ਹੁਣ ਕਿਸਦੀ ਕੁਰਬਾਨੀ ਲਵੇਗਾ ਬਾਦਲਾਂ ਦਾ ਕੁਰਬਾਨੀ ਸ਼ੋਸ਼ਾ ?

ਨਰਿੰਦਰ ਪਾਲ ਸਿੰਘ
ਫਰੀਦਕੋਟ ਵਿਖੇ ਸਖਤ ਸੁਰਖਿਆ ਪ੍ਰਬੰਧਾਂ ਹੇਠ ਨੇਪਰੇ ਚਾੜ੍ਹੀ ਗਈ ਬਾਦਲ ਦੀ ਸਿਆਸੀ ਨਾਮ ਚਰਚਾ ਦੀ ਸਫਲਤਾ/ਅਸਫਲਤਾ ਜਾਂ ਲਾਭ/ਹਾਨੀ ਨੂੰ ਵਿਚਾਰੇ ਬਿਨ੍ਹਾਂ ਹੀ ਦਲ ਦੇ ਸੀਨੀਅਰ ਸਿਆਸਤਦਾਨ ਦਾ ਜੋ  ਸ਼ੋਸ਼ਾ ਆਮ ਲੋਕਾਂ ਤੇ ਸ਼ੋਸ਼ਲ ਮੀਡੀਆ ਫੇਸ ਬੁੱਕ ਤੇ ਸਭਤੋਂ ਵੱਧ ਮਕਬੂਲ ਹੋਇਆ ਉਹ ਸੀ ਕਿ 'ਜੇ ਮੈਨੂੰ ਜਾਂ ਮੇਰੇ ਪੁਤ ਨੂੰ ਜਾਨ ਦੇਣ ਦੀ ਲੋੜ ਪਈ ਤਾਂ ਅਸੀਂ ਤਿਆਰ ਹਾਂ'। ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਸਮੁਚੇ ਵਰਤਾਰੇ ਵਿੱਚ ਬਾਦਲਾਂ ਦੀ  ਖੋਲੀ ਗਈ ਪੋਲ ਤੋਂ ਬਾਅਦ ਦਲ ਦੀ ਫਰੀਦਕੋਟ ਵਾਲੀ ਪੋਲ ਖੋਲ ਰੈਲੀ ਨੱਕ ਦਾ ਵਕਾਰ ਬਣੀ ਹੋਈ ਸੀ ।ਤੇ ਪੰਜ ਜਿਲ੍ਹਿਆਂ ਦੀ ਪੁਲਿਸ ਦੀ ਸਖਤ ਸੁਰਖਿਆ ਛਤਰੀ ਹੇਠ ਜੋ ਰੈਲੀ ਦਾ ਰੌਲਾ ਪਾਇਆ ਗਿਆ ਉਸ ਵਿਚੱੋਂ ਉਹੀ ਦਹਾਕਿਆਂ ਪੁਰਾਣਾ ਰਾਗ ਸੁਨਣ ਨੂੰ ਮਿਲਿਆ ਉਹ ਕਿਸੇ ਫਿਲਮੀ ਗਾਣੇ 'ਤੂੰ ਨਾ ਮਿਲੀ ਤੋਂ ਮੈਂ ਮਰ ਜਾਉਂਗਾ'।ਫਰਕ ਸਿਰਫ ਇਹੀ ਰਿਹਾ ਕਿ ਫਿਲਮ ਦੇ ਗਾਣੇ ਵਿੱਚ ਕਲਾਕਾਰ ਚੰਦ ਪੈਸਿਆਂ ਖਾਤਿਰ ਕੁਝ ਸਮੇਂ ਦੀ ਸਹੇਲੀ ਮਗਰ ਭੱਜਦਾ ਗਾਉਂਦਾ ਹੈ ਤੇ ਫਰੀਦਕੋਟ ਦੀ ਰੈਲੀ ਵਿੱਚ ਉਨ੍ਹਾਂ ਲੋਕਾਂ ਨੂੰ ਕੀਲਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਆਏ ਹੀ ਇਸੇ ਮਕਸਦ ਲਈ ਸਨ ।

