ਕੀ ਬਾਦਲ ਕੁਰਬਾਨੀ ਦੇਣਗੇ ...?

ਜਦੋਂ ਕਦੇ ਬਾਦਲ ਪਰਿਵਾਰ ਦੀ ਸਿਆਸਤ ਨੂੰ ਖਤਰਾ ਹੁੰਦਾ ਹੈ ਤਾਂ ਉਸ ਵੇਲੇ ਪੰਥ ਨੂੰ ਖਤਰੇ ਦਾ ਨਾਹਰਾ ਲਗਾਇਆ ਜਾਂਦਾ ਹੈ। ਸ.ਬਾਦਲ ਆਪਣੇ ਪੰਥਕ ਵਿਰੋਧੀਆਂ ਨੂੰ ਕਾਂਗਰਸ ਦੀ ਬੀ ਟੀਮ ਆਖਕੇ ਬਦਨਾਮ ਕਰਦੇ ਹਨ ਅਤੇ ਕਾਂਗਰਸ ਨੂੰ ਸਿੱਖ ਵਿਰੋਧੀ ਜਮਾਤ ਕਹਿਕੇ ਸਿਖਾਂ ਦੇ ਜਜਬਾਤਾਂ ਦਾ ਲਾਹਾ ਲੈਂਦੇ ਹਨ। ਕਾਂਗਰਸ ਉੱਤੇ ਪੰਜਾਬ ਨਾਲ ਧੱਕੇ,ਵਿਤਕਰੇ ਕਰਨ ਤੋਂ ਇਲਾਵਾ ਮੁਖ ਤੌਰ ਉੱਤੇ ਦਰਬਾਰ ਸਾਹਿਬ ਦੇ ਹਮਲੇ ਅਤੇ ਭਾਰਤ ਵਿਚ ਸਿਖਾਂ ਦੀ ਨਵੰਬਰ 1984 ਵਿਚ ਹੋਈ ਨਸਲਕੁਸ਼ੀ ਦੇ ਮੁੱਦੇ ਨੂੰ ਉਭਾਰਦੇ ਹਨ। ਪਰ ਸਿਆਣੇ ਆਖਦੇ ਹਨ ''ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤਿਉਂ ਭਾਰੀ ਹੋ''। ਅੱਜ ਸ.ਬਾਦਲ ਦੇ ਪਾਪਾਂ ਦਾ ਘੜਾ ਨੱਕੋ ਨੱਕ ਭਰ ਗਿਆ ਹੈ ਅਤੇ ਹੁਣ ਜਦੋਂ ਇਹ ਕੰਢਿਆਂ ਦੇ ਉੱਤੋਂ ਦੀ ਵਹਿ ਤੁਰਿਆ ਹੈ ਤਾਂ ਸ.ਬਾਦਲ ਨੂੰ ਕਿਸੇ ਪਾਸੇ ਢੋਈ ਨਜਰ ਨਹੀਂ ਆ ਰਹੀ। ਇਸ ਵੇਲੇ ਸਭ ਤੋਂ ਅਖੀਰਲਾ ਹਥਿਆਰ ਵਰਤਦਿਆਂ ਸ.ਬਾਦਲ ਨੇ ਫਰੀਦਕੋਟ ਰੈਲੀ ਵਿਚ ਐਲਾਨ ਕੀਤਾ ਕਿ ਕੋਈ ਮੇਰੀ ਅਤੇ ਸੁਖਬੀਰ ਬਾਦਲ ਦੀ ਜਾਨ ਦਾ ਦੁਸ਼ਮਣ ਹੈ। ਪਰ ਸਾਨੂੰ ਹੁਣ ਜਾਨ ਦੀ ਪ੍ਰਵਾਹ ਨਹੀਂ ਅਸੀਂ ਦੋਹੇ ਪਿਓ ਪੁੱਤ ਕੁਰਬਾਨੀ ਦੇਣ ਨੂੰ ਤਿਆਰ ਹਾਂ। 

