ਪਰਿਵਾਰ ਵੱਲ ਉਠੀਆਂ ਉਂਗਲਾਂ ਕਾਰਣ ਚੁੱਪ ਤੋੜਨਗੇ ਗਿਆਨੀ ਗੁਰਬਚਨ ਸਿੰਘ?

ਨਰਿੰਦਰ ਪਾਲ ਸਿੰਘ
ਗੁਰ ਸਿਧਾਂਤਾਂ ਤੇ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਣ ਦੇ ਦੋਸ਼ਾਂ ਵਿੱਚ ਘਿਰੇ ਗਿਆਨੀ ਗੁਰਬਚਨ ਸਿੰਘ ਨੇ ਬੀਤੇ ਕਲ੍ਹ ਐਲਾਨ ਕੀਤਾ ਸੀ  ਕਿ ਉਹ ਸਮਾਂ ਆਣ ਤੇ ਹਰ ਸਵਾਲ ਦਾ ਤੱਥਾਂ ਸਹਿਤ ਜਵਾਬ ਦੇਣਗੇ ।ਅਕਤੂਬਰ 2009 ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਿਲਗੋਭਾ ਬਨਾਉਣ ਦੀ ਕੋਸ਼ਿਸ਼ਾਂ ਦੀ ਸ਼ੁਰੂਆਤ ਕਰਨ ਤੋਂ ਲੈਕੇ ਸਤੰਬਰ 2015 ਵਿੱਚ ਗੁਰੂ ਦੋਖੀ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਬਿਨ ਮੰਗੀ ਮੁਆਫੀ  ਤੋਂ ਇਲਾਵਾ ਬਾਦਲਾਂ ਦੇ ਰਾਜਭਾਗ ਦੌਰਾਨ ਸਰਕਾਰੀ ਤੰਤਰ ਵਲੋਂ ਅੰਜ਼ਾਮ  ਦਿੱਤੇ ਗਏ ਸਿੱਖਾਂ ਦੇ ਕਤਲੇਆਮ ਸਬੰਧੀ ਚੁੱਪ ਰਹਿਣ ਵਾਲੇ ਗਿਆਨੀ ਗੁਰਬਚਨ ਸਿੰਘ ,ਆਖਿਰ ਕਿਹੜੀ ਅਜੇਹੀ ਗਿੱਦੜ ਸਿੰਗੀ ਲੈਕੇ ਸਾਹਮਣੇ ਆ ਰਹੇ ਹਨ ਕਿ ਉਹ ਖੁਦ ਨੂੰ ਲੱਗੇ ਦੋਸ਼ਾਂ ਤੋਂ ਪਾਕਿ ਦਾਮਨ ਬਰੀ ਕਰ ਲੈਣਗੇ?ਆਪਣੇ ਹਰ ਸੰਗਤੀ ਸੰਬੋਧਨ ਦੌਰਾਨ ਕੌਮੀ ਏਕਤਾ ਤੇ ਇਕਜੁਟਤਾ ਦੀ ਖਾਹਿਸ਼ ਪ੍ਰਗਟਾਉਣ ਤੇ ਸੰਦੇਸ਼ ਦੇਣ ਵਾਲੇ ਗਿਆਨੀ ਜੀ ਕੀ ਇਸ ਦੋਸ਼ ਤੋਂ ਵੀ ਮੁਕਤ ਹੋ ਜਾਣਗੇ ਕਿ ਉਹ ਜਿਹੜੇ ਦੋਸ਼ਾਂ ਦਾ ਜਵਾਬ ਦੇਣ ਲਈ ਤਤਪਰ ਨਜਰ ਆਏ ਹਨ ਉਹ ਉਨ੍ਹਾਂ ਦੇ ਆਪਣੇ ਪ੍ਰੀਵਾਰ ਨਾਲ ਸਬੰਧਤ ਹਨ?ਇਹ ਚਰਚਾ ਪੰਥਕ ਹਲਕਿਆਂ ਵਿੱਚ ਆਮ ਸੁਣੀ ਜਾ ਰਹੀ ਹੈ।