ਦਲ ਦੀ ਸਟੇਜ ਤੋਂ ਕਿਹੜਾ ਨਵਾਂ ਸੁਨੇਹਾ ਦਿੱਤਾ ਗਿਆ ਉਹ ਸਾਡੀ ਵਿਚਾਰ ਦਾ ਵਿਸ਼ਾ ਨਹੀ ਹੈ ।ਸਗੋਂ ਇਹ ਜਰੂਰ ਇੱਛਾ ਜਾਗੀ ਕਿ ਆਖਿਰ ਉਹ ਪਿਸਤੋਲ ਵਾਲਾ ਬੰਦਾ ਕੌਣ ਸੀ ਜਿਸਨੂੰ ਬਾਦਲਾਂ ਅਨੁਸਾਰ ਪੁਲਿਸ ਨੇ ਫੜਿਆ ਤੇ ਪੁਲਿਸ ਮੁਕਰੀ ਵੀ ।ਬਾਦਲ ਪਿਉ ਪੁੱਤਰ ਨੂੰ ਇਸ ਪਿਸਤੋਲ ਵਾਲੇ ਦਾ ਖੌਫ ਇਸ ਹੱਦ ਤੀਕ ਸਤਾ ਗਿਆ ਕਿ ਮੌਤ ਵੀ ਯਾਦ ਆਈ ਤੇ ਇਸ ਆਣ ਵਾਲੀ ਮੌਤ ਨੂੰ ਕੈਸ਼ ਕਰਨ ਲਈ ਨਵਾਂ ਸ਼ੋਸ਼ਾ ਛੱਡਣਾ ਵੀ ਯਾਦ ਰਿਹਾ।ਲੇਕਿਨ ਸ਼ੋਸ਼ਲ ਮੀਡੀਆ ਤੇ ਵਿਚਰ ਰਹੇ ਜਾਗਰੂਕ ਲੋਕਾਂ ਨੇ ਬਾਦਲਾਂ ਦੀ ਕੁਰਬਾਨੀ ਦਾ ਇਤਿਹਾਸ ਜਰੂਰ ਫਰੋਲ ਕੇ ਰੱਖ ਦਿੱਤਾ।ਸਿੱਖ ਸਿਆਸਤ ਦੇ ਜਾਣਕਾਰ ਤੇ ਵਿਸ਼ੇਸ਼ ਕਰਕੇ ਪਰਕਾਸ਼ ਸਿਘ ਬਾਦਲ ਨੂੰ ਨੇੜਿਓਂ ਜਾਨਣ ਵਾਲੇ ਲੋਕਾਂ ਨੇ ਹੀ ਦੱਸ ਦਿੱਤਾ ਕਿ ਪੰਜਾਬ ਦੇ ਜਿਹੜੇ ਦਰਿਆਈ ਪਾਣੀਆਂ ਦੀ ਵੰਡ ਖਿਲਾਫ ਪਰਕਾਸ਼ ਸਿੰਘ ਬਾਦਲ 1980 ਤੋਂ ਰੌਲਾ ਪਾ ਰਹੇ ਸਨ ਉਸ ਵੇਲੇ ਵੀ ਵੱਡੇ ਬਾਦਲ ਨੇ ਇਹੀ ਐਲਾਨ ਕੀਤਾ ਸੀ ਕਿ “ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਰੋਕਣ ਲਈ ਗੋਲੀਆਂ ਖਾਵਾਂਗੇ”।ਜਿਕਰ ਕਰਨਾ ਬਣਦਾ ਹੈ ਕਿ ਦਲ ਦਾ ਇਹ ਮੋਰਚਾ ਜੋ ਕਪੂਰੀ ਮੋਰਚਾ ਕਰਕੇ ਜਾਣਿਆ ਗਿਆ ਇੱਕ ਫਲਾਪ ਸ਼ੋਅ ਸਾਬਿਤ ਹੋਇਆ ।ਇੰਦਰਾ ਗਾਂਧੀ ਨੇ ਇਸ ਲਿੰਕ ਨਹਿਰ ਦੀ ਖੁਦਾਈ ਦਾ ਕੰਮ ਵੀ ਸ਼ੁਰੂ ਕਰਵਾਇਆ ਪ੍ਰੰਤੂ ਪਰਕਾਸ਼ ਸਿੰਘ ਬਾਦਲ ਗੋਲੀ ਖਾਣ ਲਈ ਕਦੇ ਅੱਗੇ ਨਹੀ ਆਏ । ਪਾਣੀਆਂ ਦੀ ਕਾਣੀ ਵੰਡ ਦਾ ਮੁੱਦਾ 1982 ਵਿੱਚ ਦਲ ਵਲੋਂ ਲਗਾਏ ਧਰਮ ਯੁਧ ਮੋਰਚੇ ਦੀਆਂ ਮੰਗਾਂ ਵਿੱਚ ਵੀ ਸ਼ਾਮਿਲ ਸੀ ।