ਕੀ ਬਾਦਲਕਿਆਂ ਦਾ ਅਕਾਲ ਤਖ਼ਤ ਸਾਹਿਬ ਅਤੇ ਇਸਦੇ 'ਜਥੇਦਾਰ' ਤੋਂ ਵਿਸ਼ਵਾਸ਼ ਉਠ ਗਿਆ ਹੈ?

ਕੀ ਤਖ਼ਤ ਦਮਦਮਾ ਸਾਹਿਬ ਦਾ ਜਥੇਦਾਰ ਤੇ ਪੰਜ ਪਿਆਰੇ ਕਮੇਟੀ ਦੇ ਮੁਲਾਜ਼ਮ ਨਹੀ ਹਨ?

ਨਰਿੰਦਰ ਪਾਲ ਸਿੰਘ
ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਰਿਪੋਰਟ ਨੂੰ ਝੁਠਲਾਣ ਲਈ ਬਾਦਲ ਦਲ ਵਲੋਂ ਅਬੋਹਰ ਰੈਲੀ ਮੌਕੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ,ਪਰਕਾਸ਼ ਸਿੰਘ ਬਾਦਲ ਨੂੰ “ਬਾਦਸ਼ਾਹ-ਦਰਵੇਸ਼”ਦੇ ਲਕਬ ਨਾਲ ਸੰਬੋਧਨ ਕਰਕੇ ਪੰਥ ਪ੍ਰਸਤ ਸਿੱਖਾਂ ਦੇ ਨਿਸ਼ਾਨੇ ਤੇ ਆ ਗਏ ਸਨ।ਸ੍ਰ:ਭੂੰਦੜ ਨੇ ਬੀਤੇ ਕੱਲ੍ਹ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋ ਕੇ ਹੋਈ ਬੱਜ਼ਰ ਭੁੱਲ ਦੀ ਤਨਖਾਹ  ਲਵਾਈ।

ਸ੍ਰ:ਭੂੰਦੜ ਵਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋਣ ਨੂੰ ਲੈਕੇ ਸਿੱਖ ਹਲਕਿਆਂ ਵਿੱਚ ਇਹ ਚਰਚਾ ਸ਼ੁਰੂ ਹੋਈ ਹੈ ਕਿ ਆਖਿਰ ਸ੍ਰ:ਭੂੰਦੜ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਾਸ ਪੇਸ਼ ਕਿਉਂ ਨਹੀ ਹੋਏ ?ਕੀ ਕਾਰਣ ਸੀ ਕਿ ਤਖਤ ਸਾਹਿਬ ਦੀ ਸਥਾਪਿਤ ਮਰਿਆਦਾ ਨੂੰ ਤੋੜਦਿਆਂ ,ਸ਼੍ਰੋਮਣੀ ਕਮੇਟੀ ਵਲੋਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰ:ਭੂੰਦੜ ਨੂੰ ਟੈਲੀਫੂਨ ਕਰਕੇ ਸਪਸ਼ਟੀ ਕਰਨ ਦੇਣ ਲਈ ਕਿਹਾ? ਕਿਉਂਕਿ ਜਿਸ ਵੇਲੇ ਸ੍ਰ:ਭੂੰਦੜ ਆਪਣਾ ਸਪਸ਼ਟੀਕਰਨ ਦੇਣ ਲਈ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਾਮਣੇ ਪੇਸ਼ ਹੋਏ ਤਾਂ ਸਿੱਖ ਕੌਮ ਦੀ ਪੰਚ ਪ੍ਰਧਾਨੀ ਸੰਸਥਾ ਅਨੁਸਾਰ ਉਨ੍ਹਾਂ ਨਾਲ ਤਖਤ ਸਾਹਿਬ ਵਿਖੇ ਸੇਵਾ ਨਿਭਾਉਣ ਵਾਲੇ ਪੰਜ ਪਿਆਰਿਆਂ 'ਚੋਂ ਚਾਰ ਸ਼ਾਮਿਲ ਸਨ।ਜਿਕਰ ਕਰਨਾ ਬਣਦਾ ਹੈ ਕਿ  ਅਕਾਲ ਤਖਤ ਸਾਹਿਬ ਦੇ ਤਤਕਾਲੀਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਵਲੋਂ ਡੇਰਾ ਸਿਰਸਾ ਮੁਖੀ ਨੂੰ ਪਹਿਲਾਂ 24 ਸਤੰਬਰ  2015 ਨੂੰ ਬਿਨਮੰਗੀ ਮੁਆਫੀ ਦਿੱਤੀ ਗਈ ਤੇ ਫਿਰ ਕੌਮੀ ਰੋਹ ਤੇ ਰੋਸ ਅੱਗੇ ਝੁਕਦਿਆਂ ਇਹ ਫੈਸਲਾ 16ਅਕਤੂਬਰ 2015 ਨੂੰ ਵਾਪਿਸ ਲੈ ਲਿਆ ।

ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਵਾਲੇ ਪੰਜ ਪਿਆਰੇ ਸਿੰਘਾਂ ਨੇ ਗਿਆਨੀ ਗੁਰਬਚਨ ਸਿੰਘ ,ਗਿਆਨੀ ਮਲ੍ਹੱ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਨੂੰ ਆਪਣਾ ਪੱਖ ਸਪਸ਼ਟ ਕਰਨ ਹਿੱਤ ਕਿਹਾ ਗਿਆ ਸੀ ।ਪ੍ਰੰਤੂ ਇਹ ਤਿੰਨੋ ਹੀ ਜਥੇਦਾਰ ਪੰਜ ਪਿਆਰੇ ਸਿੰਘਾਂ ਦਾ ਆਦੇਸ਼ ਮੰਨਣ ਤੋਂ ਆਕੀ ਹੋ ਗਏ ।ਤਤਕਾਲੀਨ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਐਲਾਨੀਆ ਕਿਹਾ ਸੀ ਕਿ ਪੰਜ ਪਿਆਰੇ ਸਿੰਘਾਂ ਦਾ ਅਧਿਕਾਰ ਖੇਤਰ ਤਾਂ ਅੰਮ੍ਰਿਤ ਸੰਚਾਰ ਕਰਨਾ ਤੇ ਨਗਰ ਕੀਰਤਨ ਦੀ ਅਗਵਾਈ ਕਰਨਾ ਹੈ।ਸ੍ਰ:ਮੱਕੜ ਇਸਤੋਂ ਵੀ ਇੱਕ ਕਦਮ ਅੱਗੇ ਵਧ ਗਏ ਜਦੋਂ ਉਨ੍ਹਾਂ ਇਹ ਕਹਿ ਦਿੱਤਾ ਕਿ ਪੰਜ ਪਿਆਰੇ ਤਾਂ ਸ਼੍ਰੋਮਣੀ ਕਮੇਟੀ ਦੇ ਤਨਖਾਹਦਾਰ ਮੁਲਾਜਮ ਹੈ ।ਕਮੇਟੀ ਦੇ ਇਸੇ ਤਰਕ ਕਾਰਣ ,ਜਥੇਦਾਰਾਂ ਦੀ ਜਵਾਬਦੇਹੀ ਕਰਨ ਵਾਲੇ ਪੰਜ ਪਿਆਰੇ ਭਾਈ ਸਤਨਾਮ  ਸਿੰਘ ਖੰਡੇਵਾਲਾ,ਭਾਈ ਸਤਨਾਮ ਸਿੰਘ ਝੱਜੀਆਂ,ਭਾਈ ਮੰਗਲ ਸਿੰਘ,ਭਾਈ ਤਰਲੋਕ ਸਿੰਘ ਨੂੰ 1ਜਨਵਰੀ 2016 ਨੂੰ ਕਮੇਟੀ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।ਜਦੋਂ ਕਿ ਪੰਜਵਾਂ ਸਿੰਘ ,ਭਾਈ ਮੇਜਰ ਸਿੰਘ 31 ਦਸੰਬਰ 2015 ਨੂੰ ਕਮੇਟੀ ਨਿਯਮਾਂ ਅਨੁਸਾਰ,ਉਮਰ ਹੱਦ ਪੂਰੀ ਹੋਣ ਕਾਰਣ ਸੇਵਾ ਮੁਕਤ ਹੋ ਗਏ ਸਨ।