ਚਰਚਾ ਤਾਂ ਇਹ ਵੀ ਹੈ ਗਿਆਨੀ ਗੁਰਬਚਨ ਸਿੰਘ ਦਰਪੇਸ਼ ਸਵਾਲਾਂ ਤੇ ਖੁਦ ਉਪਰ ਉਠ ਰਹੀਆਂ ਉਂਗਲਾਂ ਦਾ ਜਵਾਬ ਵੀ ਆਪਣੇ ਸਿਆਸੀ ਮਾਲਕਾਂ ਨੂੰ ਖੁਸ਼ ਕਰਨ ਲਈ ਦੇ ਰਹੇ ਹਨ।ਜਿਥੋਂ ਤੀਕ ਸਾਲ 2009 ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸੋਧਾਂ ਦੇ ਨਾਮ ਹੇਠ ਮਿਲਗੋਭਾ ਕੈਲੰਡਰ ਬਨਾਉਣ ਦੀਆਂ ਕੋਸ਼ਿਸ਼ਾਂ ਦਾ ਹੈ।

ਗਿਆਨੀ ਗੁਰਬਚਨ ਸਿੰਘ ਇਨ੍ਹਾਂ ਕੋਸ਼ਿਸ਼ਾਂ ਤੋਂ ਉਦੋਂ ਤੀਕ ਇਨਕਾਰ ਕਰਦੇ ਰਹੇ ਹਨ ਜਦ ਤੀਕ ਜਨਵਰੀ 2010 ਵਿੱਚ ਸਭ ਕੁਝ ਸਾਹਮਣੇ ਨਹੀ ਆ ਗਿਆ ਤੇ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਨਾਲ ਸਬੰਧਤ ਦਿਹਾੜੇ ਮਨਾਉਣ ਦੇ ਮੁੱਦੇ ਤੇ ਵੀ ਕੌਮ ਪੂਰੀ ਤਰ੍ਹਾਂ ਦੋ ਫਾੜ ਨਹੀ ਹੋ ਗਈ ।ਇਨ੍ਹਾਂ ਦੋਸ਼ਾਂ ਤੋਂ ਵੀ ਗਿਆਨੀ ਗੁਰਬਚਨ ਸਿੰਘ ਹਰਗਿਜ਼  ਦੋਸ਼ ਮੁਕਤ ਨਹੀ ਹੋ ਸਕਣਗੇ ਕਿ ਉਨ੍ਹਾਂ ਨੇ ਭਾਈ ਜਸਪਾਲ ਸਿੰਘ ਸਿਧਵਾਂ ਚੌੜ ਦੀ ਪੁਲਿਸ ਗੋਲੀ ਨਾਲ ਹੋਈ ਮੌਤ ਲਈ ਪੀੜਤ ਪ੍ਰੀਵਾਰ ਨੂੰ ਇਨਸਾਫ ਦਾ ਯਕੀਨ ਦਿਵਾਇਆ ਸੀ ਜੋ 6 ਸਾਲ ਬੀਤ ਜਾਣ ਤੇ ਵੀ ਕਿਧਰੇ ਨਜਰ ਨਹੀਂ ਆ ਰਿਹਾ।ਸਤੰਬਰ 2015 ਵਿੱਚ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ਨੂੰ ਲੈਕੇ ਗਿਆਨੀ ਜੀ ਨੂੰ ਸਵਾਲ ਕਰਨ ਵਾਲਾ ਕੋਈ ਹੋਰ ਨਹੀ ਬਲਕਿ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਸੀ ।ਜਿਨ੍ਹਾਂ ਦੇ ਜਵਾਬ ਗਿਆਨੀ ਗੁਰਬਚਨ ਸਿੰਘ ਨੇ ਤਿੰਨ ਸਾਲਾਂ ਦੌਰਾਨ ਕਦੇ ਦੇਣੇ ਜਰੂਰੀ ਨਹੀ ਸਮਝੇ ।