ਦਲ ਦੇ ਤਤਕਾਲੀਨ ਪਰਧਾਨ ਹਰਚੰਦ ਸਿੰਘ ਲੋਂਗੋਵਾਲ ਵਲੋਂ ਦਰਬਾਰ ਸਾਹਿਬ ਦੀ ਰਾਖੀ ਲਈ ਦਿੱਤੇ ਸੱਦੇ 'ਤੇ ਅਕਾਲ ਤਖਤ ਸਾਹਿਬ ਦੇ ਸਨਮੁਖ ਖਲੋਕੇ ਸਹੁੰ ਖਾਣ ਵਾਲੇ 80 ਹਜਾਰ ਦੇ ਕਰੀਬ ਮਰਜੀਵੜਿਆਂ ਵਿੱਚ ਸ੍ਰ:ਪਰਕਾਸ਼ ਸਿੰਘ ਬਾਦਲ ਵੀ ਸ਼ਾਮਿਲ ਸਨ ।ਬਕਾਇਦਾ ਜਿਕਰ ਆਇਆ ਹੈ ਕਿ ਇਸ ਵੇਲੇ ਉਮਰ ਦੇ ਦਸਵੇਂ ਦਹਾਕੇ ਵਿੱਚ ਦਾਖਲ ਹੋ ਚੁੱਕੇ ਪਰਕਾਸ਼ ਸਿੰਘ ਬਾਦਲ ਉਨ੍ਹਾਂ ਆਗੂਆਂ ਵਿੱਚ ਵੀ ਸ਼ਾਮਿਲ ਸਨ ਜੋ ਇਹ ਕਹਿੰਦੇ ਨਹੀ ਸਨ ਥਕਦੇ ਕਿ “ਜੇ ਫੌਜ ਆਈ ਤਾਂ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਦਰਬਾਰ ਸਾਹਿਬ ਅੰਦਰ ਦਾਖਲ ਹੋਵੇਗੀ”।ਤੇ ਬਾਦਲ ਇਹ ਮੌਕਾ ਵੀ ਹੱਥੋਂ ਗਵਾ ਬੈਠੇ । 

ਸ੍ਰ:ਬਾਦਲ ਦਾ ਇਥੋਂ ਤੀਕ ਦਾ 'ਸ਼ਹੀਦੀ ਪਾਣ' ਦਾ ਜਜਬਾ,ਪੰਥ ਪ੍ਰਤੀ ਦਰਦ ਪਾਲਣ ਵਾਲੇ  ਲੋਕਾਂ ਨੂੰ ਪੰਥ ਪ੍ਰਸਤੀ ਲਗਦਾ ਸੀ ।ਲੇਕਿਨ ਬਾਦਲ ਸਾਹਿਬ ਨੂੰ ਸ਼ਹਾਦਤ ਨਸੀਬ ਨਾ ਹੋਈ।ਤੇ ਜੋ ਕੁਝ ਅਨਗਿਣਤ ਅਕਾਲੀ ਆਗੂਆਂ,ਵਰਕਰਾਂ ਤੇ ਸਿੱਖ ਨੌਜੁਆਨਾਂ ਦੀ ਸ਼ਹਾਦਤ 'ਚੋਂ ਨਸੀਬ ਹੋਇਆ ਜਾ ਹਾਸਿਲ ਕੀਤਾ ਉਹ ਸੀ ਸੂਬੇ ਦੀ ਰਾਜ ਸੱਤਾ ਤੇ ਕੇਂਦਰ ਦੀ ਸੱਤਾ ਵਿੱਚ ਭਾਈਵਾਲੀ ।