      ਅੱਜ ਕਿਸੇ ਮਿੱਤਰ ਨੇ ਬੂਥਾਪੋਥੀ (ਫੇਸਬੁੱਕ) ਉੱਤੇ ਇੱਕ ਨੋਟ ਲਿਖਕੇ ਭੇਜਿਆ ਕਿ ਹੁਣੇ ਹੁਣ ਪਤਾ ਲੱਗਿਆ ਹੈ ਕਿ ਅੱਜ ਚੰਡੀਗੜ੍ਹ ਵਿਖੇ  ਬਾਦਲ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ, ਅਚਾਨਕ ਸ.ਪ੍ਰਕਾਸ਼ ਸਿੰਘ ਬਾਦਲ ਭੁੱਬੀਂ ਭੁੱਬੀਂ ਰੋ ਪਏ ਅਤੇ ਬੜੇ ਭਾਵੁਕ ਲਹਿਜੇ ਵਿਚ ਕਿਹਾ ਕਿ ਹੁਣ ਪਾਣੀ ਸਿਰੋਂ ਲੰਘ ਚੁੱਕਾ ਹੈ। ਕਾਂਗਰਸ ਸ਼੍ਰੋਮਣੀ ਕਮੇਟੀ ਉੱਤੇ ਕਬਜਾ ਕਰਨਾ ਚਾਹੁੰਦੀ ਹੈ। ਮੈਂ ਬਾਦਲ ਆਪਣੇ ਜਿਉਂਦੇ ਜੀਅ ਅਜਿਹਾ ਨਹੀਂ ਦੇਖ ਸਕਦਾ। ਮੁਖ ਮੰਤਰੀ ਦੀ ਕੁਰਸੀ ਨੂੰ ਮੈਂ ਅੱਜ ਲੱਤ ਮਾਰਦਾ ਹਾਂ। ਮੈਨੂੰ ਅਜਿਹੇ ਰਾਜ ਦੀ ਲੋੜ ਨਹੀਂ। ਮੈਂ ਹੁਣੇ ਮੋਦੀ ਸਾਹਿਬ ਦੇ ਦਰਬਾਰ ਜਾ ਰਿਹਾ ਹਾਂ। ਮੇਰੇ ਸਾਹਮਣੇ ਸਭ ਤੋਂ ਵੱਡਾ ਮੁੱਦਾ ਸ਼੍ਰੋਮਣੀ ਕਮੇਟੀ ਦੀ ਹੋਂਦ ਨੂੰ ਬਚਾਉਣਾ ਹੈ। ਜੇ ਮੋਦੀ ਨੇ ਵੀ ਮੇਰੀ ਨਾ ਸੁਣੀ ਤਾਂ ਫਿਰ ਮੈਂ ਵਾਪਿਸ ਆਕੇ ਅਕਾਲ ਤਖਤ ਸਾਹਿਬ ਉੱਤੇ ਆਪਣੀ ਕੁਰਬਾਨੀ ਦੇ ਦੇਵਾਂਗਾ। 

    ਕੁਰਬਾਨੀ,ਸ਼ਹਾਦਤ,ਸ਼ਹੀਦੀ,ਇਹਨਾਂ ਲਫਜਾਂ ਨੂੰ ਬੋਲਣਾ ਬੜਾ ਆਸਾਨ ਹੈ। ਲੇਕਿਨ ਪ੍ਰਣਾਉਣਾ ਜਾਂ ਅਪਣਾਉਣਾ ਹਰ ਜਿਸਮ ਦੇ ਵੱਸ ਦੀ ਗੱਲ ਨਹੀਂ ਹੈ। ਕੁਰਬਾਨੀ ਦੇ ਮੌਕੇ ਬਹੁਤ  ਆਏ ਸਨ। ਸ. ਬਾਦਲ ਜੀ ਜਿਹਨਾਂ ਨੇ ਕੁਰਬਾਨੀ ਦੇਣੀ ਸੀ ਉਹ ਭੱਜੇ ਨਹੀਂ,ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ,ਜਰਨਲ ਸ਼ੁਬੇਗ ਸਿੰਘ,ਭਾਈ ਅਮਰੀਕ ਸਿੰਘ ਅਤੇ ਹਜਾਰਾਂ ਹੋਰ ਜੂਝ ਗਏ। ਪਰ ਤੁਸੀਂ ਬਾਦਲ ਪਿੰਡ ਤੋਂ ਨੈਨੀਤਾਲ ਜਾ ਸਿਰੀ ਕੱਢੀ ਸੀ। ਕੁਰਬਾਨ ਹੋਣਾ ਪਤੰਗਿਆਂ ਦਾ ਕੰਮ ਹੈ ਟਿੱਡੀਆਂ ਦਾ ਨਹੀਂ। ਇੱਕ ਵਾਰ ਪਤੰਗੇ ਉੱਡਦੇ ਜਾ ਰਹੇ ਸਨ ਕਿ ਰਸਤੇ ਵਿਚ ਇੱਕ ਟਿੱਡੀ ਮਿਲ ਗਈ ਅਤੇ ਪਤੰਗਿਆਂ ਨੂੰ ਆਖਣ ਲੱਗੀ ਮੇਰੇ ਵੀਰੋ ਮੈਨੂੰ ਵੀ ਨਾਲ ਲੈ ਚੱਲੋ। ਤਾਂ ਪਤੰਗਿਆਂ ਨੇ ਕਿਹਾ ਭੈਣੇ ਤੂੰ ਮੌਜ ਕਰਦੀ ਹੈ। ਸਾਡੀ ਕਿਸਮਤ ਵਿਚ ਤਾਂ ਸ਼ਮ੍ਹਾਂ ਉੱਤੇ ਸੜ੍ਹਣਾ ਲਿਖਿਆ ਹੈ। ਤੂੰ ਕੀਹ ਕਰੇਗੀ ਸਾਡੇ ਨਾਲ। ਤਾਂ ਟਿੱਡੀ ਨੇ ਕਿਹਾ ਮੈਂ ਵੀ ਕੁਰਬਾਨੀ ਕਰੂੰਗੀ। ਇੱਕ ਮੌਕਾ ਤਾਂ ਦਿਓ। ਪਤੰਗਿਆਂ ਨੇ ਕਿਹਾ ਚੰਗਾ ਜਾਹ ਫਿਰ ਨਾਲ ਦੇ ਪਿੰਡ ਜਾਕੇ ਵੇਖ ਕੇ ਆ ਕਿ ਕੋਈ ਦੀਵਾ ਜਗਦਾ ਹੈ। ਟਿੱਡੀ ਭੱਜੀ ਗਈ ਅਤੇ ਝੱਟ ਵਾਪਿਸ ਪਰਤ ਕੇ ਆਖਣ ਲੱਗੀ ਹਾਂ ਬਹੁਤ ਦੀਵੇ ਲਟਲਟ ਜਗ ਰਹੇ ਹਨ। ਤਾਂ ਪਤੰਗੇ ਬੋਲੇ ਟਿਡੀਏ! ਤੇਰਾ ਸਾਡਾ ਮੇਲ ਨਹੀਂ। ਬਸ ਆਹ ਹੀ ਫਰਕ ਹੈ। ਜੇ ਸਾਡੇ ਵਿਚੋਂ ਕੋਈ ਜਾਂਦਾ ਤਾਂ ਦੀਵਾ ਵੇਖਕੇ ਮੁੜਦਾ ਕਦੇ ਨਹੀਂ ਸੀ। ਉਥੇ ਹੀ ਜਲ ਕੇ ਰਾਖ ਹੋ ਜਾਂਦਾ। 

  ਸ.ਬਾਦਲ ਸਾਹਿਬ ਤੁਹਾਡੀ ਜਿੰਦਗੀ ਵਿਚ ਬਹੁਤ ਮੌਕੇ ਆਏ। ਪਰ ਤੁਸੀਂ ਟਿੱਡੀ ਬਿਰਤੀ ਤੋਂ ਅੱਗੇ ਨਹੀਂ ਜਾ ਸਕੇ। ਹੁਣ ਤਰਾਨਵੇਂ ਸਾਲ ਦੀ ਉਮਰ ਵਿਚ ਕੁਰਬਾਨੀ ਕੀਹ ਕਰੋਗੇ ? ਜੇ ਸੱਚੀਂ ਪੰਥ ਨਾਲ ਥੋੜਾ ਜਿਹਾ ਪਿਆਰ ਵੀ ਬਚਿਆ ਹੈ ਤਾਂ ਫਿਰ ਇੱਕ ਕੁਰਬਾਨੀ ਦਾ ਮੌਕਾ ਹੈ। ਉਹ ਕਰ ਦਿਓ ਮਰਨਾ ਸਹਿਲਾ ਹੋ ਜਾਵੇਗਾ। ਪੰਥ ਨੂੰ ਆਪਣੇ ਚੁੰਗਲ ਵਿਚੋਂ ਅਜਾਦ ਕਰ ਦਿਓ। ਆਪਣੇ ਆਪ ਨੂੰ ਅਕਾਲੀ ਦਲ ਤੋਂ ਲਾਂਭੇ ਕਰ ਲਵੋ । ਇਸ ਨੂੰ ਛੱਡ ਦਿਓ ਗੁਰੂ ਅਤੇ ਉਸਦੇ ਸਚੇ ਸਿਖਾਂ ਦੇ ਰਹਿਮ ਉੱਤੇ। ਜਾਓ ਅਕਾਲ ਤਖਤ ਉੱਤੇ ਕਬੂਲ ਕਰ ਲਵੋ ਜੋ ਜੋ ਬਜਰਗੁਨਾਹ ਕੀਤੇ ਹਨ। ਪਰਿਵਾਰਕ ਸਿਆਸਤ ਵਾਸਤੇ ਜਿਹੜੇ ਧੋਖੇ ਪੰਥ ਅਤੇ ਪੰਜਾਬ ਨਾਲ ਕੀਤੇ ਹਨ। ਉਹਨਾਂ ਦਾ ਇਕਬਾਲ ਕਰ ਲਵੋ। ਦੱਸ ਦਿਓ ਕਿ ਆਰ.ਐਸ.ਐਸ. ਤੁਹਾਡੇ ਰਾਹੀਂ ਪੰਥ ਦੇ ਵੇਹੜੇ ਕਿਵੇਂ ਦਾਖਲ ਹੋਈ ਹੈ ਅਤੇ ਕਿਥੇ ਤੱਕ ਪੰਥ ਨੂੰ ਘੁਣ ਵਾਂਗੂੰ ਖਾ ਚੁੱਕੀ ਹੈ। ਕਰਦਿਓ ਜਾਹਰ ਕਿ ਤੁਸੀਂ ਚੰਦ ਵੋਟਾਂ ਵਾਸਤੇ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਵੀ ਜਰ ਲਿਆ। ਬਸ ਤੁਹਾਡੀ ਇਸ ਉਮਰ ਵਿਚ ਇਸ ਤੋਂ ਵੱਡੀ ਹੋਰ ਕੁਰਬਾਨੀ ਹੋ ਨਹੀਂ ਸਕਦੀ। ਇਹ ਪੰਥ ਬਖਸ਼ਣਹਾਰ ਹੈ। ਸਾਰੇ ਗੁਨਾਹ ਮਾਫ ਹੋ ਜਾਣਗੇ ਅਤੇ ਇਸ ਸੰਸਾਰ ਤੋਂ ਸੁਰਖੁਰੂ ਹੋ ਕੇ ਜਾਓਗੇ ਅਤੇ  ਇਤਿਹਾਸ ''ਦੇਰ ਆਏ ਦਰੁਸਤ ਆਏ'' ਦੇ ਪੰਨੇ ਉੱਤੇ ਜਗ੍ਹਾ ਵੀ ਦੇ ਦੇਵੇਗਾ। ਗੁਰੂ ਰਾਖਾ। ਗੁਰਿੰਦਰਪਾਲ ਸਿੰਘ ਧਨੌਲਾ   

Article
Parkash Singh Badal
Punjab Politics

International