ਬਾਦਲ ਬਨਾਮ ਕੁਰਬਾਨੀ...

ਦੁਨੀਆਂ ਤਾਂ ਕਹਿੰਦੀ ਹੈ ਕਿ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ, ਝੂਠ ਵਾਰ-ਵਾਰ ਨਹੀਂ ਬੋਲਿਆ ਜਾਂਦਾ ਹੈ, ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ, ਪਰ ਪੰਜਾਬ ਦਾ ਬਜ਼ੁਰਗ, ਘਾਗ ਸਿਆਸਤਦਾਨ 93 ਸਾਲ ਦੀ ਉਮਰ ਵਿੱਚ ਵੀ ਕਹਿੰਦਾ ਹੈ ਕਿ ਤੁਹਾਨੂੰ ਮਕਾਰੀ ਆਉਂਦੀ ਹੋਵੇ ,ਫਿਰ ਜਿੰਨੇ ਵਾਰੀ ਮਰਜ਼ੀ ਝੂਠ ਬੋਲੀ ਜਾਓ, ਲੋਕਾਂ ਨੂੰ ਗੁੰਮਰਾਹ ਕਰੀ ਜਾਓ, ਕੋਈ ਫ਼ਰਕ ਨਹੀਂ ਪੈਂਦਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਵਾਲਾ ਬਾਦਲ ਆਖ ਰਿਹਾ ਹੈ ਕਿ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹੈ। ਕੁਰਬਾਨੀ ਕਿਸ ਗੱਲ ਲਈ ਦੇਣੀ ਹੈ? ਕੁਰਬਾਨੀ ਦੇਣੀ ਸੀ ਤਾਂ ਲੰਗੜੇ ਪੰਜਾਬੀ ਸੂਬੇ ਨੂੰ ਮੁਕੰਮਲ ਸੂਬਾ ਬਣਾਉੁਣ ਲਈ ਕੁਰਬਾਨੀ ਦੇਣੀ ਸੀ। ਭਾਰਤੀ ਸੰਵਿਧਾਨ ਦੀ ਧਾਰਾ 25-ਬੀ ਦੇ ਖ਼ਾਤਮੇ ਲਈ ਕੁਰਬਾਨੀ ਦੇਣੀ ਸੀ। ਪੰਜਾਬ ਦੇ, ਪੰਜਾਬੀ ਬੋਲਦੇ ਇਲਾਕੇ ਵਾਪਸ ਲੈਣ ਲਈ ਕੁਰਬਾਨੀ ਦੇਣ ਸੀ। ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕੁਰਬਾਨੀ ਦੇਣੀ ਸੀ। ਸ੍ਰੀ ਦਰਬਾਰ ਸਾਹਿਬ ਉਪਰ ਹੱਲਾ ਬੋਲਣ ਵਾਲਿਆਂ ਵਿਰੁੱਧ ਕੁਰਬਾਨੀ ਦੇਣੀ ਸੀ। ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੁਰਬਾਨੀ ਦੇਣੀ। ਪੰਜਾਬ ਵਿਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਕੁਰਬਾਨੀ ਦੇਣੀ ਸੀ। ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਕੁਰਬਾਨੀ ਦੇਣੀ, ਕਦੇ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਨਹੀਂ ਆਈ। ਉਹ ਐਲਾਨ ਕਰਦੇ ਹਨ ਕਿ ਜੇ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਦਿੱਤੀ ਗਈ ਤਾਂ ਮੈਂ ਕੁਰਬਾਨੀ ਦੇ ਦਿਆਂਗਾ। ਅੱਜ ਫ਼ਿਰ ਉਹ ਐਲਾਨ ਕਰਦੇ ਹਨ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਬਚਾਉਣ ਲਈ ਕੁਰਬਾਨੀ ਦੇ ਦੇਣਗੇ। ਭਲਾ! ਸੋਚੋ ਕਿ ਸ਼੍ਰੋਮਣੀ ਕਮੇਟੀ ਨੂੰ ਖ਼ਤਰਾ ਕਿਸ ਤੋਂ ਹੈ? ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਆਪਣੇ ਗੁਲਾਮ ਬਣਾ ਕੇ ਰੱਖਣ ਵਾਲਿਆਂ ਤੋਂ, ਸ਼੍ਰੋਮਣੀ ਕਮੇਟੀ ਨੂੰ ਖ਼ਤਰਾ ਹੈ ਜਾਂ ਫ਼ਿਰ ਉਸਦੀ ਗੋਲਕ ਦੇ ਚੋਰਾਂ ਤੋਂ ਅਤੇ ਸ਼੍ਰੋਮਣੀ ਕਮੇਟੀ ਨੂੰ ਬੰਧੂਆ ਗੁਲਾਮ ਬਣਾ ਕੇ ਰੱਖਣ ਵਾਲਿਆਂ ਤੋਂ ਖ਼ਤਰਾ ਹੈ।

ਅੱਜ ਜੇ ਕੌਮ ਜਾਗ ਪਈ ਹੈ ਤਾਂ ਬਾਦਲਾਂ ਨੂੰ ਪੰਥ ਦੋਖੀ, ਕੌਮ ਦੇ ਗੱਦਾਰ ਅਤੇ ਗੁਰੂ ਸਾਹਿਬ ਦੇ ਕਾਤਲ ਐਲਾਨ ਦਿੱਤਾ ਗਿਆ ਹੈ ਤਾਂ ਚਾਰੇ ਪਾਸੇ ਤੋਏ੍ਹ-ਤੋਏ੍ਹ ਹੋਣ ਲੱਗ ਪਈ ਹੈ ਤਾਂ ਫ਼ਿਰ ਬਜ਼ੁਰਗ ਬਾਦਲ ਦਾ ਅੰਦਰ ਕਿਉਂ ਡੋਲ ਰਿਹਾ ਹੈ। ਉਸਦੇ ਪਾਪ ਕੰਬ ਰਹੇ ਹਨ? ਜਾਂ ਕੌਮ ਨੂੰ ਮਗਰਮੱਛ ਦੇ ਹੰਝੂਆਂ ਨਾਲ ਵਰਚਾਉਣ ਦੀ ਖੇਡ ਖੇਡੀ ਜਾ ਰਹੀ ਹੈ। ਇਸੇ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਵਿਚ ਟੈਂਕ, ਤੋਪਾਂ ਉਸਦੇ ਸਰੀਰ ਉਤੋਂ ਲੰਘ ਕੇ ਜਾਣ ਦਾ ਐਲਾਨ ਵੀ ਕਿਸੇ ਵੇਲੇ ਕੀਤਾ ਸੀ ਪਰ ਹੋਇਆ ਕੀ ? ਬਾਦਲ ਸਾਬ੍ਹ ਦਾ ਸਰੀਰ ਤਾਂ ਕਾਇਮ ਹੈ ਪ੍ਰੰਤੂ ਭਾਰਤੀ ਫ਼ੌਜ ਦੀਆਂ ਤੋਪਾਂ ਤੇ ਟੈਕਾਂ ਨੇ ਸ੍ਰੀ ਦਰਬਾਰ ਸਾਹਿਬ ਢਹਿ ਢੇਰੀ ਕਰ ਦਿੱਤਾ ਸੀ। ਪ੍ਰੰਤੂ ਇਸ ਨਾਸ਼ਵਾਨ ਸਰੀਰ ਨੂੰ ਕੁੱਝ ਨਹੀਂ ਹੋਇਆ। ਹੱਦ ਦਰਜੇ ਦੇ ਝੂਠੇ ਇਹ ਸਿਆਸਤਦਾਨ ਆਪਣੀ ਮੱਕਾਰੀ ਭਰੀ ਸਿਆਸੀ ਖੇਡ ਖੇਡਣ ਲਈ ਹਰ ਝੂਠ ਬੋਲ ਸਕਦੇ ਹਨ। ਬਾਦਲ ਸਾਬ੍ਹ ਵਾਰ ਵਾਰ '' ਮੈਂ ਤੇ ਸੁਖਬੀਰ ਹਰ ਕੁਰਬਾਨੀ ਦੇਣ ਲਈ ਤਿਆਰ ਹਨ'' ਆਖ ਕੇ ਆਖ਼ਰ ਕਹਿਣਾ ਕੀ ਚਾਹੁੰਦੇ ਹਨ। ਕੁਰਬਾਨੀ ਦੇਣ ਵਾਲੇ ਤਾਂ ਚੁੱਪ ਚੁਪੀਤੇ ਕੁਰਬਾਨੀ ਦੇ ਕੇ ਇਤਿਹਾਸ ਸਿਰਜ ਜਾਂਦੇ ਹਨ। ਪ੍ਰੰਤੂ ਦੁੱਧ ਪੀਣੇ ਮਜਨੂੰ ਕਦੇ ਕੁਰਬਾਨੀਆਂ ਨਹੀਂ ਕਰਦੇ, ਨਾਲੇ ਜਿਹੜਾ ਇਨਸਾਨ ਆਪਣੇ ਗੁਰੂ ਦਾ ਨਹੀਂ ਬਣਿਆ ਉਹ ਹੋਰ ਕਿਸੇ ਦਾ ਕੀ ਬਣੇਗਾ? ਸ਼੍ਰੋਮਣੀ ਕਮੇਟੀ ਲਈ ਚੋਣਾਂ ਦਾ ਐਲਾਨ ਬਾਦਲਾਂ ਦੀ ਭਾਈਵਾਲ ਭਾਜਪਾ ਨੇ ਕਰਨਾ ਹੈ। ਫ਼ਿਰ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕੋਈ ਹੋਰ ਕਿਵੇਂ ਕਰ ਸਕਦਾ ਹੈ। ਸਿੱਖ ਪੰਥ ਦੇ ਸਾਹਮਣੇ ਅੱਜ ਮੁੱਖ ਮੁੱਦਾ ਬਰਗਾੜੀ ਇਨਸਾਫ਼ ਮੋਰਚੇ ਨੂੰ ਜਿੱਤਣਾ ਹੈ। ਮੰਗਾਂ ਦੀ ਪੂਰਤੀ ਕਰਵਾਉਣੀ ਹੈ। ਬਾਦਲਕਿਆਂ ਨੂੰ ਉਨ੍ਹਾਂ ਦੇ ਅੰਦਰੂਨੀ ਪਾਪ ਡਰਾਉਂਦੇ ਹਨ, ਕਿਉਂਕਿ ਜਦੋਂ ਵੀ ਸੱਚ ਦੇ ਸੂਰਜ ਨੇ ਚੜ੍ਹਨਾ ਹੈ, ਸੱਚ ਨੇ ਉਜਾਗਰ ਹੋਣਾ ਹੈ, ਜੱਗ ਜਾਹਰ ਹੋਣਾ ਹੈ। ਦੋਸ਼ੀਆਂ ਦੀ ਕਤਾਰ ਵਿਚ ਬਾਦਲ ਦਲ 'ਚ ਸਭ ਤੋਂ ਮੂਹਰੇ ਨਜ਼ਰ ਆਉਣਗੇ। ਪਾਪਾਂ ਦੀ ਸਜ਼ਾ ਤੋਂ ਬਚਣ ਲਈ ਬਾਦਲਕੇ ਹਾਏ! ਪਾਹਰਿਆ ਕਰ ਰਹੇ ਹਨ ਤੇ ਕੁਰਬਾਨੀ ਦੇਣ ਵਰਗੀਆਂ ਟਾਹਰਾਂ ਮਾਰ ਰਹੇ ਹਨ। ਨਿੱਜੀ ਸਵਾਰਥ ਲਈ ਕੁਰਬਾਨੀ ਦੇਣੀ ਬਹੁਤ ਔਖੀ ਹੁੰਦੀ ਹੈ। ਬਾਦਲਕੇ ਤਾਂ ਹੁਣ ਕੰਡਾ ਚੁੱਭਿਆ ਵੀ ਬਰਦਾਸ਼ਤ ਕਰਨ ਵਾਲੇ ਨਹੀਂ ਫ਼ਿਰ ਕੁਰਬਾਨੀ ਤਾਂ ਬਹੁਤ ਦੂਰ ਦੀ ਗੱਲ ਹੈ।

