਲਕਿਆਂ ਦੀ ਸਿੱਖ ਵਿਰੋਧੀ ਸੋਚ ਨੂੰ ਸਾਹਮਣੇ ਲਿਆਂਦਾ ਹੈ ਅਤੇ ਨਾਲ ਦੀ ਨਾਲ ਬਾਦਲਾਂ ਵਿਰੁੱਧ ਤੂਫ਼ਾਨ ਪੈਦਾ ਕਰਨ ਦਾ ਸਬੱਬ ਵੀ ਬਣ ਗਿਆ ਹੈ।

ਬੇਅਦਬੀ ਘਟਨਾਵਾਂ ਲਈ ਦੋਸ਼ੀ ਠਹਿਰਾਉਣ ਦੇ ਲੱਗ ਰਹੇ ਦੋਸ਼ਾਂ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਵਿਧਾਨ ਸਭਾ ਵਿੱਚ ਪੇਸ਼ ਹੋਈ ਰਿਪੋਰਟ ਅਨੁਸਾਰ ਬਾਦਲ ਸਰਕਾਰ ਅਤੇ ਪਰਿਵਾਰ ਦੀ ਸ਼ਮੂਲੀਅਤ ਸਾਹਮਣੇ ਆਉਣ ਕਰਕੇ ਪਰਿਵਾਰ ਦਾ ਲੋਕਾਂ ਵਿੱਚ ਵਿਚਰਨਾ ਹੁਣ ਔਖਾ ਹੋ ਗਿਆ ਹੈ? ਕਿਉਂਕਿ ਸੰਗਤਾਂ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਡੱਟਵਾਂ ਵਿਰੋਧ ਕੀਤਾ ਜਾ ਰਿਹਾ ਹੈ? ਇਸੇ ਲੜੀ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ''ਅਕਾਲੀਆਂ ਨੂੰ ਲੋਕ ਪਿੰਡਾਂ ਵਿੱਚ ਨਹੀਂ ਵੜਣ ਦੇਣਗੇ'' ਦੇ ਬਿਆਨ ਦਾ ਚੈਲੇਂਜ ਕਬੂਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਅਬੋਹਰ ਵਿਖੇ ''ਪੋਲ ਖੋਲ'' ਰੈਲੀ ਕੀਤੀ ਗਈ। ਉਸ ਰੈਲੀ ਵਿੱਚ ਉਸ ਸਮੇਂ ਮਾਹੌਲ ਤਨਾਅਪੂਰਣ ਬਣ ਗਿਆ ਜਦੋਂ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਿੱਚ ਸੰਗਤਾਂ ਨੇ ਬਾਦਲ ਪਿਓ-ਪੁੱਤਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ''ਗੁਰੂ ਦੇ ਸਿੰਘੋਂ ਸਮਝ ਜਾਓ ਬਾਦਲ ਜੁੰਡਲੀ ਨੂੰ ਵਾਪਸ ਭਜਾਓ'' ਅਤੇ ''ਜਿੱਥੇ ਗਿਆ ਸੌਦਾ ਸਾਧ ਉਥੇ ਭਜਾਓ ਜੀਜਾ-ਸਾਲਾ'' ਦੇ ਨਾਹਰੇ ਗੂੰਜਦੇ ਹੋਏ ਸੁਣਾਈ ਦਿੱਤੇ। ਇਸ ਮੌਕੇ ਉਹਨਾਂ ਦੇ ਨਾਲ ਬਖਸ਼ੀਸ਼ ਸਿੰਘ ਖਾਲਸਾ ਅਬੋਹਰ, ਜਸਵੀਰ ਸਿੰਘ ਗਿੱਲ, ਗੁਰਭੇਜ ਸਿੰਘ, ਬਲਦੇਵ ਸਿੰਘ, ਪਰਮਿੰਦਰ ਸਿੰਘ, ਬਖਸ਼ੀਸ਼ ਸਿੰਘ ਵਿਰਕ ਆਦਿ ਹਾਜਰ ਸਨ।

ਦੂਜੇ ਪਾਸੇ ਬਠਿੰਡਾ ਵਿਖੇ ਯੂਥ ਅਕਾਲੀ ਦਲ ਵੱਲੋਂ ਕੀਤੀ ਗਈ ਰੈਲੀ ਵਿੱਚ ਸ਼ਾਮਲ ਹੋਣ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਉਣਾ ਸੀ ਪਰ ਸੰਗਤਾਂ ਵੱਲੋਂ ਵਿਰੋਧ ਕਰਨ ਦਾ ਪਤਾ ਲੱਗਣ ਤੇ ਹਰਸਿਮਰਤ ਬਾਦਲ ਵੱਲੋਂ ਬਠਿੰਡਾ ਆਉਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਤੇ ਉਹਨਾਂ ਦੀ ਜਗ੍ਹਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਆਏ ਜਿਹਨਾਂ ਦਾ ਦਲ ਖਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਗੁਰਵਿੰਦਰ ਸਿੰਘ ਬਠਿੰਡਾ ਅਤੇ ਸੁਰਿੰਦਰ ਸਿੰਘ ਨਥਾਣਾ ਦੀ ਅਗਵਾਈ ਵਿੱਚ ਵਰਕਰਾਂ ਨੇ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ। ਹਾਲਾਤ ਉਸ ਸਮੇਂ ਤਨਾਅਪੂਰਣ ਬਣ ਗਏ ਜਦੋਂ ਭਾਰੀ ਤਦਾਦ ਵਿੱਚ ਤਾਇਨਾਤ ਪੁਲਿਸ ਫੋਰਸ ਨੇ ਇਹਨਾਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਵਿੱਚ ਹੀ ਨਜ਼ਰਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੂੰ ਝੁਕਾਨੀ ਦੇਕੇ ਵਰਕਰ ਗੁਰਦੁਆਰਾ ਸਾਹਿਬ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਏ ਪਰੰਤੂ ਪਿਲਸ ਨੇ ਰੈਲੀ ਵਾਲੀ ਥਾਂ ਤੋਂ ਥੋੜੀ ਦੂਰ ਹੀ ਇਹਨਾ ਵਰਕਰਾਂ ਦੀ ਘੇਰਾਬੰਦੀ ਕਰ ਲਈ। ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਦਲ ਖਾਲਸਾ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਪੁਲਸੀਆ ਧੱਕੇਸ਼ਾਹੀ ਦਾ ਵਿਰੋਧ ਕਰਦੇ ਹੋਏ ਐਲਾਨ ਕੀਤਾ ਕਿ ਗੁਰੂ ਦੇ ਦੋਖੀ ਬਾਦਲ ਪਰਿਵਾਰ ਦਾ ਪਿੰਡਾਂ ਵਿੱਚ ਹਰ ਥਾਂ ਘਿਰਾਓ ਕੀਤਾ ਜਾਵੇਗਾ ਕਿਉਂਕਿ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਸ ਸਮੇਂ ਦੇ ਗ੍ਰਹਿ ਮੰਤਰੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਉਸ ਸਮੇਂ ਦੇ ਗ੍ਰਹਿ ਮੰਤਰੀ ਡੀਜੀਪੀ ਸੁਮੇਧ ਸੈਣੀ ਸਿੱਧੇ ਤੌਰ ਤੇ ਜਿੰਮੇਵਾਰ ਹਨ, ਇਹਨਾਂ 'ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ।

ਆਗੂਆਂ ਨੇ ਕਿਹਾ ਕਿ ਇਹ ਰੈਲੀਆਂ ਬਾਦਲ ਪਰਿਵਾਰ ਖਤਮ ਹੋ ਚੁੱਕੀ ਸ਼ਾਖ ਬਚਾਉਣ ਲਈ ਕਰ ਰਿਹਾ ਹੈ ਪਰ ਇਹਨਾਂ ਰੈਲੀ ਵਿੱਚ ਸਿੱਖ ਸੰਗਤਾਂ ਦੇ ਜਾਣ ਦੀ ਬਜਾਏ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸੌਦਾ ਸਾਧ ਦੇ ਚੇਲੇ ਹੀ ਸ਼ਾਮਲ ਹੋ ਰਹੇ ਹਨ। ਉਹਨਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬੇਅਦਬੀ ਘਟਨਾਵਾਂ ਦੇ ਜਿੰੇਮਵਾਰ ਬਾਦਲ ਪਰਿਵਾਰ ਦੀਆਂ ਰੈਲੀਆਂ ਵਿੱਚ ਜਾਣ ਦੀ ਬਜਾਏ ਬਾਦਲ ਦਲੀਆਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ। ਉਹਨਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਮੰਗ ਕੀਤੀ ਕਿ ਇਹਨਾਂ ਤੇ ਤੁਰੰਤ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਖਰਾਬ ਹੋਣ ਵਾਲੇ ਮਾਹੌਲ ਲਈ ਸਰਕਾਰ ਖੁਦ ਜਿੰਮੇਵਾਰ ਹੋਵੇਗੀ। 

Unusual
Punjab Politics
Sikhs

International