ਇਸ ਵਿੱਚ ਕੋਈ ਸ਼ੱਕ ਨਹੀ ਹੈ ਕਿ ਬਾਦਲ ਦੀ ਜੂਨ 1984 ਵਿੱਚ ਦਿੱਤੀ ਇੱਕ ਕਾਲ ਤੇ ਹਜਾਰਾਂ ਸਿੱਖ ਫੌਜੀਆਂ ਨੇ ਬੈਰਕਾਂ ਛੱਡੀਆਂ ,ਗੋਲੀਆਂ ਖਾਧੀਆਂ ਤੇ ਬਹੁਤਾਤ ਅੱਜ ਰੋਜੀ ਰੋਟੀ ਤੋਂ ਆਤੁਰ ਹੋਏ ਜਿੰਦਗੀ ਦੀਆਂ ਟੱਕਰਾਂ ਖਾਣ ਨੂੰ ਮਜਬੂਰ ਨੇ।ਸਾਲ 2008 ਵਿੱਚ ਪਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਤੋਂ ਬਾਦਲ ਦਲ ਬਣਾ ਦਿਤੀ ਸਿਆਸੀ ਪਾਰਟੀ ਦੀ ਵਾਗਡੋਰ ਵੀ ਆਪਣੇ ਇੱਕਲੋਤੇ ਪੁੱਤਰ ਨੂੰ ਸੌਪ ਦਿੱਤੀ ਤੇ ਫਿਰ ਦਲ ਦੇ ਸੀਨੀਅਰ ਤੇ ਹਮ ਉਮਰ ਸਿਆਸਤਦਾਨਾਂ ਨੂੰ ਦਰਕਿਨਾਰ ਕਰਕੇ ਸੱਤਾ,ਪਾਰਟੀ ਤੇ ਸ੍ਰੋਮਣੀ ਕਮੇਟੀ ਆਪਣੇ ਪ੍ਰੀਵਾਰ ਤੀਕ ਸੀਮਤ ਕਰ ਲਈ।ਸਾਲ 2014 ਵਿੱਚ ਅਚਨਚੇਤ ਹੀ ਹਰਿਆਣਾ ਦੇ ਸਿੱਖਾਂ ਨੇ ਬਗਾਵਤ ਦਾ ਬਿਗਲ ਫੂਕਦਿਆਂ ਜਦੋਂ ਵੱਖਰੀ ਹਰਿਆਣਾ ਗੁ:ਪ੍ਰਬੰਧਕ ਕਮੇਟੀ ਦਾ ਐਲਾਨ ਕੀਤਾ ਤਾਂ 'ਬਾਦਲ ਦਲ ਦੀ ਕੋਰ ਕਮੇਟੀ ਵਿੱਚ ਪਰਕਾਸ਼ ਸਿੰਘ ਬਾਦਲ ਫੁੱਟ ਫੁੱਟ ਕੇ ਰੋਏ ।ਐਲਾਨ ਕੀਤਾ ਕਿ 'ਜੇਕਰ ਸ਼੍ਰੋਮਣੀ ਕਮੇਟੀ ਦੀ ਵੰਡ ਨਾ ਰੁਕੀ ਤਾਂ  ਉਹ ਅਕਾਲ ਤਖਤ ਸਾਹਿਬ ਤੇ ਜਾਕੇ ਸ਼ਹੀਦ ਹੋ ਜਾਣਗੇ'।  ਲੇਕਿਨ ਸ਼੍ਰੋਮਣੀ ਕਮੇਟੀ ਦੀ ਹੋ ਰਹੀ ਵੰਡ ਨੂੰ ਰੋਕਣ ਦੀ ਜਦਦੋਂ ਅਸਲੀਅਤ ਸਾਹਮਣੇ ਆਈ ਤਾਂ ਪਤਾ ਲੱਗਾ ਹਰਿਆਣਾ ਤੋਂ ਹਰਭਜਨ ਸਿੰਘ ਨਾਮੀ ਜਿਸ ਕਮੇਟੀ ਮੈਂਬਰ ਨੇ ਨਿੱਜੀ ਤੌਰ ਤੇ ਵੱਖਰੀ ਹਰਿਆਣਾ ਕਮੇਟੀ ਖਿਲਾਫ ਕੇਸ ਦਾਇਰ ਕੀਤਾ ਸੀ ।