ਸਾਡੀ ਸਮਝ ਤੋਂ ਇਹ ਵੀ ਬਾਹਰ ਹੈ ਕਿ ਬਾਦਲ ਦਲ ਦੀ ਕੋਰ ਕਮੇਟੀ ਵਿਚ ਬਾਦਲ ਸਾਬ੍ਹ ਭੁੱਬਾਂ ਮਾਰੇ ਕੇ ਕਿਉਂ ਰੋਂਦੇ ਹਨ ਕੀ ਆਪਣਿਆਂ ਨਾਲ ਵੀ ਪਾਖੰਡ ਕਰਨੇ ਜ਼ਰੂਰੀ ਹੋ ਗਏ ਹਨ। ਇਸ ਤੋਂ ਵੀ ਸਾਫ਼ ਹੈ ਕਿ ਅਕਾਲੀ ਦਲ ਦਾ ਸਰਪ੍ਰਸਤ ਭੁੱਬਾਂ ਨਹੀਂ ਮਾਰ ਸਕਦਾ। ਸਗੋਂ ਉਹ ਦਹਾੜ ਕੇ ਇਹ ਆਖ਼ਦਾ ਹੈ ਕਿ ਅਸੀਂ ਸ਼੍ਰੋਮਣੀ ਕਮੇਟੀ ਤੇ ਕਬਜ਼ੇ ਦੇ ਮਨਸੂਬੇ ਕਿਸੇ ਕੀਮਤ ਤੇ ਸਫ਼ਲ ਨਹੀਂ ਹੋਣ ਦਿਆਂਗੇ। ਪ੍ਰੰਤੂ ਗੁਨਾਹਗਾਰ ਕਦੇ ਵੀ ਲਲਕਾਰ ਨਹੀਂ ਸਕਦਾ। ਉਹ ਤਾਂ ਭੁੱਬਾਂ ਹੀ ਮਾਰੇਗਾ। ਇਹ ਠੀਕ ਹੈ ਕਿ ਬਾਦਲ ਲਈ ਸਿੱਖ ਪੰਥ ਦਾ ਧਿਆਨ ਇਕ ਪਾਸਿਉਂ ਨਹੀਂ ਸਗੋਂ ਕਿੰਨੇ ਹੀ ਪਾਸਿਉਂ ਤੋਂ ਹਟਾਉਣਾ ਜ਼ਰੂਰੀ ਹੈ। ਬਾਦਲ ਦਾ ਗੁਰੂ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਦੋਸ਼ੀ ਹੋਣਾ ਅਤੇ ਸੌਦਾ ਸਾਧ ਨਾਲ ਅੰਦਰੂਨੀ ਅੱਟੀ ਸੱਟੀ ਦਾ ਹੋਣਾ। ਸਿੱਖ ਪੰਥ ਨੇ ਬਾਦਲਾਂ ਨੂੰ ਕੌਮ ਦੇ ਗੱਦਾਰ ਐਲਾਨ ਦਿੱਤਾ ਹੈ। ਇਸ ਲਈ ਇਸ ਗੋਲ਼ੇ ਨੂੰ ਠੁੱਸ ਕਰਨ ਲਈ ਬਾਦਲ ਦਲ ਆਪਣੀ ਮਾਸੂਮੀਅਤ ਦੀ ਦੁਹਾਈ ਦੇਣ ਉਤੇ ਉਤਰ ਆਏ ਹਨ। ਭਾਵੇਂ ਕਿ ਬਾਦਲਕਿਆਂ ਨੂੰ ਕੈਪਟਨ ਨਾਲ ਹੋਏ ਅੰਦਰੂਨੀ ਸਮਝੌਤੇ ਦਾ ਵੱਡਾ ਹੌਸਲਾ ਹੈ। ਪ੍ਰੰਤੂ ਉਹ ਨਹੀਂ ਜਾਣਦੇ ਕਿ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ। ਇਸ ਕਾਰਨ ਇਹ ਸਮਝੌਤਾ ਇਕ ਦਿਨ ਜ਼ਰੂਰ ਨੰਗਾ ਹੋਵੇਗਾ ਤੇ ਦੋਵਾਂ ਧਿਰਾਂ ਦੇ ਪੱਲੇ ਕੇਵਲ ਤੇ ਕੇਵਲ ਸ਼ਰਮਿੰਦਗੀ ਹੀ ਪਵੇਗੀ। ਪੰਥਕ ਧਿਰਾਂ ਦੇ ਆਗੂਆਂ ਜਿਨ੍ਹਾਂ ਨੂੰ ਬਦਨਾਮ ਕਰਨ ਦੀ ਬਾਦਲਕਿਆਂ ਨੇ ਮੁਹਿੰਮ ਵਿੱਢੀ ਹੋਈ ਹੈ ਉਨ੍ਹਾਂ ਨੂੰ ਵੀ ਸੁਚੇਤ ਹੋਣਾ ਪਵੇਗਾ ਕਿ ਆਖ਼ਰ ਬਾਦਲਕਿਆਂ ਵਲੋਂ ਲਾਏ ਕਥਿਤ ਝੂਠੇ ਦੋਸ਼ਾਂ ਉਤੇ ਉਨ੍ਹਾਂ ਨੂੰ ਅਦਾਲਤਾਂ ਵਿਚ ਕਿਉਂ ਨਹੀਂ ਘੜੀਸਿਆਂ ਜਾ ਰਿਹਾ ਹੈ। ਇਸ ਦਾ ਜਵਾਬ ਵੀ ਜ਼ਰੂਰ ਦੇਣਾ ਪਵੇਗਾ।

Article
Parkash Singh Badal
Punjab Politics

International