ਬਰਗਾੜੀ ਵਿਖੇ ਗੁਰੂ ਗ੍ਰੰਥ  ਸਾਹਿਬ ਦੇ ਨਿਰਾਦਰ ਦੀਆਂ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੇ ਮਾਮਲੇ ਵਿੱਚ ਵੀ ਖਾਮੋਸ਼ ਰਹੇ ਹਨ ।ਇਨਸਾਫ ਮੰਗ ਕਾਰਣ ਪੁਲਿਸ ਗੋਲੀ ਨਾਲ ਮਾਰੇ ਗਏ ਦੋ ਸਿੱਖਾਂ ਦੇ ਪਰੀਵਾਰਾਂ ਨਾਲ ਹਮਦਰਦੀ ਪ੍ਰਗਟਾਉਣ ਦੀ ਹਿੰਮਤ ਗਿਆਨੀ ਗੁਰਬਚਨ ਸਿੰਘ ਅੱਜ ਤੀਕ ਵੀ ਨਹੀ ਜੁਟਾ ਸਕੇ ।ਜਿਕਰ ਕਰਨਾ ਬਣਦਾ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਤੇ 28 ਅਗਸਤ ਨੂੰ ਹੋਈ ਬਹਿਸ ਦੌਰਾਨ ਹੀ ਗਿਆਨੀ ਗੁਰਬਚਨ ਸਿੰਘ ਦੇ ਪੁਤਰ ਦੇ ਕਾਰੋਬਾਰ ਬਾਰੇ ਦੋਸ਼ ਇਕ ਵਿਧਾਇਕ ਨੇ ਲਾਏ ਸਨ ।ਜਿਨ੍ਹਾਂ ਨੂੰ ਆਮ ਸਿੱਖਾਂ ਨੇ ਵੀ ਸ਼ੱਕ ਦੀ ਨਿਗਾਹ ਨਾਲ ਵੇਖਿਆ ਪ੍ਰੰਤੂ 18-19 ਦਿਨ ਬੀਤ ਜਾਣ ਤੇ ਵੀ ਕਿਸੇ ਨੂੰ ਕੋਈ ਜਵਾਬ ਨਹੀ ਦਿਤਾ ਗਿਆ ।ਹਾਂ ਇਹ ਜਰੂਰ ਹੈ ਕਿ ਗਿਆਨੀ ਜੀ ਨੇ ਇਸ ਸਮੇਂ ਦੌਰਾਨ ਸੂਬੇ ਤੋਂ ਬਾਹਰਲੀਆਂ ਕੁਝ ਧਾਰਮਿਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਕੀਤੀ ਹੈ।ਉਨ੍ਹਾਂ ਦੀ ਗੈਰ ਹਾਜਰੀ ਵਿੱਚ ਹੀ ਬਾਦਲ ਦਲ ਆਗੂ ਬਲਵਿੰਦਰ ਸਿੰਘ ਭੂੰਦੜ ਵਲੋਂ ਸਾਬਕਾ ਮੁਖ ਮੰਤਰੀ ਲਈ ਸ਼ਬਦ ਬਾਦਸ਼ਾਹ ਦਰਵੇਸ਼ ਦੀ ਵਰਤੋਂ ਕਰਨ ਦਾ ਮਾਮਲਾ ਸਾਮਣੇ ਆਇਆ।ਤੇ ਫਿਰ ਉਹ ਵੀ ਸਮਾਂ ਆਇਆ ਜਦੋਂ ਸ੍ਰ:ਭੂੰਦੜ ਅਕਾਲ ਤਖਤ  ਸਾਹਿਬ ਦੀ ਬਜਾਏ ਤਖਤ ਦਮਦਮਾ ਸਾਹਿਬ ਪੇਸ਼ ਹੋਏ ਤੇ ਬਣਦੀ ਤਨਖਾਹ ਲਵਾਕੇ ਸੁਰਖਰੂ ਹੋ ਗਏ ।

