ਸਿੱਖ ਅਸਲੀਅਤ ਜਾਣੇ ਬਗੈਰ ਸਿੱਖ ਸੰਸਥਾਵਾਂ ਉੱਤੇ ਕਿੰਤੂ ਕਰਨ ਤੋਂ ਪਹਿਲਾਂ ਸੋਚਣ..!

ਸ਼੍ਰੋਮਣੀ ਅਕਾਲੀ ਦਲ,ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ,ਤਿੰਨ ਸਿਖਾਂ ਦੀਆਂ ਸਿਰਮੌਰ ਸੰਸਥਾਵਾਂ ਹਨ। ਬੇਸ਼ੱਕ ਅਕਾਲ ਤਖਤ ਸਾਹਿਬ ਦੀ ਸਿਰਜਣਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਦ ਕੀਤੀ ਹੈ। ਪਰ ਇਸਦੇ ਜਥੇਦਾਰ ਦੀ ਪਦਵੀ  ਸਮੇਤ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਬਣਾਉਣ ਵਿਚ ਸਿਖਾਂ ਦੀ ਭੂਮਿਕਾ ਹੈ। ਇਹ ਪਦਵੀ ਅਤੇ ਸੰਸਥਾਵਾਂ ਬੜੀਆਂ ਪਵਿੱਤਰ ਹਨ ਅਤੇ ਹਮੇਸ਼ਾਂ ਰਹਿਣੀਆਂ ਚਾਹੀਦੀਆਂ ਹਨ। ਅਕਾਲੀ ਦਲ ਦੇ ਸੰਚਾਲਕ ਜਾਂ ਕਾਬਜ ਮਾੜੇ ਹੋ ਸਕਦੇ ਹਨ, ਜਿਵੇ ਅੱਜ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਵਿਚਲੀਆਂ ਖਾਮੀਆਂ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਅਕਾਲ ਤਖਤ ਦੇ ਅੱਜ ਦੇ ਜਥੇਦਾਰਾਂ ਦੀ ਜੋ ਕਾਰਗੁਜਾਰੀ ਹੈ। ਉਸ ਕਰਕੇ ਇਸ ਰੁਤਬੇ ਉੱਤੇ ਕਿੰਤੂ ਹੋਣਾ ਨਹੀਂ ਰੋਕਿਆ ਜਾ ਸਕਦਾ। ਪਰ ਇਹ ਸਾਨੂੰ ਇੱਕ ਸਮਝ ਤਾਂ ਜਰੂਰ ਰੱਖਣੀ ਚਾਹੀਦੀ ਹੈ ਕਿ ਜਿਹੋ ਜਿਹੇ ਆਗੂ ਅੱਗੇ ਲਾਵਾਂਗੇ, ਉਸ ਤਰ੍ਹਾਂ ਦਾ ਹੀ ਸ਼੍ਰੋਮਣੀ ਅਕਾਲੀ ਦਲ ਨਜਰ ਆਵੇਗਾ। ਜੇ ਆਗੂ ਮਾੜੇ ਹਨ ਤਾਂ ਜਥੇਬੰਦੀ ਮਾੜੀ ਨਹੀਂ ਹੋ ਸਕਦੀ। ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਉੱਤੇ ਕਿੰਤੂ ਕਰਨ ਦੀ ਥਾਂ ਇਸ ਉੱਤੇ ਕਾਬਜ ਲੋਕਾਂ ਨੂੰ ਭੰਡੋ। ਸ਼੍ਰੋਮਣੀ ਕਮੇਟੀ ਬਹੁਤ ਕੁਰਬਾਨੀਆਂ ਨਾਲ ਬਣੀ ਸੀ। ਇਹ ਸਿੱਖ ਪਾਰਲੀਮੈਂਟ ਹੈ। ਇਸ ਨੂੰ ਬਦਨਾਮ ਕਰਨ ਦੀ ਜਗ੍ਹਾ ਜਿਹੜੇ  ਪ੍ਰਬੰਧਕਾਂ ਨੇ ਪ੍ਰਬੰਧ ਵਿਚ ਗਿਰਾਵਟ ਲਿਆਂਦੀ ਹੈ, ਉਹਨਾਂ ਨੂੰ ਕੋਸੋ। ਅਕਾਲ ਤਖਤ ਸਾਹਿਬ ਮਹਾਨ ਹੈ। ਜੇ ਕੋਈ ਗਲਤੀ ਕਰਦਾ ਹੈ ਤਾਂ ਜਥੇਦਾਰ ਹੀ ਕਰਦਾ ਹੈ। ਨਿਸ਼ਾਨਾਂ ਜਥੇਦਾਰ ਨੂੰ ਬਣਾਓ ਨਾ ਕਿ ਅਕਾਲ ਤਖਤ ਸਾਹਿਬ ਨੂ।ੰ ਇਸ ਤੋਂ ਵੀ ਚੰਗਾ ਹੋਵੇ ਕਿ ਆਪਣੇ ਅੰਦਰ ਝਾਤੀ ਮਾਰੋ। ਕਿਸੇ ਪਰਿਵਾਰਕ ਅਕਾਲੀ ਦਲ ਨੂੰ ਬਿਨ੍ਹਾਂ ਸੋਚੇ ਸਮਝੇ ਵੋਟਾਂ ਪਾਕੇ ਸ਼ਕਤੀ ਦੇਈ ਜਾਣੀ ਅਤੇ ਉਹਨਾਂ ਦੀਆਂ ਗਲਤੀਆਂ ਪਤਾ ਲੱਗਣ ਉੱਤੇ ਵੀ ਫਿਰ ਸ਼੍ਰੋਮਣੀ ਕਮੇਟੀ ਵੀ ਉਹਨਾਂ ਦੇ ਹੱਥ ਫੜਾਉਣੀ, ਇਹ ਸਾਡੀ ਗਲਤੀ ਹੈ। ਜਥੇਦਾਰ ਤਾਂ ਆਪੇ ਫਿਰ ਉਹਨਾਂ ਨੇ ਹੀ ਬਣਾਉਣੇ ਹੁੰਦੇ ਹਨ। ਕਿੰਤੂ ਕਰਕੇ ਪੱਲਾ ਨਾ ਝਾੜੋ। ਸੁਧਾਰ ਵਾਲੇ ਪਾਸੇ ਨੂੰ ਸੋਚੋ। 

ਬਹੁਤ ਸਾਰੇ ਸਿੱਖ ਸ਼੍ਰੋਮਣੀ ਕਮੇਟੀ ਦੀ ਕਾਰਗੁਜਾਰੀ ਉੱਤੇ ਕਿੰਤੂ ਕਰਦੇ ਹਨ। ਜਿਹੜੇ ਸਿੱਖ ਤਾਂ ਤੱਥਾਂ ਨੂੰ ਜਾਣਦੇ ਹਨ ਅਤੇ ਬਰੀਕੀਆਂ ਨੂੰ ਸਮਝਦੇ ਹਨ। ਉਹਨਾਂ ਦਾ ਕਿੰਤੂ ਸੌ ਫ਼ੀਸਦੀ ਸਹੀ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਪਾਰਦਰਸ਼ੀ ਨਹੀਂ ਹੈ ਅਤੇ  ਗੁਰੂ ਆਸ਼ੇ ਅਨੁਸਾਰ ਕੁਝ ਫ਼ੀਸਦੀ ਵੀ ਨਹੀਂ ਹੋ ਰਿਹਾ। ਪਰ ਕੁਝ ਮੇਰੇ ਵਰਗੇ ਗਵਾਰ ਅਤੇ ਹੋਛੇ ਲੋਕ ਹਨ। ਜਿਹਨਾਂ ਨੂੰ ਦਸ ਗੁਰੂ ਸਾਹਿਬਾਨ ਦੇ ਨਾਮ ਤੱਕ ਵੀ ਯਾਦ ਨਹੀਂ। ਕਦੇ ਆਪਣੇ ਪਿੰਡ ਦੇ ਗੁਰਦਵਾਰੇ ਵੀ ਨਹੀਂ ਗਏ ਹੁੰਦੇ ਅਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਪਿੰਡ ਦੇ ਗੁਰਦਵਾਰੇ ਦੀ ਗੋਲਕ ਵਿਚੋਂ ਕਿੰਨੀ ਭੇਟਾ ਨਿਕਲਦੀ ਹੈ। ਪਰ ਸ਼੍ਰੋਮਣੀ ਕਮੇਟੀ ਉੱਤੇ ਉਹ ਵੀ ਪੱਥਰ ਸੁੱਟਣ ਲੱਗਿਆਂ ਵਕੀਲਾਂ ਵਾਂਗੂੰ ਬਹਿਸ ਕਰਦੇ ਹਨ। ਕਈਆਂ ਨੂੰ ਕਹਿੰਦੇ ਸੁਣਿਆ ਹੈ ਕਿ ਸ਼੍ਰੋਮਣੀ ਕਮੇਟੀ ਦਾ ਸਲਾਨਾਂ ਬਜਟ ਤਾਂ ਪੰਜਾਬ ਸਰਕਾਰ ਤੋਂ ਵੀ ਜ਼ਿਆਦਾ ਹੈ। ਪਰ ਖਰਚਾ ਤਾਂ ਕੋਈ ਹੈ ਹੀ ਨਹੀਂ। ਪੈਸੇ ਸਭ ਖਾਈ ਜਾਂਦੇ ਹਨ। ਮੰਨਿਆ ਕਿ ਸ਼੍ਰੋਮਣੀ ਕਮੇਟੀ ਉੱਤੇ ਕਾਬਜ ਧੜਾ ਗੁਰੂ ਦੀ ਗੋਲਕ ਦੀ ਆਪਣੀ ਸਿਆਸਤ ਵਾਸਤੇ ਦੁਰਵਰਤੋਂ ਕਰਦਾ ਹੈ। ਪਰ ਸ਼੍ਰੋਮਣੀ ਕਮੇਟੀ ਦਾ ਵੀ ਵੱਡਾ ਅਡੰਬਰ ਹੈ। ਕਿੰਨੇ ਲੰਗਰ ਵਿਦਿਅਕ ਸੰਸਥਾਵਾਂ ਅਤੇ ਮੁਲਾਜਮਾਂ ਦੇ ਖਰਚੇ ਹਨ। ਇਹ ਵੱਖਰੀ ਗੱਲ ਕਿ ਕੋਈ ਮੁਲਾਜਮ ਗੁਰੂ ਰਾਮਦਾਸ ਜੀ ਦੇ ਖੀਸੇ ਵਿਚੋਂ ਹਜਾਰਾਂ ਰੁਪੈ ਮਹੀਨਾ ਲੈਕੇ, ਲੂਣ ਹਰਾਮੀ ਹੋ ਜਾਵੇ। ਪਰ ਸ਼੍ਰੋਮਣੀ ਕਮੇਟੀ ਨੂੰ ਤਾਂ ਤਨਖਾਹ ਦੇਣੀ ਹੀ ਪੈਂਦੀ ਹੈ।       

     ਇਸ ਤੋਂ ਇਲਾਵਾ ਇਹ ਵੀ ਬੜਾ ਕਿੰਤੂ ਹੈ ਕਿ ਦਰਬਾਰ ਸਾਹਿਬ ਉੱਤੇ ਸੋਨਾ ਕਿਉਂ ਲੱਗਦਾ ਹੈ। ਸਜਾਵਟ ਕਿਉਂ ਹੋ ਰਹੀ ਹੈ। ਜਦੋਂ ਕਿਸੇ ਨੂੰ ਕਮਰਾ ਚਾਹੀਦਾ ਹੈ ਤਾਂ ਉਥੇ ਨਘੋਚਾਂ ਕੱਢਦਾ ਹੈ ਕਿ ਕਮਰੇ ਵਿਚ ਆਹ ਆਹ ਸਹੂਲਤਾਂ ਚਾਹੀਦੀਆਂ ਹਨ। ਉਸ ਵੇਲੇ ਪ੍ਰਕਰਮਾਂ ਵਿਚ ਰਾਤ ਗੁਜਾਰਨ ਦਾ ਖਿਆਲ ਕਿਉਂ ਨਹੀਂ ਆਉਂਦਾ। ਕੁਝ ਤਾਂ ਏਨੇ ਗਿਰੇ ਹੋਏ ਅਤੇ ਕਮੀਨੇ ਹਨ। ਜਿਹੜੇ ਕਿਸੇ ਵੇਲੇ ਇਹ ਵੀ ਆਖਦੇ ਸਨ ਕਿ ਦਰਬਾਰ ਸਾਹਿਬ ਦੇ ਸਰੋਵਰ ਨੂੰ ਪੂਰਕੇ,ਝੋਨਾ ਲਾਇਆ ਜਾਵੇ ਤਾਂ ਕੁਝ ਪਰਿਵਾਰ ਪਲ ਸਕਦੇ ਹਨ। ਬੇਸ਼ੱਕ ਅੱਜ ਉਹ ਇਕ ਪਰਿਵਾਰਕ ਅਕਾਲੀ ਦਲ ਦੇ ਵੱਡੇ ਆਗੂ ਹਨ ਅਤੇ ਹੁਣ ਐਮ.ਐਲ.ਏ. ਜਾਂ ਐਮ.ਪੀ. ਦੀਆਂ ਟਿਕਟਾਂ ਲੈਣ ਵਾਸਤੇ ਜਾਂ ਰਾਜਸਭਾ ਦੀ ਸੀਟ ਹਥਿਆਉਣ ਵਾਸਤੇ ਆਪਣੇ ਆਗੂਆਂ ਨੂੰ ਕਰੋੜਾਂ ਦਾ ਫ਼ੰਡ ਦਿੰਦੇ ਹਨ ਅਤੇ  ਚੋਣਾਂ ਜਿੱਤਣ ਵਾਸਤੇ ਕਰੋੜਾਂ ਰੁਪੈ ਖਰਚੇ ਕਰਦੇ ਹਨ। ਸ਼ਰਾਬਾਂ ਅਤੇ ਨਸ਼ੇ ਵੰਡਦੇ ਹਨ। ਆਮ ਸਿੱਖ ਵੀ ਸਿੱਖ ਵੀ ਸੰਸਥਾਵਾਂ ਜਾਂ ਸਰਕਾਰਾਂ ਉੱਤੇ ਹੀ ਕਿੰਤੂ ਕਰਦਾ ਹੈ ਕਿ ਫਾਲਤੂ ਖਰਚੇ ਕੀਤੇ ਜਾ ਰਹੇ ਹਨ। ਪਰ ਆਪ ਵਿਆਹਾਂ ਜਾਂ ਮਰਨੇ ਦੇ ਭੋਗਾਂ ਉੱਤੇ ਜਾਂ ਆਰਕੈਸਟਰਾ ਜਾਂ ਹੋਰ ਫੋਕੀ ਸ਼ਾਨੋ ਸ਼ੌਕਤ ਉੱਤੇ ਲੱਖਾਂ ਰੋੜ੍ਹੀ ਜਾਂਦੇ ਹਨ। ਕਦੇ ਕੋਈ ਕਿੰਤੂ ਨਹੀਂ ਕਰਦਾ। ਕਿਸੇ ਸਾਧ ਜਾਂ ਸਿਆਸੀ ਆਗੂ ਨੂੰ ਘਰ ਬੁਲਾਕੇ ਲੱਖਾਂ ਦਾ ਰੋਟੀ ਉੱਤੇ ਖਰਚਾ ਕਰਦੇ ਹਨ। ਤੁਰਨ ਲੱਗਿਆਂ ਜੇਬਾਂ ਵੀ ਗਰਮ ਕਰਦੇ ਹਨ। ਕੀਹ ਕਦੇ ਕਿਸੇ ਨੇ ਚੋਣ ਜਾਂ ਰੈਲੀ ਜਾਂ ਵਿਆਹ ਜਾਂ ਭੋਗ ਦਾ ਖਰਚਾ ਬਚਾਕੇ ਕਿਸੇ ਸਕੂਲ ਜਾਂ ਹਸਪਤਾਲ ਜਾਂ ਕਿਸੇ ਗਰੀਬ ਨੂੰ ਇਲਾਜ ਵਾਸਤੇ ਦਿੱਤਾ ਹੈ ?