ਉਸਦੇ 7 ਲੱਖ ਰੁਪਏ ਦੇ ਅਦਾਲਤੀ  ਖਰਚਿਆਂ ਦੀ ਅਦਾਇਗੀ ਪਰਕਾਸ਼ ਸਿੰਘ ਬਾਦਲ ਦੇ ਪ੍ਰਬੰਧ ਹੇਠਲ਼ੀ ਸ਼੍ਰੋਮਣੀ ਕਮੇਟੀ ਨੇ ਕੀਤੀ ।ਸਿਆਸ ਜੀਵਨ ਦੇ 37 ਸਾਲਾਂ ਬਾਅਦ ਬੀਤੇ ਕਲ੍ਹ ਫਰੀਦਕੋਟ ਦੀ ਰੈਲੀ ਸਟੇਜ ਤੇ ਵੇਖਿਆ ਗਿਆ ਕਿ ਪਰਕਾਸ਼ ਸਿੰਘ ਬਾਦਲ ਨੂੰ ਮੁੜ ਮਰਨ ਦੀ ਯਾਦ ਆ ਗਈ ।ਲੇਨਿ ਇਸ ਵਾਰ ਮੌਤ ਲਈ ਉਪਜੀ ਲਾਲਸਾ ਪੰਥ ਲਈ ਨਹੀ ਪਾਰਟੀ ਲਈ ਨਹੀ ਬਲਕਿ  ਦੇਸ਼ ਸੀ ਅਮਨ ਸ਼ਾਂਤੀ ਖਾਤਿਰ ਸੀ ।ਲੇਕਿਨ ਇਸ ਵਾਰ ਬਾਦਲ ਨੇ ਇੱਕਲੇ ਹੀ ਨਹੀ ਬਲਕਿ ਆਪਣੇ ਪੁਤਰ ਦੇ ਵੀ ਮਰਨ ਦੀ ਗਲ ਕਰ ਦਿੱਤੀ ਭਾਵ ਪੰਥ ਖਾਤਿਰ ਤਾਂ ਬਾਦਲ ਸਾਹਿਬ ਇੱਕਲੇ ਹੀ ਮਰਨ ਲਈ ਤਿਆਰ ਰਹੇ ਤੇ ਹੁਣ ਦੇਸ਼ ਖਾਤਿਰ ਦੋਂਨੋ ਕੁਰਬਾਨ ਹੋ ਸਕਦੇ ਹਨ।ਜਿਉਂ ਹੀ ਰੈਲੀ ਖਤਮ ਹੋਈ ਤਾਂ ਸਟੇਜ ਦੇ ਚੌਗਿਰਦੇ ਘੇਰਾ ਪਾਈ ਖੜੇ ਕੇਂਦਰੀ ਸੁੱਰਖਿਆ ਫੋਰਸਾਂ,ਪੰਜਾਬ ਪੁਲਿਸ ਕਮਾਂਡੋਂ ਤੇ ਵਰਦੀ ਧਾਰੀ ਪੁਲਿਸ ਉਨ੍ਹਾਂ ਨੂੰ ਹਿਫਾਜਤ ਸਹਿਤ ਅਗਲੇਰੀ ਮੰਜਿਲ ਵੱਲ ਲਿਜਾਣ ਲਈ ਤਿਆਰ ਸੀ ।ਕੁਝ ਮਿੰਟ ਪਹਿਲਾਂ ਹੀ ਮਰਨ ਦੀ ਗਲ ਕਰਨ ਵਾਲੇ ਬਾਦਲ ਪਿਉ ਪੁੱਤਰ ,ਵੱਖ ਵੱਖ ਬੁਲੇਟ ਪਰੂਫ ਤੇ ਬਾਕੀ ਦਰਜਨਾਂ ਦਰਜਨਾਂ ਗੱਡੀਆਂ  ਦੇ ਘੇਰੇ ਵਿੱਚ ਰੈਲੀ ਵਰਕਰਾਂ ਨੂੰ ਬਾਏ ਬਾਏ ਕਰ ਰਹੇ ਸਨ ।ਸੱਤਾ ਖਾਤਿਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਪਰਕਾਸ਼ ਸਿੰਘ ਬਾਦਲ ਦਾ ਇਹ ਚੌਥਾ ਸ਼ੋਸ਼ਾ ਸੀ ਤੇ ਸੁਖਬੀਰ ਸਿੰਘ ਬਾਦਲ ਦਾ ਪਹਿਲਾ ।

Unusual
Article
Parkash Singh Badal
Punjab Politics

International