ਡੇਰਾ ਸਿਰਸਾ ਮੁਖੀ ਮੁਆਫੀ ਮਾਮਲੇ ਵਿੱਚ ਜਥੇਦਾਰਾਂ ਨੂੰ ਬਾਦਲਾਂ ਵਲੋਂ ਦਿੱਤੇ ਆਦੇਸ਼ਾਂ ਦਾ ਇੰਕਸ਼ਾਫ ਕਰਨ ਵਾਲੇ ਗਿਆਨੀ ਗੁਰਮੁਖ ਸਿੰਘ ਪਾਸੋਂ ਵੀ ਕਮੇਟੀ ਨੇ ਜਥੇਦਾਰੀ ਵੀ ਖੋਹੀ ਤੇ ਤਬਾਦਲਾ ਵੀ ਕੀਤਾ।ਕੋਈ ਸਵਾ ਸਾਲ ਬਾਅਦ ਜਦੋਂ ਗਿਆਨੀ ਗੁਰਮੁਖ ਸਿੰਘ ਨੂੰ ਮੁੜ ਅਕਾਲ ਤਖਤ ਸਾਹਿਬ ਦਾ ਮੁਖ ਗ੍ਰੰਥੀ ਲਗਾਇਆ ਗਿਆ ਤਾਂ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਸੀ ਕਿ ਗਿਆਨੀ ਗੁਰਮੁਖ ਸਿੰਘ ਤਾਂ ਕਮੇਟੀ ਦਾ ਮੁਲਾਜਮ ਹੈ ।ਉਸਦੀ ਬਦਲੀ ਬਤੌਰ ਮੁਲਾਜਮ ਕੀਤੀ ਗਈ ਹੈ ।ਹੁਣ ਜਦੋਂ ਬਾਦਲ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਆਪਣੀ ਕੀਤੀ ਭੁੱਲ ਲਈ ਗਿਆਨੀ ਹਰਪ੍ਰੀਤ ਸਿੰਘ ਤੇ ਤਖਤ ਦਮਦਮਾ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਦੇ ਸਨਮੁਖ ਪੇਸ਼ ਹੋਏ ਹਨ ਤੇ ਤਨਖਾਹ ਵੀ ਲਵਾਈ ਹੈ ।ਤਾਂ ਸਵਾਲ  ਪੈਦਾ ਹੁੰਦਾ ਹੈ ਕਿ ਕੀ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਤੇ ਪੰਜ ਪਿਆਰੇ ਸਿੰਘ ,ਸ਼੍ਰੋਮਣੀ ਕਮੇਟੀ ਦੇ ਤਨਖਾਹਦਾਰ ਮੁਲਾਜਮ ਨਹੀ ਹਨ?

ਲੇਕਿਨ ਇਸ ਤੋਂ ਵੀ ਅਹਿਮ ਹੈ ਸਿੱਖ ਕੌਮ ਦੇ ਸਤਿਕਾਰਤ ਤਖਤ ਸਾਹਿਬਾਨ ਦੇ ਜਥੇਦਾਰਾਂ ਦੇ ਅਧਿਕਾਰ ਖੇਤਰ ਦਾ ਸਵਾਲ ।ਸਥਾਪਿਤ ਪ੍ਰੰਪਰਾ ਅਨੁਸਾਰ ਤਖਤ ਸਾਹਿਬਾਨ ਆਪਣੇ ਇਲਾਕੇ ਨਾਲ ਜੁੜੇ ਖੇਤਰੀ ਮਸਲਿਆਂ ਦੇ ਹੱਲ ਲਈ ਹੀ ਫੈਸਲੇ ਲੈ ਸਕਦੇ ਹਨ।ਕੌਮੀ ਮਸਲਿਆਂ  ਦੀ ਸੁਣਵਾਈ ਤੇ ਫੈਸਲੇ ਅਕਾਲ ਤਖਤ ਸਾਹਿਬ ਵਿਖੇ ਹੀ ਸੁਣੇ ਜਾ ਸਕਦੇ ਹਨ।ਲੇਕਿਨ ਇਸ ਸਭਦੇ ਬਾਵਜੂਦ ਬਾਦਲ ਦਲ ਦੇ ਸੀਨੀਅਰ ਆਗੂ ਤਖਤ ਦਮਦਮਾ ਸਾਹਿਬ ਪੇਸ਼ ਹੋਏ ।ਜਿਥੋਂ ਤੀਕ ਸਵਾਲ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ੍ਰ:ਭੂੰਦੜ ਪਾਸੋਂ ਟੈਲੀਫੂਨ ਤੇ ਸਪਸ਼ਟੀਕਰਨ ਮੰਗਣ  ਦਾ ਹੈ ।ਗਿਆਨੀ ਜੀ ਨੇ ਇਹ ਮਾਮਲਾ ਅਕਾਲ ਤਖਤ ਸਾਹਿਬ ਵੱਲ ਕਿਉਂ ਨਹੀ ਭੇਜਿਆ।ਕੀ ਬਾਦਲ ਦਲ ਆਗੂਆਂ ਦਾ ਵਾਕਿਆ ਹੀ ਅਕਾਲ ਤਖਤ ਤੇ ਇਸਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਵਿਸ਼ਵਾਸ਼ ਉਠ ਗਿਆ ਹੈ?ਇਹ ਚਰਚਾ ਸਿੱਖ ਹਲਕਿਆਂ ਵਿੱਚ ਜੋਰਾਂ ਤੇ ਹੈ।

Unusual
Article
Parkash Singh Badal
Sikhs
Jathedar

International