             ਬਸ ਸਾਡੇ ਪੱਲੇ ਵੀ ਕਿੰਤੂ ਪ੍ਰੰਤੂ ਹੀ ਹੈ। ਬੀਤੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਉੱਤੇ ਸ੍ਰੀ ਕੇ.ਕੇ.ਸ਼ਰਮਾ ਜੀ,ਜੋ ਕਿ  ਦਿੱਲੀ ਦੇ ਵੱਡੇ ਵਿਉਪਾਰੀ ਹਨ ਨੇ ਤਕਰੀਬਨ ਇੱਕ ਕਰੋੜ ਰੁਪੈ ਦੇ ਕਰੀਬ ਪੈਸੇ ਖਰਚਕੇ ਦਰਬਾਰ ਸਾਹਿਬ ਦੀ ਸਜਾਵਟ ਕਰਵਾਈ ਹੈ। ਅਗਿਆਨੀ ਲੋਕਾਂ ਨੇ ਦਰਬਾਰ ਸਾਹਿਬ ਦੀ ਸਜਾਵਟ ਉੱਤੇ ਬਿਨ੍ਹਾਂ ਤੱਥਾਂ ਨੂੰ ਜਾਣਿਆ ਕਿੰਤੂ ਕੀਤਾ ਕਿ ਸ਼੍ਰੋਮਣੀ ਕਮੇਟੀ ਨੂੰ ਇਹ ਪੈਸੇ ਸਿਖਿਆ ਜਾਂ ਸਿਹਤ ਸੰਭਾਲ ਉੱਤੇ ਖਰਚ ਕਰਨਾ ਚਾਹੀਦਾ ਸੀ। ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਪੈਸੇ ਕਿਸ ਨੇ ਖਰਚੇ ਹਨ। ਜਦੋਂ ਕਿ ਸ੍ਰੀ ਕੇ.ਕੇ.ਸ਼ਰਮਾ ਹਰ ਸੰਗਰਾਂਦ ਦਰਬਾਰ ਸਾਹਿਬ ਆਉਂਦੇ ਹਨ ਅਤੇ ਹਮੇਸ਼ਾਂ ਹੀ ਗੁਰੂ ਰਾਮਦਾਸ ਜੀ ਦੇ ਦਰਬਾਰ ਉੱਤੇ ਸੇਵਾ ਕਰਦੇ ਹਨ। ਇਸ ਵਾਰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਉੱਤੇ ਅੱਸੀ ਕਿਸਮਾਂ ਦੇ ਫੁੱਲਾਂ ਦੇ ਟਰੱਕ ਭਰਕੇ ਲਿਆਂਦੇ ਸੀ। ਆਪ ਹੀ ਦੋ ਸੌ ਸੇਵਾਦਾਰ ਵੀ ਨਾਲ ਲੈਕੇ ਆਏ। ਆਪ ਖੁਦ ਹੀ ਸਾਰੀ ਡਿਜਾਇੰਗ ਕੀਤੀ ਹੈ। ਉਹਨਾਂ ਨੇ ਕੋਈ ਨਕਦ ਪੈਸਾ ਸ਼੍ਰੋਮਣੀ ਕਮੇਟੀ ਨੂੰ ਨਹੀਂ ਦਿੱਤਾ। ਪਰ ਕਰੋੜ ਰੁਪੈ ਦੇ ਕਰੀਬ ਪੈਸੇ ਖਰਚਕੇ ਦਰਬਾਰ ਸਾਹਿਬ ਦੀ ਸਜਾਵਟ ਕਰਵਾਈ ਹੈ। ਸ਼ਰਮਾ ਜੀ  ਬਹੁਤ ਹੀ ਸ਼ਰਧਾਵਾਨ ਹਨ। ਇਹਨਾ ਨੂੰ ਗੁਰੂ ਰਾਮਦਾਸ ਜੀ ਦੇ ਇਸ ਪਾਵਨ ਅਸਥਾਨ ਦਰਬਾਰ ਸਾਹਿਬ ਤੋਂ ਬਹੁਤ ਬਖਸ਼ਿਸ਼ਾਂ ਹੋਈਆਂ ਹਨ। ਸ੍ਰੀ ਸ਼ਰਮਾ ਨੂੰ ਤਾਂ ਇਸ ਗੱਲੋਂ ਵੀ ਬੁਰਾ ਮਹਿਸੂਸ ਹੁੰਦਾ ਕਿ ਉਹਨਾਂ ਵੱਲੋਂ ਸ਼ਰਧਾ ਨਾਲ ਕੀਤੀ ਸੇਵਾ ਦੀ ਕੋਈ ਲਿਖਤੀ ਜਾਂ ਜ਼ੁਬਾਨੀ ਸਿਫਤ ਜਾਂ ਜਿਕਰ ਹੀ ਕਿਉਂ ਕਰੇ। ਫਿਰ ਸਾਨੂੰ ਇਸ ਉੱਤੇ ਕਿੰਤੂ ਕਰਨ ਦਾ ਕੀਹ ਹੱਕ ਹੈ। ਇਹ ਕਿਸੇ ਦੀ ਸ਼ਰਧਾ ਹੈ। ਉਸ ਨੇ ਜੋ ਦਿਲ ਵਿਚ ਸੋਚਿਆ ਕਰ ਲਿਆ। ਪਰ ਇਥੇ ਵੀ ਕਸੂਰ ਸਾਡਾ ਹੀ ਹੈ। ਅਸੀਂ ਅੱਜ ਤੱਕ ਕਿਹੜਾ ਉਦਮ ਕੀਤਾ ਹੈ ਕਿ ਲੋਕਾਂ ਨੂੰ ਸਮਝਾਇਆ ਹੋਵੇ ਕਿ ਆਪਣੀ ਸ਼ਰਧਾ ਨੂੰ ਕਿਵੇਂ ਗੁਰ ਚਰਨਾਂ ਵਿਚ ਭੇਟ ਕਰਨਾ ਹੈ। ਸਾਨੂੰ ਤਾਂ ਇੱਕ ਦੂਜੇ ਦੀ ਨਿੰਦਿਆ ਕਰਨ ਤੋਂ ਹੀ ਫੁਰਸ਼ਤ ਨਹੀਂ ਮਿਲਦੀ। ਜਿਹੜਾ ਅਸੀਂ ਕਿੰਤੂ ਪ੍ਰੰਤੂ ਕਰਦੇ ਵੀ ਹਾਂ। ਇਹ ਸੁਧਾਰ ਵਾਸਤੇ ਨਹੀਂ ਕਰਦੇ। ਇਹ ਸਿਰਫ ਦੂਜਿਆਂ ਨੂੰ ਬਦਨਾਮ ਕਰਨ ਤੱਕ ਸੀਮਤ ਹੈ ਅਤੇ ਸ਼੍ਰੋਮਣੀ ਕਮੇਟੀ ਜਾਂ ਹੋਰ ਸੰਸਥਾਵਾਂ ਦਾ ਕਬਜਾ ਹਥਿਆਉਣ ਦਾ ਇੱਕ ਜਰੀਆ ਹੈ। ਕਬਜੇ ਬਦਲਿਆਂ ਸੁਧਾਰ ਨਹੀਂ ਆ ਸਕਦਾ। ਇਹ ਤਾਂ ਸੋਚ ਅਤੇ ਪ੍ਰਬੰਧ ਨੂੰ ਬਦਲਣ ਦੀ ਲੋੜ ਹੈ। ਗੁਰੂ ਦੀ ਗੋਲਕ ਦੇ ਪੈਸੇ ਨੂੰ ਗੁਰੂ ਦੀ ਅਮਾਨਤ ਸਮਝਣਾ ਚਾਹੀਦਾ ਹੈ। ਜਿਸ ਨੂੰ ਗੁਰੂ ਨੇ ਦਿੱਤਾ ਹੈ। ਉਸ ਨੂੰ ਵਾਪਿਸ ਗੁਰੂ ਨੂੰ ਦੇਣ ਦੀ ਲੋੜ ਨਹੀਂ। ਉਹ ਉਸ ਮਲਿਕ ਦੀ ਸੰਤਾਨ ਦੀ ਸੇਵਾ ਵਿਚ ਸਹੀ ਤਰੀਕੇ ਯੋਗਦਾਨ ਪਾਵੇ। ਸਾਨੂੰ ਬੇਲੋੜੇ ਕਿੰਤੂ ਪ੍ਰੰਤੂ ਕਰਕੇ ਆਪਣੀ ਸੰਸਥਾਵਾਂ ਦਾ ਜਲੂਸ ਨਹੀਂ ਕੱਢਣਾ ਚਾਹੀਦਾ ਅਤੇ ਨਾ ਹੀ ਦੁਨੀਆਂ ਦੇ ਮਜਾਕ ਦਾ ਪਾਤਰ ਬਣਨਾ ਚਾਹੀਦਾ ਹੈ। ਗੁਰੂ ਰਾਖਾ।  

ਗੁਰਿੰਦਰਪਾਲ ਸਿੰਘ ਧਨੌਲਾ

Article
SGPC
Sikhs

International