ਹੁਣ ਗਆਨੀ ਗੁਰਬਚਨ ਸਿੰਘ ਕਹਿ ਰਹੇ ਹਨ ਕਿ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਇੱਕਤਰਤਾ ਵਿੱਚ ਵਿਚਾਰਿਆ ਜਾਵੇਗਾ।ਹਕੀਕਤ ਤਾਂ ਇਹ ਵੀ ਸਾਹਮਣੇ ਆ ਰਹੀ ਹੈ ਕਿ ਭੂੰਦੜ ਦੀ ਤਲਵੰਡੀ ਸਾਬੋ ਤਖਤ ਤੇ ਪੇਸ਼ੀ ਲਈ ਅੱਗੇ ਆਏ ਸ਼੍ਰੋਮਣੀ ਕਮੇਟੀ ਮੈਂਬਰ ਤੇ ਬਾਦਲ ਦਲ ਆਗੂ ਹੀ ਦੋਸ਼ ਲਾ ਰਹੇ ਹਨ ਕਿ ਜਦੋਂ ਅਕਾਲ ਤਖਤ ਤੇ ਕੋਈ ਸੁਨਣ ਵਾਲਾ ਹੀ ਨਹੀ ਸੀ ਤਾਂ ਉਹ ਕੀ ਕਰਦੇ ?ਦਲ ਨੂੰ ਦਰਪੇਸ਼ ਮੁਸ਼ਕਿਲਾਂ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇ ਨਜਰ ਉਹ ਆਪਣੇ ਸੀਨੀਅਰ ਆਗੂ ਉਪਰ ਲਗ ਰਹੇ ਦੋਸ਼ਾਂ ਨੂੰ ਧੋਣ ਲਈ ਯਤਨ ਨਾ ਕਰਦੇ ?ਸਭਤੋਂ ਅਹਿਮ ਸਵਾਲ ਹੈ ਕਿ ਗਿਆਨੀ ਜੀ ਦੀ ਗੈਰ ਹਾਜਰੀ ਕਾਰਨ ਜੋ ਪ੍ਰੰਪਰਾ (ਕੌਮੀ ਮਸਲਿਆਂ ਦੇ ਹੱਲ )ਅਕਾਲ ਤਖਤ ਦੀ ਬਜਾਏ ਤਖਤ ਦਮਦਮਾ ਸਾਹਿਬ ਉਪਰ ਵਿਚਾਰੇ ਜਾਣ ਦੀ ਸ਼ੁਰੂ ਹੋਈ ਹੈ ਉਸ ਦਾ ਜਵਾਬ ਵੀ ਦੇ ਸਕਣਗੇ ? ਇਸ ਵਿੱਚ ਕੋਈ ਦੋ ਰਾਵਾਂ ਨਹੀ ਹਨ ਕਿ ਗਿਆਨੀ ਜੀ ਉਪਰ ਆਪਣੇ ਸਿਆਸੀ ਮਾਲਕਾਂ ਦੀ ਇੱਛਾ ਪੂਰਤੀ ਲਈ ਕੀਤੇ ਫੈਸਲਿਆਂ ਦੇ ਦੋਸ਼ ਹਮੇਸ਼ਾ ਲਗਦੇ ਰਹੇ ਤੇ ਉਹ ਦਰਪੇਸ਼ ਕੌਮੀ ਮਸਲਿਆਂ ਪ੍ਰਤੀ ਜਵਾਬ ਦੇਣ ਦੀ ਬਜਾਏ ਟਾਲ ਮਟੋਲ ਦੀ ਨੀਤੀ ਤੇ ਚਲਦੇ ਰਹੇ ਹਨ ।ਆਉਣ ਵਾਲੇ ਦਿਨ੍ਹਾਂ ਵਿੱਚ ਗਿਆਨੀ ਗੁਰਬਚਨ ਸਿੰਘ ਆਪਣੇ ਉਪਰ ਲਗ ਰਹੇ ਕਿਹੜੇ ਕਿਹੜੇ ਦੋਸ਼ਾਂ ਦਾ ਜਵਾਬ ਸੰਗਤ ਸਾਹਮਣੇ ਰੱਖਣਗੇ ,ਇਹ ਤਾਂ ਸਮਾਂ ਹੀ ਦਸਣਗੇ ਲੇਕਿਨ ਇਹ ਜਰੂਰ ਮੰਨਿਆ ਜਾਵੇਗਾ ਕਿ ਗਿਆਨੀ ਗੁਰਬਚਨ ਸਿੰਘ ਉਸ ਵੇਲੇ ਹੀ ਬੋਲੇ ਜਦੋਂ ਉਂਗਲਾਂ ਉਨ੍ਹਾਂ ਦੇ ਪ੍ਰੀਵਾਰ ਵੱਲ ਉਠੀਆਂ ਹਨ?

Unusual
Article
Giani Gurbachan Singh
Sikhs

International