ਬਾਦਲਕਿਆਂ ਦਾ ਹੰਕਾਰ ਪੰਜਾਬ ਨੂੰ ਲਾਂਬੂ ਲਾਏਗਾ ?

ਜਸਪਾਲ ਸਿੰਘ ਹੇਰਾਂ
ਸਭ ਤੋਂ ਪਹਿਲਾਂ ਅਸੀਂ ਬਰਗਾੜੀ ਇਨਸਾਫ਼ ਮੋਰਚੇ ਦੇ ਪ੍ਰਬੰਧਕਾਂ ਅਤੇ ਇਨਾਸਫ਼ ਮੋਰਚੇ ਵਿੱਚ ਹਿੱਸਾ ਲੈ ਰਹੀਆਂ ਸੰਗਤਾਂ ਨੂੰ ਇਕ ਵਾਰ ਇਹ ਸਾਫ਼ ਕਰ ਦੇਈਏ ਕਿ ਪੰਜਾਬ ਦੀ ਕੈਪਟਨ ਸਰਕਾਰ ਬਰਗਾੜੀ ਮੋਰਚੇ ਪ੍ਰਤੀ ਮਨੋ ਸਾਫ਼ ਨਹੀਂ। ਉਹ ਇਸ ਮੋਰਚੇ ਰਾਹੀਂ ਇਕੋਂ ਤੀਰ ਨਾਲ ਦੋ ਨਿਸ਼ਾਨੇ ਕਰਨ ਦੀ ਸੋਚ ਬਣਾਈ ਬੈਠੀ ਹੈ। ਬਾਦਲਾਂ ਨੂੰ ਵੱਧ ਤੋਂ ਵੱਧ ਬਦਨਾਮ, ਪ੍ਰੰਤੂ ਬਰਾਗੜੀ ਮੋਰਚੇ ਦੀ ਕਿਸੇ ਮੰਗ ਨੂੰ ਪੂਰਾ ਨਾ ਕਰਨਾ ਤੇ ਉਤੋਂ-ਉੱਤੋਂ ਵਿਖਾਵਾ ਕਰਨਾ ਕਿ ਕੈਪਟਨ ਸਰਕਾਰ ਮੰਗਾਂ ਦੀ ਪੂਰਤੀ ਲਈ ਸੁਹਿਰਦ ਹੈ। ਪ੍ਰੰਤੂ ਹਕੀਕੀ ਰੂਪਾਂ 'ਚ ਮੰਗਾਂ ਦੀ ਪੂਰਤੀ ਦੇ ਰਾਹ 'ਚ ਕਾਨੂੰਨੀ ਅੜਚਨਾਂ ਖੜ੍ਹੀਆਂ ਕਰਕੇ ਖ਼ੁਦ ਨੂੰ ''ਸਰਕਾਰ ਹੁਣ ਕੀ ਕਰ ਸਕਦੀ ਹੈ, ਮਾਮਲਾ ਅਦਾਲਤ ਦਾ ਹੋ ਗਿਆ ਹੈ।'' ਬਰੀ ਰਹਿਣਾ ਚਾਹੁੰਦੀ ਹੈ। ਖੈਰ! ਅੱਜ ਅਸੀਂ ਬਾਦਲਾਂ ਵੱਲੋਂ 16ਦੀ ਫ਼ਰੀਦਕੋਟ ਰੈਲੀ ਲਈ ਹਾਈਕੋਰਟ ਤੋਂ ਰੈਲੀ ਕਰਨ ਦੇ ਹੁਕਮ ਪ੍ਰਾਪਤ ਕਰ ਲੈਣ ਬਾਰੇ ਆਪਣੀ ਕੌਮ ਨਾਲ ਵਿਚਾਰ ਵਟਾਂਦਰਾ ਕਰਨ ਜਾ ਰਹੇ ਹਾਂ। ਕਹਿੰਦੇ ਹਨ ਜਦੋਂ ਕੋਈ ਹੰਕਾਰੀ ਹੋ ਜਾਵੇ ਜਾਂ ਹੰਕਾਰ ਕਿਸੇ ਦੇ ਸਿਰ ਚੜ੍ਹ ਕੇ ਬੋਲਣ ਲੱਗ ਪਵੇ ਤਾਂ ਤਬਾਹੀ ਯਕੀਨੀ ਹੈ। ਬਾਦਲ ਲਾਣਾ, ਬੇਅਦਬੀ ਕਾਂਡ 'ਤੇ ਬੁਰੀ ਤਰ੍ਹਾਂ ਫੱਸ ਚੁੱਕਾ ਹੈ। ਉਸ ਲਈ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ। ਉਹ ਬਰਗਾੜੀ ਮੋਰਚੇ ਨੂੰ ਕਾਂਗਰਸੀ ਮੋਰਚਾ ਪ੍ਰਚਾਰ ਕੇ ਮੋਰਚੇ ਨੂੰ ਬਦਨਾਮ ਕਰਨ ਦੇ ਨਾਲ-ਨਾਲ ਕੌਮ 'ਚ ਟਕਰਾਅ ਵੀ ਪੈਦਾ ਕਰਨਾ ਚਾਹੁੰਦਾ ਹੈ ਤਾਂ ਕਿ ਅਮਨ-ਚੈਨ ਦੇ ਨਾਮ ਤੇ ਕੈਪਟਨ ਸਰਕਾਰ ਨੂੰ 'ਬੈਕ-ਫੁੱਟ ਤੇ ਜਾਣ ਲਈ ਮਜ਼ਬੂਰ ਕੀਤਾ ਜਾ ਸਕੇ।

ਬਰਗਾੜੀ ਮੋਰਚੇ ਦੀਆਂ ਧਿਰਾਂ ਜੇ ਬਾਦਲਕਿਆਂ ਦੀ ਰੈਲੀ ਦਾ ਵਿਰੋਧ ਕਰਦੀਆਂ ਹਨ ਤਾਂ ਸਰਕਾਰ ਨੂੰ ਉਹਨਾਂ ਵਿਰੁੱਧ ਸਖ਼ਤੀ ਵਰਤਣ ਲਈ ਵੀ ਮਜ਼ਬੂਰ ਕੀਤਾ ਜਾਵੇ। ਬਾਦਲਕਿਆਂ ਨੂੰ ਹੁਣ ਕੌਣ ਸਮਝਾਵੇ ਕਿ ਬਾਦਲਕਿਆਂ ਦਾ ਵਿਰੋਧ ਕਿਸੇ ਵਿਸ਼ੇਸ਼ ਧਿਰ ਦੇ ਯਤਨਾਂ ਕਾਰਣ ਨਹੀਂ ਹੋ ਰਿਹਾ। ਇਹ ਸਿੱਖ ਕੌਮ ਦੇ ਜ਼ਜ਼ਬਾਤਾਂ, ਭਾਵਨਾਵਾਂ 'ਚੋਂ ਨਿਕਲਿਆ ਵਿਰੋਧ ਹੈ। ਇਸ ਪਿੱਛੇ ਕੋਈ ਰਾਜਸੀ ਲਾਹਾ ਕੰਮ ਨਹੀਂ ਕਰ ਰਿਹਾ, ਸਿਰਫ਼ ਤੇ ਸਿਰਫ਼ ਕੌਮ ਦੇ ਜ਼ਜ਼ਬੇ, ਜਜ਼ਬਾਤ ਹਨ। ਇਹਨਾਂ ਨੂੰ ਕੋਈ ਕਿਵੇਂ ਦਬਾਅ ਦੇਵੇਗਾ। ਇਹ ਪਰਵਾਨੇ ਹਨ। ਗੋਲੀਆਂ, ਲਾਠੀਆਂ, ਅੱਥਰੂ ਗੈਸ ਤੋਂ ਡਰਨ ਵਾਲੀਆਂ ਧਿਰਾਂ ਨਹੀਂ। ਆਪਣੇ ਹੰਕਾਰ ਨਾਲ ਬਾਦਲਕੇ, ਕੌਮ ਦੇ ਜਜ਼ਬਾਤਾਂ ਨੂੰ ਹੋਰ ਭੜਕਾ ਰਹੇ ਹਨ। ਬਾਦਲਕਿਆਂ ਵਿਰੁੱਧ ਰੋਸ, ਗੁਰੂ ਦੀ ਬੇਅਦਬੀ ਕਾਰਣ ਹੈ। ਫ਼ਿਰ ਇਸ ਵਿਰੋਧ ਨੂੰ ਰਾਜਸੀ ਰੰਗਤ ਕਿਵੇਂ ਦਿੱਤੀ ਜਾ ਸਕਦੀ ਹੈ। ਟਕਰਾਅ, ਇਸ ਸਮੇਂ ਬਾਰੂਦ ਦੇ ਢੇਰ ਨੂੰ ਪਲੀਤੀ ਲਾਉਣ ਦਾ ਸਬੱਬ ਬਣੇਗਾ। ਬਾਦਲਕਿਆਂ ਨੇ 16 ਸਤੰਬਰ ਦੀ ਰੱਦ ਕੀਤੀ ਰੈਲੀ ਨੂੰ 16 ਨੂੰ ਹੀ ਕਰਨ ਦੀ ਹਾਈਕੋਰਟ ਤੋਂ ਆਗਿਆ ਲੈਕੇ, ਲੜਾਈ ਨੂੰ ਜਾਣ-ਬੁਝ ਕੇ ਸਰਕਾਰ ਬਨਾਮ ਬਾਦਲਕੇ ਦੀ ਥਾਂ ਬਾਦਲਕੇ ਬਨਾਮ ਪੰਥਕ ਧਿਰਾਂ ਬਣਾ ਲਿਆ ਹੈ।

ਕੌਮ ਨੂੰ ਚੈਲਿੰਜ ਕਰਕੇ ਬਾਦਲਕੇ ਹੋਰ ਵੀ ਅਕ੍ਰਿਤਘਣ ਅਤੇ ਗ਼ਦਾਰ ਸਾਬਤ ਹੋ ਗਏ ਹਨ। ਆਖ਼ਰ ਰੈਲੀ ਕਰਕੇ, ਉਹ ਵਿਖਾਉਣਾ ਕੀ ਚਾਹੁੰਦੇ ਹਨ? ਕੀ ਸਿੱਖ ਕੌਮ ਬੇਅਦਬੀ ਕਾਂਡ ਦੀ ਥਾਂ ਬਾਦਲਕਿਆਂ ਨਾਲ ਖੜੀ ਹੈ? ਸੌਦਾ ਸਾਧ ਦੇ ਚੇਲਿਆਂ ਨਾਲ ਸਾਠ-ਗਾਂਠ ਕਰਕੇ ਕੀ ਕੌਮ ਨੂੰ ਦਬਾਇਆ ਜਾ ਸਕਦਾ ਹੈ। ਹੁਣ ਜਦੋਂ ਬਾਦਲਕਿਆਂ ਦੇ ਸਾਰੇ ਮਖੌਟੇ ਲਹਿ ਚੁੱਕੇ ਹਨ। ਫ਼ਿਰ ਕਿਹੜਾ ਪੰਥ ਦਰਦੀ, ਉਹਨਾਂ ਦੇ ਮੱਗਰਮੱਛ ਦੇ ਹੰਝੂਆ ਤੇ ਭਰੋਸਾ ਕਰੇਗਾ? 1 ਜੂਨ 2015 ਤੋਂ ਮਾਰਚ 2017 ਤੱਕ ਬਾਦਲ ਸਰਕਾਰ ਨੇ ਕੀ ਕੀਤਾ? ਕੀ ਬਾਦਲਕੇ ਇਸ ਦਾ ਜਵਾਬ, ਕੌਮ ਨੂੰ ਦੇ ਸਕਣਗੇ? ਅਸੀਂ ਜਿਵੇਂ ਉੱਪਰ ਲਿਖਿਆ ਹੈ ਕਿ ਸਿੱਖ ਪੰਥ ਇਕੱਲਾ ਹੈ, ਸ਼ਿਕਾਰੀ ਬਹੁਤ ਹਨ ਤੇ ਉਹਨਾਂ ਦੀ ਸਿੱਖ ਪੰਥ ਦਾ ਸ਼ਿਕਾਰ ਕਰਨ ਲਈ ਅੰਦਰੋ-ਅੰਦਰੀ ਸੀਟ ਵੀ ਰਲੀ ਹੋਈ ਹੈ। ਅਸੀਂ ਪੰਥਕ ਧਿਰਾਂ ਨੂੰ ਸੁਚੇਤ ਕਰਨਾ ਆਪਣਾ ਫ਼ਰਜ਼ ਸਮਝਦੇ ਹਾਂ ਕਿ ਜਿਵੇਂ ਚਾਹੇ ਖਰਬੂਜ਼ਾ ਛੁਰੀ ਤੇ ਡਿੱਗੇ ਤੇ ਚਾਹੇ ਛੁਰੀ ਖਰਬੂਜ਼ੇ ਤੇ ਡਿੱਗੇ, ਢਿੱਡ ਤਾਂ ਖਰਬੂਜ਼ੇ ਦਾ ਹੀ ਪਾਟਨਾ ਹੁੰਦਾ ਹੈ। ਮੋਦੀਕੇ, ਬਾਦਲਕੇ, ਰਾਹੁਲ ਕੇ ਸਾਰਿਆਂ ਦੀ ਸੁਰ ਖ਼ਾਲਸਾ ਪੰਥ ਦੇ ਖ਼ਾਤਮੇ ਲਈ ਇੱਕੋਂ ਹੈ।  ਇਸ ਲਈ ਕਿਸੇ ਤੇ ਭਰੋਸਾ ਨਹੀਂ ਕਰਨਾ। ਭਰੋਸਾ  ਜੇ ਕਰਨਾ ਹੈ ਤਾਂ ਕੌਮ ਦੇ ਏਕੇ ਤੇ ਕਰੋ। ਵੈਰੀਆਂ ਨਾਲ ਟੱਕਰ ਲਈ ਓਹ ਹੀ ਇਕੋ-ਇੱਕ ਬ੍ਰਹਮ ਅਸਤਰ ਹੈ।

Editorial
Jaspal Singh Heran

International